ਸੁਰਿੰਦਰ ਸਿੰਘ ਤੇਜ
ਘਟਨਾ ਜੁਲਾਈ 2011 ਦੀ ਹੈ। ‘ਬ੍ਰਿਲੀਐਂਟ ਵਰਚੂਓਸੋ’ ਨਾਮੀ ਤੇਲਵਾਹਕ ਬੇੜਾ (ਟੈਂਕਰ) ਖਾੜੀ ਅਦਨ ਵਿਚੋਂ ਸੋਮਾਲੀ ਸਮੁੰਦਰੀ ਡਾਕੂਆਂ ਨੇ ਅਗਵਾ ਕਰ ਲਿਆ। ਆਕਾਰ ਪੱਖੋਂ ਬਹੁਤ ਵਿਸ਼ਾਲ ਸੀ ਇਹ ਟੈਂਕਰ। ਤਿੰਨ ਫੁਟਬਾਲ ਮੈਦਾਨਾਂ ਜਿੰਨਾ ਵੱਡਾ। ਡੈੱਕ, ਸਮੁੰਦਰੀ ਪਾਣੀਆਂ ਦੇ ਪੱਧਰ ਤੋਂ 200 ਫੁੱਟ ਉੱਚਾ। ਚੁਪਾਸੇ ਤਿੱਖੀਆਂ ਕੰਡਿਆਲੀਆਂ ਤਾਰਾਂ ਵਲੀਆਂ ਹੋਈਆਂ ਤਾਂ ਜੋ ਕੋਈ ਕਿਸੇ ਵੀ ਪਾਸਿਓਂ ਡੈੱਕ ’ਤੇ ਨਾ ਚੜ੍ਹ ਸਕੇ। ਸਮੁੰਦਰੀ ਧਾੜਵੀਆਂ ਦੀਆਂ ਗੰਨਬੋਟਾਂ ਨੂੰ ਪਛਾੜਨ ਲਈ ਜਲ-ਤੋਪਾਂ ਨਾਲ ਵੀ ਲੈਸ ਸੀ ਇਹ ਬੇੜਾ। ਇਸ ਦੇ ਬਾਵਜੂਦ ਸੋਮਾਲੀ ਡਾਕੂ ਇਸ ਬੇੜੇ ’ਤੇ ਆ ਚੜ੍ਹੇ। ਉਨ੍ਹਾਂ ਨੇ ਇੰਜਨ ਰੂਮ ਵਿਚ ਧਮਾਕੇ ਕਰ ਕੇ ਬੇੜੇ ਨੂੰ ਚੱਲਣ ਤੋਂ ਨਕਾਰਾ ਬਣਾ ਦਿੱਤਾ। ਨਾਲ ਹੀ ਇਸ ਦੇ ਅਮਲੇ ਨੂੰ ਮਾਰਨ ਅਤੇ ਬੇੜੇ ਅੰਦਰਲਾ ਸਾਰਾ ਤੇਲ ਸਮੁੰਦਰ ਵਿਚ ਵਹਾਅ ਦੇਣ ਦੀ ਧਮਕੀ ਵੀ ਦਿੱਤੀ। ਅਜਿਹਾ ਨਾ ਕਰਨ ਬਦਲੇ ਉਨ੍ਹਾਂ ਨੇ 10 ਕਰੋੜ ਡਾਲਰਾਂ ਦੀ ਫਿਰੌਤੀ ਮੰਗੀ।
ਕਾਗਜ਼ਾਤ ਮੁਤਾਬਿਕ ਬੇੜੇ ਅੰਦਰਲੇ ਕੱਚੇ ਤੇਲ ਦੀ ਕੀਮਤ 10 ਕਰੋੜ ਡਾਲਰ ਬਣਦੀ ਸੀ। ਇਸ ਤੇਲ ਅਤੇ ਸਾਰੇ ਜਹਾਜ਼ੀਆਂ ਦੀਆਂ ਜਾਨਾਂ ਬਚਾਉਣ ਲਈ ਵਿਸ਼ੇਸ਼ ਕਿਸਮ ਦੇ ਅਪਰੇਸ਼ਨ ਦੀ ਲੋੜ ਸੀ। ਇਹ ਅਪਰੇਸ਼ਨ ਕਾਮਯਾਬ ਰਿਹਾ, ਪਰ ਸੋਮਾਲੀ ਡਾਕੂ ਸੁਰੱਖਿਅਤ ਬਚ ਨਿਕਲੇ। ਬੇੜੇ ਦੇ ਮਾਲਕ ਨੇ ਇਸ ਪੂਰੇ ‘ਅਪਰੇਸ਼ਨ’ ਉੱਤੇ ਹੋਏ ਖਰਚੇ ਬਦਲੇ ਕੌਮਾਂਤਰੀ ਬੀਮਾ ਕੰਪਨੀ ਲਾਇਡਜ਼ ਤੋਂ 7.7 ਕਰੋੜ ਡਾਲਰਾਂ ਦੇ ਮੁਆਵਜ਼ੇ ਦੀ ਮੰਗ ਕੀਤੀ। ਲਾਇਡਜ਼ ਦੁਨੀਆਂ ਦਾ ਸਭ ਤੋਂ ਵੱਡਾ ਬੀਮਾ ਮੰਚ ਹੈ। ਇਸ ਦਾ ਸਦਰ ਮੁਕਾਮ ਲੰਡਨ ਵਿਚ ਹੈ। ਉਪਗ੍ਰਹਿਆਂ ਦੀਆਂ ਉਡਾਣਾਂ ਅਤੇ ਬਹੁਤ ਵੱਡੇ-ਵੱਡੇ ਕਾਰੋਬਾਰੀ ਸੌਦਿਆਂ ਦੇ ਬੀਮੇ ਇਹੋ ਅਦਾਰਾ ਕਰਦਾ ਹੈ। ਇਸ ਨੇ ਸਮੁੱਚੇ ਮਾਮਲੇ ਦੀ ਤਹਿਕੀਕਾਤ ਲਈ ਆਪਣੀ ਸਰਵੇਅਰ ਟੀਮ ਭੇਜੀ। ਇਹੋ ਜਿਹੀ ਇਕ ਹੋਰ ਟੀਮ ਕੌਮਾਂਤਰੀ ਮੈਰੀਟਾਈਮ ਏਜੰਸੀ ਨੇ ਵੀ ਭੇਜੀ। ਸੰਯੁਕਤ ਰਾਸ਼ਟਰ ਦੇ ਅਧਿਕਾਰ ਖੇਤਰ ਅਧੀਨ ਆਉਂਦੀ ਇਹ ਏਜੰਸੀ ਕੌਮਾਂਤਰੀ ਜਹਾਜ਼ਰਾਨੀ ਨਿਯਮਾਂ ਦੀ ਪਾਬੰਦਗੀ ਯਕੀਨੀ ਬਣਾਉਂਦੀ ਹੈ। ਕੌਮਾਂਤਰੀ ਪਾਣੀਆਂ ਵਿਚ ਅਪਰਾਧ ਰੋਕਣ-ਰੁਕਵਾਉਣ ਦੀ ਜ਼ਿੰਮੇਵਾਰੀ ਵੀ ਇਸੇ ਏਜੰਸੀ ਦੀ ਹੈ।
