ਕੇ.ਐਲ. ਗਰਗ
ਰਾਜਵਿੰਦਰ ਸਿੰਘ ਰਾਹੀ ਦੇ ਆਖਣ ਅਨੁਸਾਰ ਵਰਿਆਮ ਸਿੰਘ ਸੰਧੂ ਪੰਜਾਬੀ ਸਾਹਿਤ ਦਾ ਸਟਾਰ ਕਹਾਣੀਕਾਰ ਹੈ। ਉਸ ਦੀ ਹਰੇਕ ਕਹਾਣੀ ਨੇ ਲੱਪਾਂ ਭਰ-ਭਰ ਪ੍ਰਸ਼ੰਸਾ ਤੇ ਆਦਰ ਮਾਣ ਪ੍ਰਾਪਤ ਕੀਤਾ ਹੈ। ਇਹ ਗੱਲ ਉਸ ਨੇ ਇਸ ਪੁਸਤਕ ਦੀ ਵੱਡ-ਆਕਾਰੀ ਭੂਮਿਕਾ ਵਿਚ ਵੀ ਸਵੀਕਾਰ ਕੀਤੀ ਹੈ ਕਿ ਪਾਠਕਾਂ ਦੀ ਬੇਜੋੜ ਪ੍ਰਸ਼ੰਸਾ ਨੇ ਉਸ ਦੇ ਸਾਹਿਤ ਪ੍ਰਤੀ ਆਪਣੇ ਦਾਈਏ ਬਹੁਤ ਉੱਚੇ ਕਰ ਛੱਡੇ ਸਨ। ਉਸ ਦੇ ਪੈਰ ਜ਼ਮੀਨ ਤੋਂ ਚੁੱਕ ਦਿੱਤੇ ਸਨ। ਉਨ੍ਹਾਂ ਦਿਨਾਂ ਵਿਚ ਹੀ ਮਰਹੂਮ ਭੂਸ਼ਨ ਨੇ ਜਲੰਧਰ ਦੀ ਇਕ ਕਹਾਣੀ ਗੋਸ਼ਟੀ ਵਿਚ ਇਕ ਸ਼ਗੂਫਾ ਛੱਡ ਕੇ ਪੰਜਾਬੀ ਕਹਾਣੀਕਾਰਾਂ ਨੂੰ ਭੰਬਲਭੂਸੇ ’ਚ ਪਾ ਦਿੱਤਾ ਸੀ। ਅਖੇ: ‘‘ਪੰਜਾਬੀ ਕਹਾਣੀ ਦਾ ਅੱਧਾ ਆਕਾਸ਼ ਵਰਿਆਮ ਸਿੰਘ ਸੰਧੂ ਤੇ ਦੂਸਰਾ ਅੱਧਾ ਆਕਾਸ਼ ਪ੍ਰੇਮ ਪ੍ਰਕਾਸ਼ ਹੈ।’’ ਇਸ ਬਿਆਨ ਨੇ ਬਾਕੀ ਕਹਾਣੀਕਾਰਾਂ ਵਿਚ ਤਰਥੱਲੀ ਮਚਾ ਦਿੱਤੀ ਸੀ। ਉਹ ਪੰਜਾਬੀ ਕਹਾਣੀ ਦੇ ਆਸਮਾਨ ਵਿਚ ਆਪਣੀ ਸਪੇਸ ਲੱਭਣ ਲਈ ਤਰਲੋਮੱਛੀ ਹੋਣ ਲੱਗੇ ਸਨ; ਅੱਕੀਂ ਪਲਾਹੀਂ ਹੱਥ ਮਾਰਨ ਲੱਗੇ ਸਨ। ਯਾਦ ਨਹੀਂ ਆਉਂਦਾ ਕਿ ਪ੍ਰੇਮ ਪ੍ਰਕਾਸ਼ ਜਾਂ ਵਰਿਆਮ ਸਿੰਘ ਸੰਧੂ ਨੇ ਭੂਸ਼ਨ ਦੀ ਇਸ ਗੱਲ ਦਾ ਕਿਤੇ ਖੰਡਨ ਕੀਤਾ ਹੋਵੇ ਸਗੋਂ ਉਹ ਦੋਵੇਂ ਤਾਂ ਮਿੰਨਾਂ-ਮਿੰਨਾਂ ਮੁਸਕਰਾ ਕੇ ਇਸ ਪ੍ਰਸ਼ੰਸਾ ਦਾ ਆਨੰਦ ਲੈਂਦੇ ਰਹੇ ਸਨ।
