ਜਸਵੰਤ ਗਿੱਲ
ਖ਼ਤ ਪੜ੍ਹਨ ਵਾਲਿਓ
ਮੈਨੂੰ ਜਵਾਬ ਜ਼ਰੂਰ ਲਿਖਣਾ
ਕੀ ਤੁਹਾਨੂੰ?
ਆਸਮਾਨ ’ਚ ਫਿਰਦੇ ਜਹਾਜ਼
ਇੱਲਾਂ, ਗਿਰਝਾਂ ਨਹੀਂ ਲੱਗਦੇ
ਜੋ ਚੁਣ ਚੁਣ ਕੇ
ਫੜ ਰਹੇ ਨੇ ਜਵਾਨੀ ਨੂੰ
ਦੂਰ ਸਮੁੰਦਰਾਂ, ਪਰਬਤਾਂ,
ਜੰਗਲਾਂ ਤੋਂ ਪਰ੍ਹੇ ਲਿਜਾ ਸੁੱਟ ਦਿੰਦੇ ਨੇ…।
ਸੱਚ ਦੱਸਿਓ
ਭੱਠੇ ਦੀ ਚਿਮਨੀ ਵਿੱਚੋਂ
ਨਿਕਲ ਰਿਹਾ ਧੂੰਆਂ
ਤੁਹਾਨੂੰ ਮਜ਼ਦੂਰਾਂ ਦੇ
ਅਰਮਾਨਾਂ ਦੀ ਮੱਚ ਰਹੀ
ਚਿਖਾਂ ਤਾਂ ਨਹੀਂ ਲੱਗਦਾ
ਜਿਸ ਵਿੱਚ ਝੁਲਸੀ ਗਈ ਹੋਵੇ
ਉਨ੍ਹਾਂ ਦੀ ਮਿਹਨਤ…।
ਤੁਸੀਂ ਦੇਖਿਆ ਕਦੇ
ਕਰਜ਼ੇ ਦੇ ਕਾਰਨ
ਖ਼ੁਦਕੁਸ਼ੀ ਕਰ ਗਿਆ
ਵੱਡਾ ਬਰਾੜ
ਗਹਿਣੇ ਪਏ
ਖੇਤ ਦੀ ਟਾਹਲੀ ਹੇਠ
ਆਪਣੇ ਦੋਹਾਂ ਪੁੱਤਰਾਂ ਨਾਲ
ਦਿੰਦਾ ਏ ਰਾਤ ਨੂੰ ਪਹਿਰਾ
ਦਿਨ ਚੜ੍ਹਦਿਆਂ ਹੀ
ਗੁਆਚ ਜਾਂਦੇ ਨੇ
ਬੈਂਕ ਦੀਆਂ ਫਾਈਲਾਂ,
ਸ਼ਾਹੂਕਾਰਾਂ ਦੀਆਂ ਵਹੀਆਂ ਵਿੱਚ…।
ਤੁਹਾਨੂੰ ਹੈਰਾਨੀ ਨਹੀਂ ਹੋਈ
ਜੋ ਸਾਲ ਭਰ
ਲਾਉਂਦੇ ਰਹੇ ਨਾਅਰੇ
ਕਿਸਾਨ ਮਜ਼ਦੂਰ ਏਕਤਾ ਦੇ
ਉਹ ਮਜ਼ਦੂਰਾਂ ਦੀ
ਕਿਰਤ ਦਾ ਮੁੱਲ ਦੇਣ ਲੱਗੇ
ਕਿਉਂ ਪਾਉਣ ਲੱਗ ਪਏ ਮਤੇ?
ਨਾਨਕ ਦੇ ਘਰ ਵਿੱਚੋਂ
ਕਿਉਂ ਆਉਣ ਲੱਗੀਆਂ
ਲੁੱਟ ਦੀਆਂ ਆਵਾਜ਼ਾਂ?
ਕੀ ਮਹਿੰਗਾਈ
ਇੱਕ ਵਰਗ ਲਈ ਵਧੀ ਐ?
ਮੇਰੇ ਨੌਜਵਾਨ ਦੋਸਤੋ
ਖ਼ਤ ਜ਼ਰਾ ਧਿਆਨ ਨਾਲ ਪੜ੍ਹਨਾ
ਜਿਸ ਦਿਲਚਸਪੀ ਨਾਲ
ਪੜ੍ਹਦੇ ਹੋ
ਆਪਣੀ ਮਹਬਿੂਬ ਦਾ ਮੈਸੇਜ..।
ਹਾਂ ਸੱਚ ਦੱਸਣਾ ਜ਼ਰੂਰ
ਉਨ੍ਹਾਂ ਜੱਟਾਂ ਦਾ ਕੀ ਬਣਿਆ
ਜਿਨ੍ਹਾਂ ਨੇ ਆਪਣੇ ਹਿੱਸੇ ਦੀ
ਕਿੱਲਾ ਜ਼ਮੀਨ ਵੇਚ ਕੇ
ਭੇਜਿਆ ਸੀ ਨੂੰਹ ਨੂੰ ਬਾਹਰ
ਸੁਣਿਆ ਮੁੰਡੇ ਨੇ
ਆਤਮਹੱਤਿਆ ਕਰ ਲਈ
ਕੀ ਉਹ ਜੱਟ
ਹੱਥੋਂ ਨਿਕਲੀ ਮਾਂ ਤੇ ਨੂੰਹ ਦਾ
ਸੋਗ ਮਨਾਉਂਦੇ ਨੇ…।
ਕਹਿੰਦੇ ਕੁੜੀਆਂ ਹੀ ਨਹੀਂ
ਸਗੋਂ ਕਈ ਮੁੰਡੇ ਵੀ
ਛੱਡ ਗਏ ਇੱਥੇ ਸੱਜ ਵਿਆਹੀਆਂ ਨੂੰ
ਜੋ ਸਦੀਆਂ ਬੀਤਣ ਬਾਅਦ ਵੀ
ਨਾ ਲਾਹ ਸਕੀਆਂ
ਆਪਣੀਆਂ ਬਾਹਾਂ ’ਚੋਂ
ਇੱਕਲਤਾ ਵਾਲਾ ਚੂੜਾ
ਤੇ ਉਨ੍ਹਾਂ ਦਾ ਬੁੱਢਾ ਬਾਪ
ਅੱਜ ਤੱਕ ਢੋਹ ਰਿਹਾ ਐ
ਦਾਜ ਵਿੱਚ ਦਿੱਤੇ
ਲੱਖਾਂ ਰੁਪਏ ਦੇ ਕਰਜ਼ੇ ਦੀਆਂ ਪੰਡਾਂ…।
ਤੁਸੀਂ ਸੋਚਦੇ ਹੋਵੋਗੇ
ਪਿਆਰ, ਮੁਹੱਬਤ ਤੋਂ ਸੱਖਣਾ
ਕਿਸ ਤਰ੍ਹਾਂ ਦਾ ਖ਼ਤ ਏ…
ਹੁਣ ਮੈਂ ਮੁਹੱਬਤ ਬਾਰੇ ਕੀ ਲਿਖਾਂ
ਹਾਂ ਪਰ ਤੁਹਾਨੂੰ ਦੱਸ ਸਕਦਾਂ
ਮੇਰੀ ਪ੍ਰੇਮਿਕਾ ਨੇ ਸਾਬਤ ਕਰ ਦਿੱਤਾ
ਅਜੇ ਪਾਕ ਪਵਿੱਤਰ
ਰੂਹਾਂ ਜਿਉਂਦੀਆਂ ਨੇ
ਪਿਆਰ ਨੂੰ ਬਾਜ਼ਾਰੂ ਨਾ ਆਖੋ
ਅਜੇ ਸੱਚੇ ਆਸ਼ਿਕ
ਮੌਜੂਦ ਨੇ ਧਰਤੀ ’ਤੇ
ਸਾਰੀਆਂ ਕੁੜੀਆਂ
ਬੇਵਫ਼ਾ ਨਹੀਂ ਹੋ ਸਕਦੀਆਂ
ਜਦੋਂ ਕਦੇ ਮੌਕਾ ਮਿਲਿਆ
ਤਾਂ ਮਿਲਾਵਾਂਗਾ ਤੁਹਾਨੂੰ
ਉਸ ਸਬਰ ਸਿਦਕ
ਉਲਫ਼ਤ ਦੀ ਦੇਵੀ ਨਾਲ
