ਅਮਰਬੀਰ ਚੀਮਾ
ਪੰਜਾਬੀ ਲੋਕ ਗਾਇਕ ਦਵਿੰਦਰ ਕੋਹੇਨੂਰ ਦੀ ਪੰਜਾਬ ਦੇ ਸੁਪ੍ਰਸਿੱਧ ਗੀਤਕਾਰ ਬਚਨ ਬੇਦਿਲ ਨਾਲ ਬੰਨੇ ਦੀ ਸਾਂਝ ਹੈ। ਇਹ ਹੋਣ ਕਾਰਨ ਬੇਦਿਲ ਨੇ ਦਵਿੰਦਰ ਦੇ ਨਾਂ ਨਾਲ ਕੋਹੇਨੂਰ ਲਗਾ ਕੇ ਉਸ ਨੂੰ ਸੱਚਮੁੱਚ ਦਾ ਹੀਰਾ ਬਣਾ ਦਿੱਤਾ। ਬਚਨ ਬੇਦਿਲ ਨੇ ਦਵਿੰਦਰ ਕੋਹੇਨੂਰ ਦੀ ਆਵਾਜ਼ ਵਿੱਚ ਤਜਰਬੇ ਦੇ ਤੌਰ ’ਤੇ ਇੱਕ ਉਦਾਸ ਗੀਤਾਂ ਦੀ ਕੈਸੇਟ ਕੱਢੀ, ਬਸ ਫਿਰ ਕੀ ਸੀ, ਦਵਿੰਦਰ ਕੋਹੇਨੂਰ ਦੇ ਗਾਏ ਤੇ ਬੇਦਿਲ ਦੇ ਲਿਖੇ ਉਦਾਸ ਗੀਤ ਘਰ-ਘਰ ਵੱਜਣ ਲੱਗੇ। ਉਸ ਸਮੇਂ ਅਖਾੜਿਆਂ ਵਿੱਚ ਲੋਕ ਸਭ ਤੋਂ ਵੱਧ ਫ਼ਰਮਾਇਸ਼ ਉਦਾਸ ਗੀਤਾਂ ਦੀ ਹੀ ਕਰਦੇ ਸਨ। ਕੋਹੇਨੂਰ ਇਕਦਮ ਆਮ ਤੋਂ ਮਸ਼ਹੂਰ ਗਾਇਕ ਬਣ ਗਿਆ।
1996 ਵਿੱਚ ਆਈ ‘ਦਿਲ ਦੇ ਖ਼ੂਨ ਦੀ ਮਹਿੰਦੀ’ ਉਸ ਦੀ ਪਹਿਲੀ ਐਲਬਮ ਸੀ, ਜੋ ਆਪਣੇ ਸਮੇਂ ਦੀ ਬਹੁਤ ਵੱਡੀ ਹਿੱਟ ਕੈਸੇਟ ਸਾਬਤ ਹੋਈ ਸੀ। ਸ਼ਾਇਦ ਹੀ ਕੋਈ ਅਜਿਹਾ ਸਰੋਤਾ ਹੋਣਾ, ਜਿਸ ਦੀ ਜ਼ੁਬਾਨ ’ਤੇ ਇਸ ਕੈਸੇਟ ਦਾ ਟਾਈਟਲ ਗੀਤ ਨਾ ਚੜ੍ਹਿਆ ਹੋਵੇ। ਦਵਿੰਦਰ ਕੋਹੇਨੂਰ ਨੇ ਬੇਸ਼ੱਕ ਬਚਨ ਬੇਦਿਲ ਤੋਂ ਇਲਾਵਾ ਕੁੱਝ ਗੀਤ ਸ਼ਮਸ਼ੇਰ ਸੰਧੂ, ਅਮਰਦੀਪ ਗਿੱਲ, ਬਲਵੀਰ ਬੋਪਾਰਾਏ, ਬੂਟਾ ਭਾਈ ਰੂਪਾ, ਚੰਦਰਾ ਚਹਿਲ, ਦੀਪਾ ਘੋਲੀਆ, ਗੁਰਪਿਆਰ, ਸਵਰਾਜ ਆਦਿ ਦੇ ਲਿਖੇ ਵੀ ਗਾਏ ਹਨ, ਪਰ ਜ਼ਿਆਦਾ ਗੀਤ ਉਸ ਨੇ ਬਚਨ ਬੇਦਿਲ ਦੇ ਲਿਖੇ ਹੀ ਗਾਏ। ਉਸ ਦੀ ਮਿੱਠੀ ਤੇ ਸਹਿਜ ਆਵਾਜ਼ ਵਿੱਚ ਗਾਏ ਗੀਤਾਂ ਨੂੰ ਮਦਨ ਸ਼ੌਕੀ, ਸਚਿਨ ਅਹੂਜਾ, ਲਾਲ ਕਮਲ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ।
