ਗੁਰਬਚਨ ਸਿੰਘ ਭੁੱਲਰ
ਦੇਵਿੰਦਰ ਸਤਿਆਰਥੀ ਦਾ ਪਲੇਠਾ ਸ਼ਬਦ-ਚਿੱਤਰ ਮੈਂ ਅੱਧੀ ਸਦੀ ਪਹਿਲਾਂ ਲਿਖਿਆ ਸੀ। ਢੁੱਡੀਕੇ ਟ੍ਰੱਸਟ ਨੇ ਉਹਨਾਂ ਨੂੰ ‘ਬਲਰਾਜ ਸਾਹਨੀ ਸਨਮਾਨ’ ਦਿੱਤਾ ਸੀ ਅਤੇ ਜਸਵੰਤ ਸਿੰਘ ਕੰਵਲ ਦਾ ਕਹਿਣਾ ਸੀ ਕਿ ਮੈਂ ਉਹਨਾਂ ਬਾਰੇ ਲੇਖ ਲਿਖ ਕੇ ‘ਆਰਸੀ’ ਵਿਚ ਛਪਵਾ ਦੇਵਾਂ। ‘ਬਹੁਰੰਗੇ ਫੁੱਲਾਂ ਨਾਲ ਲੱਦਿਆ ਗੁਲਮੋਹਰ’ ਨਾਂ ਦਾ ਉਹ ਸਾਧਾਰਨ ਆਕਾਰ ਦਾ ਸ਼ਬਦ-ਚਿੱਤਰ ਸਤਿਆਰਥੀ ਜੀ ਨੂੰ ਏਨਾ ਚੰਗਾ ਲਗਿਆ ਕਿ ਉਹਨਾਂ ਨੇ ਖਿੱਚ-ਧੂਹ ਕੇ ਬਣਾਏ ਕਈ ਸਰੋਤਿਆਂ ਨੂੰ ਆਪਣੀ ਰਚਨਾ ਕੁਰਬਾਨ ਕਰ ਕੇ ਉਹ ਸੁਣਾਉਣਾ ਠੀਕ ਸਮਝਿਆ। ਕਈ ਸਾਲਾਂ ਮਗਰੋਂ ਸ਼ਬਦ-ਚਿੱਤਰਾਂ ਦੀ ਮੇਰੀ ਪਹਿਲੀ ਪੁਸਤਕ ਛਪੀ ਤਾਂ ਉਸ ਵਿਚ ਕਈ ਗੱਲਾਂ ਜੋੜਨੀਆਂ ਜ਼ਰੂਰੀ ਹੋ ਗਈਆਂ। ਫੇਰ ਜਦੋਂ ਵੀ ਕੋਈ ਸ਼ਬਦ-ਚਿੱਤਰਾਂ ਦੀ ਪੁਸਤਕ ਦਾ ਸੰਪਾਦਨ ਕਰਦਾ, ਆਮ ਕਰ ਕੇ ਮੇਰਾ ਇਹ ਸ਼ਬਦ-ਚਿੱਤਰ ਮੰਗ ਲੈਂਦਾ। ਮੈਂ ਉਸ ਸਮੇਂ ਤੱਕ ਉਹਨਾਂ ਨਾਲ ਵਾਪਰ ਚੁੱਕੀਆਂ ਜਾਂ ਉਹਨਾਂ ਸਦਕਾ ਵਾਪਰ ਚੁੱਕੀਆਂ ਸਾਹਿਤਕ ਘਟਨਾਵਾਂ ਹੋਰ ਜੋੜ ਦਿੰਦਾ। ਇਉਂ, ਸਤਿਆਰਥੀ ਜੀ ਦੇ ਆਖਣ ਅਨੁਸਾਰ ਉਹਨਾਂ ਦੀ ਕੱਛੇ ਮਾਰੀ ਫ਼ਾਈਲ ਵਾਂਗ, ਮੇਰੇ ਸ਼ਬਦ-ਚਿੱਤਰ ਦਾ ਕੱਦ-ਕਾਠ ਵੀ ਵਧਦਾ ਗਿਆ। ਜਦੋਂ ਸਤਿਆਰਥੀ ਜੀ ਚਲੇ ਗਏ, ਮੈਂ ਉਹਨਾਂ ਦਾ ਸ਼ਬਦ-ਚਿੱਤਰ ਪੂਰਾ ਕਰ ਕੇ ਉਸ ਦੇ ਅੰਤ ਵਿਚ ਪੱਕੀ ਡੰਡੀ ਲਾ ਦਿੱਤੀ।