ਲਾਇਡਜ਼ ਦੀ ਸਰਵੇ ਟੀਮ ਦਾ ਮੁਖੀ ਕੈਪਟਨ ਡੇਵਿਡ ਮੌਕੈੱਟ ਸੀ। ਆਪਣੇ ਕੰਮ ਦਾ ਮਾਹਿਰ ਸੀ ਉਹ। ਉਸ ਨੂੰ ਬੇੜੇ ਦੀ ਅਗਵਾਕਾਰੀ ਦੀ ਕਹਾਣੀ ਸੱਚੀ ਨਹੀਂ ਲੱਗੀ। ਫਾਰੈਂਸਿਕ ਸਬੂਤ ਵੀ ਇਹੋ ਦਰਸਾਉਂਦੇ ਸਨ ਕਿ ਸੋਮਾਲੀ ਡਾਕੂ ਖ਼ੁਦ-ਬ-ਖ਼ੁਦ ਬੇੜੇ ਦੇ ਡੈੱਕ ’ਤੇ ਨਹੀਂ ਸਨ ਚੜ੍ਹੇ। ਉਨ੍ਹਾਂ ਨੂੰ ਰੱਸਿਆਂ ਵਾਲੀਆਂ ਪੌੜੀਆਂ ਡੈੱਕ ਦੇ ਉਪਰੋਂ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਪਹਿਲਾਂ ਕਿ ਉਹ ਆਪਣੀ ਰਿਪੋਰਟ ਲੰਡਨ ਭੇਜਦਾ, ਅਦਨ ਵਿਚ ਇਕ ਕਾਰ ਬੰਬ ਧਮਾਕੇ ਰਾਹੀਂ ਉਸ ਦੀ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆ ਨੇ ਬੀਮਾ ਫਰਾਡ ਵਾਲਾ ਸ਼ੱਕ ਪਕੇਰਾ ਕਰ ਦਿੱਤਾ।
ਅੱਗੋਂ ਕੀ ਵਾਪਰਿਆ, ਇਹ ਸਾਰਾ ਕਥਾਕ੍ਰਮ ਪੇਸ਼ ਕਰਦੀ ਹੈ ਮੈਥਿਊ ਕੈਂਪਬੈੱਲ ਤੇ ਕਿੱਟ ਸ਼ੈਲੈੱਲ ਦੀ ਕਿਤਾਬ ‘‘ਡੈੱਡ ਇਨ ਦਿ ਵਾਟਰ’’ (ਪੋਰਟਫੋਲੀਓ ਪਬਲੀਕੇਸ਼ਨਜ਼; 288 ਪੰਨੇ; 1400 ਰੁਪਏ)। ਇਸ ਕਿਤਾਬ ਦਾ ਫਿਲਹਾਲ ਬ੍ਰਿਟਿਸ਼ ਐਡੀਸ਼ਨ ਉਪਲਬਧ ਹੈ; ਭਾਰਤੀ ਐਡੀਸ਼ਨ ਛੇਤੀ ਆਉਣ ਵਾਲਾ ਹੈ। ਕੈਂਪਬੈੱਲ ਤੇ ਸ਼ੈਲੈੱਲ ਵਿੱਤੀ ਤੇ ਕਾਰੋਬਾਰੀ ਜਗਤ ਨਾਲ ਜੁੜੀ ਆਲਮੀ ਖ਼ਬਰ ਤੇ ਫੀਚਰਜ਼ ਏਜੰਸੀ ‘ਬਲੂਮਬਰਗ’ ਨਾਲ ਸਬੰਧਤ ਹਨ। ਬੜੀ ਮਿਹਨਤ ਕੀਤੀ ਹੈ ਉਨ੍ਹਾਂ ਨੇ ਇਸ ਕਿਤਾਬ ਲਈ ਢੁਕਵੀਂ ਸਮੱਗਰੀ ਜੁਟਾਉਣ ਅਤੇ ਜਾਸੂਸੀ ਨਾਵਲ ਵਰਗਾ ਚਸਕੇਦਾਰ ਬਣਾਉਣ ਵਾਸਤੇ। ਤੇਲਵਾਹਕ ਬੇੜੇ ਦਾ ਮਾਲਕ ਸੀ ਯੂਨਾਨੀ ਕਾਰੋਬਾਰੀ ਮਾਰੀਓ ਇਲੀਓਪੁਲੂਸ। ਉਹ ਯੂਨਾਨ ਅਤੇ ਬਲਕਾਨ ਦੇਸ਼ਾਂ ਵਿਚ ਸੁਪਰ ਮਾਰੀਓ ਦੇ ਲਕਬ ਹੇਠ ਕਾਰ ਦੌੜਾਂ ਵਿਚ ਹਿੱਸਾ ਲੈਂਦਾ ਰਿਹਾ ਹੈ। ਸੂਰਤ ਤੇ ਸੀਰਤ ਪੱਖੋਂ ਉਹ ਪੂਰਾ ਗੁੰਡਾ ਹੈ; ਸਿਖ਼ਰਲੇ ਦਰਜੇ ਦਾ ਗੁੰਡਾ। ਸਿਰ ਦੇ ਵਾਲ ਕੁਢੱਬੇ ਢੰਗ ਨਾਲ ਕੱਟੇ ਹੋਏ, ਚਿਹਰੇ ’ਤੇ ਕਰੜ ਬਰੜੀ ਦਾੜ੍ਹੀ। ਦੇਹ ਡਬਲਿਊਡਬਲਿਊਐਫ ਦੇ ਸੁਪਰ ਹੈਵੀਲੇਟ ਪਹਿਲਵਾਨਾਂ ਵਾਲੀ ਤੇ ਢਿੱਡ ਡਰੰਮ ਵਰਗਾ। ਕਮੀਜ਼ ਦੇ ਬਟਨ ਕਦੇ ਬੰਦ ਨਹੀਂ ਕਰਦਾ। ਲੰਡਨ ਵਿਚ ਚੱਲੇ ਮੁਕੱਦਮੇ ਦੌਰਾਨ ਉਸ ਨੇ ਜੱਜ ਨੂੰ ਡਰਾਉਣ-ਧਮਕਾਉਣ ਦੇ ਸਾਰੇ ਹੀਲੇ-ਉਪਰਾਲੇ ਕੀਤੇ। ਵਕੀਲਾਂ ਦਾ ਦਸਤਾ ਉਹ ਚੁਣਿਆ ਜੋ ਮੁਦੱਈ ਪੱਖ ਨੂੰ ਲਗਾਤਾਰ ਉਲਝਾਈ ਰੱਖੇ। ਦੋ ਸਿਰੜੀ ਤਫ਼ਤੀਸ਼ਕਾਰਾਂ ਰਿਚਰਡ ਵੀਲ ਅਤੇ ਮਾਈਕਲ ਕੌਨਰ ਨੇ ਪੂਰਾ ਜ਼ੋਰ ਲਾਇਆ ਪਰ ਬੀਮਾ ਕੰਪਨੀ ਦੇ ਅਸਿੱਧੇ ਸਹਿਯੋਗ ਅਤੇ ਮੁਦੱਈ ਪੱਖ ਦੀਆਂ ਕਮਜ਼ੋਰੀਆਂ ਕਾਰਨ ਇਲੀਓਪੁਲੂਸ ਸੁੱਕਾ ਬਚ ਨਿਕਲਿਆ। ਕੋਈ ਵੀ ਵੱਡੀ ਬੀਮਾ ਕੰਪਨੀ ਵੱਡੇ ਕਾਰੋਬਾਰੀਆਂ, ਖ਼ਾਸ ਕਰਕੇ ਮਾਲਵਾਹਕ ਬੇੜਿਆਂ ਦੇ ਮਾਲਕਾਂ ਨੂੰ ਬਹੁਤਾ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਬੀਮਾ ਕੰਪਨੀਆਂ ਨੂੰ ਮੁੱਖ ਤੌਰ ’ਤੇ ਮੁਨਾਫ਼ਾ ਹੀ ਉੱਚ ਜੋਖ਼ਿਮ ਵਾਲੇ ਬੀਮਿਆਂ ਤੋਂ ਹੁੰਦਾ ਹੈ- ਪ੍ਰੀਮੀਅਮ ਦੀਆਂ ਮੋਟੀਆਂ ਮੋਟੀਆਂ ਕਿਸ਼ਤਾਂ ਦੇ ਰੂਪ ਵਿਚ।
ਬੀਮਾ ਫਰਾਡ ਦੀ ਕਹਾਣੀ ਪੇਸ਼ ਕਰਨ ਦੇ ਨਾਲ-ਨਾਲ ‘‘ਡੈੱਡ ਇਨ ਦਿ ਵਾਟਰ’’ ਜਹਾਜ਼ਰਾਨੀ ਸਨਅਤ ਤੇ ਬੀਮਾ ਖੇਤਰ ਵਿਚ ਕੰਮ ਕਰਦੀਆਂ ਬਹੁਕੌਮੀ ਕੰਪਨੀਆਂ ਦਾ ਅਸਲ ਚਿਹਰਾ-ਮੋਹਰਾ ਤੇ ਚਾਲ-ਚਰਿੱਤਰ ਵੀ ਬੇਪਰਦ ਕਰਦੀ ਹੈ। ਲਾਇਡਜ਼ ਵਰਗੇ ਹਰ ਅਦਾਰੇ ਦੀਆਂ ਦਰਜਨਾਂ ਡਿਵੀਜ਼ਨਾਂ ਹੁੰਦੀਆਂ ਹਨ। ਹਰ ਡਿਵੀਜ਼ਨ ਦੇ ਅੰਦਰ ਕਈ ਕਈ ਵੱਖਰੀਆਂ ਕੰਪਨੀਆਂ ਦੀ ਮੌਜੂਦਗੀ ਦਰਸਾਈ ਜਾਂਦੀ ਹੈ। ਇਨ੍ਹਾਂ ਵਿਚੋਂ ਬਹੁਤੀਆਂ ‘ਛਿੱਲੜ’ ਭਾਵ ਕਾਗਜ਼ੀ ਕੰਪਨੀਆਂ ਹੁੰਦੀਆਂ ਹਨ ਜੋ ਜਾਂ ਤਾਂ ਟੈਕਸ ਬਚਾਉਣ ਲਈ ਰਜਿਸਟਰ ਕਰਵਾਈਆਂ ਜਾਂਦੀਆਂ ਹਨ ਅਤੇ ਜਾਂ ਫਿਰ ਅਸਲ ਮਾਲਕਾਂ ਨੂੰ ਕਾਨੂੰਨੀ ਸ਼ਿਕੰਜੇ ਤੋਂ ਦੂਰ ਰੱਖਣ ਦੇ ਹੀਲੇ-ਵਸੀਲੇ ਦਾ ਹਿੱਸਾ ਹੁੰਦੀਆਂ ਹਨ। ਬਹੁਤੇ ਤਫ਼ਤੀਸ਼ਕਾਰ ਅਜਿਹੀਆਂ ਭੁੱਲ-ਭੁਲੱਈਆਂ ਵਿਚ ਐਸੇ ਉਲਝਦੇ ਹਨ ਕਿ ਅਪਰਾਧ ਦੀ ਤਹਿ ਤਕ ਪੁੱਜਣਾ ਸੰਭਵ ਨਹੀਂ ਹੁੰਦਾ। ਰਾਜਨੇਤਾਵਾਂ ਤੇ ਸਰਕਾਰੀ ਉੱਚ-ਅਧਿਕਾਰੀਆਂ ਦੀ ਐਸ਼ੋ-ਇਸ਼ਰਤ ਲਈ ਮਾਇਕ ਸਾਧਨ ਕਿਉਂਕਿ ਅਜਿਹੇ ਅਦਾਰਿਆਂ ਤੋਂ ਹੀ ਆਉਂਦੇ ਹਨ, ਇਸ ਲਈ ਇਨ੍ਹਾਂ ਦਾ ਮਾਲਕੀ ਢਾਂਚਾ ਸਿੱਧਾ-ਸਪਾਟ ਬਣਾਉਣ ਦਾ ਨਿੱਗਰ ਯਤਨ ਨਾ ਤਾਂ ਕਿਸੇ ਵਿਕਸਿਤ ਮੁਲਕ ਨੇ ਅਜੇ ਤੱਕ ਕੀਤਾ ਹੈ ਅਤੇ ਨਾ ਹੀ ਵਿਕਾਸਸ਼ੀਲ ਮੁਲਕਾਂ ਨੇ।
ਬਹਰਹਾਲ, ਖੋਜਮੁਖੀ ਪੱਤਰਕਾਰੀ ਅਤੇ ਚੁਸਤ-ਦਰੁਸਤ ਲੇਖਣ ਦੇ ਸੁਮੇਲ ਦੀ ਮਿਸਾਲ ਹੈ ਕੈਂਪਬੈੱਲ ਤੇ ਸ਼ੈਲੈੱਲ ਦੀ ਕਿਤਾਬ। ਇਸ ਦੀ ਅੰਤਿਕਾ, ਇਸ ਦੇ ਲੇਖਕਾਂ ਅਤੇ ਬੀਮਾ ਫਰਾਡ ਦੇ ਦੋ ਤਫ਼ਤੀਸ਼ਕਾਰਾਂ- ਵੀਲ ਤੇ ਕੌਨਰ ਦੀ ਸਿਦਕਦਿਲੀ ਦੀ ਤਸਵੀਰ ਪੇਸ਼ ਕਰਦੀ ਹੈ। ਧਮਕੀਆਂ ਤੇ ਖ਼ਤਰਿਆਂ ਦੇ ਬਾਵਜੂਦ ਇਹ ਚਾਰੋਂ, ਇਨਸਾਫ਼ ਸੰਭਵ ਬਣਾਉਣ ਦੀ ਮੁਹਿੰਮ ਵਿਚ ਅਜੇ ਵੀ ਜੁਟੇ ਹੋਏ ਹਨ, ਇਸ ਨਿਸ਼ਚੇ ਦੇ ਨਾਲ ਕਿ ਨਾਮੁਮਕਿਨ ਨੂੰ ਵੀ ਮੁਮਕਿਨ ਬਣਾਇਆ ਜਾ ਸਕਦਾ ਹੈ। ਅੱਜ ਦੇ ਯੁੱਗ ਵਿਚ ਖੋਜੀ ਪੱਤਰਕਾਰੀ ਨੂੰ ਇਸ ਕਿਸਮ ਦੀ ਵਚਨਬੱਧਤਾ ਦੀ ਸੱਚਮੁੱਚ ਸਖ਼ਤ ਲੋੜ ਹੈ।
* * *
ਜੱਜ, ਵਿਦਿਆਦਾਨੀ, ਅਧਿਆਪਕ, ਪਰਉਪਕਾਰੀ, ਭਾਸ਼ਾਈ ਮਾਹਿਰ, ਕਵੀ ਤੇ ਇਤਿਹਾਸਕਾਰ। 19ਵੀਂ ਸਦੀ ਨੇ ਅਜਿਹੀਆਂ ਬਹੁਪੱਖੀ ਤੇ ਬਹੁਆਯਾਮੀ ਪ੍ਰਤਿਭਾਵਾਂ ਦੁਨੀਆਂ ਦੇ ਕਈ ਮੁਲਕਾਂ ਵਿਚ ਪੈਦਾ ਕੀਤੀਆਂ। ਅੰਗਰੇਜ਼ੀ ਵਿਚ ਅਜਿਹੀਆਂ ਪ੍ਰਤਿਭਾਵਾਂ ਵਾਸਤੇ ‘ਪੌਲੀਮੈਥ’ (Polymath) ਸ਼ਬਦ ਵਰਤਿਆ ਜਾਂਦਾ ਹੈ। ਅਜਿਹੀ ਹੀ ਇਕ ਹਸਤੀ ਸੀ ਜਸਿਟਸ ਸੱਯਦ ਮਹਿਮੂਦ। ਸੱਚਾ-ਸੁੱਚਾ ਪੌਲੀਮੈਥ। ਅਲਾਹਾਬਾਦ ਹਾਈ ਕੋਰਟ ਵਿਚ ਵਕੀਲ ਵਜੋਂ ਦਾਖਲ ਹੋਣ ਵਾਲਾ ਪਹਿਲਾ ਭਾਰਤੀ ਜੋ ਉਸੇ ਹਾਈ ਕੋਰਟ ਦਾ ਪਹਿਲਾ ਭਾਰਤੀ ਜੱਜ ਵੀ ਬਣਿਆ। ਅਸਹਿਮਤੀ ਦੇ ਹੱਕ ਦੀ ਖੁੱਲ੍ਹ ਕੇ ਪੈਰਵੀ ਕਰਨ ਦਾ ਮੁਦੱਈ ਸੀ ਉਹ ਅਤੇ ਇਸੇ ਹੱਕ ਦੀ ਹਿਫ਼ਾਜ਼ਤ ਦੀ ਖ਼ਾਤਿਰ ਉਸ ਨੇ 1887 ਵਿਚ ਜੱਜਸ਼ਿਪ ਤੋਂ ਅਸਤੀਫ਼ਾ ਵੀ ਦਿੱਤਾ। ਉਸ ਦਾ ਇਹ ਪੱਕਾ ਯਕੀਨ ਸੀ ਕਿ ਅਦਾਲਤੀ ਫ਼ੈਸਲਿਆਂ ਵਿਚੋਂ ਇਨਸਾਫ਼ਪ੍ਰਸਤੀ ਝਲਕਣੀ ਚਾਹੀਦੀ ਹੈ, ਕਾਨੂੰਨੀ ਕਠੋਰਤਾ ਨਹੀਂ। ਨਿਆਂ ਕਰੂਰ ਤੇ ਕੁਢੱਬਾ ਨਹੀਂ, ਸਮਤਾਵਾਦੀ ਹੋਣਾ ਚਾਹੀਦਾ ਹੈ।