ਤੇ ਦੇਖਣਾ ਉਸ ਅੱਗੇ ਕਿਵੇਂ
ਸਾਰੀ ਕਾਇਨਾਤ ਸੀਸ ਝੁਕਾਉਂਦੀ ਆ।
ਮੈਨੂੰ ਸੌਣ ਨਹੀਂ ਦਿੰਦੀਆਂ
ਸ਼ਮਸ਼ਾਨਘਾਟ ਵਿੱਚੋਂ ਆਉਂਦੀਆਂ
ਉਨ੍ਹਾਂ ਮਾਵਾਂ, ਭੈਣਾਂ
ਤੇ ਨਵ-ਵਿਆਹੀਆਂ ਦੀਆਂ ਚੀਕਾਂ
ਜਿਨ੍ਹਾਂ ਦੇ ਪੁੱਤ, ਭਰਾ
ਤੇ ਪਤੀ ਖਾ ਲਏ ਚਿੱਟੇ ਵਾਲੇ ਦੈਂਤ ਨੇ
ਦਿਲ ’ਤੇ ਹੱਥ ਰੱਖ ਕੇ ਦੱਸਣਾ
ਕੀ ਤੁਹਾਡੇ ਪਿੰਡਾਂ ਸ਼ਹਿਰਾਂ ਦੇ
ਸ਼ਮਸ਼ਾਨ ਸਾਂਤ ਹਨ…
ਕੀ ਤੁਹਾਨੂੰ ਵੀ ਹੁੰਦੀ ਐ ਬੇਚੈਨੀ
ਮਨ ਵਿੱਚ ਉੱਠਦਾ ਹੈ
ਗੁੱਸੇ ਦਾ ਵਾਵਰੋਲਾ
ਜਦ ਦੇਖਦੇ ਹੋ ਕਿਸੇ ਬੁੱਢੇ ਬਾਪ ਨੂੰ
ਆਪਣੇ ਜਵਾਨ ਪੁੱਤ ਦੀ
ਅਰਥੀ ਨੂੰ ਮੋਢਾ ਦਿੰਦਿਆਂ
ਦੱਸਣਾ ਕੀ ਕਿਸੇ ਸਰਕਾਰ ਨੇ?
ਬੰਦ ਕਰਨਾ ਚਾਹਿਆ
ਇਸ ਰਾਖਸ਼ ਦਾ ਮੂੰਹ
ਕੋਈ ਹਾਕਮ ਪਹੁੰਚਿਆ
ਇਸ ਦੀ ਗੁਫ਼ਾ ਵਿੱਚ
ਜਵਾਨੀ ਦੇ ਪਿੰਜਰ ਗਿਣ…।
ਇਸ ਖ਼ਤ ਦੇ
ਇੱਕ ਇੱਕ ਅੱਖਰ ਵਿੱਚ
ਸਿਆਹੀ ਹੀ ਨਹੀਂ
ਮੇਰੇ ਹੰਝੂ, ਲਹੂ ਵੀ ਘੁਲਿਆ ਹੈ
ਇਹ ਖ਼ਤ ਹੀ ਨਹੀਂ
ਦਾਸਤਾਨ-ਏ-ਪੀੜ ਹੈ
ਇਹ ਖ਼ਤ ਆਜ਼ਾਦ ਏ
ਮੇਰੇ ਦੋਸਤੋ
ਇਸ ਨੂੰ ਆਪਣੇ ਤੱਕ ਹੀ
ਸੀਮਿਤ ਨਾ ਰੱਖਣਾ
ਸਗੋਂ ਇਸ ਨੂੰ ਘੁੰਮਣ ਦੇਣਾ
ਇਸ ਕੱਟੜ ਧਾਰਮਿਕ ਦੇਸ ਅੰਦਰ
ਜਿੱਥੇ ਚੱਲ ਰਹੀ ਹੈ
ਮਜ਼ਹਬਾਂ, ਦੰਗਿਆਂ ਦੀ ਜ਼ਹਿਰੀਲੀ ਹਵਾ…।
ਮੇਰੇ ਲਈ ਲੱਭਣਾ
ਸਿਆਸੀ ਇਨਕਲਾਬ ਦੇ ਅਰਥ
ਕੀ ਇੱਕ ਪਾਰਟੀ ਦਾ ਹਾਰ ਜਾਣਾ
ਦੂਜੀ ਦਾ ਜਿੱਤ ਜਾਣਾ
ਇਨਕਲਾਬ ਹੈ?
ਮੈਨੂੰ ਇਸ ਇਨਕਲਾਬ ’ਚੋਂ
ਸਿਆਸਤ ਦੀ ਬੂਅ ਆਉਂਦੀ ਐ
ਵੇਖਿਓ ਕਿਤੇ
ਭਗਤ ਸਿੰਘ ਵਾਲੇ ਇਨਕਲਾਬ ਦੇ
ਅਰਥ ਹੀ ਨਾ ਬਦਲ ਜਾਣ
ਮੂੰਹ ਅੱਡੀ ਖੜ੍ਹਾ ਸਾਮਰਾਜਵਾਦ
ਥੁੱਕ ਨਾ ਦੇਵੇ
ਤੁਹਾਡੇ ਉੱਠੇ ਹੋਏ ਹੱਥਾਂ ’ਤੇ…।
ਮੇਰਾ ਖ਼ਤ ਦਰਦ ਭਰਿਆ
ਦੁੱਖ ਹੰਢਾਉਂਦਾ
ਹੰਝੂ ਵਹਾਉਂਦਾ
ਵਿਯੋਗੀ ਰੁੱਤੇ ਵੀ
ਪਰ ਗੀਤ ਮੁਹੱਬਤ ਦੇ ਗਾਉਂਦਾ
ਮਸਤ ਹੋ ਨੱਚਦਾ
ਉਮੀਦ ਦੀ ਕਿਰਨ ਲਈ ਜਚਦਾ
ਜਿਸ ਦਾ ਹਰ ਸ਼ਬਦ ਦੋਸਤਾਂ
ਦੁਸ਼ਮਣਾਂ ਦੇ ਲਹੂ ਵਿੱਚ ਰਚਦਾ
ਪੈਦਾ ਕਰੇਗਾ ਸੀਨਿਆਂ ਵਿੱਚ
ਕੁਝ ਅਣਸੁਲਝੇ ਹੋਏ
ਸਵਾਲਾਂ ਦਾ ਸਿਲਸਿਲਾ
ਉਹ ਮੇਰੇ ਖ਼ਤ ਦੇ ਜਵਾਬ ਲਈ
ਨਿਕਲਣਗੇ ਘਰਾਂ ਵਿੱਚੋਂ
ਮਹਬਿੂਬ ਦੀਆਂ ਜੁਲਫ਼ਾਂ ਦੀ ਛਾਂ ਚੋਂ
ਮਾਰ ਧਰਮਾਂ, ਜਾਤਾਂ ਦੀ ਨਫ਼ਰਤ ਨੂੰ
ਰਾਖ ਸੁੱਟ ਕਿਸੇ ਡੂੰਘੇ ਖੂਹ ਅੰਦਰ
ਭਰ ਦੇਣਗੇ ਭਾਈਚਾਰੇ ਦੀ
ਸਾਂਝੀ ਮਿੱਟੀ ਨਾਲ
ਸਿਆਸਤ ਦਾ ਜ਼ਹਿਰੀਲਾ ਨਾਗ
ਤੋੜ ਦੇਵੇਗਾ ਉਸ ਅੰਦਰ ਦਮ….।
ਜਦ ਵੀ ਮਿਲੇ
ਖ਼ਤ ਦਾ ਜਵਾਬ ਭੇਜਣਾ ਦੋਸਤੋ
ਮੈਂ ਇੰਤਜ਼ਾਰ ਵਿੱਚ ਰਹਾਂਗਾ
ਤੁਹਾਨੂੰ ਇੱਕ ਹੋਰ ਖ਼ਤ ਲਿਖਣ ਲਈ
ਜਦੋਂ ਮਿਟ ਜਾਣਗੇ
ਇਸ ਖ਼ਤ ਉੱਤੇ ਲੱਗੇ ਦੋਸ਼…
ਉਹ ਖ਼ਤ ਹੋਵੇਗਾ
ਇਨਕਲਾਬ ਦਾ,
