ਡਾ. ਗੁਰਮੀਤ ਸਿੰਘ
ਇਕ ਪੁਸਤਕ – ਇਕ ਨਜ਼ਰ
ਹਥਲੀ ਪੁਸਤਕ ‘ਵਿਚਾਰਧਾਰਾ, ਵਿਚਾਰਧਾਰਕ ਚੇਤਨਾ ਅਤੇ ਆਲਥੂਸੇਅ’ (ਕੀਮਤ: 195 ਰੁਪਏ; ਆਟਮ ਆਰਟ, ਪਟਿਆਲਾ) ਲੇਖਕ ਵਿਨੋਦ ਕੁਮਾਰ ਦੇ ਮੌਲਿਕ ਚਿੰਤਨ ਅਤੇ ਅਨੁਵਾਦ ਦੇ ਸੁਮੇਲ ਦਾ ਪ੍ਰਮਾਣ ਹੈ। ਇਸ ਪੁਸਤਕ ਦੇ ਕੁਲ ਦੋ ਭਾਗ ਹਨ। ਪਹਿਲੇ ਭਾਗ ਦੇ ਪਹਿਲੇ ਉਪ-ਭਾਗ ਆਲਥੂਸੇਅ ਨੂੰ ਜਾਣਦਿਆਂ ਦੇ ਅੱਗੋਂ ਦੋ ਉਪ-ਭਾਗ ਹਨ: ਪਹਿਲਾ ਆਲਥੂਸੇਅ ਦਾ ਮਾਰਕਸਵਾਦ ਅਤੇ ਦੂਸਰਾ ਵਿਚਾਰਧਾਰਾ ਬਾਰੇ। ਦੂਜਾ ਉਪ-ਭਾਗ ‘ਵਿਚਾਰਧਾਰਾ: ਪੰਜ ਦ੍ਰਿਸ਼ਟੀਕੋਣ’ ਵਿਨੋਦ ਕੁਮਾਰ ਦੇ ਮੌਲਿਕ ਚਿੰਤਨ ਨਾਲ ਵਾਬਸਤਾ ਹੈ। ਦੂਸਰਾ ਭਾਗ ਵਿਚਾਰਧਾਰਾ ਅਤੇ ਵਿਚਾਰਧਾਰਕ ਸਟੇਟ ਐਪਰੇਟਸ ਲੁਈ ਆਲਥੂਸੇਅ ਦੀ ਲਿਖ਼ਤ ਦੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ’ਤੇ ਆਧਾਰਿਤ ਹੈ। ਇਸਦੇ ਅੱਗੋਂ ਛੇ ਉਪ-ਭਾਗ ਹਨ।
ਸਾਹਿਤ ਚਿੰਤਨ ਦੇ ਖੇਤਰ ਵਿਚ ਨਿੱਗਰ ਕੰਮ ਕਰਨ ਵਾਲੇ ਨੌਜਵਾਨ ਚਿੰਤਕਾਂ ਵਿਚੋਂ ਵਿਨੋਦ ਕੁਮਾਰ ਵਿਲੱਖਣ ਹਸਤਾਖ਼ਰ ਹੈ। ਸਿੱਕੇਬੰਦ ਮੌਲਿਕ ਚਿੰਤਨ ਦੇ ਨਾਲ-ਨਾਲ ਪੰਜਾਬੀ ਵਿਚ ਅਨੁਵਾਦ ਕਰਨ ਵਿਚ ਉਸ ਨੂੰ ਮੁਹਾਰਤ ਹੈ। ਉਸ ਦੇ ਕੀਤੇ ਅਨੁਵਾਦਾਂ ਵਿਚ ਪਾਠਕ ਨੂੰ ਸਾਹਿਤ ਸਿਧਾਂਤਾਂ ਨਾਲ ਸੰਬੰਧਿਤ ਸੰਕਲਪਵਾਚੀ ਸ਼ਬਦਾਵਲੀ ਨੂੰ ਸਮਝਣ ’ਚ ਕੋਈ ਮੁਸ਼ਕਿਲ ਨਹੀਂ ਹੁੰਦੀ। ਉਸ ਦੇ ਅਨੁਵਾਦ ਮੌਲਿਕ ਚਿੰਤਨ ਵਾਂਗ ਹੀ ਮਹਿਸੂਸ ਹੁੰਦੇ ਹਨ।
ਇਸ ਪੁਸਤਕ ਦੇ ਪਹਿਲੇ ਉਪ-ਭਾਗ ‘ਆਲਥੂਸੇਅ ਨੂੰ ਜਾਣਦਿਆਂ’ ਵਿਚ ਫਰਾਂਸੀਸੀ ਮਾਰਕਸਵਾਦੀ ਦਾਰਸ਼ਨਿਕ ਦੇ ਜੀਵਨ ਨਾਲ ਸੰਬੰਧਿਤ ਵੱਖੋ-ਵੱਖਰੇ ਪੱਖਾਂ ਅਤੇ ਉਸ ਦੀਆਂ ਪੁਸਤਕਾਂ ਬਾਰੇ ਚਰਚਾ ਕੀਤੀ ਗਈ ਹੈ। 1918 ਵਿਚ ਅਲਜੀਅਰਸ ਨੇੜੇ ਪੈਦਾ ਹੋਏ ਆਲਥੂਸੇਅ ਦਾ ਜੀਵਨ ਉੱਥਲ-ਪੁੱਥਲ ਭਰਪੂਰ ਸੀ। ਦੂਜੀ ਆਲਮੀ ਜੰਗ ਦੌਰਾਨ ਉਸਨੂੰ ਫਰਾਂਸੀਸੀ ਫ਼ੌਜ ਵਿਚ ਭੇਜ ਦਿੱਤਾ ਗਿਆ। ਫਰਾਂਸ ਦੇ ਹਾਰਨ ਕਰਕੇ ਜਰਮਨੀ ਫ਼ੌਜ ਨੇ ਉਸ ਨੂੰ ਬੰਦੀ ਬਣਾ ਲਿਆ ਗਿਆ। ਬਿਮਾਰ ਹੋ ਜਾਣ ਕਾਰਨ ਉਸ ਨੂੰ ਹਸਪਤਾਲ ਦੀਆਂ ਨਰਸਿੰਗ ਸੇਵਾਵਾਂ ਵਿਚ ਭੇਜ ਦਿੱਤਾ ਗਿਆ। ਇਸ ਦੌਰਾਨ ਹੀ ਉਸ ਨੇ ਫ਼ਲਸਫ਼ੇ ਅਤੇ ਸਾਹਿਤ ਅਧਿਐਨ ਦਾ ਕੰਮ ਸ਼ੁਰੂ ਕੀਤਾ। ਆਜ਼ਾਦ ਹੋਣ ਉਪਰੰਤ ਯੂਨੀਵਰਸਿਟੀ ਆਫ਼ ਪੈਰਿਸ ਵਿਚ ਉਸ ਨੇ ਪੜ੍ਹਾਈ ਦੌਰਾਨ ਆਦਰਸ਼ਵਾਦੀ ਦਾਰਸ਼ਨਿਕ ਹੀਗਲ ਉੱਪਰ ਆਪਣਾ ਖੋਜ-ਪ੍ਰਬੰਧ ਲਿਖਿਆ। 1948 ਵਿਚ ਉਸੇ ਯੂਨੀਵਰਸਿਟੀ ਵਿਚ ਫਿਲਾਸਫ਼ੀ ਦੇ ਪ੍ਰੋਫ਼ੈਸਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ। ਪਹਿਲਾਂ ਉਹ ਕੈਥੋਲਿਕ ਸੀ। 1948 ਤੋਂ ਬਾਅਦ ਉਸ ਦਾ ਝੁਕਾਅ ਕਮਿਊਨਿਸਟ ਪਾਰਟੀ ਵੱਲ ਵਧਣ ਲੱਗਾ। ਉਹ ਧਰਮ ਅਤੇ ਮਾਰਕਸਵਾਦ ਦਰਮਿਆਨ ਮਿੱਸ ਵਾਲਾ ਰਿਸ਼ਤਾ ਬਣਾਉਣ ਦਾ ਯਤਨ ਕਰਦਾ ਰਿਹਾ। ਸਭ ਕੁਝ ਦੇ ਬਾਵਜੂਦ ਮਾਰਕਸਵਾਦੀ ਤਾਰਕਿਕ ਸੋਚਣ ਢੰਗ ਉਸਦੀ ਵਿਚਾਰਧਾਰਾ ਦਾ ਕੇਂਦਰ ਰਿਹਾ।
ਵਿਨੋਦ ਆਲਥੂਸੇਅ ਦੇ ਸਿਧਾਂਤਾਂ ਨੂੰ ਅਲਥੂਸਰੀਅਨ ਮੰਨਣ ਦੀ ਬਜਾਇ ਸਹਿਜ ਮਾਰਕਸਵਾਦੀ ਚਿੰਤਨ ਮੰਨਦਾ ਹੈ। ‘ਆਲਥੂਸੇਅ ਦਾ ਮਾਰਕਸਵਾਦ’ ਉਪ-ਭਾਗ ਵਿਚ ਉਤਪਾਦਨ ਦੀਆਂ ਸ਼ਕਤੀਆਂ ਅਤੇ ਸੰਬੰਧਾਂ ਦੇ ਅਧਿਐਨ ਰਾਹੀਂ ਮਾਨਵੀ ਜੀਵਨ ਉੱਪਰ ਅਸਰਅੰਦਾਜ਼ ਹੋਣ ਵਾਲੇ ਵਿਹਾਰਕ ਪਹਿਲੂ ਸਾਹਮਣੇ ਆਉਂਦੇ ਹਨ। ਇਸ ਤੋਂ ਇਲਾਵਾ ਮਾਰਕਸ ਦੀ ਇਤਿਹਾਸ ਦੀ ਪਦਾਰਥਵਾਦੀ ਧਾਰਨਾ ਦਾ ਮੁੱਢਲਾ ਸਿਧਾਂਤ ਤੇ ਇਸ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ। ਉਹ ਲਿਖਦਾ ਹੈ ਕਿ ਮਨੁੱਖ ਦੀਆਂ ਜੀਵਨ ਸਥਿਤੀਆਂ ਨੂੰ ਬਦਲਣ/ਪ੍ਰਭਾਵਿਤ ਕਰਨ ਵਾਲੇ ਹਾਲਾਤ ਸਿਰਫ਼ ਸੰਬੰਧਿਤ ਮਨੁੱਖ ਦੇ ਹੀ ਵੱਸ ’ਚ ਨਹੀਂ ਹੁੰਦੇ ਸਗੋਂ ਬਾਹਰੀ ਤਲ ਉੱਪਰ ਚੇਤਨਾ, ਸਮਾਜ, ਸਭਿਆਚਾਰ, ਪਦਾਰਥ ਅਤੇ ਅਰਥਚਾਰੇ ਨੂੰ ਕੰਟਰੋਲ ਕਰਨ ਵਾਲੀਆਂ ਸੁਚੇਤ/ਉਚੇਚੀਆਂ ਸ਼ਕਤੀਆਂ ਦੇ ਹੱਥ ਵਿਚ ਹੁੰਦੇ ਹਨ। ਇਨ੍ਹਾਂ ਸ਼ਕਤੀਆਂ ਵਿਚ ਸਭ ਤੋਂ ਵੱਡੀ ਧਿਰ ਸਟੇਟ ਜਾਂ ਸੱਤਾ ਹੁੰਦੀ ਹੈ। ਇਹ ਕਹਿਣ ਨੂੰ ਜਮੂਹਰੀ ਹੁੰਦੀ ਹੈ, ਪਰ ਉਸ ਦੇ ਵਿਹਾਰ ਦੇ ਕੁਝ ਬੁਨਿਆਦੀ ਪਹਿਲੂ ਲੋਕਤੰਤਰੀ ਖ਼ਸਲਤ ਤੋਂ ਉਰ੍ਹੇ-ਪਰੇ ਜਾਣ ਵਾਲੇ ਜਾਂ ਤਿਲ੍ਹਕਵੇਂ ਜਾਂ ਰਸੂਖ਼ਵਾਨ ਧਿਰਾਂ ਲਈ ਰਾਖਵੇਂ ਹੁੰਦੇ ਹਨ।
ਵਿਨੋਦ ਲਿਖਦਾ ਹੈ ਕਿ ਆਲਥੂਸੇਅ ਆਪਣੀਆਂ ਅੰਤਰਦ੍ਰਿਸ਼ਟੀਆਂ ਰਾਹੀਂ ਮਾਰਕਸ ਦੁਆਰਾ ਦਿੱਤੇ ਗਏ ਮਨੁੱਖਤਾਵਾਦ ਦੇ ਸਵਾਲ ਵਿਚ ਅਹਿਮ ਯੋਗਦਾਨ ਪਾਉਂਦਾ ਹੈ। ਕਈ ਦਾਰਸ਼ਨਿਕਾਂ ਨੇ ਮਾਰਕਸ ਦੇ ਮਨੁੱਖਤਾਵਾਦ ਦੀ ਵਿਆਖਿਆ ਕਰਦਿਆਂ ਲਿਖਿਆ ਹੈ ਕਿ ਇਹ ਮਨੁੱਖ ਨੂੰ ਸਰਮਾਏਦਾਰੀ ਦੀਆਂ ਗ਼ੈਰ-ਮਨੁੱਖੀ ਹਾਲਤਾਂ ਤੋਂ ਆਜ਼ਾਦ ਕਰਵਾਉਣ ਲਈ ਇਕ ਵਿਚਾਰ ਪ੍ਰਣਾਲੀ ਹੈ। ਪਰ ਆਲਥੂਸੇਅ ਇਸ ਵਿਆਖਿਆ ਨੂੰ ਨਕਾਰਦਿਆਂ ਦੱਸਦਾ ਹੈ ਕਿ ਇਸ ਤਰ੍ਹਾਂ ਦਾ ਮਨੁੱਖਤਾਵਾਦ ਸਰਮਾਏਦਾਰ ਵਿਚਾਰਧਾਰਾ ਦੀ ਚਾਲ ਹੈ ਜੋ ਉਨ੍ਹਾਂ ਬੁੱਧੀਜੀਵੀਆਂ ਨੂੰ ਵੀ ਸਰਮਾਏਦਾਰੀ ਦੇ ਸਹਿਯੋਗੀ ਬਣਾ ਲੈਂਦੀ ਹੈ ਜਿਸ ਦੀ ਆਲੋਚਨਾ ਕਰਨਾ ਉਨ੍ਹਾਂ ਦਾ ਪ੍ਰਮੁੱਖ ਨਿਸ਼ਾਨਾ ਸੀ। ਉਸ ਦਾ ਮੰਨਣਾ ਹੈ ਕਿ ਮਨੁੱਖਤਾਵਾਦ ਵਿਚ ਮਨੁੱਖ ਦਾ ਜੀਵਨ ਵਿਅਕਤੀਗਤ ਅਤੇ ਸਮਾਜਿਕ ਪੱਧਰਾਂ ਉੱਪਰ ਸਵੈ-ਨਿਰਭਰ ਮਨੁੱਖੀ ਤਰਕ ਦੇ ਸਿਧਾਂਤਾਂ ਨਾਲ ਨਿਰਧਾਰਿਤ ਹੋਵੇ ਜਦੋਂਕਿ ਸਰਮਾਏਦਾਰੀ ਇਸ ਤਰੀਕੇ ਆਪਣਾ ਜੀਵਨ ਜਿਉਣ ਤੇ ਚਲਾਉਣ ਉੱਪਰ ਲੋਕਾਂ ਨੂੰ ਰੋਕਦੀ ਹੈ।
ਵਿਨੋਦ ਅਨੁਸਾਰ ਆਲਥੂਸੇਅ ਮਾਰਕਸਵਾਦ ਦੀਆਂ ਤਹਿਆਂ ਨੂੰ ਪਰਤ ਦਰ ਪਰਤ ਉਜਾਗਰ ਕਰਦਿਆਂ ਸਮਕਾਲ ਵਿਚ ਉਨ੍ਹਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਮਾਰਕਸ ਕਹਿੰਦਾ ਸੀ ਕਿ ਮਜ਼ਦੂਰ ਨੂੰ ਕਿਰਤ ਕਰਨ ਨਾਲ ਕੇਵਲ ਗੁਜ਼ਾਰੇ ਜੋਗਾ ਹੀ ਮਿਲਦਾ ਹੈ ਤਾਂ ਜੋ ਉਹ ਕੱਲ੍ਹ ਫਿਰ ਸ਼ੋਸ਼ਣ ਦੀ ਭੱਠੀ ਵਿਚ ਆਉਣ ਲਈ ਤਿਆਰ ਹੋ ਸਕੇ। ਉਹ ਜਿੰਨਾ ਜ਼ਿਆਦਾ ਕੰਮ ਕਰਦਾ ਹੈ ਸਰਮਾਏਦਾਰੀ ਹੋਰ ਸ਼ਕਤੀਸ਼ਾਲੀ ਹੁੰਦੀ ਜਾਂਦੀ ਹੈ ਅਤੇ ਮਜ਼ਦੂਰ ਦੇ ਨਾਲ ਨਾਲ ਹੋਰ ਜੀਵਨ ਸਾਧਨਾਂ ਉੱਪਰ ਉਸ ਦਾ ਸ਼ਿਕੰਜਾ ਵਧਦਾ ਹੈ। ਆਲਥੂਸੇਅ ਮਾਰਕਸ ਦੇ ਅਧਿਐਨਾਂ ਨੂੰ ਸਮਝਣ ਉੱਪਰ ਜ਼ੋਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਉਸ ਨੂੰ ਸਮਝਣ ਤੇ ਲਾਗੂ ਕਰਨ ਦਾ ਅਰਥ ਹੋਵੇਗਾ ਮਨੁੱਖ ਨੂੰ ਦੁਬਾਰਾ ਪੂਰਨ ਮਨੁੱਖ ਬਣਾਉਣਾ ਜੋ ਸਰਮਾਏਦਾਰੀ ਨੇ ਲਗਭਗ ਅਸੰਭਵ ਕੀਤਾ ਹੋਇਆ ਹੈ।
ਆਲਥੂਸੇਅ ਸਮਝਦਾ ਹੈ ਕਿ ਇਹ ਸਾਰਾ ਤਾਣਾ-ਬਾਣਾ ਵਿਚਾਰਧਾਰਕ ਮੁਹਾਜ਼ ਉੱਪਰ ਤਣਿਆ ਜਾਂਦਾ ਹੈ। ਇਹ ਵਿਚਾਰਧਾਰਕ ਮੁਹਾਜ਼ ਉਤਪਾਦਨ ਦੇ ਸੰਬੰਧਾਂ ਉੱਪਰ ਹੀ ਉੱਸਰਦੇ ਹਨ। ਜੇਕਰ ਉਤਪਾਦਨ ਦੀਆਂ ਮੌਜੂਦਾ ਹਾਲਤਾਂ ਉਤਪਾਦਨ ਦੇ ਸਬੰਧਾਂ ਦਾ ਪੁਨਰ-ਉਤਪਾਦਨ ਨਾ ਕਰਦੀਆਂ ਤਾਂ ਹੁਣ ਤੱਕ ਸਰਮਾਏਦਾਰੀ ਕਦੋਂ ਦੀ ਢਹਿ ਚੁੱਕੀ ਹੁੰਦੀ। ਇਸ ਧਾਰਨਾ ਤਹਿਤ ਹੀ ਆਲਥੂਸੇਅ ਸਟੇਟ ਨੂੰ ਨਿਯੰਤਰਣ ਦੀ ਮਸ਼ੀਨ ਮੰਨਦਾ ਹੈ ਜੋ ਹਾਕਮ ਜਮਾਤ ਨੂੰ ਸ਼ਕਤੀ ਅਤੇ ਵਿਚਾਰਧਾਰਾ ਰਾਹੀਂ ਸ਼ਾਸਨ ਕਰਨ ਦੇ ਯੋਗ ਬਣਾਉਂਦੀ ਹੈ। ਸਟੇਟ ਦੇ ਇਸ ਪ੍ਰਵਚਨ ਨਾਲ ਹੋਇਆਂ ਨੂੰ ਅਣਹੋਏ ਬਣਾਇਆ ਜਾਂਦਾ ਹੈ ਜੋ ਸਟੇਟ ਨੂੰ ਸਵਾਲ ਨਾ ਕਰ ਸਕਣ। ਸਿਰਫ਼ ਸਟੇਟ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਕਲਪੁਰਜ਼ੇ ਹੋਣ। ਇਸ ਤਰ੍ਹਾਂ ਸਪਾਂਸਰਡ ਵਿਚਾਰਧਾਰਾ ਮਾਨਵੀ ਚੇਤਨਾ ਨੂੰ ਇੱਛਿਤ ਦਿਸ਼ਾ ਵੱਲ ਸੇਧਿਤ/ ਕੰਟਰੋਲ ਕਰਨ ਦੇ ਬੁਨਿਆਦੀ ਸੰਦ ਵਜੋਂ ਰੋਲ ਨਿਭਾਉਂਦੀ ਹੈ।
ਹਥਲੀ ਪੁਸਤਕ ਦੇ ਸੈਕਸ਼ਨ ‘ਵਿਚਾਰਧਾਰਾ: ਪੰਜ ਦ੍ਰਿਸ਼ਟੀਕੋਣ’ ਵਿਚ ਸਭ ਤੋਂ ਪਹਿਲਾਂ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੀਆਂ ਸਟੀਕ ਸਿਧਾਂਤਕ ਰਚਨਾਵਾਂ ’ਚ ਦਰਜ ਧਾਰਨਾਵਾਂ ਦੇ ਹਵਾਲੇ ਨਾਲ ਮਾਰਕਸਵਾਦੀ ਵਿਚਾਰਧਾਰਾ ਦੇ ਬੁਨਿਆਦੀ ਸੂਤਰਾਂ ਨਾਲ ਤੁਆਰਫ਼ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਅੰਤੋਨੀਓ ਗ੍ਰਾਮਸ਼ੀ ਨੂੰ ਵਿਚਾਰਧਾਰਾ ਨਾਲ ਸੰਬੰਧਿਤ ਅਹਿਮ ਮਾਰਕਸਵਾਦੀ ਦਾਰਸ਼ਨਿਕ ਵਜੋਂ ਵਿਚਾਰਿਆ ਗਿਆ ਹੈ। ਗ੍ਰਾਮਸ਼ੀ ਵਿਚਾਰਧਾਰਾ ਨੂੰ ਕੇਵਲ ਪਦਾਰਥਕ ਸ਼ਕਤੀਆਂ ਦਾ ਪ੍ਰਤੀਬਿੰਬ ਮੰਨਣ ਸੰਬੰਧੀ ਅਸਹਿਮਤੀ ਦਰਜ ਕਰਵਾਉਂਦਾ ਹੈ। ਉਹ ਆਰਥਿਕ ਸੰਬੰਧਾਂ ਉੱਪਰ ਲੋੜ ਤੋਂ ਵੱਧ ਜ਼ੋਰ ਦੇਣ ਦੀ ਥਾਂ ਸਭਿਆਚਾਰਕ ਆਲੋਚਨਾ ਦੇ ਮੁਹਾਜ਼ ਨੂੰ ਵੱਖਰਾ ਮੋੜ ਦਿੰਦਾ ਹੈ।
ਪੀਅਰੇ ਮੈਸ਼ਰੇ ਬਾਰੇ ਵਿਨੋਦ ਦਸਦਾ ਹੈ ਕਿ ਮੈਸ਼ਰੇ ਅਨੁਸਾਰ ਵਿਚਾਰਧਾਰਾ ਨੂੰ ਸਮਝਣ ਲਈ ਸਾਨੂੰ ਇਸ ਤੋਂ ਬਾਹਰ ਨਿਕਲਣ ਦੀ ਲੋੜ ਹੈ। ਉਹ ਲਿਖਤ ਵਿਚ ਛੁਪੀ ਵਿਚਾਰਧਾਰਾ ਨੂੰ ਉਜਾਗਰ ਕਰਨ ਲਈ ਵਿਕੇਂਦਰਿਤ ਪੜ੍ਹਤ ਸੁਝਾਉਂਦਾ ਹੋਇਆ ਲਿਖਦਾ ਹੈ ਕਿ ਵਿਚਾਰਧਾਰਕ ਤੱਤਾਂ ਕਾਰਨ ਲਿਖਤ ਵਿਚ ਅਰਥ ਅਕਸਰ ਬਿਖਰੇ ਪਏ ਹੁੰਦੇ ਹਨ। ਇਕ ਲਿਖਤ ਵਿਚ ਬਹੁਤ ਸਾਰੇ ਖੱਪੇ, ਚੁੱਪਾਂ, ਵਿਰੋਧਤਾਈਆਂ ਹੁੰਦੀਆਂ ਹਨ ਜੋ ਵਿਚਾਰਧਾਰਕ ਪ੍ਰਭਾਵਾਂ ਦਾ ਨਤੀਜਾ ਹੁੰਦੇ ਹਨ। ਸਾਨੂੰ ਇਨ੍ਹਾਂ ਨੂੰ ਪੂਰਨਾ ਹੋਵੇਗਾ। ਇਸ ਕਰਕੇ ਸਾਹਿਤ ਨੂੰ ਪੂਰਨ ਰੂਪ ਵਿਚ ਸੱਚ ਜਾਂ ਪੂਰਨ ਰੂਪ ਵਿਚ ਝੂਠ ਨਹੀਂ ਕਿਹਾ ਜਾ ਸਕਦਾ। ਸਾਹਿਤ ਦਾ ਸਥਾਨ ਸਾਇੰਸ ਤੇ ਵਿਚਾਰਧਾਰਾ ਦੇ ਵਿਚਾਲੇ ਹੁੰਦਾ ਹੈ ਕਿਉਂਕਿ ਇਕ ਲਿਖਤ ਵਿਚਾਰਧਾਰਕ ਤੱਤਾਂ ਕਾਰਨ ਜਿੱਥੇ ਚੁੱਪ ਹੁੰਦੀ ਹੈ ਉੱਥੇ ਹੀ ਮੌਜੂਦਾ ਵਿਚਾਰਧਾਰਾ ਨੂੰ ਵੰਗਾਰਦੀ ਵੀ ਹੈ।
ਸਲਾਵੋਏ ਜ਼ੀਜ਼ੇਕ ਬਾਰੇ ਵਿਨੋਦ ਲਿਖਦਾ ਹੈ ਕਿ ਉਹ ਵਿਚਾਰਧਾਰਾ ਦੀਆਂ ਪ੍ਰੰਪਰਿਕ ਧਾਰਨਾਵਾਂ ਜਿਵੇਂ ‘ਝੂਠੀ ਚੇਤਨਾ’ ਆਦਿ ਨੂੰ ਠੁਕਰਾਉਂਦਾ ਹੈ। ਉਹ ਮੰਨਦਾ ਹੈ ਕਿ ਝੂਠ ਸਾਡੇ ਵਿਹਾਰ ਵਿਚ ਪਿਆ ਹੁੰਦਾ ਹੈ ਨਾ ਕਿ ਲਾਜ਼ਮੀ ਤੌਰ ’ਤੇ ਸਾਡੀ ਭਾਸ਼ਾ ਵਿਚ। ਉਸ ਦਾ ਮੰਨਣਾ ਹੈ ਕਿ ਆਵਾਮ ਨੂੰ ਪਤਾ ਹੁੰਦਾ ਹੈ ਕਿ ਉਹ ਵਿਚਾਰਧਾਰਾ ਅਧੀਨ ਹਨ, ਪਰ ਉਹ ਫਿਰ ਵੀ ਉਸੇ ਤਰ੍ਹਾਂ ਵਿਚਰਦੇ ਰਹਿੰਦੇ ਹਨ ਜਿਵੇਂ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ। ਲੋਕ ਕਲਪਨਾ ਵਿਚ ਜਿਉਂਦੇ ਹਨ ਅਤੇ ਅਮਲੀ ਰੂਪ ਵਿਚ ਵਿਚਾਰਧਾਰਕ ਬਣ ਜਾਂਦੇ ਹਨ। ਈਗਲਟਨ ਅਨੁਸਾਰ ਵਿਚਾਰਧਾਰਾ ਭਾਸ਼ਾ ਦਾ ਨਹੀਂ ਸਗੋਂ ਪ੍ਰਵਚਨ ਦਾ ਮਾਮਲਾ ਹੈ। ਇਹ ਦੋ ਮਨੁੱਖੀ ਅਧੀਨਾਂ ਵਿਚਕਾਰ ਖ਼ਾਸ ਪ੍ਰਭਾਵਾਂ ਨੂੰ ਪੈਦਾ ਕਰਨ ਲਈ ਭਾਸ਼ਾ ਦੀ ਅਸਲ ਵਰਤੋਂ ਨਾਲ ਸਬੰਧਿਤ ਹੈ।
ਕਿਤਾਬ ਵਿਚ ਆਲਥੂਸੇਅ ਦੇ ਕਈ ਮਹੱਤਵਪੂਰਨ ਸੰਕਲਪਾਂ ਨੂੰ ਵਿਚਾਰਿਆ ਗਿਆ ਹੈ ਜਿਵੇਂ ਵਿਚਾਰਧਾਰਕ ਸਟੇਟ ਐਪਰੇਟਸ, ਇੰਟਰਪਲੇਸ਼ਨ, ਹੇਲਿੰਗ ਆਦਿ। ਇਹ ਦੱਸਦੇ ਹਨ ਕਿ ਹਕੂਮਤ ਦੇ ਬਹੁਪੱਖੀ ਹਮਲਿਆਂ ਤਹਿਤ ਇਕ ਮਨੁੱਖ ਕਿਸ ਤਰ੍ਹਾਂ ਗ਼ੁਲਾਮ ਵਿੱਚ ਵਟ ਜਾਂਦਾ ਹੈ ਤੇ ਇਸ ਗੁਲਾਮੀ ਦੇ ਅਲੱਗ ਅਲੱਗ ਪੱਧਰ ਕੀ ਹੋ ਸਕਦੇ ਹਨ। ਹਕੂਮਤ ਦੁਆਰਾ ਪ੍ਰਤੱਖ ਸਟੇਟ ਐਪਰੇਟਸਾਂ ਤੋਂ ਇਲਾਵਾ ਹਕੂਮਤ ਚਲਾਉਣ ਲਈ ਵੱਖੋ ਵੱਖ ਤਰੀਕਿਆਂ ਰਾਹੀਂ ਐਬਸਟਰੈਕਟ ਵਿਚਾਰਧਾਰਕ ਸਟੇਟ ਐਪਰੇਟਸ ਸੈੱਟ ਕੀਤੇ ਜਾਂਦੇ ਹਨ। ਜਦੋਂ ਹਕੂਮਤ ਦਾ ਸ਼ਾਸਨ ਸਹਿਜ ਚਲਦਾ ਰਹਿੰਦਾ ਹੈ ਤਾਂ ਇਹ ਐਪਰੇਟਸ ਦਿਖਾਈ ਨਹੀਂ ਦਿੰਦੇ, ਪਰ ਜਦੋਂ ਕਿਤੇ ਵਿਰੋਧ/ਵਿਦਰੋਹ ਹੁੰਦਾ ਹੈ ਤਾਂ ਇਹ ਐਪਰੇਟਸ ਇਕਦਮ ਹਰਕਤ ਵਿਚ ਆ ਜਾਂਦੇ ਹਨ ਤੇ ਦਮਨ ਦਾ ਸ਼ਾਸਨ ਚਲਾਉਣ ਵਿਚ ਭੂਮਿਕਾ ਅਦਾ ਕਰਦੇ ਹਨ। ਵਿਨੋਦ ਆਲਥੂਸੇਅ ਦੇ ਇਸ ਯੋਗਦਾਨ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਸਾਨੂੰ ਸਮਝਾਉਂਦਾ ਹੈ ਕਿ ਮਨੁੱਖੀ ਸਮਝ ਨਾਲ ਕਿਵੇਂ ਖੇਡਿਆ ਜਾਂਦਾ ਹੈ। ਉਹ ਆਲਥੂਸੇਅ ਦੇ ਹਵਾਲੇ ਨਾਲ ਉਦਾਹਰਣਾਂ ਦਿੰਦਾ ਹੈ ਕਿ ਜਦੋਂ ਕੋਈ ਵੀ ਪੁਲੀਸ ਵਾਲਾ ਸੜਕ ਉੱਪਰ “ਓਏ” ਕਹਿ ਕੇ ਆਵਾਜ਼ ਮਾਰਦਾ ਹੈ ਤਾਂ ਸਾਧਾਰਨ ਮਨੁੱਖ ਉਸ ਵੱਲ ਇਸ ਤਰ੍ਹਾਂ ਮੁੜਦਾ ਹੈ ਜਿਵੇਂ ਉਸ ਨੂੰ ਹੀ ਬੁਲਾਇਆ ਗਿਆ ਹੋਵੇ। ਭਾਵ, ਸਾਧਾਰਨ ਮਨੁੱਖ ਵਿਚ ਅਧੀਨਗੀ ਵਾਲੀ ਸਮਝ ਨੂੰ ਸਿਰਜਿਆ ਜਾਂਦਾ ਹੈ ਤੇ ਇਸ ਹਕੂਮਤੀ ਹਾਕ ਨੂੰ ਉਹ ਹੇਲਿੰਗ ਕਹਿੰਦਾ ਹੈ।
ਪੁਸਤਕ ਵਿਚ ਆਲਥੂਸੇਅ ਦੁਆਰਾ ਬਿਆਨ ਕੀਤੇ ਗਏ ਇੰਟਰਪਲੇਸ਼ਨ ਦੇ ਸਿਧਾਂਤ ਨੂੰ ਵੀ ਪੇਸ਼ ਕੀਤਾ ਗਿਆ ਹੈ ਕਿ ‘ਭਾਸ਼ਾ ਰਾਹੀਂ ਮਨੁੱਖ ਦੇ ਸਵੈ ਦੀ ਨਿਰਮਾਣਕਾਰੀ’ ਕਿਵੇਂ ਕੀਤੀ ਜਾਂਦੀ ਹੈ ਜਿਸ ਤਹਿਤ ਮਨੁੱਖ ਨੂੰ ਬਹੁਤ ਹੀ ਸਹਿਜ ਤਰੀਕੇ ਅਧੀਨ ਵਜੋਂ ਸਿਰਜਿਆ ਜਾਂਦਾ ਹੈ ਜੋ ਹਕੂਮਤੀ ਹੁਕਮਾਂ ਅਨੁਸਾਰ ਖਾਂਦਾ, ਪੀਂਦਾ, ਪਹਿਨਦਾ, ਸੌਂਦਾ, ਸੋਚਦਾ ਤੇ ਵਿਚਰਦਾ ਹੈ।