ਸਰ ਸੱਯਦ ਅਹਿਮਦ ਖ਼ਾਨ ਮੁਸਲਿਮ ਸਮਾਜ ਨੂੰ ਅਤਿਆਧੁਨਿਕ ਸਿੱਖਿਆ ਨਾਲ ਲੈਸ ਕਰਨ ਦੇ ਮੁਦੱਈ ਸਨ। ਇਸੇ ਆਸ਼ੇ ਦੀ ਪੂਰਤੀ ਲਈ ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਸੱਯਦ ਮਹਿਮੂਦ ਉਨ੍ਹਾਂ ਦਾ ਬੇਟਾ ਸੀ; ਪਿਤਾ ਨਾਲੋਂ ਵੱਧ ਰੌਸ਼ਨਦਿਮਾਗ਼, ਵੱਧ ਪ੍ਰਤਿਭਾਵਾਨ, ਪਰ ਪ੍ਰਚਾਰ-ਪ੍ਰਸਾਰ ਤੋਂ ਸਖ਼ਤ ਪਰਹੇਜ਼ ਕਰਨ ਵਾਲਾ। 1882 ਵਿਚ ਮਹਿਜ਼ 32 ਵਰ੍ਹਿਆਂ ਦੀ ਉਮਰ ’ਚ ਉਹ ਹਾਈ ਕੋਰਟ ਦਾ ਜੱਜ ਬਣ ਗਿਆ। 1893 ਤਕ ਜੱਜ ਰਿਹਾ। ਉਸ ਵਰ੍ਹੇ ਚੀਫ ਜਸਟਿਸ ਸਰ ਜੌਹਨ ਐੱਜ ਨਾਲ ਮੱਤਭੇਦਾਂ ਕਾਰਨ ਜੱਜਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਦੋਂ ਉਸ ਦੀ ਉਮਰ ਮਹਿਜ਼ 43 ਵਰ੍ਹੇ ਸੀ। ਅਗਲੇ 10 ਵਰ੍ਹੇ ਅਲੀਗੜ੍ਹ ਯੂਨੀਵਰਸਿਟੀ ਵਿਚ ਕਾਨੂੰਨ ਦੇ ਐਮਏਓ ਕਾਲਜ ਦੀ ਸਥਾਪਨਾ ਅਤੇ ਇਸ ਨੂੰ ਪੱਕੇ ਪੈਰੀਂ ਖੜ੍ਹਾ ਕਰਨ ਉੱਤੇ ਲਾਏ। ਇਸ ਦੌਰਾਨ ਪ੍ਰਾਧਿਆਪਕੀ ਵੀ ਕੀਤੀ ਅਤੇ ਡੀਨਸ਼ਿਪ ਵੀ। ਨਾਲ ਹੀ ਪ੍ਰਬੰਧਕ ਦਾ ਰੋਲ ਵੀ ਬਾਖ਼ੂਬੀ ਨਿਭਾਇਆ। ਕਾਨੂੰਨ ਦੀਆਂ ਪੁਸਤਕਾਂ ਦੀ ਆਪਣੀ ਸਾਰੀ ਲਾਇਬਰੇਰੀ ਇਸ ਕਾਲਜ ਨੂੰ ਦਾਨ ਦੇ ਦਿੱਤੀ, ਪਰ ਲਾਇਬਰੇਰੀ ਦਾ ਨਾਂਅ ਆਪਣੇ ਨਾਂਅ ’ਤੇ ਰੱਖੇ ਜਾਣ ਦੀ ਤਜਵੀਜ਼ ਸਖ਼ਤੀ ਨਾਲ ਰੱਦ ਕਰ ਦਿੱਤੀ।
ਸੱਯਦ ਮਹਿਮੂਦ 15 ਵਰ੍ਹਿਆਂ ਦਾ ਸੀ ਜਦੋਂ ਉਸ ਵੱਲੋਂ ਪੇਸ਼ ਕੀਤੀ ਗਈ ਮੌਲਿਕ ਫ਼ਾਰਸੀ ਗ਼ਜ਼ਲ ਨੇ ਮਿਰਜ਼ਾ ਗ਼ਾਲਬਿ ਤੋਂ ਖ਼ੂਬ ਵਾਹਵਾਹੀ ਖੱਟੀ। ਵੀਹ ਵਰ੍ਹਿਆਂ ਦੀ ਉਮਰ ਵਿਚ ਉਸ ਨੇ ਕ੍ਰਾਈਸਟ ਕਾਲਜ, ਕੈਂਬਰਿਜ ਵਿਚ ਅੰਗਰੇਜ਼ੀ ਦੇ ਪਰਚੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਚਾਰਲਸ ਡਿਕਨਜ਼ ਉਸ ਨੂੰ ਆਪਣੀਆਂ ਅਦਬੀ ਮਹਿਫ਼ਿਲਾਂ ਵਿਚ ਆਪਣੇ ਨਾਲ ਲਿਜਾਇਆ ਕਰਦਾ ਸੀ। ਤੁਲਸੀ ਰਾਮਾਇਣ ਦੇ ਦੋਹੇ ਉਹ ਓਨੀ ਹੀ ਸ਼ਿੱਦਤ ਨਾਲ ਪੇਸ਼ ਕੀਤਾ ਕਰਦਾ ਸੀ ਜਿੰਨੀ ਆਸਾਨੀ ਨਾਲ ਫਿਰਦੌਸੀ ਦੇ ਕਥਨਾਂ ਦੇ ਹਵਾਲੇ। ਉਹ ਸੰਸਕ੍ਰਿਤ, ਫ਼ਾਰਸੀ ਤੇ ਉਰਦੂ ਦਾ ਗਿਆਨੀ ਵੀ ਸੀ ਅਤੇ ਅੰਗਰੇਜ਼ੀ, ਯੂਨਾਨੀ ਤੇ ਫਰਾਂਸੀਸੀ ਦਾ ਵੀ। ਇਨ੍ਹਾਂ ਭਾਸ਼ਾਵਾਂ ਦੇ ਅਦਬ ਨਾਲ ਉਸ ਦੇ ਮੋਹ ਦੀਆਂ ਦਰਜਨਾਂ ਮਿਸਾਲਾਂ ਉਸ ਦੇ ਫ਼ੈਸਲਿਆਂ ਦੀ ਤਹਿਰੀਰ ਵਿਚੋਂ ਮਿਲਦੀਆਂ ਹਨ।
ਇਸ ਲਾਮਿਸਾਲ ਹਸਤੀ ਦੀ ਜੀਵਨੀ ‘‘ਸੱਯਦ ਮਹਿਮੂਦ: ਕਾਲੋਨੀਅਲ ਇੰਡੀਆ’ਜ਼ ਡਿਸਸੈਂਟਿੰਗ ਜੱਜ’’ (ਬਲੂਮਜ਼ਬਰੀ; 274 ਪੰਨੇ; 699 ਰੁਪਏ) ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਹੈ। ਮੁਹੰਮਦ ਨਾਸਿਰ ਤੇ ਸਮਰੀਨ ਅਹਿਮਦ ਵੱਲੋਂ ਲਿਖਿਤ ਇਸ ਕਿਤਾਬ ਦੀ ਭੂਮਿਕਾ ਜਸਟਿਸ ਡੀ.ਵਾਈ. ਚੰਦਰਚੂੜ ਨੇ ਲਿਖੀ ਹੈ ਜੋ ਕਿ ਸੁਪਰੀਮ ਕੋਰਟ ਦੇ ਸਭ ਤੋਂ ਵੱਧ ਧੜੱਲੇਦਾਰ ਜੱਜ ਵਜੋਂ ਜਾਣੇ ਜਾਂਦੇ ਹਨ। ਇਸੇ ਕਿਤਾਬ ਵਿਚ (ਮਰਹੂਮ) ਜਸਟਿਸ ਜੇ.ਐੱਸ. ਵਰਮਾ ਦੇ ਹਵਾਲਿਆਂ ਰਾਹੀਂ ਇਹ ਦੱਸਿਆ ਗਿਆ ਹੈ ਕਿ ਭਾਰਤ ਵਿਚ ਅਦਾਲਤੀ ਕਾਰਕੁੰਨਵਾਦ (ਜਨਤਕ ਹਿੱਤਾਂ ਦੇ ਮਾਮਲਿਆਂ ਨੂੰ ਅਦਾਲਤਾਂ ਵੱਲੋਂ ਖ਼ੁਦ ਹੀ ਹੱਥਾਂ ਵਿਚ ਲਏ ਜਾਣਾ) ਦੀ ਪ੍ਰਥਾ ਜਸਟਿਸ ਸੱਯਦ ਮਹਿਮੂਦ ਨੇ ਤੋਰੀ ਅਤੇ ਉਨ੍ਹਾਂ ਦੇ ਫ਼ੈਸਲਿਆਂ ਨੇ ਜਸਟਿਸ ਵਰਮਾ ਦੀ ਸੋਚ-ਸੁਹਜ ਨੂੰ ਕਿਵੇਂ ਮੁਤਾਸਿਰ ਕੀਤਾ। ਸਾਖੀਕਾਰੀ ਤੋਂ ਮੁਕਤ ਹੈ ਇਹ ਕਿਤਾਬ। ਇਹ ਤੱਤ ਵੀ ਇਸ ਨੂੰ ਪੜ੍ਹਨਯੋਗ ਬਣਾਉਂਦਾ ਹੈ।
* * *
ਸ਼ਬਦਾਂ ਨੂੰ ਖ਼ੂਬਸੂਰਤੀ ਨਾਲ ਫ਼ਿਕਰਿਆਂ ਵਿਚ ਜੜਨ ਦਾ ਜੋ ਸਲੀਕਾ ਜਸਬੀਰ ਭੁੱਲਰ ਹੁਰਾਂ ਕੋਲ ਹੈ, ਉਹ ਬਹੁਤ ਘੱਟ ਪੰਜਾਬੀ ਲੇਖਕਾਂ ਦੇ ਹਿੱਸੇ ਆਇਆ ਹੈ। ਮਿਠਾਸ ਉਨ੍ਹਾਂ ਦੇ ਲੇਖਣ ਦੀ ਖ਼ੂਬੀ ਵੀ ਰਹੀ ਹੈ ਅਤੇ ਤਾਸੀਰ ਵੀ। ਤਿੰਨ ਦਰਜਨ ਦੇ ਕਰੀਬ ਪੁਸਤਕਾਂ ਉਨ੍ਹਾਂ ਦੇ ਇਸ ਹੁਨਰ ਦਾ ਪ੍ਰਮਾਣ ਹਨ। ਹੁਣ ਨਵੀਂ ਪੁਸਤਕ ‘‘ਸਿਰਜਣਾ ਦੀ ਜੂਹ’’ (ਸਪਤਰਿਸ਼ੀ ਪਬਲੀਕੇਸ਼ਨਜ਼; 167 ਪੰਨੇ; 250 ਰੁਪਏ) ਇਸੇ ਸਿਲਸਿਲੇ ਦੀ ਅਗਲੀ ਕੜੀ ਹੈ। ਚਾਰ ਸਾਹਿਤਕਾਰਾਂ ਅਤੇ ਚਾਰ ਚਿੱਤਰਕਾਰਾਂ ਨਾਲ ਲੰਮੀਆਂ ਮੁਲਾਕਾਤਾਂ ਦਾ ਸੰਗ੍ਰਹਿ ਹੈ ਇਹ ਪੁਸਤਕ। ਇਨ੍ਹਾਂ ਮੁਲਾਕਾਤਾਂ ਦਾ ਪ੍ਰੇਰਨਾ-ਸਰੋਤ ‘ਰਾਈਟਰਜ਼ ਐਟ ਵਰਕ’ ਨਾਮੀ ਪੁਸਤਕਮਾਲਾ ਸੀ ਜੋ ‘ਪੈਰਿਸ ਰੀਵਿਊ’ ਰਸਾਲੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ। ਇਸ ਪ੍ਰਸੰਗ ਨੂੰ ਵੱਧ ਸਪੱਸ਼ਟ ਕਰਨ ਲਈ ਭੁੱਲਰ ਲਿਖਦੇ ਹਨ: ‘‘ਲੇਖਕਾਂ ਤੇ ਚਿੱਤਰਕਾਰਾਂ ਨਾਲ ਸਹਿਜ ਗੱਲਬਾਤ ਇਕ ਮੁਨਾਸਬਿ ਤਰੀਕਾ ਹੈ ਉਨ੍ਹਾਂ ਦੀ ਸਿਰਜਣਾ ਦੀ ਜੂਹ ਵੱਲ ਝਾਤੀ ਮਾਰਨ ਦਾ। … ਜਿੱਥੇ ਸਿਰਜਣਾ ਦੇ ਅਮਲ ਦਾ ਇਕ ਅਨੂਠਾ ਸੰਸਾਰ ਹੈ, ਆਪਣਾ ਅਨੁਭਵ ਹੈ ਤੇ ਆਪਣਾ ਤਰੀਕਾ।’’
ਇਹ ਮੁਲਾਕਾਤਾਂ ਕਿਸੇ ਮਿੱਥੇ ਹੋਏ ਸਾਂਚੇ ਵਿਚ ਨਹੀਂ ਢਲੀਆਂ ਹੋਈਆਂ, ਮੁਕਤ ਵਹਿਣ ਵਰਗੀਆਂ ਹਨ; ਅਜਿਹਾ ਵਹਾਅ ਜੋ ਸਬੰਧਤ ਹਸਤੀਆਂ ਦੇ ਸਿਰਜਣ ਕਲਾ ਤੇ ਰਚਨਾਤਮਿਕ ਸੁਹਜ ਦੇ ਦੀਦਾਰ ਖੁੱਲ੍ਹ ਕੇ ਕਰਵਾਉਂਦਾ ਹੈ। ਲੇਖਕਾਂ ਵਿਚ ਅੰਮ੍ਰਿਤਾ ਪ੍ਰੀਤਮ, ਗੁਰਬਚਨ ਭੁੱਲਰ, ਸੁਖਵੰਤ ਕੌਰ ਮਾਨ ਅਤੇ ਖ਼ੁਦ ਜਸਬੀਰ ਭੁੱਲਰ (ਮੁੱਖ ਤੌਰ ’ਤੇ ਗੁਰਬਚਨ ਸਿੰਘ ਭੁੱਲਰ ਹੋਰਾਂ ਵੱਲੋਂ ਸੇਧਿਤ ਸਵਾਲਾਂ ਦੇ ਜਵਾਬਾਂ ਰਾਹੀਂ) ਸ਼ਾਮਲ ਹਨ। ਚਿੱਤਰਕਾਰ ਹਨ: ਪ੍ਰੇਮ ਸਿੰਘ, ਜਗਦੀਪ ਗਰਚਾ, ਸਤਵੰਤ ਸੁਮੇਲ ਤੇ ਮਦਨ ਲਾਲ। ਵਿਚਾਰ-ਚਰਚਾ ਦੇ ਮਿਆਰ ਪੱਖੋਂ ਰੂਹ ਨੂੰ ਤ੍ਰਿਪਤ ਕਰਨ ਵਾਲੀਆਂ ਹਨ ਇਹ ਮੁਲਾਕਾਤਾਂ। ਇਨ੍ਹਾਂ ਅੰਦਰਲੇ ਤਰਜ਼-ਇ-ਇਜ਼ਹਾਰ ਵਿਚ ਬੇਬਾਕੀ ਵੀ ਹੈ ਅਤੇ ਸੁਹਜ ਵੀ। ਜਿਵੇਂ ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ: ‘‘ਕੰਬਖਤ ਲੇਖਕ, ਜਦੋਂ ਪਾਤਰਾਂ ਨੂੰ ਵੇਖਦਾ ਹੈ ਤਾਂ ਇਕ ਵਿੱਥ ’ਤੇ ਖਲੋ ਕੇ ਵੇਖਦਾ ਹੈ, ਪਰ ਜਦੋਂ ਲਿਖਦਾ ਹੈ ਤਾਂ ਉਨ੍ਹਾਂ ਦੀਆਂ ਹੋਣੀਆਂ ਮੱਥੇ ਧਰ ਲੈਂਦਾ ਹੈ।’’ (ਪੰਨਾ 17)। ਗੁਰਬਚਨ ਸਿੰਘ ਭੁੱਲਰ ਦਾ ਕਥਨ ਹੈ: ‘‘ਲੇਖਕ ਦੀ ਮਿਹਨਤ ਬਹੁਤ ਲੰਮੀ, ਸਖ਼ਤ ਅਤੇ ਠਰ੍ਹੰਮੇ ਭਰੀ ਹੁੰਦੀ ਹੈ। ਇਹ ਮਿਹਨਤ ਉਹਨੂੰ ਆਪਣੇ ਸਾਧਾਰਨ ਸੰਸਾਰ ਵਿਚ ਵੀ ਨਿਰੰਤਰ ਕਰਨੀ ਪੈਂਦੀ ਹੈ ਅਤੇ ਕਰਤਾਰੀ ਸੰਸਾਰ ਵਿਚ ਵੀ।’’ (ਪੰਨਾ 36)। ਪੜ੍ਹਨ-ਜਾਣਨ ਨੂੰ ਬੜਾ ਕੁਝ ਹੈ ਇਸ ਪੁਸਤਕ ਵਿਚ।
* * *