ਜੰਗ ਦਾ, ਤੁਹਾਡੀ ਜਿੱਤ ਦਾ,
ਜ਼ਿੰਦਗੀ ਜਿਉਣ ਦਾ,
ਜਸ਼ਨ ਦਾ, ਮੁਹੱਬਤ ਦਾ
ਸੁਨਹਿਰੀ ਕਿਰਨਾਂ,
ਨਵੇਂ ਖੁਸ਼ਹਾਲ,
ਹੱਸਦੇ ਵਸਦੇ ਵਤਨ ਦਾ,
ਫ਼ਤਹਿ ਦੇ ਝੰਡੇ ਦਾ,
ਤੁਹਾਡੇ ਚੁੱਕੇ ਕ੍ਰਾਂਤੀ ਦੇ ਡੰਡੇ ਦਾ।
ਤੁਸੀਂ ਵੀ ਉਡੀਕ ਰੱਖਿਓ
ਮੈਂ ਵੀ ਉਡੀਕਾਂਗਾ…।
ਸੰਪਰਕ: 97804-51878
* * *
ਅਪੀਲ
ਭੁਪਿੰਦਰ ਸਿੰਘ ਪੰਛੀ
ਜੇ ਤੇਰਾ ਕੰਮ ਬੋਲਦਾ ਮਿੱਤਰਾ ਫਿਰ ਮਸ਼ਹੂਰੀ ਕਿਉਂ
ਕਿਉਂ ਕਠਪੁਤਲੀ ਬਣਿਆ ਕੋਈ ਮਜਬੂਰੀ ਕਿਉਂ
ਮਸਲੇ ਦਰਿਆਈ ਪਾਣੀਆਂ ਦੇ ਅਜੇ ਸੁਲ਼ਝੇ ਨਹੀਂ
ਦੱਸ ਸੰਵੇਦਨਸ਼ੀਲ ਮੁੱਦਿਆਂ ’ਤੇ ਬਣਾਈ ਦੂਰੀ ਕਿਉਂ
ਤੂੰ ਪੰਜਾਬ ਦਾ ਪੁੱਤਰ ਸੱਜਣਾ ਗੱਲ ਪੰਜਾਬ ਦੀ ਕਰ
ਸਿਰ ਦਾ ਤਾਜ ਬਣਾਉਣ ਵਾਲੇ ਕੱਢਣ ਘੂਰੀ ਕਿਉਂ
ਪੰਜ ਪਾਣੀਆਂ ਦਾ ਦੁੱਧ ਪੀਤਾ ਉਨ੍ਹਾਂ ਦੀ ਲਾਜ ਰੱਖ
ਬਾਹਰੋਂ ਆ ਤੈਨੂੰ ਬਣਾਏ ਕਠਪੁਤਲੀ ਦੀ ਡੋਰੀ ਕਿਉਂ
ਕਲਾਕਾਰੀਆਂ ਛੱਡ ਕੇ ਸਮਝ ਲੈ ਜ਼ਿੰਮੇਵਾਰੀਆਂ ਨੂੰ
ਮਾਣ ਦਿੱਤਾ ਅਸੀਂ ਫਿਰ ਦੂਜਿਆਂ ਦੀ ਜੀ ਹਜ਼ੂਰੀ ਕਿਉਂ
ਗੱਲ ਪੰਛੀ ਦੀ ਸੁਣ ਕੇ ਯਾਰਾ ਪੱਲੇ ਬੰਨ੍ਹ ਲੈ ਤੂੰ
ਸਭ ਕੁਝ ਜਾਣੇਂ ਤੂੰ ਜੰਗਲ ਵਿੱਚ ਲੱਭੇਂ ਕਸਤੂਰੀ ਕਿਉਂ
ਸੰਪਰਕ: 98559-91055