ਮੈਂ ਆਪਣੇ ਕਿਸੇ ਲੇਖ ਵਿਚ ਕਿਤੇ ਲਿਖਿਆ ਸੀ ਕਿ ਪ੍ਰਸ਼ੰਸਾ ਧੂਣੀ ਦੇ ਧੂੰਏਂ ਜਿਹੀ ਹੁੰਦੀ ਹੈ ਜੋ ਅੱਖਾਂ ਵਿਚ ਪੈਂਦਿਆਂ ਵੀ ਬੰਦਾ ਆਨੰਦਿਤ ਹੋਇਆ ਰਹਿੰਦਾ ਹੈ। ਸਾਹਿਤ ਵਿਚ ਕਲਾਤਮਕ ਉਚਾਈਆਂ ਤੱਕ ਪਹੁੰਚਣਾ ਹਾਰੀ ਸਾਰੀ ਦਾ ਕੰਮ ਨਹੀਂ ਹੁੰਦਾ। ਪਰ ਇਹ ਵੀ ਲੇਖਕ ਦੀ ਹੋਣੀ ਹੁੰਦੀ ਹੈ ਕਿ ਉਹ ਉਸ ਉਚਾਈ ’ਤੇ ਹਮੇਸ਼ਾ ਟਿਕਿਆ ਨਹੀਂ ਰਹਿ ਸਕਦਾ। ਉਚਾਈ ’ਤੇ ਬਣੇ ਰਹਿਣ ਲਈ ਪਕੜ ਅਤੇ ਜਕੜ ਜ਼ਰੂਰੀ ਹੁੰਦੀ ਹੈ। ਉਚਾਈ ਤੋਂ ਡਿੱਗਣ ਦਾ ਭੈਅ ਵੱਡੇ ਲੇਖਕ ਦੇ ਮਨ ’ਚ ਹਮੇਸ਼ਾ ਬਣਿਆ ਰਹਿੰਦਾ ਹੈ। ਇਹੋ ਭੈਅ ਉਸ ਦੀ ਸਿਰਜਣਾਤਮਕਤਾ ਵਿਚ ਅੜਿੱਕਾ ਡਾਹੁਣ ਲੱਗਦਾ ਹੈ ਜਿਸ ਵੱਲ ਸੰਧੂ ਨੇ ਵੀ ਇਸ ਪੁਸਤਕ ਦੀ ਭੂਮਿਕਾ ਵਿਚ ਸੰਕੇਤ ਕੀਤਾ ਹੈ। ਅਜਿਹੀ ਸਥਿਤੀ ਵਿਚ ਵੱਡਾ ਲੇਖਕ ਕੀ ਕਰਦਾ ਹੈ? ਉਹ ਜਾਂ ਤਾਂ ਕੁਲਵੰਤ ਸਿੰਘ ਵਿਰਕ ਵਾਂਗ ਚੁੱਪ ਹੋ ਜਾਂਦਾ ਹੈ ਤੇ ਵਿਰਕ ਸਾਹਿਬ ਤੁਸੀਂ ਕੁਝ ਲਿਖ ਕਿਉਂ ਨਹੀਂ ਰਹੇ ਦੇ ਜਵਾਬ ਵਿਚ ਸਿਰਫ਼ ਮੁਸਕਰਾ ਭਰ ਦਿੰਦਾ ਹੈ। ਜਾਂ ਗੁਰਦਿਆਲ ਸਿੰਘ ਵਾਂਗ ਨਾਵਲ ਛੱਡ ਕੇ ਅਖ਼ਬਾਰਾਂ ਲਈ ਆਮ ਫਹਿਮ ਜਿਹੇ ਲੇਖ ਲਿਖ-ਲਿਖ ਝੱਸ ਪੂਰਾ ਕਰਦਾ ਰਹਿੰਦਾ ਹੈ ਤੇ ਵੱਡਾ ਲੇਖਕ ਹੋਣ ਦਾ ਭਰਮ ਪਾਲਦਾ ਰਹਿੰਦਾ ਹੈ ਤੇ ਜਾਂ ਫਿਰ ਵਰਿਆਮ ਸਿੰਘ ਸੰਧੂ ਵਾਂਗ ਪੂਰੇ ਤੇਈ ਵਰ੍ਹੇ ਚੰਗੀ ਤੇ ਸ਼ਾਹਕਾਰ ਰਚਨਾ ਦੀ ਉਡੀਕ ਕਰਦਾ ਰਹਿੰਦਾ ਹੈ ਤੇ ਤੇਈ ਵਰ੍ਹਿਆਂ ’ਚ ਕੁੱਲ ਤਿੰਨ ਕਹਾਣੀਆਂ ਲਿਖ ਕੇ ਸਬਰ ਸੰਤੋਖ ਕਰ ਲੈਂਦਾ ਹੈ। ਸਿਆਣਿਆਂ ਦਾ ਕਥਨ ਸ਼ਾਇਦ ਠੀਕ ਹੀ ਹੈ ਕਿ ਲੋੜੋਂ ਵੱਧ ਪ੍ਰਸ਼ੰਸਾ ਦੀਰਘ ਰੋਗ ਹੈ ਜੋ ਲੇਖਕ ਨੂੰ ਨਾ ਘਰ ਦਾ ਰਹਿਣ ਦਿੰਦੀ ਹੈ ਤੇ ਨਾ ਹੀ ਘਾਟ ਦਾ।
‘ਜਮਰੌਦ’ (ਕੀਮਤ: 275 ਰੁਪਏ; ਸੰਗਮ ਪਬਲੀਕੇਸ਼ਨ, ਸਮਾਣਾ, ਪਟਿਆਲਾ) ਕਹਾਣੀ-ਸੰਗ੍ਰਹਿ ਵਿਚ ਕੁੱਲ ਤਿੰਨ ਕਹਾਣੀਆਂ ਤੇ ਆਪਣੀਆਂ ਕਹਾਣੀਆਂ ਬਾਰੇ ਲੰਮੀ ਭੂਮਿਕਾ ਸ਼ਾਮਿਲ ਕੀਤੀ ਗਈ ਹੈ ਜੋ ਤੇਈ ਵਰ੍ਹਿਆਂ ਬਾਅਦ ਛਪ ਕੇ ਪਾਠਕਾਂ ਤੀਕ ਪੁੱਜੀ ਹੈ। ਭੂਮਿਕਾ ਵਿਚ ਸੰਧੂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਦਿਆਂ ਆਪਣੀ ਸੋਚ ਵਿਚ ਆਏ ਬਦਲਾਵਾਂ ਤੇ ਕਹਾਣੀ ਵਿਚ ਕੀਤੇ ਪ੍ਰਯੋਗਾਂ ਸਬੰਧੀ ਗੱਲਬਾਤ ਕਰਦਾ ਹੈ। ‘ਲੋਹੇ ਦੇ ਹੱਥ’ ਦੀਆਂ ਕਹਾਣੀਆਂ ਨਕਸਲਬਾੜੀ ਲਹਿਰ ਦੇ ਪ੍ਰਭਾਵ ਹੇਠ ਲਿਖੀਆਂ ਤੱਤੇ ਸੁਭਾਅ ਅਤੇ ਇਨਕਲਾਬੀ ਸੁਰ ਵਾਲੀਆਂ ਕਹਾਣੀਆਂ ਹਨ। ਬਾਅਦ ਵਿਚ ਉਸ ਨੇ ਮਨੁੱਖ ਦੇ ਸੁਭਾਅ ਅਤੇ ਸਥਿਤੀ ਨੂੰ ਮੁੱਖ ਰੱਖ ਕੇ ਕਹਾਣੀਆਂ ਰਚੀਆਂ। ਪੰਜਾਬੀ ਕਹਾਣੀ ਦੇ ਹੀ ਨਹੀਂ ਸਗੋਂ ਆਪਣੇ ਰਚੇ ਚੌਖ਼ਟੇ ਨੂੰ ਵੀ ਤੋੜਿਆ। ਅਸਲ ਵਿਚ ਸਿਰਜਣਾ ਕਰਨ ਵੇਲੇ ਲੇਖਕ ਆਪਣੇ ਦੁਆਲੇ ਇਕ ਸਵੈ-ਲਛਮਣ ਰੇਖਾ ਸਿਰਜ ਲੈਂਦਾ ਹੈ ਜਿਸ ’ਚੋਂ ਕਈ ਵਾਰ ਚਾਹ ਕੇ ਵੀ ਉਹ ਬਾਹਰ ਨਹੀਂ ਨਿਕਲ ਸਕਦਾ। ਸੰਧੂ ਨੇ ਆਪਣੀ ਕਹਾਣੀ ਦੀ ਲਛਮਣ ਰੇਖਾ ਨੂੰ ਵੀ ਉਲੇਘਿਆ, ਤੋੜਿਆ ਤੇ ਕਹਾਣੀ ਸ਼ੈਲੀ ਵਿਚ ਨਵੇਂ ਪ੍ਰਯੋਗ ਵੀ ਕੀਤੇ। ਪੰਜਾਬੀ ਕਹਾਣੀ ਨੂੰ ਇਕ ਨਵਾਂ ਰੂਪਾਕਾਰ ਵੀ ਦਿੱਤਾ। ਕਹਾਣੀ ਵਿਚ ਨਿੱਕੀਆਂ ਨਿੱਕੀਆਂ ਉਪਕਥਾਵਾਂ ਜੋੜਦਿਆਂ ਮੁੜ ਕਹਾਣੀ ਨੂੰ ਮੁੱਖ ਧੁਰੇ ਨਾਲ ਲਿਆ ਜੋੜਨਾ ਉਸ ਦੀ ਕਹਾਣੀ ਨੂੰ ਰੌਚਿਕ ਵੀ ਬਣਾਉਂਦਾ ਹੈ ਤੇ ਪੜ੍ਹਨਯੋਗ ਵੀ। ਇਸੇ ਲਈ ਉਸ ਦੀਆਂ ਕਹਾਣੀਆਂ ਆਕਾਰ ਵਿਚ ਬਹੁਤ ਲੰਬੀਆਂ ਹੋਣ ਦੇ ਬਾਵਜੂਦ ਬਹੁਤ ਸੁਖਾਲਿਆਂ ਪੜ੍ਹੀਆਂ ਜਾਂਦੀਆਂ ਰਹੀਆਂ ਹਨ।
ਇਸ ਸੰਗ੍ਰਹਿ ਵਿਚ ਉਸ ਦੀਆਂ ਤਿੰਨ ਕਹਾਣੀਆਂ ਸ਼ਾਮਿਲ ਹਨ। ਪਹਿਲੀ ਕਹਾਣੀ ‘ਰਿਮ ਝਿਮ ਪਰਬਤ’ ਅਰਜਨ ਸਿੰਘ ਦੁਆਲੇ ਘੁੰਮਦੀ ਹੈ ਜਿਸ ਕੋਲ ਇੰਦਰ ਸਿੰਘ ਜਿਹੇ ਬਾਪ ਦੀ ਮਜ਼ਬੂਤ ਵਿਰਾਸਤ ਹੈ ਤੇ ਅੰਮ੍ਰਿਤ ਦੇ ਬਾਟੇ ਸਦਕਾ ਪ੍ਰਾਪਤ ਹੋਈ ਕਿਰਪਾਨ ਹੈ ਜੋ ਦੀਨ ਦੁਖੀਆਂ ਦੀ ਰੱਖਿਆ ਲਈ ਮਿਆਨ ’ਚੋਂ ਨਿਕਲਣ ਲਈ ਤਤਪਰ ਰਹਿੰਦੀ ਹੈ। ਇੰਦਰ ਸਿੰਘ ਨੇ ਗ਼ਦਰੀ ਬਾਬਿਆਂ ਨਾਲ ਜੰਗੇ ਆਜ਼ਾਦੀ ’ਚ ਲੜਾਈਆਂ ਲੜੀਆਂ ਤੇ ਫੇਰ ਗੁਰਦੁਆਰਿਆਂ ਨੂੰ ਮਹੰਤਾਂ ਦੇ ਚੁੰਗਲ ’ਚੋਂ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕੀਤੀਆਂ। ਖਾੜਕੂ ਲਹਿਰ ਵੇਲੇ ਗ਼ਦਰੀ ਬਾਬਿਆਂ ਦੀ ਸੋਚ ਤੇ ਖਾੜਕੂ ਲਹਿਰ ਦੇ ਨੌਜਵਾਨਾਂ ਦੀ ਸੋਚ ਵਿਚ ਫ਼ਰਕ ਆਇਆ। ਇੰਦਰ ਸਿੰਘ ਵੱਲੋਂ ਗ਼ਦਰੀ ਬਾਬਿਆਂ ਦੀ ਇਕ ਯਾਦਗਾਰ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ ਪਿੰਡ ਵਿਚ ਬਣਾਈ ਗਈ ਸੀ ਤੇ ਖਾੜਕੂ ਸਿੰਘ ਉਸ ’ਤੇ ਕਬਜ਼ਾ ਕਰ ਕੇ ਗ਼ਦਰੀ ਬਾਬਿਆਂ ਦੀਆਂ ਫੋਟੋਆਂ ਦੀ ਥਾਂ ਖਾੜਕੂਆਂ ਦੀਆਂ ਤਸਵੀਰਾਂ ਲਾਉਣਾ ਚਾਹੁੰਦੇ ਸਨ। ਅਰਜਨ ਸਿੰਘ ਦੀ ਕਿਰਪਾਨ ਯਾਦਗਾਰ ਦੀ ਰੱਖਿਆ ਲਈ ਨਿਕਲਦੀ ਹੈ। ਇਦਰ ਸਿੰਘ ਜਿੰਨਾ ਚਿਰ ਜਿਉਂਦਾ ਰਿਹਾ ਉਸ ਨੇ ਆਪਣੀ ਦਾੜ੍ਹੀ ਨੂੰ ਦਾਗ਼ ਨਹੀਂ ਲੱਗਣ ਦਿੱਤਾ। ਕੁਝ ਖਾੜਕੂ ਅਰਜਨ ਸਿੰਘ ਦੇ ਖੇਤ ਆਉਂਦੇ ਹਨ। ਉੱਥੇ ਗੰਨੇ ਚੂਪਦੇ ਹਨ। ਪਾਣੀ-ਧਾਣੀ ਪੀਂਦੇ ਅਤੇ ਚਲੇ ਜਾਂਦੇ ਹਨ। ਪਿੱਛੋਂ ਪੁਲੀਸ ਛਾਪਾ ਮਾਰਦੀ ਹੈ ਤਾਂ ਅਰਜਨ ਸਿੰਘ ਨਹੀਂ ਚਾਹੁੰਦਾ ਕਿ ਉਹ ਮੁਖ਼ਬਰੀ ਕਰ ਕੇ ਮੁੰਡਿਆਂ ਨੂੰ ਮਰਵਾ ਦੇਵੇ। ਸੋਚ ਦਾ ਫ਼ਰਕ ਹੋਣ ਕੇ ਬਾਵਜੂਦ ਉਹ ਪੁਲੀਸ ਨੂੰ ਗ਼ਲਤ ਪਾਸੇ ਤੋਰ ਦਿੰਦਾ ਹੈ। ਪਰ ਪਤਾ ਨਹੀਂ ਕਿਵੇਂ ਮੁੰਡੇ ਫਿਰ ਵੀ ਪੁਲੀਸ ਦੇ ਘੇਰੇ ’ਚ ਆ ਕੇ ਮੁਕਾਬਲੇ ’ਚ ਮਾਰੇ ਜਾਂਦੇ ਹਨ। ਮੁਖ਼ਬਰੀ ਦਾ ਦੋਸ਼ ਅਰਜਨ ਸਿੰਘ ’ਤੇ ਲੱਗੇ ਇਹ ਉਸ ਨੂੰ ਗਵਾਰਾ ਨਹੀਂ। ਉਹ ਮੁਖ਼ਬਰ ਬਣ ਕੇ ਦਾੜ੍ਹੀ ਨੂੰ ਦਾਗਦਾਰ ਹੁੰਦਿਆਂ ਨਹੀਂ ਦੇਖ ਸਕਦਾ। ਉਹ ਕਿਰਪਾਨ ਨਾਲ ਪੁਲੀਸ ਪਾਰਟੀ ’ਤੇ ਹਮਲਾ ਕਰਦਾ ਹੈ ਤੇ ਮਾਰਿਆ ਜਾਂਦਾ ਹੈ। ਉਸ ਦੇ ਕੱਪੜੇ ਭਾਵੇਂ ਖ਼ੂਨ ਨਾਲ ਲੱਥਪੱਥ ਹਨ ਪਰ ਉਸ ਦੀ ਦਾੜ੍ਹੀ ਬੇਦਾਗ਼ ਸਫ਼ੈਦ ਚਮਕਦੀ ਹੈ। ਦੂਸ ਰੀ ਕਹਾਣੀ ‘ਜਮਰੌਦ’ ਪੰਜਾਬੀ ਅਣਖ਼ ਅਤੇ ਬਹਾਦਰੀ ਦੇ ਪ੍ਰਤੀਕ ਜਮਰੌਦ ਦੇ ਕਿਲੇ ਦੀ ਜਿੱਤ ਨੂੰ ਆਧਾਰ ਬਣਾ ਕੇ ਲਿਖੀ ਹੋਈ ਹੈ। ਜਮਰੌਦ ਦੇ ਕਿਲੇ ਨੂੰ ਫ਼ਤਹਿ ਕਰਨ ਦੇ ਪ੍ਰਤੀਕ ਨੂੰ ਸੰਧੂ ਨੇ ਨਵੇਂ ਅਰਥਾਂ ਵਿਚ ਢਾਲਿਆ ਹੈ।
ਅਮਰ ਸਿੰਘ ਦਾ ਪੁੱਤਰ ਅਮਰੀਕ ਸਿੰਘ ਕੈਨੇਡਾ ਸੈਟਲ ਹੋ ਗਿਆ ਹੈ। ਉਸ ਨੇ ਟੱਬਰ ਦੇ ਕਾਗ਼ਜ ਭਰੇ ਹੋਏ ਨੇ। ਰਾਹਦਾਰੀ ਤੇ ਵੀਜ਼ਾ ਵੀ ਲੱਗ ਗਿਆ। ਜਾਣ ਦੀ ਤਿਆਰੀ ਹੈ। ਉਸੇ ਦੌਰਾਨ ਅਮਰੀਕ ਦੀ ਟਰੱਕ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ। ਇਹ ਸੂਚਨਾ ਅਜਰ ਸਿੰਘ ਨੂੰ ਉਸ ਦੇ ਗੁਆਂਢੀ ਪ੍ਰੋਫੈਸਰ ਵੱਲੋਂ ਦਿੱਤੀ ਜਾਂਦੀ ਹੈ। ਤੇ ਇਹ ਵੀ ਸਾਵਧਾਨ ਕੀਤਾ ਜਾਂਦਾ ਹੈ ਕਿ ਇਸ ਗੱਲ ਦਾ ਭੇਤ ਕਿਸੇ ਕੋਲ ਨਹੀਂ ਨਿਕਲਣਾ ਚਾਹੀਦਾ, ਘਰ ਵਾਲਿਆਂ ਕੋਲ ਵੀ ਨਹੀਂ। ਲੇਖਕ ਨੇ ਜਿਸ ਢੰਗ ਨਾਲ ਅਮਰ ਸਿੰਘ ਦੀ ਵਿਥਿਆ ਬਿਆਨ ਕੀਤੀ ਹੈ ਉਹ ਉਸ ਦੀ ਸ਼ੈਲੀ ਦਾ ਕਮਾਲ ਹੈ ਤੇ ਬਿਰਤਾਂਤ ਦਾ ਵੀ। ਉਸ ਦਾ ਭਰਾ ਕਾਮਰੇਡ ਉਨ੍ਹਾਂ ਨੂੰ ਟਿਕਟਾਂ ਵੀ ਭੇਜ ਦਿੰਦਾ ਹੈ। ਅਮਰ ਸਿੰਘ ਚੁੱਪਚਾਪ ਟੱਬਰ ਨੂੰ ਲੈ ਕੇ ਕੈਨੇਡਾ ਨਿਕਲ ਜਾਂਦਾ ਹੈ। ਉਸ ਨੂੰ ਲੱਗਦਾ ਹੈ ਜਿਵੇਂ ਉਸ ਨੇ ਜਮਰੌਦ ਦਾ ਕਿਲਾ ਫ਼ਤਹਿ ਕਰ ਲਿਆ ਹੋਵੇ। ਪਰ ਕੀ ਇਹ ਕਿਲਾ ਫ਼ਤਹਿ ਹੋਇਆ? ਉਨ੍ਹਾਂ ਦੇ ਕਿਸੇ ਬਜ਼ੁਰਗ ਨੂੰ ਜਦੋਂ ਕੈਨੇਡਾ ਤੋਂ ਮੱਲੋਜ਼ੋਰੀ ਵਾਪਸ ਘੱਲਿਆ ਜਾਂਦਾ ਹੈ ਤਾਂ ਉਸ ਦਾ ਬਜ਼ੁਰਗ ਆਖਦਾ ਹੈ, ਮਿਸਟਰ ਰੀਡ, ਮੈਂ ਇਕ ਦਿਨ ਫਿਰ ਵਾਪਸ ਆਵਾਂਗਾ, ਬਰਾਬਰ ਦੀ ਧਿਰ ਬਣ ਕੇ, ਅੱਖਾਂ ’ਚ ਅੱਖਾਂ ਪਾ ਕੇ ਇੱਥੇ ਰਹਿਣ ਲਈ।’’ ਪਰ ਕੀ ਅਮਰ ਸਿੰਘ ਆਪਣੇ ਬਜ਼ੁਰਗ ਦੇ ਤਕਾਜ਼ਿਆਂ ’ਤੇ ਪੂਰਾ ਉਤਰ ਸਕਿਆ? ਅਜਿਹੇ ਕਈ ਸਵਾਲ ਖੜ੍ਹੇ ਕਰਦੀ ਕਹਾਣੀ ਆਪਣੇ ਸਿਖ਼ਰ ’ਤੇ ਪਹੁੰਚਦੀ ਹੈ।
‘ਮੈਂ ਰੋ ਨਾ ਲਵਾਂ ਇਕ ਵਾਰ’ ਸੰਧੂ ਦੀ ਪਹਿਲਾਂ ਲਿਖੀ ਕਹਾਣੀ ‘ਨੌਂ ਬਾਰ੍ਹਾਂ ਦਸ’ ਦਾ ਹੀ ਵਿਸਥਾਰ ਹੈ। ਇਸ ਕਹਾਣੀ ਦਾ ਨਾਇਕ ਨਿੰਦਰ ਦਲਿਤ ਸਿੱਖ ਹੈ ਤੇ ਜਾਤੀ ਚੇਤਨਾ ਦਾ ਡੰਗਿਆ ਹੋਇਆ ਹੈ। ਥੋੜ੍ਹੇ ਸਿੱਧਰੇ ਸੁਭਾਅ ਦੀ ਹੈ। ਲੇਖਕ ਤੇ ਉਸ ਦਾ ਸਾਥੀ ਜ਼ਿਮੀਦਾਰ ਜਸਵੰਤ ਜਿਸ ਕੋਲ ਉਹ ਕਾਮੇ ਵਜੋਂ ਕੰਮ ਕਰਦਾ ਹੈ ਉਸ ਨੇ ਝੂਠੇ ਸੁਫ਼ਨੇ ਜਗਾ ਦਿੰਦੇ ਹਨ ਜਿਸ ਕਾਰਨ ਉਹ ਆਪਣੇ ਆਪ ਨੂੰ ਧਰਮਿੰਦਰ ਤੇ ਹੇਮਾ ਮਾਲਨੀ ਦਾ ਪੁੱਤ ਸਮਝਣ ਲੱਗਦਾ ਹੈ ਤੇ ਆਪਣੇ ਨਾਂ ਨਾਲ ਵੀ ਦਿਓਲ ਗੋਤ ਲਾਉਣ ਲੱਗਦਾ ਹੈ। ਪਰ ਹਕੀਕਤ ਦੇ ਰੂ-ਬ-ਰੂ ਹੋਣ ’ਤੇ ਉਹਦਾ ਗੌਰਵ ਟੁੱਟਣ ਲੱਗਦਾ ਹੈ ਤੇ ਜਾਤੀਗਤ ਹੀਣਤਾ ਸਿਰ ਚੁੁੱਕਣ ਲੱਗਦੀ ਹੈ। ਉਹ ਹਾਸੇ ਦਾ ਪਾਤਰ ਹੈ ਪਰ ਉਸ ਦੀ ਮਾਂ ਦੇ ਵਾਰ-ਵਾਰ ਉਲਾਂਭੇ ਦੇਣ ਕਰਨ ਜਸਵੰਤ ਉਸ ਨੂੰ ਕੰਮ ਤੋਂ ਜਵਾਬ ਦੇ ਦਿੰਦਾ ਹੈ। ਸੁਫਨਿਆਂ ਦੀ ਹੀਟ ’ਚ ਉਹ ਆਪਣੇ ਆਪਨੂੰ ਸ੍ਰੀਦੇਵੀ, ਹਸਪਤਾਲ ਦੀ ਨਰਸ, ਸਕੂਲ ਦੀ ਭੈਣ ਜੀ, ਧੰਤੋ ਤੇ ਸੀਤੋ ਜਿਹੀਆਂ ਕੁੜੀਆਂ ਦਾ ਆਸ਼ਕ ਗਰਦਾਨਦਾ ਹੈ ਪਰ ਕੰਮ ਤੋਂ ਜਵਾਬ ਮਿਲਣ ’ਤੇ ਭੁੱਖ ਉਸ ਦੇ ਆਲੇ ਦੁਆਲੇ ਪੈਰ ਪਸਾਰਨ ਲੱਗਦੀ ਹੈ। ਇਸੇ ਭੁੱਖ ਦੇ ਤਾਅ ’ਚ ਉਹ ਆਪਣੇ ਪਿਉ ਤੇ ਭਰਾ ਦਾ ਕਤਲ ਵੀ ਕਰਦਾ ਹੈ। ਹਮਲੇ ’ਚ ਮਾਂ ਬਚ ਜਾਂਦੀ ਹੈ। ਉਸ ਦੀ ਤਰਸਯੋਗ ਹਾਲਤ ਤੇ ਭੁੱਖ ਖ਼ਿਲਾਫ ਉਸ ਦੀ ਲੜਾਈ ਦਾ ਬਿਆਨ ਬਹੁਤ ਜ਼ੋਰਦਾਰ ਹੋਇਆ ਹੈ।
ਤੇਈ ਵਰ੍ਹਿਆਂ ਬਾਅਦ ਹੀ ਸਹੀ, ਤਿੰਨ ਕਹਾਣੀਆਂ ਹੀ ਸਹੀ, ਲੇਖਕ ਦਾ ਆਪਣੀ ਸਿਰਜਣਾ ਦੇ ਡਰ ਭੈਅ ’ਚੋਂ ਬਾਹਰ ਨਿਕਲਣਾ ਤੇ ਪ੍ਰਸ਼ੰਸਾ ਮੁਕਤ ਹੋਣਾ ਸ਼ੁਭ ਸ਼ਗਨ ਹੈ। ਉਮੀਦ ਹੈ ਸੰਧੂ ਫਿਰ ਆਪਣੇ ਪੁਰਾਣੇ ਦਮਖ਼ਮ ਨਾਲ ਪਹਿਲਾਂ ਜਿਹੀ ਚੜ੍ਹਤ ਵਾਲੀਆਂ ਕਹਾਣੀਆਂ ਪੰਜਾਬੀ ਪਾਠਕਾਂ ਅਤੇ ਪੰਜਾਬੀ ਸਾਹਿਤ ਦੀ ਝੋਲੀ ਪਾਵੇਗਾ। ਆਮੀਨ!
ਸੰਪਰਕ: 94635-37050