ਮਨਮੋਹਨ
ਆਪਣੀ ਪਹਿਲੀ ਕਿਤਾਬ ਯੂਟੋਪੀਆ ਫਾਰ ਰੀਅਲਿਸਟਸ (Utopia for Realists) ਨਾਲ ਨਾਮਣਾ ਖੱਟ ਚੁੱਕਿਆ ਡੱਚ ਇਤਿਹਾਸਕਾਰ ਅਤੇ ਖੋਜੀ ਲੇਖਕ ਰੁਤਜਰ ਬਰਗਮਨ ਆਪਣੀ ਨਵੀਂ ਕਿਤਾਬ ਮਾਨਵਤਾ: ਆਸਪੂਰਨ ਇਤਿਹਾਸ (Humankind: A Hopeful History) ਵਿਚ ਮਨੁੱਖੀ ਸੁਭਾਅ ਦੀ ਉਸ ਦੁਵੱਲਤਾ ਤੋਂ ਆਪਣੀ ਗੱਲ ਸ਼ੁਰੂ ਕਰਦਾ ਹੈ ਜਿਸ ਵੱਲ ਦਾਰਸ਼ਨਿਕ ਥਾਮਸ ਹਾਬਸ ਤੇ ਜੀਨ ਜੈਕ ਰੂਸੋ ਇਸ਼ਾਰਾ ਕਰਦੇ ਹਨ। ਸਤ੍ਵਾਰਵੀਂ ਸਦੀ ਦੇ ਅੰਗਰੇਜ਼ ਦਾਰਸ਼ਨਿਕ ਥਾਮਸ ਹਾਬਸ ਦਾ ਕਹਿਣਾ ਹੈ ਕਿ ਇਕ ਬੜੀ ਚਿਰਜੀਵੀ ਮਿੱਥ ਹੈ ਪਈ ਮਨੁੱਖ ਦਾ ਮੂਲ ਸੁਭਾਅ ਸਵਾਰਥੀ, ਲੜਾਕੂ ਅਤੇ ਛੇਤੀ ਘਬਰਾ ਜਾਣ ਵਾਲੇ ਬੰਦਾ ਦਾ ਹੈ। ਧਿਆਨ ਨਾਲ ਦੇਖਿਆਂ ਸਾਡੀਆਂ ਬਹੁਤ ਸਾਰੀਆਂ ਸਮਾਜਿਕ ਸਭਿਆਚਾਰਕ ਸੰਸਥਾਵਾਂ ’ਚੋਂ ਥਾਮਸ ਹਾਬਸ ਦੇ ਇਹ ਵਿਚਾਰ ਪ੍ਰਤੱਖ ਦਿਸਦੇ ਹਨ। ਇਸੇ ਲਈ ਹਾਬਸ ਦਾ ਵਿਸ਼ਵਾਸ ਹੈ ਕਿ ਕਿਸੇ ਸ਼ਕਤੀਸ਼ਾਲੀ ਸ਼ਾਸਕ ਦੀ ਗ਼ੈਰਮੌਜੂਦਗੀ ’ਚ ਮਨੁੱਖ ਆਪਸ ’ਚ ਹੀ ਲੜ ਲੜ ਮਰ ਜਾਂਦੇ ਹਨ। ਇਸ ਦੇ ਬਰਅਕਸ ਆਪਣੇ ਆਪ ਨੂੰ ਬਰਗਮਨ ਪ੍ਰਬੁੱਧਤਾ ਕਾਲ ਦੇ ਫਰਾਂਸੀਸੀ ਦਾਰਸ਼ਨਿਕ ਜੀਨ ਜੈਕ ਰੂਸੋ ਨਾਲ ਖੜ੍ਹਾ ਮਹਿਸੂਸ ਕਰਦਾ ਹੈ ਜਿਸਦਾ ਕਹਿਣਾ ਹੈ ਕਿ ਮਨੁੱਖ ਮੂਲ ਰੂਪ ਵਿਚ ਅਤੇ ਕੁਦਰਤਨ ਭਲਾਮਾਣਸ ਹੈ ਪਰ ਸਭਿਅਤਾ ਦੀਆਂ ਸੰਸਥਾਵਾਂ ਨੇ ਉਸਨੂੰ ਭ੍ਰਿਸ਼ਟ ਕਰ ਦਿੱਤਾ ਹੈ। ਜੰਗਾਂ, ਯੁੱਧਾਂ, ਅਪਰਾਧਾਂ ਤੇ ਹੋਰ ਡਰਾਉਣੇ ਵਰਤਾਰੇ ਉਦੋਂ ਨਹੀਂ ਸਨ ਜਦੋਂ ਮੁੱਢਲਾ ਮਨੁੱਖ ਕੁਦਰਤ ਦੀ ਗੋਦ ਵਿਚ ਰਹਿੰਦਾ ਸੀ।
