ਪਰਮਜੀਤ ਢੀਂਗਰਾ
ਗੁਰੂ ਗ੍ਰੰਥ ਸਾਹਿਬ ਵਿਚ ਭਗਤ ਬਾਣੀ ਦਾ ਵਿਸ਼ੇਸ਼ ਸਥਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਅੱਜ ਦੇ ਸਮਿਆਂ ਵਿਚ ਹੋਰ ਵੀ ਮਹੱਤਵਪੂਰਨ ਹੈ।
ਜਸਵੰਤ ਸਿੰਘ ਜ਼ਫ਼ਰ ਨੇ ਆਪਣੀ ਪੁਸਤਕ ‘ਭਗਤੁ ਸਤਿਗੁਰੂ ਹਮਾਰਾ’ (ਲੇਖਕ: ਜਸਵੰਤ ਸਿੰਘ ਜ਼ਫ਼ਰ; ਕੀਮਤ: 795 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਚ ਪੰਦਰਾਂ ਭਗਤਾਂ ਦੇ ਜੀਵਨ ਪੰਧ ਦੇ ਨਾਲ ਨਾਲ ਉਨ੍ਹਾਂ ਦੀ ਬਾਣੀ ਅਤੇ ਚਿੰਤਨ ਦੇ ਪਾਠ ਤਿਆਰ ਕੀਤੇ ਹਨ। ਇਨ੍ਹਾਂ ਭਗਤਾਂ ਵਿਚ ਬਾਬਾ ਫਰੀਦ, ਸਧਨਾ, ਜੈਦੇਵ, ਨਾਮਦੇਵ, ਤਿਲੋਚਨੁ, ਰਾਮਾਨੰਦ, ਰਵਿਦਾਸ, ਕਬੀਰ, ਸੈਣ, ਧੰਨਾ, ਪੀਪਾ, ਬੇਣੀ ਭੀਖਣ, ਪਰਮਾਨੰਦ ਤੇ ਸੂਰਦਾਸ ਸ਼ਾਮਲ ਹਨ। ਇਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਹੀ ਪ੍ਰਮਾਣਕ ਮੰਨਿਆ ਜਾਂਦਾ ਹੈ। ਹਾਲਾਂਕਿ ਕਈ ਭਗਤਾਂ ਦੀ ਇਸ ਤੋਂ ਇਲਾਵਾ ਵੀ ਬਹੁਤ ਸਾਰੀ ਬਾਣੀ ਮਿਲਦੀ ਹੈ।
ਭਗਤ ਬਾਣੀ ਤੇ ਗੁਰਬਾਣੀ ਇਕੋ ਆਸ਼ੇ ਨੂੰ ਸਾਹਮਣੇ ਰੱਖ ਕੇ ਇਕ ਅਕਾਲ ਦੀ ਗੱਲ ਕਰਦੀਆਂ ਹਨ। ਭਗਤ ਹਿੰਦੋਸਤਾਨ ਦੇ ਵੱਖ ਵੱਖ ਖੇਤਰਾਂ ਨਾਲ ਸੰਬੰਧਤ ਸਨ ਪਰ ਉਨ੍ਹਾਂ ਦੀ ਸੰਵਾਦੀ ਸੁਰ ਲੋਕਾਂ ਨੂੰ ਸੰਬੋਧਿਤ ਹੋ ਕੇ ਪਖੰਡਵਾਦ ਤੋਂ ਮੁਕਤੀ ਦਾ ਰਾਹ ਦੱਸ ਰਹੀ ਹੈ; ਬਹੁਦੇਵਵਾਦ ਦਾ ਖੰਡਨ ਕਰ ਕੇ ਸਾਰੇ ਬ੍ਰਹਿਮੰਡ ਵਿਚ ਕਾਰਜਸ਼ੀਲ ਕਰਤਾਰੀ ਸ਼ਕਤੀ ਦੀ ਉਪਾਸਨਾ ਉਪਰ ਬਲ ਦੇ ਰਹੀ ਹੈ। ਹਿੰਦੋਸਤਾਨ ਦੇ ਵੱਖਰੇ ਵੱਖਰੇ ਖੇਤਰਾਂ ਦੇ ਕਵੀ ਹੋਣ ਕਰਕੇ ਭਗਤਾਂ ਦੀ ਬਾਣੀ ਆਪਣੀਆਂ ਸਥਾਨਕ ਭਾਸ਼ਾਵਾਂ ਵਾਲੇ ਆਵਾਮ ਨੂੰ ਸੰਬੋਧਤ ਹੈ। ਮੱਧਕਾਲ ਦੀ ਬਹੁਭਾਸ਼ਾਈ ਪਰੰਪਰਾ ਵਿਚ ਭਾਸ਼ਾਵਾਂ ਕਿਸੇ ਪ੍ਰਕਾਰ ਦੀ ਰੁਕਾਵਟ ਖੜ੍ਹੀ ਨਹੀਂ ਕਰਦੀਆਂ ਸਗੋਂ ਸੰਵਾਦੀ ਬਿਰਤੀ ਵਿਚੋਂ ਇਕ ਦੂਜੇ ਤੋਂ ਗ੍ਰਹਿਣ ਕਰਦੀਆਂ ਹਨ।
ਇਸ ਕਿਤਾਬ ਵਿਚ ਲੇਖਕ ਦਾ ਜ਼ੋਰ ਭਗਤ ਬਾਣੀ ਵਿਚਲੀ ਵਿਚਾਰਧਾਰਕ ਸਾਂਝ ਵਿਚੋਂ ਉਸ ਸੰਦੇਸ਼ ਨੂੰ ਪ੍ਰਮੁੱਖਤਾ ਦਿੰਦਿਆਂ ਸਾਹਮਣੇ ਲਿਆਉਣਾ ਹੈ ਜਿਸ ਸਦਕਾ ਇਹ ਬਾਣੀ ਅੱਜ ਵੀ ਨਵੀਂ ਨਰੋਈ ਲੱਗਦੀ ਹੈ। ਲੇਖਕ ਇਨ੍ਹਾਂ ਵਿਚਲੀਆਂ ਸਾਂਝਾਂ ਤੇ ਦਰਸ਼ਨ ਨੂੰ ਆਲੋਚਨਾਤਮਕ ਦ੍ਰਿਸ਼ਟੀ ਰਾਹੀਂ ਇਕ ਸੂਤਰ ਵਿਚ ਪਰੋ ਕੇ ਪੇਸ਼ ਕਰਦਾ ਹੈ। ਉਹ ਸ਼ਬਦ ਦੀ ਸਹਿਜ ਵਿਆਖਿਆ ਰਾਹੀਂ ਸ਼ਾਇਰੀ, ਗਿਆਨ, ਚਿੰਤਨ ਦੀਆਂ ਸੰਭਾਵਨਾਵਾਂ ਖੋਜਦਾ ਹੈ। ਹਰ ਭਗਤ ਨੂੰ ਉਹਦੇ ਸਮਕਾਲ ਵਿਚ ਰੱਖ ਕੇ ਉਸ ਪ੍ਰਤੀ ਆਪਣੀ ਸਮਝ ਬਣਾਉਂਦਾ ਹੈ। ਸਮਾਜਿਕ ਡਾਇਲੈਕਟਿਸ ਦੀ ਘੋਖ ਪੜਤਾਲ ਕਰ ਕੇ ਉਨ੍ਹਾਂ ਸਰੋਕਾਰਾਂ, ਥੀਮਕ ਪਾਸਾਰਾਂ ਤੇ ਭਾਸ਼ਾਈ ਪੈਰਾਡਾਈਮਾਂ ਨੂੰ ਗਿਆਨ ਸ਼ਾਸਤਰ ਦੇ ਪ੍ਰਸੰਗ ਵਿਚ ਰੱਖ ਕੇ ਪਰਿਭਾਸ਼ਤ ਕਰਦਾ ਹੈ। ਉਸ ਕੋਲ ਬਾਣੀ ਵਿਆਖਿਆ ਦੀ ਵੱਖਰੀ ਸਮਝ ਹੈ ਤੇ ਓਸੇ ’ਤੇ ਉਹ ਪੜ੍ਹਤ ਤਿਆਰ ਕਰਦਾ ਹੈ।
ਕੁਝ ਉਦਾਹਰਣਾਂ ਲਈਆਂ ਜਾ ਸਕਦੀਆਂ ਹਨ ਜੋ ਉਸ ਦੀ ਪਰਪੱਕ ਸ਼ੈਲੀ ਦੀਆਂ ਗਵਾਹ ਹਨ:
● ਤੇਰ੍ਹਵੀਂ ਸਦੀ ਦੀ ਸਫ਼ ਵਿਛੀ ਹੋਈ ਹੈ। ਵੈਰਾਗ ਰੂਪ ਸਧਨਾ ਜੀ ਇਸ ’ਤੇ ਬੈਠੇ ਹਨ। ਸਾਹਮਣੇ ਕਈ ਸਦੀਆਂ ਦੀਆਂ ਸਫ਼ਾਂ ਹਨ। ਸਧਨਾ ਜੀ ਦਾ ਸਤਿਸੰਗ ਚਲ ਰਿਹਾ ਹੈ। ਗੱਲ ਧਰਮ ਦੇ ਭੇਖ ਤੋਂ ਤੁਰੀ।
● ਭਗਤ ਨਾਮਦੇਵ ਜੀ ਨੇ ਮੂਰਤੀ ਪੂਜਾ ਤੋਂ ਇਲਾਵਾ ਹੋਰ ਨਿਰਾਰਥਕ ਧਰਮ ਕਾਂਡਾਂ ਜਿਵੇਂ ਤੀਰਥ ਭਰਮਣ, ਇਸ਼ਨਾਨ ਆਦਿ ਅਤੇ ਫੋਕਟ ਚਿੰਨ੍ਹਾਂ ਉੱਤੇ ਕਟਾਖਸ਼ ਕੀਤਾ ਹੈ। ਉਨ੍ਹਾਂ ਨੇ ਕਈ ਵੱਖ-ਵੱਖ ਦੇਵੀ ਦੇਵਤਿਆਂ ਦੀ ਪੂਜਾ ਅਤੇ ਅਰਾਧਨਾ ਦਾ ਵੀ ਖੰਡਨ ਕੀਤਾ ਹੈ।
● ਰਵਿਦਾਸ ਜੀ ਦੀ ਰਚਨਾ ਵਿਚ ਉਨ੍ਹਾਂ ਦੀ ਕਿਰਤ ਅਤੇ ਕਾਰ ਵਿਹਾਰ ਨਾਲ ਜੁੜੀ ਸ਼ਬਦਾਵਲੀ ਕਈ ਥਾਈਂ ਸਾਹਮਣੇ ਆਉਂਦੀ ਹੈ: ਜਿਵੇਂ ਢੋਰ, ਜੁੱਤੀ, ਰੰਬੀ, ਆਰ, ਧਾਗਾ, ਤੋਪਾ, ਗੰਢ ਆਦਿ।
ਰਾਜ-ਸੱਤਾ ਵਾਂਗ ਦੋਵਾਂ ਸਥਾਪਤ ਧਰਮਾਂ ਦੇ ਸੰਸਥਾਨਾਂ ਉਪਰ ਵੀ ਉੱਚ ਸ਼੍ਰੇਣੀਆਂ ਨਾਲ ਸੰਬੰਧਤ ਲੋਕਾਂ ਦਾ ਕਬਜ਼ਾ ਸੀ। ਭਗਤ ਕਬੀਰ ਜੀ ਨੇ ਧਰਮਾਂ ਦੇ ਪਖੰਡਾਂ ਅਤੇ ਝਮੇਲਿਆਂ ਨੂੰ ਰੱਦ ਕਰਦਿਆਂ ਇਨ੍ਹਾਂ ਦੀ ਇਜ਼ਾਰੇਦਾਰੀ ਨੂੰ ਚੁਣੌਤੀ ਦਿੰਦਿਆਂ ਇਨ੍ਹਾਂ ਦੇ ਗਲਬੇ ਤੋਂ ਸੁਤੰਤਰ ਮਨੁੱਖ ਦੀ ਹਸਤੀ ਦੇ ਨਾਮਦੇਵ ਜੀ ਦੇ ਮਾਡਲ ਦੀ ਪ੍ਰੋੜ੍ਹਤਾ ਕੀਤੀ।
ਇਸੇ ਤਰ੍ਹਾਂ ਹੋਰ ਭਗਤਾਂ ਦੇ ਵਿਲੱਖਣ ਸਰੋਕਾਰਾਂ ਨੂੰ ਵੀ ਘੋਖਿਆ ਜਾ ਸਕਦਾ ਹੈ। ਲੇਖਕ ਇਨ੍ਹਾਂ ਵਿਚਲੀ ਏਕਤਾ, ਇਕਰਸਤਾ ਅਤੇ ਸਾਂਝੇ ਸੂਤਰਾਂ ਨੂੰ ਪਛਾਣਦਾ ਹੈ। ਪੰਜਾਬੀ ਵਿਚ ਭਗਤ ਬਾਣੀ ਉੱਤੇ ਇਹ ਕਾਰਜ ਸਲਾਹੁਣਯੋਗ ਹੈ। ਲੇਖਕ ਦੇ ਲਿਖੇ ਲੇਖ ਦਿਲਚਸਪ ਹੋਣ ਦੇ ਨਾਲ ਨਾਲ ਵਿਚਾਰ ਉਤੇਜਕ ਵੀ ਹਨ। ਇਸ ਕਿਤਾਬ ਦੀ ਇਕ ਹੋਰ ਖ਼ੂਬਸੂਰਤੀ ਇਹ ਹੈ ਕਿ ਇਹ ਸਾਰੀ ਸਚਿਤਰ ਹੈ। ਇਸ ਦੇ ਚਿੱਤਰ ਉੱਘੇ ਪੇਂਟਰ ਸਿਧਾਰਥ ਨੇ ਬਣਾਏ ਹਨ। ਆਸ ਹੈ ਕਿ ਪੰਜਾਬੀ ਦੇ ਸੁਹਿਰਦ ਪਾਠਕ ਇਸ ਕਿਤਾਬ ਦਾ ਸੁਆਗਤ ਕਰਨ ਦੇ ਨਾਲ ਨਾਲ ਲਾਹਾ ਵੀ ਲੈਣਗੇ।
ਸੰਪਰਕ: 94173-58120