ਇਕ ਦਿਨ ਅਚਾਨਕ ‘‘ਬਿਸਕੁਟ ਵਾਂਗੂੰ ਭੁਰ-ਭੁਰ ਪੈਂਦੀ ਮੁਸਕਾਨ’’ ਵਾਲੀ ਉਹਨਾਂ ਦੀ ਬੇਟੀ ਪਾਰੁਲ ਦਾ ਫੋਨ ਆਇਆ। ਉਹ ਤੇ ਵੱਡੀ ਅਲਕਾ, ਦੋਵੇਂ ਆਪਣੇ ਪਰਿਵਾਰਾਂ ਸਮੇਤ ਭਦੌੜ ਦੇ ਲੋਕਾਂ ਦੇ ਬੁਲਾਇਆਂ ਪਹਿਲੀ ਵਾਰ ਉਥੇ ਜਾ ਕੇ ਆਈਆਂ ਸਨ। ਉਹ ਬਹੁਤ ਖ਼ੁਸ਼ ਵੀ ਸਨ ਤੇ ਹੈਰਾਨ ਵੀ ਕਿ ਲੋਕ ‘‘ਪਿਤਾ ਜੀ ਨੂੰ ਏਨਾ ਪਿਆਰ ਕਰਦੇ ਹਨ!’’ ਮੈਂ ਕਿਹਾ, ‘‘ਤੁਸੀਂ ਪੰਜਾਬ ਵਿਚ ਕਿਤੇ ਵੀ ਜਾ ਕੇ ਸਾਹਿਤ ਨਾਲ ਜੁੜੇ ਲੋਕਾਂ ਨੂੰ ਆਪਣਾ ਸਤਿਆਰਥੀ ਜੀ ਦੀਆਂ ਧੀਆਂ ਹੋਣਾ ਦੱਸ ਦਿਉ, ਤੁਹਾਨੂੰ ਹਰ ਥਾਂ ਏਨਾ ਹੀ ਮੋਹ-ਪਿਆਰ ਤੇ ਆਦਰ-ਸਤਿਕਾਰ ਮਿਲੇਗਾ!’’
ਉਹ ਮੇਰੇ ਸ਼ਬਦ-ਚਿੱਤਰ ਦੀਆਂ ਕਈ ਗੱਲਾਂ ਚੇਤੇ ਕਰ ਕੇ ਹਸਦੀਆਂ। ਇਕ ਦਿਨ ਪਾਰੁਲ ਮੇਰੇ ਲਿਖੇ ਕ੍ਰਿਸ਼ਣਾ ਸੋਬਤੀ ਵਾਲੇ ਕਿੱਸੇ ਦੇ ਹਵਾਲੇ ਨਾਲ ਕਹਿੰਦੀ, ‘‘ਇਕ ਦਿਨ ਮੈਂ ਘੰਟੀ ਸੁਣ ਕੇ ਗਈ ਤਾਂ ਡਾਕੀਆ ਬਰੰਗ ਚਿੱਠੀ ਲਿਆਇਆ ਸੀ। ਮੈਂ ਪੰਜਾਹ ਪੈਸੇ ਦੇ ਕੇ ਲੈ ਆਈ। ਲਫ਼ਾਫ਼ੇ ਤੋਂ ਨਾਂ ਪੜ੍ਹ ਕੇ ਮੈਂ ਕਿਹਾ, ਕ੍ਰਿਸ਼ਣਾ ਆਂਟੀ ਦੀ ਚਿੱਠੀ ਹੈ। ਪਿਤਾ ਜੀ ਨੇ ਚੁਫੇਰੇ ਦੇਖਿਆ ਤੇ ਕਾਹਲੀ ਨਾਲ ਹੱਥ ਵਧਾ ਕੇ ਬੋਲੇ, ਲਿਆ ਫੜਾ ਤੇ ਆਬਦੀ ਮਾਂ ਨੂੰ ਨਾ ਦੱਸੀਂ।’’ ਉਹਨੇ ਹੱਸ ਕੇ ਮੈਨੂੰ ਕਿਹਾ, ‘‘ਮੈਂ ਮਾਂ ਨੂੰ ਦੱਸਿਆ ਵੀ ਨਹੀਂ!’’
ਅਲਕਾ ਜਾਂ ਪਾਰੁਲ ਨਾਲ ਫੋਨ ’ਤੇ ਗੱਲ ਹੁੰਦੀ ਤਾਂ ਸਤਿਆਰਥੀ ਜੀ ਦਾ, ਬੇਬੇ ਦਾ, ਉਹਨਾਂ ਦੇ ਬੁਢਾਪੇ ਦੇ ਦਿਨਾਂ ਦਾ, ਇਹਨਾਂ ਦੇ ਬੱਚਿਆਂ ਨਾਲ ਉਹਨਾਂ ਦਾ ਬੱਚੇ ਬਣਨ ਦਾ ਜ਼ਿਕਰ ਚਲਦਾ। ਇਕ ਦਿਨ ਅਲਕਾ ਕਹਿੰਦੀ, ‘‘ਏਨੀ ਚਰਚਾ ਹੈ, ਮੈਂ ਗੀਤਾਂਜਲੀ ਸ਼੍ਰੀ ਦਾ ਬੁੱਕਰ ਇਨਾਮ ਵਾਲਾ ਨਾਵਲ ‘ਰੇਤ ਸਮਾਧੀ’ ਲੈ ਆਈ ਹਾਂ। ਪਤਾ ਹੈ ਕਿਸ ਨੂੰ ਸਮਰਪਿਤ ਹੈ?… ਕ੍ਰਿਸ਼ਣਾ ਆਂਟੀ ਨੂੰ!’’ ਮੈਂ ਕਿਹਾ, ‘‘ਜੇ ਅੱਜ ਸਤਿਆਰਥੀ ਜੀ ਹੁੰਦੇ, ਉਹਨਾਂ ਨੇ ਕਹਿਣਾ ਸੀ, ਅਲਕਾ, ਇਹ ਪੜ੍ਹ ਕੇ ਮੈਨੂੰ ਦੇ ਦੇਈਂ ਤੇ ਆਬਦੀ ਮਾਂ ਨੂੰ ਨਾ ਦੱਸੀਂ।’’ ਤੇ ਅਸੀਂ ਕਿੰਨਾ ਹੀ ਚਿਰ ਉਹਨਾਂ ਦੀਆਂ ਗੱਲਾਂ ਕਰ ਕੇ ਹਸਦੇ ਰਹੇ। ਅਲਕਾ ਤੇ ਪਾਰੁਲ ਤੋਂ ਕਈ ਅਜਿਹੀਆਂ ਗੱਲਾਂ ਦਾ ਪਤਾ ਲਗਿਆ ਜੋ ਪਹਿਲਾਂ ਮੇਰੀ, ਤੇ ਸ਼ਾਇਦ ਹੋਰ ਕਿਸੇ ਦੀ ਵੀ, ਜਾਣਕਾਰੀ ਵਿਚ ਨਹੀਂ ਸਨ। ਇਉਂ ਸ਼ਬਦ-ਚਿੱਤਰ ਉੱਤੇ ਇਕ ਵਾਰ ਫੇਰ ਭਰਪੂਰ ਨਜ਼ਰ ਮਾਰਨੀ ਜ਼ਰੂਰੀ ਹੋ ਗਈ।
ਇਕੋ ਅੱਖਰ ਸ ਨਾਲ ਸ਼ੁਰੂ ਹੋਣ ਸਦਕਾ ਸਾਹਿਤ ਤੇ ਸਤਿਆਰਥੀ ਦੀ ਰਾਸ਼ੀ ਤਾਂ ਇਕੋ ਹੈ ਹੀ ਸੀ, ਸੰਸਾਰਕ ਜੀਵਨ ਵਿਚ ਵੀ ਤੇ ਸਾਹਿਤਕ ਜੀਵਨ ਵਿਚ ਵੀ ਉਹਨਾਂ ਦੀ ਅਭੇਦਤਾ, ਇਕਮਿਕਤਾ ਤੇ ਲੀਨਤਾ ਸੰਪੂਰਨ ਸੀ। ਲਗਭਗ ਸਭਨਾਂ ਲੇਖਕਾਂ ਦੇ ਉਲਟ ਉਹਨਾਂ ਨੇ ਇਕ ਮੋਢੇ ਉੱਤੇ ਕਬੀਲਦਾਰੀ ਅਤੇ ਦੂਜੇ ਮੋਢੇ ਉੱਤੇ ਰਚਨਾਕਾਰੀ ਨਹੀਂ ਸਨ ਚੁੱਕੀਆਂ ਹੋਈਆਂ। ਕਬੀਲਦਾਰੀ ਵਾਲਾ ਮੋਢਾ ਵੀ ਉਹਨਾਂ ਨੇ ਰਚਨਾਕਾਰੀ ਦੇ ਨਮਿੱਤ ਕੀਤਾ ਹੋਇਆ ਸੀ। ਸ਼ਬਦ ਤੇ ਸਾਹਿਤ ਤੋਂ ਬਿਨਾਂ ਕੋਈ ਜੀਵਨ ਉਹਨਾਂ ਦੀ ਕਲਪਨਾ ਦੇ ਕਲਾਵੇ ਵਿਚ ਨਹੀਂ ਸੀ ਆਉਂਦਾ। ਉਹ ਕਹਿੰਦੇ ਸਨ, ‘‘ਮੈਂ ਆਪਣੇ ਘਰ ਵਿਚ ‘ਅਨਪੇਇੰਗ ਗੈਸਟ’ ਵਾਂਗ ਰਹਿੰਦਾ ਹਾਂ। ਨਾ ਰਾਸ਼ਨ ਲਿਆਉਣ ਦੀ ਚਿੰਤਾ, ਨਾ ਦੁੱਧ ਦੀ। ਮੈਂ ਨਵੇਂ ਬੂਟ ਆਪ ਕਦੀ ਨਹੀਂ ਖਰੀਦਦਾ। ਨਾ ਕੋਟ ਲਈ ਕੱਪੜਾ, ਨਾ ਵਾਲ਼ਾਂ ਲਈ ਤੇਲ, ਨਾ ਕੰਘੀ। ਲਿਖਣ ਲਈ ਕਾਗਜ਼ ਵੀ ਲੋਕਮਾਤਾ ਹੀ ਖ਼ਰੀਦ ਕੇ ਦੇਵੇ ਤੇ ਸਿਆਹੀ ਵੀ ਤੇ ਕਲਮ ਵੀ!’’ ਇਹ ਗੱਲ ਅਸਲ ਵਿਚ ਅਧੂਰੀ ਸੀ। ਪੂਰਾ ਸੱਚ ਇਹ ਸੀ ਕਿ ਉਹਨਾਂ ਨੇ ਅਜਿਹੇ ਛੋਟੇ-ਮੋਟੇ ਕੰਮ ਹੀ ਨਹੀਂ, ਧੀਆਂ ਦੇ ਵਿਆਹ ਵਰਗੇ ਵੱਡੇ ਕਾਰਜ ਵੀ ਲੋਕਮਾਤਾ ਦੇ ਜ਼ਿੰਮੇ ਹੀ ਛੱਡ ਰੱਖੇ ਸਨ।
ਰਾਜਕੁਮਾਰ ਗੌਤਮ ਤਾਂ ਕਿੰਨੇ ਵਰ੍ਹੇ ਵਿਆਹੁਤਾ ਜੀਵਨ ਬਿਤਾ ਕੇ ਪਤਨੀ ਯਸ਼ੋਧਰਾ ਤੇ ਪੁੱਤਰ ਰਾਹੁਲ ਨੂੰ ਸੁੱਤੇ ਛੱਡ ਸੱਚ ਦੀ ਭਾਲ ਵਿਚ ਨਿਕਲਿਆ ਸੀ, ਦੇਵਿੰਦਰ ਬੱਤਾ ਨਵੀਂ-ਨਵੇਲੀ ਲਾੜੀ ਨੂੰ ਹੀ ਸੁੱਤੀ ਛੱਡ ਲੋਕਗੀਤਾਂ ਦੀ ਭਾਲ ਵਿਚ ਨਿਕਲ ਤੁਰਿਆ ਸੀ ਅਤੇ ਡਲਹੌਜ਼ੀ, ਚੰਬਾ, ਕੁੱਲੂ ਤੇ ਸ਼ਿਮਲਾ ਗਾਹੁਣ ਮਗਰੋਂ ਸ਼ਾਂਤੀ-ਨਿਕੇਤਨ ਹੁੰਦਾ ਹੋਇਆ ਆਸਾਮ ਤੇ ਮਨੀਪੁਰ ਹੋ ਕੇ ਦੋ ਸਾਲ ਮਗਰੋਂ ਘਰ ਪਰਤਿਆ ਸੀ। ਆਸ ਦੇ ਉਲਟ ਅਚਾਨਕ ਸੁੰਨੀ ਹੋ ਗਈ ਆਪਣੀ ਦੁਨੀਆ ਦੇਖ ਕੇ ਉਦਾਸ ਤੇ ਰੋਣਹਾਕੀ ਹੋਈ ਭਵਿੱਖੀ ਲੋਕਮਾਤਾ ਨੂੰ ਇਕ ਜੇਠਾਣੀ ਨੇ ਅਕਲ ਦੀ ਗੰਢੀ ਦਿੱਤੀ, ‘‘ਉਦਾਸ ਹੋਇਆਂ ਜਾਂ ਰੋਇਆਂ ਕੁਛ ਨਹੀਂ ਬਣਨਾ, ਦਿਉਰਾਣੀਏ! ਇਹ ਲੰਡਾ ਚਿੜਾ ਆਹਲਣੇ ਵਿਚ ਰਹਿਣ ਵਾਲਾ ਨਹੀਂ।