ਅਤੈ ਸਿੰਘ
ਸਿਰਜਣਾ ਦਾ ਕੋਈ ਪ੍ਰਸੰਗ ਹੋਣਾ ਸੁਭਾਵਿਕ ਏ। ਮਾਨਵੀ-ਪ੍ਰਸੰਗ ਸਿਰਜਕ ਦਾ ਸਭਿਅਕ ਹੋਣਾ ਏ। ਸਮਾਜੀ ਹੋਣਾ ਏ। ਚੇਤੰਨ ਹੋਣਾ ਏ। ਪ੍ਰਸੰਗ-ਸਹਿਤ ਰਚਨਾ ਪ੍ਰਸੰਗ ਘੜਦੀ, ਜੋੜਦੀ, ਤੋਰਦੀ ਏ। ਇਹ ਸੁਭਾਅ ਪੰਜਾਬੀ ਵਾਰਤਾ ਦਾ ਨਿਵੇਕਲਾ ਵਰਤਾਰਾ ਏ। ਢਾਡੀਆਂ ਦੀ ਨਿਭਾ-ਵਿਧੀ ਦਾ ਇਹ ਆਧਾਰ ਏ। ਵਾਰਤਾ ਕਥਾ, ਘਟਨਾ, ਸਮੱਸਿਆ ਦੀ ਮਹੱਤਤਾ, ਸਾਰਥਕਤਾ, ਉੱਤਮਤਾ ਨੂੰ ਰਸ, ਰਵਾਨੀ, ਰੌਚਿਕਤਾ ਬਖ਼ਸ਼ਦੀ ਏ। ਪ੍ਰਸੰਗ-ਦਰ-ਪ੍ਰਸੰਗ ਨਿਭਦੀ ਵਾਰਤਾ ਵੱਖਰਾ, ਸੁਤੰਤਰ, ਖ਼ੁਦਮੁਖਤਿਆਰ ਰੂਪ ਧਾਰਨ ਦੇ ਸਮਰੱਥ ਏ। ਪੁਰਾਣੇ ਨੂੰ ਭੁੱਲਣਾ, ਨਵੇਂ ਨੂੰ ਉਡੀਕਣਾ, ਹੁਣ ਨੂੰ ਅਣਗੌਲਣਾ ਮਾਨਵੀ-ਪ੍ਰਸੰਗ ਦੀ ਸਿਫ਼ਤ ਨਹੀਂ। ਇਨ੍ਹਾਂ ਨੂੰ ਸਹੀ ਸਥਾਨ, ਦਰਜਾ, ਮਹੱਤਵ ਦੇਣਾ ਸਿਰਜਣੀ-ਸਭਿਅਕ-ਸਦਾਚਾਰਕ ਵਿਹਾਰ ਏ।
ਸ਼ਾਇਰ ਮਿੱਤਰ ਰਵਿੰਦਰ ਸਹਿਜ-ਸੁਭਾਅ, ਸੁਤੇ-ਸਿੱਧ, ਸਵੈ-ਸੰਬੋਧਿਤ ਕਾਵਿ ਰਚਦਾ ਰਚਦਾ ਸਮੂਹ ਸੰਬੋਧਿਤ ਵਾਰਤਾ ਨੂੰ ਨਵੇਂ ਸਿਰਿਓਂ ਨਵੀਂ ਤਰ੍ਹਾਂ ਨਿਭਾਉਂਦਿਆਂ ਤਤਕਾਲੀ, ਸਮਕਾਲੀ, ਚਿਰਕਾਲੀ ਮਾਨਵੀ-ਪ੍ਰਸੰਗ ਛੋਂਹਦਾ ਏ। ਆਪਣੀ ਸੱਜਰੀ ਸਿਰਜਣਾ ‘ਕਿਸ ਦਰ ਦਸਤਕ ਦੇਈਏ’ ਨੂੰ ਨਾਟਕੀ ਰੂਪ ਵਿੱਚ ਰੂਪਾਂਤਰ ਕਰਨ ਦਾ ਸੁਹਿਰਦ ਉਪਰਾਲਾ ਕਰਦਾ ਏ। ਸਫ਼ਲ ਹੁੰਦਾ ਏ ਜਾਂ ਨਹੀਂ? ਸਫ਼ਲਤਾ ਦੀ ਕਸਵੱਟੀ ਕੀ ਏ? ਪਾਰਖੂ ਦੀ ਪਛਾਣ ਕੀ ਏ? ਇਹ ਸੁਆਲ ਉੱਠਣਗੇ। ਜੁਆਬ ਲੱਭੇ ਜਾਣਗੇ। ਸੁਝਾਅ ਸੁਝਾਏ ਜਾਣਗੇ।
ਸਾਹਿਤ ਖਿਆਲਾਂ ਦਾ ਸ਼ਬਦੀਂ ਰੂਪਾਂਤਰ ਏ। ਦਿਸਦੇ ਜਗਤ ਦੇ ਸਮਾਨਾਂਤਰ ਸਿਰਜਿਤ ਜਗਤ ਏ। ਜਗਤ ਜਗਦਾ ਏ। ਸਾਹਿਤ ਜਗਾਉਂਦਾ ਏ। ਰਵਿੰਦਰ ਸਾਹਿਤਕ ਇਮਾਨਦਾਰੀ ਦੀ ਜ਼ਿੰਮੇਵਾਰੀ ਨੂੰ ਪਛਾਣਦਿਆਂ ਤਤਕਾਲੀ ਮਾਨਵੀ ਪ੍ਰਸੰਗਾਂ ਨੂੰ ਜਣਾਉਂਦਾ, ਗੱਲ-ਬਾਤੀ ਵਾਰਤਾ ਦੀ ਸਰਲਤਾ, ਤਰਲਤਾ, ਸੁਭਾਵਕਤਾ ਦੀ ਸੁਚੱਜਤਾ, ਸਾਰਥਕਤਾ, ਮਹੱਤਤਾ ਉਭਾਰਦਾ ਨਾਟਕ ‘ਕਿਸ ਦਰ ਦਸਤਕ ਦੇਈਏ’ (ਕੇ.ਜੀ. ਗ੍ਰਾਫਿਕਸ ਦੀ ਪ੍ਰਕਾਸ਼ਨਾ) ਰਚਦਾ ਏ। ਇਸ ਨਾਟਕ ਦੀ ਊਣ ਕਿਸੇ ਇਕ ਕੇਂਦਰੀ ਸਮੱਸਿਆ ਉਪਰ ਕੇਂਦਰਿਤ ਨਾ ਹੋਣਾ, ਨਾਟ-ਵਿਧੀਆਂ ਨੂੰ ਨਾ ਗੌਲਣਾ, ਮੰਚੀ ਜੁਗਤਾਂ ਵਿੱਚ ਢਿੱਲ ਰਹਿਣਾ- ਦੇ ਬਾਵਜੂਦ ਇਕੋ ਵੇਲੇ ਆਣ ਪਈਆਂ ਕਈ ਸਮੱਸਿਆਵਾਂ, ਸਦੀਵ ਮਾਨਵੀ ਸੰਕਟ, ਮਾਨਵੀ-ਹੋਂਦ ਦਾ ਸੁਆਲ ਜਿਹੀਆਂ ਗੁੰਝਲਾਂ ਨੂੰ ਉਭਾਰਨਾ ਇਸ ਨੂੰ ਪੜ੍ਹਨ ਵਾਲਾ ਨਾਟਕ ਬਣਾਉਂਦੀਆਂ ਨੇ। ਇਸ ਨਾਟਕ ਵਿਚਲੀਆਂ ਇਨ੍ਹਾਂ ਮਾਨਵ-ਪ੍ਰਸੰਗੀ-ਅਮਾਨਵੀ ਸਮੱਸਿਆਵਾਂ ਦੀਆਂ ਜੜ੍ਹਾਂ ਦਾ ਕੇਂਦਰ ਅਜੋਕੇ ਨਵੀਨਤਮ ਜਗਤ ਵਿਚ ਵੀ ਪੂੰਜੀਵਾਦੀ ਢਾਂਚੇ ਨਾਲ ਜੁੜੀਆਂ ਨੇ। ਰਵਿੰਦਰ ਦਾ ਲਿਖਿਆ ਨਾਟਕ ਮਨੁੱਖੀ ਪਰਵਾਸ, ਘਰਾਣਾ-ਰਾਜਨੀਤੀ, ਕੁਦਰਤੀ-ਮਹਾਂਮਾਰੀ ਅਣਜਾਣਤਾ, ਵਿਗਿਆਨਕਤਾ, ਆਧੁਨਿਕਤਾ ਸਾਹਵੇਂ ਪ੍ਰਸ਼ਨੀ-ਵਿਅੰਗ ਏ! ਕਾਵਿ ਇਸ ਨਾਟ ਦੀ ਰੂਹ ਏ: ਅਸੀਂ ਵੇਚਦੇ ਬੱਚੇ ਲੋਕੋ/ ਅਸੀਂ ਵੇਚਦੇ ਬੱਚੇ…/ ਆਓ ਮਾਲਕੋ ਆਓ ਰਾਜਿਓ, ਲੈ ਲਓ ਸਾਡੇ ਬੱਚੇ/ ਪੜ੍ਹੇ ਲਿਖੇ ਤੇ ਅਨਪੜ੍ਹ ਬੱਚੇ…!
ਸੰਪਰਕ: 98151-77577