* * *
ਰੁੱਖ
ਸੁਖਰਾਜ ਸਿੰਘ ਕਾਹਲੋਂ
ਨਾ ਰੁੱਖ ਹੁਣ ਪੁੱਤ ਲੱਗਦੇ ਨੇ,
ਨਾ ਰੁੱਖ ਲੱਗਣ ਮਾਵਾਂ,
ਨਾ ਰੁੱਖ ਲੱਗਣ ਬਾਬੇ ਵਾਂਗਰ,
ਨਾ ਰੁੱਖ ਵਾਂਗ ਭਰਾਵਾਂ।
ਮੋਢੇ ਤੇਸਾ ਹੱਥ ਵਿੱਚ ਆਰੀ,
ਰੁੱਖ ਵੱਢਣ ਦੀ ਕਰੀ ਤਿਆਰੀ,
ਉਨ੍ਹਾਂ ਰੁੱਖਾਂ ਨੂੰ ਕੱਟੀ ਜਾਵੇਂ,
ਜਿਨ੍ਹਾਂ ਦੀਆਂ ਮਾਣੀਆਂ ਛਾਵਾਂ,
ਨਾ ਰੁੱਖ ਹੁਣ ਪੁੱਤ ਲੱਗਦੇ ਨੇ
ਨਾ ਰੁੱਖ ਲੱਗਣ ਮਾਵਾਂ।
ਸੜਕਾਂ ਨਹਿਰਾਂ ਕਰਨ ਨੂੰ ਪੱਕੀਆਂ,
ਰੁੱਖਾਂ ਦੀਆਂ ਜੜ੍ਹਾਂ ਨੇ ਪੱਟੀਆਂ,
ਕਾਹਦੀਆਂ ਇਹ ਤਰੱਕੀਆਂ ਦੱਸੋ,
ਕਿਸ ਕਿਸ ਨੂੰ ਸਮਝਾਵਾਂ।
ਨਾ ਰੁੱਖ ਹੁਣ ਪੁੱਤ ਲੱਗਦੇ ਨੇ
ਨਾ ਰੁੱਖ ਲੱਗਣ ਮਾਵਾਂ।
ਨਾ ਧਰਤੀ ਨਾ ਸਾਫ਼ ਹੈ ਪਾਣੀ,
ਬੰਦਿਆ ਮੌਤ ਦੀ ਲਿਖੀ ਕਹਾਣੀ,
ਸਿਲੰਡਰਾਂ ਵਿੱਚ ਆਕਸੀਜਨ ਮਿਲਦੀ
ਨਾ ਦਿੱਤੀਆਂ ਰਹਿਣ ਹਵਾਵਾਂ।
ਨਾ ਰੁੱਖ ਹੁਣ ਪੁੱਤ ਲੱਗਦੇ ਨੇ
ਨਾ ਰੁੱਖ ਲੱਗਣ ਮਾਵਾਂ।
ਬੰਦਿਆ ਅਜੇ ਵੀ ਕਰ ਖ਼ਿਆਲ,
ਰੁੱਖਾਂ ਦੀ ਕਰ ਲੈ ਸੰਭਾਲ,
ਧਰਤੀ, ਪਾਣੀ, ਰੁੱਖ ਬਚਾ ਲੈ,
ਕੁਦਰਤ ਦੀਆਂ ਲੈ ਦੁਆਵਾਂ,
ਸਮਝ ਰੁੱਖਾਂ ਨੂੰ ਪੁੱਤਾਂ ਵਾਂਗੂੰ,
ਸਮਝ ਰੁੱਖਾਂ ਨੂੰ ਵਾਂਗ ਤੂੰ ਮਾਵਾਂ।
ਸੰਪਰਕ: 95010-35805