… ਅਗਲੀ ਵਾਰ ਤੂੰ ਹੀ ਗੰਢੜੀ ਬੰਨ੍ਹ ਕੇ ਨਾਲ ਤੁਰ ਜਾਈਂ।’’ ਉਹ ਹੱਸ ਕੇ ਦਸਦੇ, ‘‘ਲਓ ਜੀ, ਮੈਂ ਅਗਲੀ ਲੋਕਗੀਤ-ਯਾਤਰਾ ਵਾਸਤੇ ਤਿਆਰ ਹੋ ਕੇ ਕਮਰੇ ਵਿਚੋਂ ਨਿਕਲਿਆ ਤਾਂ ਇਹ ਤੁਰਨ ਲਈ ਗੰਢੜੀ ਚੁੱਕੀਂ ਵਿਹੜੇ ਵਿਚ ਮੈਥੋਂ ਪਹਿਲਾਂ ਤਿਆਰ ਖੜ੍ਹੀ ਤੇ ਬੋਲੀ, ‘ਮੈਂ ਵੀ ਨਾਲ਼ ਚੱਲਾਂਗੀ। ਤੁਸੀਂ ਰਾਜਾ ਤੇ ਮੈਂ ਰਾਣੀ, ਤੁਸੀਂ ਭਿਖਾਰੀ ਤੇ ਮੈਂ ਭਿਖਾਰਨ’। ਮੈਂ ਕਿਹਾ, ਪਹਿਲੀ ਗੱਲ ਛੱਡ, ਦੂਜੀ ਹੀ ਠੀਕ ਹੈ।’’ ਬੇਬੇ ਹੌਕਾ ਲੈਂਦੀ, ‘‘ਇਉਂ ਲੋਕਗੀਤਾਂ ਲਈ ਅਸੀਂ ਭਿਖਾਰੀ ਬਣੇ।’’
ਉਹ ਦਿਨ ਸੋ ਉਹ ਦਿਨ, ਦੋ ਦੀ ਥਾਂ ਚਾਰ ਪੈਰ ਲੋਕਗੀਤ-ਯਾਤਰੀ ਹੋ ਗਏ। ਯਾਤਰੀ ਜੋੜੀ ਦੀ ਦ੍ਰਿੜ੍ਹਤਾ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ‘ਘਰ’ ਨੇ ਪਲੇਠੀ ਧੀ ਕਵਿਤਾ ਦੇ ਜਨਮ ਨਾਲ ‘ਘਰ-ਪਰਿਵਾਰ’ ਦਾ ਰੂਪ ਵੀ ਉੜੀਸਾ ਦੇ ਇਕ ਅਨਜਾਣੇ ਪਿੰਡ ਵਿਚ ਧਾਰਿਆ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਪੰਜਾਬੀ ਵਿਚ ਤਾਂ ਸ਼ਬਦ ਤੇ ਸਾਹਿਤ ਵੱਲ, ਖਾਸ ਕਰ ਕੇ ਲੋਕਗੀਤਾਂ ਵੱਲ ਅਜਿਹੇ ਸਮਰਪਨ ਦੀ ਹੋਰ ਕੋਈ ਦੂਜੀ ਮਿਸਾਲ ਹੈ ਨਹੀਂ। ਸਮਰਪਨ ਦੀ ਸੰਪੂਰਨਤਾ ਦੇਖੋ, ਚਲਾਣੇ ਤੋਂ ਕੁਝ ਸਮਾਂ ਪਹਿਲਾਂ, ਜਦੋਂ ਉਹਨਾਂ ਦੀ ਸੁਰਤ ਕੁਝ ਵਧੇਰੇ ਹੀ ਧੁੰਦਲੀ ਹੋ ਚੁੱਕੀ ਸੀ, ਉਹਨਾਂ ਨੇ ਆਪਣੀ ਡਾਇਰੀ ਚੁੱਕੀ ਤੇ ਉਸ ਵਿਚ ਲਿਖ ਦਿੱਤਾ, ‘‘ਮੇਰਾ ਨਾਂ ਲੋਕਗੀਤ’’। ਡੀ.ਐਮ. ਕਾਲਜ ਮੋਗਾ ਵਿਚ ਮੇਰੇ ਅੰਗਰੇਜ਼ੀ ਦੇ ਪ੍ਰੋਫ਼ੈਸਰ ਅਤੇ ਉਰਦੂ ਦੇ ਮੰਨੇ-ਪ੍ਰਮੰਨੇ ਸੂਖਮ ਵਿਅੰਗਕਾਰ ਕਨ੍ਹਈਆ ਲਾਲ ਕਪੂਰ ਨੇ, ਜੋ ਸਤਿਆਰਥੀ ਜੀ ਦੇ ਗੂੜ੍ਹੇ ਮਿੱਤਰ ਸਨ, ਲੋਕਗੀਤਾਂ ਵੱਲ ਉਹਨਾਂ ਦੇ ਇਸੇ ਸਮਰਪਨ ਨੂੰ ਦੇਖ ਕੇ ਹੀ ਕਿਹਾ ਸੀ, ਇਹ ਕਿੰਨੀਆਂ ਵਿਧਾਵਾਂ ਵਿਚ ਲਿਖਦਾ ਰਹੇ, ਰੱਬ ਦੀ ਕਚਹਿਰੀ ਵਿਚ ਆਵਾਜ਼ ‘‘ਲੋਕਗੀਤਾਂ ਵਾਲਾ ਦੇਵਿੰਦਰ ਸਤਿਆਰਥੀ ਹਾਜ਼ਰ ਹੋ’’ ਆਖ ਕੇ ਹੀ ਪਵੇਗੀ।
ਜਦੋਂ ਮੈਂ ਉਹਨਾਂ ਦੀ ਸਮੁੱਚੀ ਪੰਜਾਬੀ ਰਚਨਾ ਨੂੰ ‘ਸਤਿਆਰਥ’ ਦਾ ਨਾਂ ਦੇ ਕੇ ਇਕੋ ਜਿਲਦ ਵਿਚ ਸੰਪਾਦਿਤ ਕਰ ਰਿਹਾ ਸੀ, ਮੈਨੂੰ ਤਿਲੋਤਮਾ ਨਾਂ ਦੀ ਅਪੱਸਰਾ ਮੁੜ-ਮੁੜ ਚੇਤੇ ਆਉਂਦੀ ਰਹੀ, ਪੁਰਾਣਾਂ ਅਨੁਸਾਰ ਬ੍ਰਹਮਾ ਨੇ ਥਾਂ-ਥਾਂ ਤੋਂ ਤਿਲ-ਤਿਲ ਸੁੰਦਰਤਾ ਜੋੜ ਕੇ ਜਿਸ ਨੂੰ ਸਿਰਜਿਆ ਸੀ। ਕੁਦਰਤੀ ਸੀ, ਏਨੀ ਕਲਮੀ ਘਾਲਨਾ ਨੂੰ ਵਿਦਵਾਨਾਂ ਤੇ ਕਦਰਦਾਨਾਂ, ਸਮਕਾਲੀ ਲੇਖਕਾਂ ਤੇ ਪਾਠਕਾਂ ਦੀ ਭਰਪੂਰ ਵਡਿਆਈ ਮਿਲੀ। ਪਰ ਉਹਨਾਂ ਨੇ ਇਸ ਵਡਿਆਈ ਨੂੰ ਸਹਿਜ ਨਾਲ ਲੈਂਦਿਆਂ ਨਿਮਰਤਾ ਦਾ ਪੱਲਾ ਨਹੀਂ ਸੀ ਛੱਡਿਆ। ਇਸ ਪੱਖੋਂ ਉਹ ਮਹਾਨ ਰੂਸੀ ਲੇਖਕ ਤੁਰਗਨੇਵ ਅਤੇ ਮਹਾਨ ਉਰਦੂ ਸ਼ਾਇਰ ਫ਼ਿਰਾਕ ਗੋਰਖਪੁਰੀ ਦੇ ਮੁਰੀਦ ਸਨ। ਤੁਰਗਨੇਵ ਨੇ ਆਪਣੇ ਸਮੇਤ ਸਭਨਾਂ ਲੇਖਕਾਂ ਨੂੰ ਗੋਗੋਲ ਦੇ ਓਵਰਕੋਟ ਦੀ ਜੇਬ ਵਿਚੋਂ ਨਿਕਲੇ ਹੋਏ ਆਖਿਆ ਸੀ ਅਤੇ ਆਪਣੇ ਫ਼ਿਰਾਕ ਗੋਰਖਪੁਰੀ ਨੇ ਉਰਦੂ ਵਿਚ ਹੁਣ ਤੱਕ ਦੇ ਸ਼ਾਇਰਾਂ ਦੀ ਕੁੱਲ ਗਿਣਤੀ ਢਾਈ ਦੱਸੀ ਸੀ, ਇਕ ਮੀਰ, ਦੂਜਾ ਗ਼ਾਲਬਿ ਤੇ ਅੱਧਾ ਸ਼ਾਇਰ ਆਪਣੇ ਸਮੇਤ ਬਾਕੀ ਸਾਰੇ! ਸਤਿਆਰਥੀ ਜੀ ਆਖਦੇ ਸਨ, ਇਹ ਹੈ ਜੀ ਖਰੇ ਰਚਨਾਕਾਰ ਵਾਲ਼ਾ ਵਿਹਾਰ!
ਸਤਿਆਰਥੀ ਜੀ ਨੇ ਸ਼ਬਦ ਤੇ ਸਾਹਿਤ ਨਾਲ ਪੱਕਾ ਨਾਤਾ ਗੰਢਣ ਵਾਸਤੇ ਬਿਖੜੇ ਤੇ ਅਨਗਾਹੇ ਰਾਹਾਂ ਦੀ ਯਾਤਰਾ 1927 ਵਿਚ ਲਾਹੌਰ ਕਾਲਜ ਦੀ ਪੜ੍ਹਾਈ ਵਿਚੇ ਛੱਡ ਅਮਰਨਾਥ ਦੇ ਯਾਤਰੀਆਂ ਦਾ ਸੰਗੀ ਬਣ ਕੇ ਸ਼ੁਰੂ ਕੀਤੀ ਸੀ। ਅਮਰਨਾਥ ਦੇ ਯਾਤਰੀ ਤਾਂ ਕੁਛ ਦਿਨਾਂ ਵਿਚ ਘਰਾਂ ਨੂੰ ਪਰਤ ਆਏ ਪਰ ਉਸ ਇਲਾਕੇ ਦੇ ਪਹਾੜੀ ਲੋਕਗੀਤ ਇਕੱਠੇ ਕਰਨ ਨਾਲ ਮੁੱਢ ਬੰਨ੍ਹਦਿਆਂ ਅੱਗੇ-ਅਗੇਰੇ ਵਧਦੀ ਗਈ ਇਹਨਾਂ ਦੀ ਇਹ ਪਲੇਠੀ ਯਾਤਰਾ ਦੋ ਸਾਲ ਲੰਮੀ ਹੋ ਗਈ। ਅਸਲ ਵਿਚ ਤਾਂ ਇਹ ਮੰਨਣਾ ਵਧੇਰੇ ਦਰੁਸਤ ਹੋਵੇਗਾ ਕਿ ਇਹ 1927 ਵਿਚ ਸ਼ੁਰੂ ਹੋ ਕੇ ਲਗਾਤਾਰ ਚਲਦੀ ਰਹੀ ਇਹੋ ਯਾਤਰਾ ਹੀ ਸੀ ਜੋ ਪੌਣੀ ਸਦੀ ਮਗਰੋਂ 2002 ਵਿਚ ਤਨ-ਮਨ ਦੇ ਇਨਕਾਰੀ ਹੋਣ ਨਾਲ ਸਮਾਪਤ ਹੋਈ। ਵਿਚ-ਵਿਚ ਕਦੀ-ਕਦੀ ਘਰ ਗੇੜਾ ਮਾਰਨ ਦਾ ਚੇਤਾ ਜ਼ਰੂਰ ਆਉਂਦਾ ਰਿਹਾ। ਬੇਬੇ ਸਤਿਆਰਥੀ ਜੀ ਦੇ ਸਾਹਿਤਕ ਜੀਵਨ ਨੂੰ ਤਪੱਸਿਆ ਆਖਦੀ। ਪਰ ਇਹ ਉਸ ਦੀ ਉਦਾਰਤਾ ਸੀ। ਮੈਂ ਸਮਝਦਾ ਹਾਂ, ਅਸਲ ਵਿਚ ਉਹਨਾਂ ਦੀ ਤਪੱਸਿਆ ਨਾਲੋਂ ਬੇਬੇ ਦੀ ਤਪੱਸਿਆ ਬਹੁਤ-ਬਹੁਤ ਵਡੇਰੀ ਤੇ ਔਖੀ ਸੀ!