1998 ਵਿੱਚ ਕੋਹੇਨੂਰ ਨੇ ਪਹਿਲਾ ਕੈਨੇਡਾ ਦਾ ਟੂਰ ਲਗਾਇਆ, ਜਿੱਥੇ ਸਰੋਤਿਆਂ ਨੇ ਉਸ ਨੂੰ ਅੰਤਾਂ ਦਾ ਪਿਆਰ ਦਿੱਤਾ। ਕੋਹੇਨੂਰ ਨੇ ਮਾਸਟਰ ਬਲਦੇਵ ਨੂੰ ਆਪਣਾ ਉਸਤਾਦ ਧਾਰ ਕੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਵਿਹਲੇ ਪਲਾਂ ਵਿੱਚ ਉਹ ਮੁਹੰਮਦ ਰਫ਼ੀ ਨੂੰ ਸੁਣਨਾ ਲੋਚਦਾ ਹੈ, ਸ਼ਾਇਦ ਇਹੀ ਉਸ ਦੀ ਗਾਇਕੀ ਵਿਚਲੇ ਠਹਿਰਾਉ ਦਾ ਕਾਰਨ ਹੈ। ਉਹ ਹਰ ਗੀਤ ਨੂੰ ਇੰਨੇ ਪਿਆਰ, ਠਹਿਰਾਉ ਤੇ ਨੀਝ ਨਾਲ ਗਾਉਂਦੈ ਕਿ ਸਰੋਤਾ ਧੁਰ ਅੰਦਰੋਂ ਝੰਜੋੜਿਆ ਜਾਂਦੈ।
ਉਸ ਨੇ ‘ਅਸੀਂ ਹੱਸਣਾ ਭੁੱਲ ਗਏ’, ‘ਪਰਦੇਸੀਆਂ ਦੀ ਜ਼ਿੰਦਗੀ’, ‘ਟਾਹਣੀਓਂ ਟੁੱਟੇ ਫੁੱਲ’, ‘ਤੇਰੀ ਮੇਰੀ ਪ੍ਰੀਤ ਕਹਾਣੀ’, ‘ਰੋ ਰਿਹਾ ਹੈ ਦਿਲ’, ‘ਤੈਨੂੰ ਕਿੰਨਾ ਚਾਹੁੰਦੇ ਸੀ’, ‘ਡੋਲੀ ਵਿੱਚ ਜਾਣ ਵਾਲੀਏ’, ‘ਦੁਨੀਆ’, ‘ਬੇਵਫ਼ਾ’, ‘ਕਜਲੇ ਵਾਲੇ ਨੈਣ’, ‘ਹੰਸਾਂ ਦਾ ਜੋੜਾ’, ਸੰਤ ਰਾਮ ਉਦਾਸੀ ਦੀ ‘ਚੂੜੀਆਂ ਦਾ ਹੋਕਾ’, ‘ਤੇਰੀ ਅਲਵਿਦਾ’ ਸਮੇਤ ਕਰੀਬ 25 ਕੁ ਕੈਸੇਟਾਂ ਸਰੋਤਿਆਂ ਦੀ ਝੋਲੀ ਪਾਈਆਂ। ਇਸ ਤੋਂ ਇਲਾਵਾ ਉਸ ਦੇ ਗਾਏ ਹਿੰਦੀ ਗੀਤਾਂ ਦੀਆਂ ਵੀ ਦੋ ਕੈਸੇਟਾਂ ‘ਦਿਲ ਕਾ ਸ਼ੀਸ਼ਾ ਟੂਟ ਗਿਆ’ ਅਤੇ ‘ਏਕ ਗਾਉਂ ਮੇਂ ਏਕ ਲੜਕੀ ਥੀ’ ਮਾਰਕੀਟ ਵਿੱਚ ਆਈਆਂ ਸਨ, ਜਿਨ੍ਹਾਂ ਨੂੰ ਸਰੋਤਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਉਸ ਦੇ ਗਾਏ ਹਿੱਟ ਗੀਤਾਂ ਦੀ ਸੂਚੀ ਬਹੁਤ ਲੰਬੀ ਹੈ। ਉਸ ਦਾ ਕੋਈ ਵੀ ਗੀਤ ਸੁਣ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਗੀਤ ਕੋਹੇਨੂਰ ਨੇ ਉਸ ਲਈ ਹੀ ਗਾਇਆ ਹੋਵੇ। ਆਪਣੇ ਗਾਏ ਗੀਤਾਂ ਵਿੱਚੋਂ ‘ਅਸੀਂ ਹੱਸਣਾ ਭੁੱਲ ਗਏ’ ਗੀਤ ਉਸ ਦੇ ਦਿਲ ਦੇ ਬੇਹੱਦ ਕਰੀਬ ਹੈ।
ਇੱਕ ਸਮੇਂ ਸਟੇਜਾਂ ’ਤੇ ਉਸ ਦਾ ਸਿੱਕਾ ਚੱਲਦਾ ਸੀ, ਫੇਰ ਅਜੋਕੀ ਗਾਇਕੀ ਦੀ ਹਨੇਰੀ ’ਚ ਉਹ ਕਿਧਰੇ ਗੁਆਚ ਜਿਹਾ ਗਿਆ। ਅੱਜ ਦੀ ਗਾਇਕੀ ਬਾਰੇ ਉਹ ਕਹਿੰਦਾ ਹੈ ਕਿ ਇਸ ਬਦਲਾਅ ਵਿੱਚ ਉਹ ਕਿਤੇ ਨਾ ਕਿਤੇ ਪੱਛੜ ਤਾਂ ਗਿਆ ਹੈ, ਪਰ ਉਹ ਅਜਿਹੇ ਹਿੰਸਕ ਜਾਂ ਅਸ਼ਲੀਲ ਗੀਤ ਗਾ ਨਹੀਂ ਸਕਦਾ। ਇਸ ਲਈ ਉਹ ਆਪਣੀ ਧੀਮੀ ਚਾਲ ਤੋਂ ਸੰਤੁਸ਼ਟ ਹੈ। ਉਸ ਦੇ ਚਾਹੁਣ ਵਾਲਿਆਂ ਨੇ ਉਸ ਦੀ ਬਹੁਤ ਉਡੀਕ ਜ਼ਰੂਰ ਕੀਤੀ, ਪਰ ਉਸ ਦਾ ਕਹਿਣਾ ਹੈ ਕਿ ਉਹ ਭੀੜ ਦਾ ਹਿੱਸਾ ਨਹੀਂ ਬਣ ਸਕਦਾ।
ਕੈਸੇਟ ਯੁੱਗ ਖ਼ਤਮ ਹੋਣ ਤੋਂ ਬਾਅਦ ਦਵਿੰਦਰ ਕੋਹੇਨੂਰ ਸਮੇਂ ਨਾਲ ਚੱਲਦਾ ਹੋਇਆ ਸਿੰਗਲ ਟਰੈਕ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਆਇਆ ਹੈ। ਮਿਊਜ਼ਿਕ ਆਨ ਸਟੂਡੀਓਜ਼ ਅਤੇ ਸੁਰਜੀਤ ਕੋਹੇਨੂਰ ਦੀ ਪੇਸ਼ਕਸ਼ ਤੇ ਦਵਿੰਦਰ ਕੋਹੇਨੂਰ ਦੀ ਆਵਾਜ਼ ਤੇ ਕੰਪੋਜੀਸ਼ਨ ਵਿੱਚ ਆਏ ਗੀਤ ‘ਖਵਾਬਾਂ ਜਿਹੀ ਕੁੜੀ’ ਨੂੰ ਕਲਮਬੱਧ ਕੀਤਾ ਹੈ ਗੀਤਕਾਰ ਤੇਜਿੰਦਰ ਕਿਸ਼ਨਗੜ੍ਹ ਨੇ ਅਤੇ ਆਰ-ਯੂਕੇ ਨੇ ਇਸ ਗੀਤ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।
ਸੰਪਰਕ: 98889-40211