ਆਲਥੂਸੇਅ ਮੁਤਾਬਿਕ ਵਿਚਾਰਧਾਰਾ ਵਿਅਕਤੀਆਂ ਦੇ ਆਪਣੀਆਂ ਅਸਲ ਜੀਵਨ ਹਾਲਤਾਂ ਨਾਲ ਕਾਲਪਨਿਕ ਰਿਸ਼ਤੇ ਦੀ ਪੇਸ਼ਕਾਰੀ ਹੈ; ਦੂਸਰਾ, ਇਸ ਦੀ ਹੋਂਦ ਪਦਾਰਥਕ ਹੈ: ਵਿਚਾਰਧਾਰਾ ਹਮੇਸ਼ਾ ਐਪਰੇਟਸ ਅਤੇ ਇਸ ਦੇ ਅਭਿਆਸ ਵਿਚ ਮੌਜੂਦ ਹੁੰਦੀ ਹੈ। ਵਿਚਾਰਧਾਰਾ ਸਾਡੀ ਚੇਤੰਨ ਜਾਣਕਾਰੀ ਤੋਂ ਅਸਲ ਜੀਵਨ ਹਾਲਤਾਂ ਨੂੰ ਛੁਪਾ ਕੇ ਸਾਨੂੰ ਖ਼ੁਸ਼ ਅਤੇ ਨਿਕੰਮੇ ਕਰ ਦਿੰਦੀ ਹੈ। ਉਹ ਲਿਖਦਾ ਹੈ ਕਿ ਵਿਚਾਰਧਾਰਾਵਾਂ ਉਤਪਾਦਿਤ ਕੀਤੀਆਂ ਜਾਂਦੀਆਂ ਹਨ, ਪਰ ਨਾਲ ਹੀ ਉਹ ਆਪਣੇ ਖ਼ੁਦ ਦੇ ਉਤਪਾਦਨ ਦੀਆਂ ਹਾਲਤਾਂ ਵੀ ਪੈਦਾ ਕਰਦੀਆਂ ਹਨ। ਇੱਕ ਲਿਖਤ ਕੇਵਲ ਵਿਚਾਰਧਾਰਾ ਨੂੰ ਹੀ ਪੈਦਾ ਨਹੀਂ ਕਰਦੀ ਸਗੋਂ ਵਿਚਾਰਧਾਰਾ ਦੇ ਪੁਨਰ-ਉਤਪਾਦਨ ਦੀਆਂ ਹਾਲਤਾਂ ਨੂੰ ਵੀ ਪੈਦਾ ਕਰਦੀ ਹੈ।
ਆਲਥੂਸੇਅ ਸਾਹਿਤ ਨੂੰ ਵਿਚਾਰਧਾਰਾ ਤੱਕ ਸੀਮਿਤ ਨਹੀਂ ਕਰਦਾ ਸਗੋਂ ਇਹ ਤਰਕ ਦਿੰਦਾ ਹੈ ਕਿ ਦੋਵਾਂ ਦਾ ਬੜਾ ਗੁੰਝਲਦਾਰ ਸਬੰਧ ਹੈ। ਈਗਲਟਨ ਆਲਥੂਸੇਅ ਦੀਆਂ ਸਾਹਿਤ ਅਤੇ ਵਿਚਾਰਧਾਰਾ ਉੱਪਰ ਅੰਤਰ-ਦ੍ਰਿਸ਼ਟੀਆਂ ਨੂੰ ਸੰਖੇਪ ਕਰਦਿਆਂ ਲਿਖਦਾ ਹੈ: ਵਿਚਾਰਧਾਰਾ ਉਨ੍ਹਾਂ ਕਾਲਪਨਿਕ ਰਿਸ਼ਤਿਆਂ ਬਾਰੇ ਇਸ਼ਾਰਾ ਕਰਦੀ ਹੈ ਜਿਨ੍ਹਾਂ ਰਾਹੀਂ ਮਨੁੱਖ ਆਪਣੇ ਅਸਲ ਸੰਸਾਰ ਦਾ ਅਨੁਭਵ ਕਰਦੇ ਹਨ ਜੋ ਬੇਸ਼ੱਕ ਉਸੇ ਤਰ੍ਹਾਂ ਦਾ ਅਨੁਭਵ ਹੈ ਜੋ ਸਾਹਿਤ ਸਾਨੂੰ ਦਿੰਦਾ ਹੈ – ਜੋ ਖ਼ਾਸ ਹਾਲਤਾਂ ਵਿੱਚ ਜਿਊਣ ਵਾਂਗ ਮਹਿਸੂਸ ਹੁੰਦਾ ਹੈ, ਬਜਾਏ ਉਨ੍ਹਾਂ ਖ਼ਾਸ ਹਾਲਤਾਂ ਦੇ ਵਿਚਾਰ-ਵਿਸ਼ਲੇਸ਼ਣ ਕਰਨ ਨਾਲੋਂ। ਪਰ ਕਲਾ ਉਸ ਅਨੁਭਵ ਨੂੰ ਅਕਿਰਿਆਸ਼ੀਲ ਤੌਰ ’ਤੇ ਪੇਸ਼ ਕਰਨ ਨਾਲੋਂ ਵਧੇਰੇ ਮਹੱਤਵਪੂਰਨ ਹੁੰਦੀ ਹੈ। ਇਹ ਵਿਚਾਰਧਾਰਾ ਵਿਚ ਹੀ ਘਟਿਤ ਹੁੰਦੀ ਹੈ, ਪਰ ਇਸ ਤੋਂ ਦੂਰੀ ਵੀ ਬਣਾ ਕੇ ਰੱਖਦੀ ਹੈ, ਉਸ ਬਿੰਦੂ ਉੱਪਰ ਜਿੱਥੇ ਇਹ ਸਾਨੂੰ, ਜਿੱਥੋਂ ਵਿਚਾਰਧਾਰਾ ਪੈਦਾ ਹੁੰਦੀ ਹੈ, ਨੂੰ ਮਹਿਸੂਸ ਕਰਨਾ ਅਤੇ ਸਮਝਣਾ ਦੱਸਦੀ ਹੈ।
ਸੰਪਰਕ: 95018-55119