ਉਹ ਅਜਿਹੇ ਲੇਖਕ ਸਨ ਜਿਨ੍ਹਾਂ ਕੋਲ ਬੈਠਿਆਂ ਮਹਿਸੂਸ ਹੁੰਦਾ ਸੀ ਕਿ ਮੈਂ ਸਾਹਿਤ ਦੀ ਛਾਂਵੇਂ ਸ਼ਬਦਾਂ ਦੀ ਸੰਗਤ ਵਿਚ ਬੈਠਾ ਹੋਇਆ ਹਾਂ। ਉਹਨਾਂ ਤੋਂ ਜੋ ਮੋਹ-ਪਿਆਰ ਮਿਲਿਆ, ਉਸ ਦੀ ਕੋਈ ਸੀਮਾ ਨਹੀਂ। ਉਹਨਾਂ ਤੋਂ ਜੋ ਸਾਹਿਤਕ ਪ੍ਰੇਰਨਾ ਮਿਲੀ, ਉਸ ਦੀ ਵੀ ਕੋਈ ਸੀਮਾ ਨਹੀਂ। ਇਹ ਪੁਸਤਕ ‘ਸਾਹਿਤ ਦਾ ਤਪੀਆ ਦੇਵਿੰਦਰ ਸਤਿਆਰਥੀ’ ਉਹਨਾਂ ਲਈ ਮੇਰੇ ਆਦਰ ਦੇ ਪਰਗਟਾਵੇ ਦਾ ਜਤਨ ਹੈ। ਉਹਨਾਂ ਦੇ ਨਵਿਆਏ ਸ਼ਬਦ-ਚਿੱਤਰ ਤੋਂ ਇਲਾਵਾ ਇਸ ਵਿਚ ਡੂੰਘੇ ਸਮਾਜਕ, ਸਭਿਆਚਾਰਕ, ਆਰਥਿਕ ਤੇ ਰਾਜਨੀਤਕ ਅਰਥਾਂ ਵਾਲੀ ਉਹਨਾਂ ਦੀ ਬੇਜੋੜ ਕਹਾਣੀ ‘ਦੇਵਤਾ ਡਿੱਗ ਪਿਆ’ ਤੇ ਇਸ ਕਹਾਣੀ ਦੀ ਮੇਰੀ ਪਾਠਕੀ ਪੜ੍ਹਤ ਸ਼ਾਮਲ ਹਨ। ਮੈਨੂੰ ਮਾਣ ਹੈ ਕਿ ਇਹ ਨਿਰਖ-ਪਰਖ ਪੜ੍ਹ ਕੇ ਗਦਗਦ ਹੋਏ ਸਤਿਆਰਥੀ ਜੀ ਬੋਲੇ ਸਨ, ‘‘ਦੇਖੋ, ਭੁੱਲਰ ਜੀ, ਦੇਵਤਾ ਤਾਂ ਡਿੱਗ ਪਿਆ, ਪਰ ਮੇਰੀ ਕਹਾਣੀ ਤੇ ਤੁਹਾਡੀ ਪੜ੍ਹਤ ਹਮੇਸ਼ਾ ਵਾਸਤੇ ਖੜ੍ਹੀਆਂ ਰਹਿਣਗੀਆਂ!’’ ਉਹਨਾਂ ਦੀ ਵੱਡੀ ਬੇਟੀ ਅਲਕਾ ਸਤਿਆਰਥੀ ਸੋਈਂ ਹਿੰਦੀ ਵਿਚ ਕਵਿਤਾ ਲਿਖਦੀ ਹੈ। ਮੈਨੂੰ ਖ਼ੁਸ਼ੀ ਹੈ ਕਿ ਉਸ ਨੇ ਇਸ ਪੁਸਤਕ ਲਈ ਉਚੇਚੀਆਂ ਤਿੰਨ ਕਵਿਤਾਵਾਂ, ਇਕ ਪਿਤਾ ਬਾਰੇ ਤੇ ਦੋ ਮਾਂ ਬਾਰੇ, ਲਿਖੀਆਂ। ਉਹਨਾਂ ਨੂੰ ਪੰਜਾਬੀ ਵਿਚ ਅਨੁਵਾਦ ਕੇ ਮੈਂ ਅੰਤਿਕਾ ਵਜੋਂ ਸ਼ਾਮਲ ਕਰ ਲਿਆ ਹੈ। (ਪੁਸਤਕ ਪੀਪਲਜ਼ ਫ਼ੋਰਮ, ਬਰਗਾੜੀ ਨੇ ਛਾਪੀ ਹੈ।)
ਸੰਪਰਕ: 80763-63058