ਇਸ ਕਿਤਾਬ ਦਾ ਕੇਂਦਰੀ ਵਿਚਾਰ ਇਹ ਹੈ ਕਿ ਬਹੁਤੇ ਲੋਕ ਆਪਣੇ ਧੁਰ ਅੰਦਰੋਂ ਖ਼ਾਸੇ ਚੰਗੇ ਹੁੰਦੇ ਹਨ। ਬਰਗਮਨ ਦਾ ਇਹ ਵੀ ਕਹਿਣਾ ਹੈ ਕਿ ਸਮਾਜਿਕ ਮੇਲ-ਜੋਲ ਮਨੁੱਖ ਦੀ ਉੱਤਮ ਊਰਜਾ ਹੈ। ਉਹ ਮਨੁੱਖਤਾ ਦੇ ‘ਪਤਲੀ ਪਰਤ ਸਿਧਾਂਤ’ (Veneer Theory) ਨੂੰ ਤੱਜਦਾ ਹੈ। ਇਸ ਸਿਧਾਂਤ ਅਨੁਸਾਰ ਸਭਿਅਤਾ ਦੀ ਪਰਤ ਹੇਠ ਮਨੁੱਖ ਆਪਣੇ ਜਾਂਗਲੀ ਪੁਰਖਿਆਂ ਤੋਂ ਰਤਾ ਕੁ ਹੀ ਵੱਧ ਵਿਕਸਤ ਹੋਇਆ ਹੈ। ਇਸ ਦੇ ਉਲਟ ਸੱਚ ਇਹ ਹੈ ਕਿ ਮਨੁੱਖ ਦੀ ਪ੍ਰਗਤੀ ਨਾਲ ਜੁੜੀਆਂ ਸੰਸਥਾਵਾਂ ਜਿਵੇਂ ਨੇਸ਼ਨ ਸਟੇਟ ਅਤੇ ਨਿੱਜੀ ਜਾਇਦਾਦ ਆਦਿ ਨੇ ਮੂਲ ਰੂਪ ’ਚ ਮਨੁੱਖ ਲਈ ਭ੍ਰਿਸ਼ਟਤਾ ਦਾ ਰਾਹ ਮੋਕਲਾ ਕੀਤਾ। ਬਰਗਮਨ ਆਪਣਾ ਤਰਕ ਸਮਾਜ ਦੇ ਆਦਿ ਪੜਾਅ ਤੋਂ ਲੈ ਕੇ ਆਧੁਨਿਕਤਾ ਤੱਕ ਦੇ ਦੌਰ ਵਿਚੋਂ ਉਧਾਰ ਲਈਆਂ ਸਟੀਕ ਉਦਾਹਰਣਾਂ ਸਹਿਤ ਬੜੀ ਮੁਹਾਰਤ ਨਾਲ ਪਾਠਕ ਮੂਹਰੇ ਧਰਦਾ ਹੈ। ਨਾਲ ਹੀ ਨਾਲ ਉਹ ਨਾਸਤਿਕਵਾਦੀ ਚਿੰਤਕ ਰਿਚਰਡ ਡਾਵਕਿਨ ਅਤੇ ਮਨੋ-ਮਾਨਵਵਿਗਿਆਨੀ ਸਟੀਵਨ ਪਿੰਕਰ ਦੇ ਸਿਧਾਂਤਾਂ ਦੀ ਵੀ ਖ਼ੂਬ ਛਿੱਲ ਲਾਹੁੰਦਾ ਹੈ।
ਬਰਗਮਨ ਅਨੁਸਾਰ ਸਾਡੇ ਪੂਰਵ-ਇਤਿਹਾਸਕ ਪੁਰਖੇ ਅਤੇ ਆਦਿਵਾਸੀ ਸਮਾਜ ਐਨੇ ਭੈੜੇ, ਕਰੂਰ ਅਤੇ ਵਹਿਸ਼ੀ ਨਹੀਂ ਸਨ ਜਿੰਨਾ ਉਨ੍ਹਾਂ ਬਾਰੇ ਸੋਚਿਆ/ਦੱਸਿਆ ਜਾਂਦਾ ਹੈ। ਇਹ ਮਨੁੱਖੀ ਬਰਾਦਰੀਆਂ ਕੁਲ ਮਿਲਾ ਕੇ ਸ਼ਾਂਤ ਅਤੇ ਸਵੈ-ਨਿਯਮਤ ਸਨ। ਸਿਰਫ਼ ਸਥਾਈ ਵੱਸੋਂ, ਖੇਤੀ ਅਤੇ ਨਿੱਜੀ ਜਾਇਦਾਦ ਦੇ ਸੰਕਲਪਾਂ ਦੀ ਚੜ੍ਹਾਈ ਕਾਰਨ ਵਿਸ਼ੇਸ਼ ਦਰਜਾਬੰਦੀਆਂ ਪੈਦਾ ਹੋਈਆਂ। ਸੈਨਿਕ ਸ਼ਕਤੀਆਂ ਅਤੇ ਸਥਾਈ ਸ਼ਾਸਕ ਹੋਂਦ ਵਿਚ ਆਏ ਅਤੇ ਇਨ੍ਹਾਂ ਨਾਲ ਹੀ ਹਿੰਸਾ ਅਤੇ ਨਾ-ਬਰਾਬਰੀ ਵੀ ਆਈ।
ਵਿਲੀਅਮ ਗੋਲਡਿੰਗ ਨੇ ਸੰਨ 1954 ’ਚ ਛਪੇ ਸ਼ਾਹਕਾਰ ਨਾਵਲ ‘ਲੌਰਡ ਆਫ ਦਿ ਫਲਾਈਜ਼’ ’ਚ ਥਾਮਸ ਹਾਬਸ ਦੇ ਦ੍ਰਿਸ਼ਟੀਕੋਣ ਦਾ ਗਲਪੀਕਰਨ ਕਰ ਬਰਤਾਨਵੀ ਸਕੂਲੀ ਬੱਚਿਆਂ ਦਾ ਬਿਰਤਾਂਤ ਸਿਰਜਿਆ ਹੈ ਜਿਸ ਵਿਚ ਉਹ ਕਿਸੇ ਟਾਪੂ ’ਤੇ ਫਸ ਜਾਂਦੇ ਹਨ ਅਤੇ ਕੁਝ ਅਰਸੇ ਬਾਅਦ ਉਨ੍ਹਾਂ ਵਿਚ ਜਾਂਗਲੀ ਪ੍ਰਵਿਰਤੀਆਂ ਝਲਕਣ ਲੱਗਦੀਆਂ ਹਨ। ਬਰਗਮਨ ਆਪਣੀ ਖੋਜ ਦੇ ਆਧਾਰ ’ਤੇ ਇਸ ਨਾਵਲ ਵਰਗੀ ਹੀ 1965 ਵਿਚ ਵਾਪਰੀ ਅਸਲ ਘਟਨਾ ਦਾ ਵੇਰਵਾ ਦਿੰਦਾ ਹੈ। ਦੱਖਣੀ ਸ਼ਾਂਤ ਮਹਾਸਾਗਰ ਵਿਚ ਦੂਰ ਦੁਰਾਡੇ ਸਥਿਤ ਟੋਂਗਾ ਨਾਮੀ ਦੀਪ ਸਮੂਹ ’ਤੇ ਇਕ ਸਮੁੰਦਰੀ ਜਹਾਜ਼ ਟਕਰਾ ਗਿਆ ਅਤੇ ਪੰਦਰਾਂ ਮਹੀਨਿਆਂ ਲਈ ਛੇ ਬੱਚੇ ਵੀਰਾਨ ਜਜ਼ੀਰੇ ’ਤੇ ਫਸ ਗਏ ਪਰ ਇਹ ਗੋਲਡਿੰਗ ਦੇ ਦਰਸਾਏ ਬੱਚਿਆਂ ਵਾਂਗ ਜੰਗਲੀ ਨਹੀਂ ਬਣੇ ਸਗੋਂ ਬਚਾਏ ਜਾ ਸਕਣ ਤੀਕ ਆਪਸ ਵਿਚ ਰਲ਼-ਮਿਲ ਕੇ ਆਪਣਾ ਸਮਾਂ ਬਤੀਤ ਕਰਦੇ ਅਤੇ ਦਰਪੇਸ਼ ਸੰਕਟ ਨਾਲ ਜੂਝਦੇ ਰਹੇ। ਇਸ ਸੰਕਟ ਨਾਲ ਨਿਪਟਦਿਆਂ ਉਨ੍ਹਾਂ ਆਪਣੇ ਗੁਜ਼ਾਰੇ ਲਈ ਆਪਸੀ ਮੇਲ-ਜੋਲ ਨਾਲ ਭੋਜਨ ਦਾ ਜੁਗਾੜ ਕੀਤਾ। ਪੀਣ ਲਈ ਮੀਂਹ ਦਾ ਪਾਣੀ ਇਕੱਤਰ ਕੀਤਾ। ਜਿਉਂਦੇ ਰਹਿਣ ਲਈ ਕਸਰਤਾਂ ਕਰਦੇ ਰਹੇ। ਉਨ੍ਹਾਂ ਨੇ ਅੱਗ ਦਾ ਇੰਤਜ਼ਾਮ ਕਰ ਕੇ ਪੂਰਾ ਇੱਕ ਸਾਲ ਲਗਾਤਾਰ ਅੱਗ ਮੱਘਦੀ ਰੱਖੀ।
ਮਨੁੱਖ ਦੇ ਦੁਸ਼ਟ ਵਿਵਹਾਰ ਨੂੰ ਦਰਸਾਉਣ ਲਈ ਸਟੈਨਲੇ ਮਿਲਗ੍ਰਾਮ ਨਾਲ ਜੁੜੀ ਵਿਗਿਆਨਕ ਖੋਜ ਦੀ ਘਟਨਾ ਵਿਚ ਯੇਲ ਵਿਖੇ ਬਿਜਲਈ ਝਟਕੇ ਦੇਣ ਵਾਲੇ ਪ੍ਰਯੋਗਾਂ ਦੀ ਚਰਚਾ ਵਾਰ ਵਾਰ ਕੀਤੀ ਜਾਂਦੀ ਹੈ ਤਾਂ ਕਿ ਬੁਰਾਈ ਦੀ ਮਿੱਥ ਨਿਰੰਤਰ ਰੂਪ ਵਿਚ ਕਾਇਮ ਰਹਿ ਸਕੇ। ਪਰ ਨਿਰਾਸ਼ਾਵਾਦੀ ਹਾਬਸੀਅਨ ਥੀਸਿਸ ਦੀ ਸਮੱਸਿਆ ਬਾਰੇ ਬਰਗਮਨ ਦਾ ਕਹਿਣਾ ਹੈ: ਜੇ ਅਸੀਂ ਇਹ ਯਕੀਨ ਬਣਾ ਲਈਏ ਕਿ ਇਸ ਦੁਨੀਆ ਵਿਚ ਬਹੁਤੇ ਲੋਕਾਂ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਾਂ ਲੋਕ ਵਿਸ਼ਵਾਸ ਦੇ ਕਾਬਿਲ ਨਹੀਂ ਤਾਂ ਇਹ ਇਕ ਤਰ੍ਹਾਂ ਨਾਲ ‘ਸਵੈ-ਸੰਤੁਸ਼ਟ ਅਗੰਮੀ ਵਾਕ’ ਬਣ ਜਾਂਦਾ ਹੈ। ਜੇ ਅਸੀਂ ਸਾਰੇ ਹੀ ਇਕ ਦੂਜੇ ਬਾਰੇ ਇਉਂ ਸੋਚਣ ਲੱਗ ਜਾਈਏ ਤਾਂ ਇਹ ਸਾਰਿਆਂ ਵਾਸਤੇ ਇਕ ਤਰ੍ਹਾਂ ਦਾ ਨਿਰਧਾਰਕ ਨੇਮ-ਗੁਣ ਬਣ ਜਾਵੇਗਾ। ਆਪਣੇ ਤਰਕ ਦੀ ਵਜ਼ਾਹਤ ਲਈ ਜਿਹੜੀਆਂ ਕਹਾਣੀਆਂ ਤੇ ਬਿਰਤਾਂਤਾਂ ਦੇ ਹਵਾਲੇ ਬਰਗਮਨ ਦਿੰਦਾ ਹੈ ਭਾਵੇਂ ਉਹ ਨਵੇਂ ਨਹੀਂ ਪਰ ਉਹ ਆਪਣੀ ਗੱਲ ਨੂੰ ਇਨ੍ਹਾਂ ਨਾਲ ਜੋੜ ਕੇ ਇਕ ਸੰਤੁਲਿਤ ਬਿਰਤਾਂਤ ਸਿਰਜਣ ਵਿਚ ਸਫ਼ਲ ਹੁੰਦਾ ਦਿਖਾਈ ਦਿੰਦਾ ਹੈ ਕਿ ਕੁੱਲ ਮਿਲਾ ਕੇ ਮਨੁੱਖਤਾ ਏਨੀ ਬੁਰੀ ਨਹੀਂ। ਉਹ ਫਿਲਿਪ ਜ਼ਿੰਬਾਰਡੋ ਦੇ ਬਦਨਾਮ ਸਟੈਨਫਰਡ ਜੇਲ੍ਹ ਪ੍ਰਯੋਗ ਦਾ ਵੀ ਵਰਣਨ ਕਰਦਾ ਹੈ ਜਿਸ ਰਾਹੀਂ ਇਹ ਸਾਬਿਤ ਹੁੰਦਾ ਹੈ ਕਿ ਮਨੁੱਖ ਦੀਆਂ ਅੰਦਰੂਨੀ ਕਰੂਰਤਾਵਾਂ ਘੱਟ ਹਨ ਜਦੋਂਕਿ ਵਿਗਿਆਨਕ ਪ੍ਰਕਿਰਿਆਵਾਂ ਰਾਹੀਂ ਹੋਈਆਂ ਗ਼ਲਤੀਆਂ ਵੱਧ ਜ਼ਿੰਮੇਵਾਰ ਹੁੰਦੀਆਂ ਹਨ। ਇਸ ਦੀ ਵਜ੍ਹਾ ਜ਼ਿੰਬਾਰਡੋ ਵੱਲੋਂ ‘Broken Window Policing’ ਦੇ ਸੰਕਲਪ ਦਾ ਲਾਗੂ ਕਰਨਾ ਹੈ ਜਿਸ ਅਨੁਸਾਰ ਵੱਡੇ ਅਪਰਾਧਾਂ ਨੂੰ ਰੋਕਣ ਲਈ ਛੋਟੇ ਅਪਰਾਧਾਂ ਦੀ ਰੋਕਥਾਮ ਜ਼ਰੂਰੀ ਹੈ। ਇਸ ਵਿਚ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਅਪਰਾਧ ਦੀ ਰੋਕਥਾਮ ਦੇ ਇਸ ਪ੍ਰਬੰਧ ਕਾਰਨ ਪੂਰੇ ਅਮਰੀਕਾ ਵਿਚ ਭਾਰੀ ਰੋਸ ਪਾਇਆ ਗਿਆ ਸੀ।
ਬਰਗਮਾਨ ਆਪਣੀ ਕਿਤਾਬ ਦਾ ਕਾਫ਼ੀ ਹਿੱਸਾ ਮਨੁੱਖੀ ਇਤਿਹਾਸ ਵਿਚਲੇ ਡਰਾਉਣੇ, ਜ਼ੁਲਮੀ ਅਤੇ ਭਿਆਨਕ ਘਟਨਾਕ੍ਰਮਾਂ ਜਿਵੇਂ ਘੱਲੂਘਾਰੇ ਨਾਲ ਜੁੜੀਆਂ ਘਟਨਾਵਾਂ ਨੂੰ ਦਿੰਦਾ ਹੈ ਜੋ ਮਨੁੱਖੀ ਬੁਰਾਈ ਦੇ ਅਜਿਹੇ ਸਬੂਤ ਹਨ ਜਿਨ੍ਹਾਂ ’ਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਜ਼ੁਲਮਾਂ ਦੀ ਪੁਣ-ਛਾਣ ਕਰਦਿਆਂ ਬਰਗਮਨ ਉਨ੍ਹਾਂ ਪ੍ਰਸਥਿਤੀਆਂ ਦੀ ਵਿਰਚਨਾ ਕਰਦਾ ਹੈ ਜਿਨ੍ਹਾਂ ਨੇ ਇਸ ਵਿਚ ਸ਼ਾਮਿਲ ਲੋਕਾਂ ਨੂੰ ਇਹ ਘਟਨਾਵਾਂ ਕਰਨ ਲਈ ਵਰਗਲਾਇਆ। ਉਹ ਇਹ ਪੜਚੋਲ ਏਨੇ ਸੰਵੇਦਨਾਪੂਰਵਕ ਢੰਗ ਨਾਲ ਕਰਦਾ ਹੈ ਕਿ ਇਨ੍ਹਾਂ ਕਰਤੂਤਾਂ ਕਾਰਨ ਮਿਲੇ ਜ਼ਖ਼ਮਾਂ ਬਾਰੇ ਕੋਈ ਭਰਮ ਨਹੀਂ ਰਹਿੰਦਾ। ਕਈ ਮਾਮਲਿਆਂ ’ਚ ਬਰਗਮਨ ਦੇਖਦਾ ਹੈ ਕਿ ਹਿੰਸਾ ਦੀ ਭੁੱਖ ਜਾਂ ਧੁੰਦੂਕਾਰੇ ਦੀ ਭੂਮਿਕਾ ਬੜੀ ਘੱਟ ਹੁੰਦੀ ਹੈ ਸਗੋਂ ਉਸ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਸੱਤਾ, ਆਪਣਾ ਪ੍ਰਭਾਵ ਅਤੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਦੀ ਲਾਲਸਾ ਨੇ ਆਮ ਸਾਧਾਰਨ ਲੋਕਾਂ ਵੱਲੋਂ ਲਏ ਫ਼ੈਸਲਿਆਂ ਵਿਚ ਵੱਧ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿਚ ਸਾਰੇ ਉਹ ਨਿਰਣੇ ਸ਼ਾਮਿਲ ਹਨ ਜਿਨ੍ਹਾਂ ਦੇ ਨਤੀਜੇ ਬੜੇ ਭਿਆਨਕ ਨਿਕਲੇ।
ਸਮਿਆਂ ਦੀ ਸੱਤਾ ਸੰਰਚਨਾਵਾਂ ਨੂੰ ਇਹ ਬਹੁਤ ਮੁਫ਼ੀਦ ਬੈਠਦਾ ਹੈ ਕਿ ਸਮਾਜ ਵਿਚ ਆਮ ਮਨੁੱਖਾਂ ਅੰਦਰ ਅਵਿਸ਼ਵਾਸ ਦੀ ਭਾਵਨਾ ਅਤੇ ਆਪਸ ’ਚ ਭੈਅ ਦਾ ਮਾਹੌਲ ਬਣਿਆ ਰਹੇ। ਬਰਗਮਨ ਦੀ ਕਿਤਾਬ ਇਸ ਬਾਬਤ ਵੀ ਦੱਸਦੀ ਹੈ ਕਿ ਹੁਣ ਤੱਕ ਦੇ ਮਨੁੱਖੀ ਇਤਿਹਾਸ ਵਿਚ ਧਾਰਮਿਕ ਤੇ ਰਾਜਨੀਤਕ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੇ ਕਿਵੇਂ ਕਿਵੇਂ ਮਨੁੱਖ ਦੇ ਸੁਭਾਅ ਨਾਲ ਜੁੜੇ ਨਕਾਰਾਤਮਕ ਭਾਵਾਂ ਨੂੰ ਬੇਦਰਦੀ ਨਾਲ ਵਰਤ ਕੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਆਪਣੇ ਹੱਕ ਵਿਚ ਭੁਗਤਾਇਆ, ਇਹ ਬੜਾ ਸੰਵੇਦਨਸ਼ੀਲ ਵਿਸ਼ਾ ਹੈ। ਆਲੇ-ਦੁਆਲੇ ਨਿਗ੍ਹਾ ਮਾਰੀਏ ਤਾਂ ਅੱਜ ਦੀ ਲੋਕ-ਲੁਭਾਊ ਰਾਜਨੀਤੀ ਵਿਚ ਅਜਿਹੀਆਂ ਬੇਮਿਸਾਲ ਉਦਾਹਰਣਾਂ ਮਿਲ ਜਾਂਦੀਆਂ ਹਨ। ਪ੍ਰਬੁੱਧਤਾ ਕਾਲ ਤੋਂ ਬਾਅਦ ਅਤੇ ਖ਼ਾਸਕਰ ਦੂਜੀ ਆਲਮੀ ਜੰਗ ਦੇ ਬਾਅਦ ਦੇ ਦਹਾਕਿਆਂ ਵਿਚ (ਖ਼ਾਸਕਰ 1970 ਤੋਂ ਬਾਅਦ) ਮਨੁੱਖੀ ਜੀਵਨ ਦੇ ਮਿਆਰੀ ਪੱਖ ਵਿਚ ਜੋ ਤਰੱਕੀ ਹੋਈ ਉਸ ਵਿਚ ਤਤਕਾਲੀ ਪ੍ਰਬਲ ਵਿਚਾਰਧਾਰਕ ਸੱਤਾਵਾਂ ਦੀ ਵੱਡੀ ਭੂਮਿਕਾ ਰਹੀ। ਇਸੇ ਦਾ ਨਤੀਜਾ ਹੈ ਕਿ ਮਨੁੱਖਤਾ ਅੱਜ ਪੂੰਜੀਵਾਦ ਦੇ ਅਤਿ ਖੁੱਲ੍ਹੇ ਬਾਜ਼ਾਰ ਵਿਚ ਆਪਣੇ ਆਪ ਨੂੰ ਖੜ੍ਹਿਆਂ ਦੇਖ ਰਹੀ ਹੈ ਜਿੱਥੇ ਸਿਰਫ਼ ਪੈਸਾ ਹੀ ਸਭ ਤੋਂ ਵੱਡੀ ਪ੍ਰੇਰਨਾ ਅਤੇ ਉਤਸ਼ਾਹੀ ਸਰੋਤ ਹੈ। ਅੱਜਕੱਲ੍ਹ ਮਨੁੱਖਤਾ ਇਸ ਕਾਰਨ ਹੀ ਨਿੱਜੀ ਲੋਭ ਅਤੇ ਸਵੈ ਵਾਧੇ-ਵਡਿਆਈ ਦੀ ਧਰਾਤਲ ’ਤੇ ਖੜ੍ਹੀ ਦਿਸਦੀ ਹੈ।
ਬਰਗਮਨ ਮੁਤਾਬਿਕ ‘ਗ਼ਰੀਬੀ ’ਚ ਨਾਇਕਤਵ/ਚਰਿੱਤਰ ਦੀ ਘਾਟ ਨਹੀਂ ਸਗੋਂ ਨਕਦੀ ਦੀ ਕਮੀ ਹੁੰਦੀ ਹੈ। ਉਸ ਦੀਆਂ ਹੋਰ ਵੀ ਕਈ ਮੁਹਾਵਰੇਦਾਰ ਉਕਤੀਆਂ ਹਨ: ਵਿਕਾਸ ਇਕ ਤਰ੍ਹਾਂ ਦੀ ਨੂਰਾ ਦੌੜ ਦੀ ਖੇਡ ਹੈ ਜੋ ਉਦੋਂ ਤੱਕ ਚੱਲਦੀ ਹੈ ਜਦੋਂ ਤੱਕ ਤੁਸੀਂ ਮਰ ਨਹੀਂ ਜਾਂਦੇ; ਸਾਡੇ ਪੁਰਖੇ ਢੱਠਿਆਂ ਜਿਹੇ ਧਾਕੜ ਨਹੀਂ ਬਲਕਿ ਮਾਦਾ ਭਾਵ ਵਾਲੇ ਅਤੇ ਗ਼ੈਰਬਰਾਬਰੀ ਨੂੰ ਨਾਪਸੰਦ ਕਰਨ ਵਾਲੇ ਸਨ। ਉਹ ਕਈਆਂ ਦੀ ਖ਼ੂਬ ਝਾੜ-ਝੰਬ ਵੀ ਕਰਦਾ ਹੈ ਜਿਵੇਂ ਵਾਤਾਵਰਣੀ ਕਾਰਕੁੰਨ ਇਕ ਤਰ੍ਹਾਂ ਨਾਲ ਸਨਕੀਵਾਦ ਦੇ ਦੋਸ਼ੀ ਵੀ ਹਨ ਜਿਸ ਕਾਰਨ ਲੋਕਾਂ ’ਚ ਨਿਰਾਸ਼ਾ ਪਨਪਦੀ ਹੈ; ਹਮਦਰਦੀ ਅਤੇ ਦੂਜੇ ਦੇਸ਼ਾਂ ਦੇ ਵਾਸੀਆਂ ਪ੍ਰਤੀ ਘਿਰਨਾ ਨਾਲ ਨਾਲ ਵਿਚਰਦੇ ਹਨ ਕਿਉਂਕਿ ਪਹਿਲਾ ਸਾਨੂੰ ਦੂਜੇ ਦੇ ਪਰਿਪੇਖ ਨੂੰ ਜਾਣਨ ਤੋਂ ਰੋਕਦਾ ਹੈ।
ਇਸ ਕਿਤਾਬ ਵਿਚ ਅੰਤਰ-ਅਨੁਸ਼ਾਸਨੀ ਪਹੁੰਚ ਬਰਗਮਨ ਨੂੰ ਬੜੀ ਮੁਫ਼ੀਦ ਰਹੀ ਜਿਸ ਨਾਲ ਉਸ ਨੇ ਆਪਣੇ ਤਰਕ ਨੂੰ ਸੁਦ੍ਰਿੜ ਕੀਤਾ ਕਿ ਮਨੁੱਖ ਮੌਰੂਸੀ ਅਤੇ ਬੁਨਿਆਦੀ ਰੂਪ ਵਿਚ ਚੰਗਾ ਤੇ ਭਲਾ ਹੈ। ਇਸ ਵਿਚ ਉਸ ਦਾ ਸਾਪੇਖਕ ਰੂਪ ਵਿਚ ਆਧੁਨਿਕ ਦ੍ਰਿਸ਼ਟੀਕੋਣ ਵੀ ਬਣਦਾ ਹੈ ਜੋ ਸਵੈ-ਸੰਤੁਸ਼ਟ ਭਵਿੱਖਬਾਣੀ ਸਿਰਜਦਾ ਹੈ ਕਿ ਜਿੰਨੇ ਪ੍ਰਬਲ ਰੂਪ ਵਿਚ ਇਹ ਵਿਚਾਰ ਪੇਸ਼ ਕੀਤਾ ਜਾਂਦਾ ਹੈ ਕਿ ਮਨੁੱਖ ਸਵਾਰਥੀ ਹੈ, ਓਨਾ ਹੀ ਮਨੁੱਖ ਵੱਧ ਸਵਾਰਥੀ ਦਿਖਾਈ ਦੇਣ ਲੱਗਦਾ ਹੈ। ਕਈ ਖੇਤਰਾਂ ਵਿਚ ਬਰਗਮਨ ਦੀ ਸਲਾਹ ਸੰਭਾਵਨਾਵਾ ਤੋਂ ਥੋੜ੍ਹਾ ਉਰ੍ਹਾਂ ਰਹਿ ਜਾਂਦੀ ਹੈ ਕਿਉਂਕਿ ਉਹ ਮਨੁੱਖਤਾ ਬਾਰੇ ਹੁਣ ਤੱਕ ਦਰਸਾਏ ਗਏ ਵੱਧ ਪ੍ਰਬਲ ਦਾਰਸ਼ਨਿਕ ਅਤੇ ਵਿਗਿਆਨਕ ਦ੍ਰਿਸ਼ਟੀਕੋਣਾਂ ਦੇ ਚੱਕਰਵਿਊ ਵਿਚ ਫਸ ਜਾਂਦਾ ਹੈ ਜਿਸ ਨਾਲ ਇਹ ਪ੍ਰਭਾਵ ਜਾਂਦਾ ਹੈ ਕਿ ਉਹ ਸਿਰਫ਼ ਪੱਛਮੀ ਕੁਲੀਨ ਵਰਗ ਅਤੇ ਪੁਲਿੰਗ ਬਿਰਤਾਂਤਾਂ ਨੂੰ ਹੀ ਸੰਬੋਧਿਤ ਹੈ।
ਫਿਰ ਵੀ ਕਈ ਲੋਕ ਬਰਗਮਨ ਦੇ ਇਨ੍ਹਾਂ ਸੁਝਾਵਾਂ ਦੀ ਹਮਾਇਤ ਕਰਦੇ ਹਨ ਕਿ ਸਿੱਖਿਆ ਵਿਚ ਸਿਰਜਣਾਤਮਕਤਾ ਲਿਆਉਣੀ ਜ਼ਰੂਰੀ ਹੈ। ਸਿਹਤ ਸੰਸਥਾਵਾਂ ’ਚ ਅਫ਼ਸਰਸ਼ਾਹੀ ਨੂੰ ਹਟਾਇਆ ਜਾਣਾ ਚਾਹੀਦਾ ਅਤੇ ਕਿਰਤੀ-ਕਾਰਜ ਖੇਤਰਾਂ ਵਿਚ ਵੱਧ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਇਹ ਸਾਰੀਆਂ ਤਬਦੀਲੀਆਂ ਆਪਸੀ ਵਿਸ਼ਵਾਸ਼ ਅਤੇ ਇਤਮਾਦ ਦੇ ਮਾਹੌਲ ਵਿਚ ਹੀ ਲਿਆਂਦੀਆਂ ਜਾ ਸਕਦੀਆਂ ਹਨ। ਉਸ ਦਾ ਆਪਸੀ ਵਿਚੋਲਗਿਰੀ ਦਾ ਸੁਝਾਅ ਵੀ ਬੜਾ ਪ੍ਰਸੰਗਿਕ ਹੈ। ਇਨ੍ਹਾਂ ਵਿਚਾਰਾਂ ਨਾਲ ਬਰਗਮਨ ਆਪਣੀ ਇਸ ਕਿਤਾਬ ਵਿਚ ਨਵਯੁੱਗੀ ਧੁਨੀਆਂ ਪੈਦਾ ਕਰਦਾ ਦਿਖਾਈ ਦਿੰਦਾ ਹੈ। ਸੰਭਵ ਹੈ ਕਿ ਕੁਝ ਲੋਕ ਇਸ ਨੂੰ ਚਿਤਾਵਨੀ ਸਮਝਣ ਪਰ ਬਰਗਮਨ ਦੀਆਂ ਕੁਝ ਗੱਲਾਂ ਸਹੀ ਪ੍ਰਤੀਤ ਹੁੰਦੀਆਂ ਹਨ ਜਿਵੇਂ ਉਸ ਦਾ ਕਹਿਣਾ ਹੈ ਕਿ ਪ੍ਰਗਤੀ ਉਨ੍ਹਾਂ ਲੋਕਾਂ ਨਾਲ ਹੀ ਸ਼ੁਰੂ ਹੁੰਦੀ ਹੈ ਜਿਨ੍ਹਾਂ ਦੀ ਭਾਸ਼ਾ ਪ੍ਰਚਾਰਕੀ ਹੋਵੇ ਅਤੇ ਜੋ ਗੱਲ ਅੱਜ ਭੋਲ਼ੀ ਭਾਲ਼ੀ ਤੇ ਸਿੱਧੜ ਜਾਪਦੀ ਹੈ, ਉਹ ਹੋ ਸਕਦਾ ਹੈ ਕਿ ਕੱਲ੍ਹ ਦੀ ਆਮ ਸੂਝ ਸਮਝ ਬਣ ਸਾਡੇ ਸਹਿਜ ਵਿਵਹਾਰ ਦਾ ਹਿੱਸਾ ਹੋਵੇ। ਕਈ ਤਾਂ ਇਹ ਵੀ ਕਹਿੰਦੇ ਹਨ ਕਿ ਬਰਗਮਨ ਦੀ ਇਹ ਕਿਤਾਬ ਮਨੁੱਖਤਾ ਦਾ ਇਤਿਹਾਸ ਘੱਟ ਸਗੋਂ ਆਮ ਬੰਦੇ ਦਾ ਵੱਧ ਹੈ। ਕੁਝ ਵੀ ਹੋਵੇ ਇਹ ਬੜਾ ਸਹੀ ਪ੍ਰਤੀਤ ਹੁੰਦਾ ਹੈ ਕਿ ਉੱਤਰ-ਕਰੋਨਾ ਕਾਲ ਵਿਚ ਅੱਜ ਕਈ ਸਮਾਜ ਨਵੇਂ ਨਿਵੇਕਲੇ ਜੀਵਨ ਢੰਗਾਂ ਬਾਰੇ ਸੋਚ ਵਿਚਾਰ ਕਰ ਰਹੇ ਹਨ, ਉਨ੍ਹਾਂ ਬਾਰੇ ਬਰਗਮਨ ਬੜੇ ਵਿਸਥਾਰ ਵਿਚ ਵਿਚਾਰ ਚਰਚਾ ਕਰਦਾ ਹੈ।
ਬਰਗਮਨ ਆਪਣੀ ਦਲੀਲ ਘੜਨ ਲਈ ਬਹੁਤ ਸਾਰੇ ਅਧਿਐਨਾਂ ਅਤੇ ਕੇਸ ਅਧਿਐਨਾਂ ਨੂੰ ਮਨੁੱਖਾਂ ’ਤੇ ਕੇਂਦ੍ਰਿਤ ਕਰਨ ਹਿੱਤ ਇਸਤੇਮਾਲ ਕਰਦਾ ਹੈ। ਉਦਾਹਰਣ ਵਜੋਂ ਕੁਝ ਅਧਿਐਨਾਂ ਅਨੁਸਾਰ ਇਹ ਸਥਾਪਿਤ ਹੁੰਦਾ ਹੈ ਕਿ ਕੁਝ ਖ਼ਾਸ ਕਿਸਮ ਦੇ ਲੋਕ ਹੀ ਨੇਤਾ ਬਣਦੇ ਹਨ। ਉਸ ਦੇ ਮੱਤ ਦੀ ਪੁਸ਼ਟੀ ਇਤਿਹਾਸ ਵਿਚੋਂ ਵੀ ਹੁੰਦੀ ਹੈ ਕਿ ਬਹੁਤੇ ਵੱਡੇ ਲੀਡਰ ਕ੍ਰਿਸ਼ਮਈ ਸ਼ਖ਼ਸੀਅਤਾਂ ਦੇ ਮਾਲਿਕ ਹੁੰਦੇ ਹਨ ਪਰ ਇਹ ਅਧਿਐਨ ਇਸ ਦਾ ਕਾਰਨ ਨਹੀਂ ਦੱਸਦੇ ਕਿ ਇਹ ਬੰਦੇ ਕਿਉਂ ਅਤੇ ਕਿਵੇਂ ਸਮਾਜ ਵਿਚ ਪ੍ਰਬਲ ਸਥਾਨ ਅਖ਼ਤਿਆਰ ਕਰ ਲੈਂਦੇ ਹਨ ਜਾਂ ਫਿਰ ਕੁਝ ਕੁ ਲੋਕ ਹੀ ਇਨ੍ਹਾਂ ਸ਼ਖ਼ਸੀਅਤਾਂ ਨੂੰ ਆਪਣਾ ਰਹਿਨੁਮਾ ਸਵੀਕਾਰ ਕਰਦੇ ਹਨ। ਇਨ੍ਹਾਂ ਅਧਿਐਨਾਂ ਵਿਚ 2013 ਵਿਚ ਥਾਮਸ ਚਾਮੋਰੋ-ਪ੍ਰੀਮਿਉਜ਼ਿਕ ਦੀ ਉਦਾਹਰਣ ਵੀ ਸ਼ਾਮਿਲ ਹੈ ਜਿਸ ਅਨੁਸਾਰ ਮਿੱਤਰਤਾ ਅਤੇ ਕਰਿਸ਼ਮੇ ਦੀ ਬਜਾਏ ਰਹਿਨੁਮਾ ਤੋਂ ਵਾਂਝੇ ਲੋਕ-ਸਮੂਹ ਹੀ ਅਜਿਹੇ ਨੇਤਾਵਾਂ ਨੂੰ ਚੁਣਦੇ ਹਨ ਜੋ ਆਤਮ-ਪ੍ਰੇਮੀ ਅਤੇ ਆਕੜਖਾਨ ਹੁੰਦੇ ਹਨ।
ਅੰਤ ਵਿਚ ਕਹਿ ਸਕਦੇ ਹਾਂ ਕਿ ਬਰਗਮਨ ਦੀ ਹਥਲੀ ਕਿਤਾਬ ਇਕ ਤਰ੍ਹਾਂ ਨਾਲ ਬਾਹਰ ਦੇਖਣ ਦੀ ਖਿੜਕੀ ਹੈ ਜਿਸ ਰਾਹੀਂ ਦੁਨੀਆ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾ ਸਕਦਾ ਹੈ ਤਾਂ ਕਿ ਅੱਜ ਸਮਾਜ, ਲੋਕਤੰਤਰ ਅਤੇ ਆਧੁਨਿਕਤਾ ਨੂੰ ਦਰਪੇਸ਼ ਸਮੱਸਿਆਵਾਂ ਦੇ ਅਸਰਦਾਰ, ਕਾਰਗਰ ਅਤੇ ਸਥਾਈ ਹੱਲ ਲੱਭੇ ਜਾ ਸਕਣ।
ਸੰਪਰਕ: 82839-48811