ਪਿੰਡ ਕੱਦੋਂ, ਲੁਧਿਆਣਾ ਜ਼ਿਲ੍ਹੇ ਦਾ ਉਹ ਪਿੰਡ ਹੈ ਜਿਸ ਦੀ ਜ਼ਮੀਨ ’ਤੇ ਪੰਜਾਬ ਦਾ ਪਹਿਲਾ ਮੈਕਡੌਨਲਡ’ਜ਼ ਆਊਟਲੈੱਟ ਖੁੱਲ੍ਹਿਆ। ਇਹ 20ਵੀਂ ਸਦੀ ਦੇ ਆਖ਼ਰੀ ਵਰ੍ਹਿਆਂ ਦੀ ਗੱਲ ਹੈ। ਉਦੋਂ ਬੜਾ ਜਨੂੰਨ ਸੀ ਉੱਥੇ ਰੁਕ ਕੇ ਬਰਗਰ ਤੇ ਫਰੈਂਚ ਫਰਾਈਜ਼ ਖਾਣ ਦਾ। ਹਰ ਸਮੇਂ ਭੀੜਾਂ ਲੱਗੀਆਂ ਰਹਿੰਦੀਆਂ ਸਨ। ਉਜਾਗਰ ਸਿੰਘ ਹੁਰਾਂ ਦੀ ਨਵੀਂ ਕਿਤਾਬ ‘‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’’ (ਚੇਤਨਾ ਪ੍ਰਕਾਸ਼ਨ; 188 ਪੰਨੇ; 350 ਰੁਪਏ) ਭਾਵੇਂ ਉਪਰੋਕਤ ਘਟਨਾਕ੍ਰਮ ਦੀ ਗੱਲ ਨਹੀਂ ਕਰਦੀ, ਫਿਰ ਵੀ ਇਹ ਇਸ ਪਿੰਡ ਦੇ ਵਿਰਸੇ, ਵਿਰਾਸਤ, ਇਤਿਹਾਸ ਤੇ ਵਿਕਾਸ ਦੀ ਬੜੀ ਹੁਸੀਨ ਤਸਵੀਰ ਪੇਸ਼ ਕਰਦੀ ਹੈ। ਕਦੇ ਇਸ ਪਿੰਡ ਦੇ ਦੁਆਲੇ ਰੇਤ ਦੇ ਟਿੱਬੇ ਹੀ ਟਿੱਬੇ ਹੋਇਆ ਕਰਦੇ ਸਨ। ਦੋਰਾਹਾ ਮੰਡੀ ਜਾਂ ਜੀ.ਟੀ. ਰੋਡ ਤੋਂ ਇਸ ਤੱਕ ਪੁੱਜਣਾ ਆਸਾਨ ਨਹੀਂ ਸੀ ਹੁੰਦਾ, ਖ਼ਾਸ ਤੌਰ ’ਤੇ ਗਰਮੀਆਂ ਵਿਚ। ਪਰ ਪਿੰਡ ਦੀ ਜੂਹ ਅੰਦਰ ਦਾਖਲ ਹੁੰਦਿਆਂ ਹੀ ਨਜ਼ਾਰਾ ਬਦਲ ਜਾਂਦਾ ਸੀ। ਹਰੇ ਇਨਕਲਾਬ ਤੋਂ ਪਹਿਲਾਂ ਵੀ ਇਹ ਪਿੰਡ ਗ਼ਰੀਬੀ ਨਹੀਂ, ਅਮੀਰੀ ਦਾ ਪ੍ਰਭਾਵ ਦਿੰਦਾ ਸੀ। ਮੈਂ ਪਹਿਲਾਂ 1964 ਅਤੇ ਫਿਰ 1970 ਵਿਚ ਦੋ ਵਾਰ ਇਸ ਪਿੰਡ ਵਿਚ ਆਪਣੇ ਇਕ ਜਾਣਕਾਰ ਪਰਿਵਾਰ ਕੋਲ ਦਸ-ਦਸ ਦਿਨ ਰਹਿੰਦਾ ਰਿਹਾ ਹਾਂ। ਦੂਜੀ ਫੇਰੀ ਵੇਲੇ ਇਹ ਇਲਮ ਹੋ ਗਿਆ ਸੀ ਕਿ ਪਿੰਡ ਤੇਜ਼ੀ ਨਾਲ ਬਦਲਦਾ ਜਾ ਰਿਹਾ ਹੈ। ਇਹ ਬਦਲਾਅ ਬਿਹਤਰੀ ਵਾਲਾ ਸੀ, ਸ਼ਾਇਦ ਬਿਜਲੀ ਆਉਣ ਤੇ ਪੱਕੀ ਸੜਕ ਬਣਨ ਕਰਕੇ। ਉਜਾਗਰ ਸਿੰਘ ਹੁਰਾਂ ਨੇ ਪਿੰਡ ਵਿਚ ਹੋਈ ਪ੍ਰਗਤੀ ਦੀ ਗੱਲ ਨਿੱਠ ਕੇ ਕੀਤੀ ਹੈ, ਪਰ ਨਾਲ ਹੀ ਵਿਰਸੇ ਦੀ ਸਾਂਭ-ਸੰਭਾਲ ਦੇ ਉਪਰਾਲਿਆਂ ਦਾ ਖੁਲਾਸਾ ਵੀ ਸੁਹਿਰਦਤਾ ਨਾਲ ਕੀਤਾ ਹੈ। ਉਹ ਬੜੇ ਵਰ੍ਹਿਆਂ ਤੱਕ ਲੋਕ ਸੰਪਰਕ ਅਧਿਕਾਰੀ ਰਹੇ ਹਨ। ਇਸ ਪੇਸ਼ੇ ਵਾਲੀ ਪੁੱਠ ਉਨ੍ਹਾਂ ਦੀ ਲੇਖਣੀ ’ਚ ਮੌਜੂਦ ਹੈ, ਪਰ ਉਨ੍ਹਾਂ ਦੀ ਕਿਤਾਬ ਪਿੰਡ ਕੱਦੋਂ ਦੇ ਇਤਿਹਾਸ ਤੇ ਵਿਰਾਸਤ ਨੂੰ ਸੰਭਾਲਣ ਦਾ ਸੰਜੀਦਾ ਉਪਰਾਲਾ ਹੈ।
ਸੰਪਰਕ: 98555-01488