ਕਰੀਮ ਵਾਲੇ ਬਿਸਕੁਟ

ਕਰੀਮ ਵਾਲੇ ਬਿਸਕੁਟ

ਡਾ. ਖ਼ੁਸ਼ਦੀਪ ਗੋਇਲ

ਗੱਲ 1987 ਦੀ ਹੈ। ਮੈਂ ਛੇ ਕੁ ਸਾਲ ਦਾ ਸੀ ਅਤੇ ਦੂਸਰੀ ਕਲਾਸ ਵਿਚ ਪੜ੍ਹਦਾ ਸੀ। ਸਾਡੇ ਸਕੂਲ ਦੇ ਬਾਹਰ ਇੱਕ ਰੇਹੜੀ ਲੱਗਦੀ ਸੀ ਜੋ ਕਿ ਉਨ੍ਹਾਂ ਸਮਿਆਂ ਵਿੱਚ ਬੱਚਿਆਂ ਲਈ ਇੱਕ ਚੱਲਦੀ ਫਿਰਦੀ ਦੁਕਾਨ ਹੁੰਦੀ ਸੀ। ਇਸ ਵਿੱਚ ਟੌਫੀਆਂ, ਬਿਸਕੁਟ, ਭੁਜੀਆ, ਪਾਪੜ, ਚੂਰਨ ਦੀਆਂ ਪੁੜੀਆਂ, ਇਮਲੀ, ਕਾਪੀਆਂ, ਪੈਨਸਲਾਂ, ਸਿਆਹੀ ਅਤੇ ਹੋਰ ਬਹੁਤ ਕੁਝ ਮਿਲਦਾ ਸੀ। ਮੈਨੂੰ ਜੋ ਚੀਜ਼ ਸਭ ਤੋਂ ਵੱਧ ਪਸੰਦ ਸੀ ਉਹ ਸੀ ਬਿਸਕੁਟਾਂ ਦਾ ਪੈਕਟ। ਆਮ ਬਿਸਕੁਟ ਦਾ ਪੈਕੇਟ ਇੱਕ ਰੁਪਏ ਦਾ ਅਤੇ ਕਰੀਮ ਵਾਲੇ ਬਿਸਕੁਟ ਦਾ ਪੈਕੇਟ ਦੋ ਰੁਪਏ ਦਾ ਮਿਲਦਾ ਸੀ। ਮੇਰੇ ਪਿਤਾ ਜੀ ਦੋ ਤਿੰਨ ਮਹੀਨਿਆਂ ਬਾਅਦ ਇੱਕ ਵਾਰ ਮੈਨੂੰ ਉਹ ਕਰੀਮ ਵਾਲੇ ਬਿਸਕੁਟਾਂ ਦਾ ਪੈਕਟ ਲੈ ਕੇ ਦਿੰਦੇ ਸਨ। ਮੈਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੀ ਕਿ ਮੈਨੂੰ ਕਰੀਬ ਵਾਲੇ ਬਿਸਕੁਟ ਖਾਣ ਨੂੰ ਮਿਲਣਗੇ। ਕਦੇ ਕਦੇ 10 ਜਾਂ 20 ਪੈਸੇ ਦਾ ਸਿੱਕਾ ਮਿਲ ਜਾਂਦਾ ਸੀ, ਪਰ ਇਕੱਠੇ ਕਰਕੇ ਦੋ ਰੁਪਏ ਬਣਾਉਣੇ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸੀ।

ਇੱਕ ਦਿਨ ਕਰੀਮ ਵਾਲੇ ਬਿਸਕੁਟ ਖਾਣ ਦਾ ਮਨ ਵਿੱਚ ਲਾਲਚ ਹੋਇਆ ਅਤੇ ਛੇ ਸਾਲਾਂ ਦੇ ਭੋਲੇ ਦਿਮਾਗ਼ ਨੇ ਇੱਕ ਕਾਢ ਕੱਢੀ। ਅਗਲੇ ਦਿਨ ਸਕੂਲ ਆਉਣ ਤੋਂ ਪਹਿਲਾਂ ਮੰਮੀ ਤੋਂ ਦੋ ਰੁਪਏ ਮੰਗੇ ਕਿ ਹਿਸਾਬ ਦੀ ਡੱਬਿਆਂ ਵਾਲੀ ਕਾਪੀ ਲੈਣੀ ਹੈ। ਮੰਮੀ ਨੇ ਚਾਰ ਅਠਿਆਨੀਆਂ ਦੇ ਦਿੱਤੀਆਂ। ਮੈਂ ਸਕੂਲ ਦੇ ਬਾਹਰ ਉਨ੍ਹਾਂ ਦੋ ਰੁਪਈਆਂ ਦਾ ਰੇਹੜੀ ਤੋਂ ਕਰੀਮ ਵਾਲੇ ਬਿਸਕੁਟਾਂ ਦਾ ਪੈਕਟ ਖਰੀਦਿਆ। ਫਿਰ ਮੈਂ ਕਲਾਸ ਵਿੱਚ ਕ੍ਰੀਮ ਵਾਲੇ ਬਿਸਕੁਟ ਪੈਕੇਟ ਵਿੱਚੋਂ ਇੱਕ ਇੱਕ ਕਰ ਕੇ ਬੜੇ ਸਵਾਦ ਨਾਲ ਖਾਧੇ।

ਛੁੱਟੀ ਤੋਂ ਬਾਅਦ ਘਰ ਨੂੰ ਆਉਂਦੇ ਹੋਏ ਜਦੋਂ ਮੂੰਹ ਵਿਚੋਂ ਕਰੀਮ ਵਾਲੇ ਬਿਸਕੁਟਾਂ ਦਾ ਸਵਾਦ ਚਲਾ ਗਿਆ ਤਾਂ ਮੈਨੂੰ ਹਿਸਾਬ ਵਾਲੀ ਨਵੀਂ ਕਾਪੀ ਲੈਣ ਦੀ ਯਾਦ ਆਈ। ਉਸੇ ਸਮੇਂ ਛੇ ਸਾਲਾਂ ਦੇ ਬੱਚੇ ਦੇ ਦਿਮਾਗ਼ ਵਿੱਚ ਇੱਕ ਹੋਰ ਜੁਗਤ ਆਈ। ਮੈਂ ਬਸਤੇ ਵਿੱਚੋਂ ਆਪਣੀ ਪੁਰਾਣੀ ਹਿਸਾਬ ਵਾਲੀ ਅੱਧੀ ਭਰੀ ਹੋਈ ਕਾਪੀ ਕੱਢੀ ਅਤੇ ਉਸ ਨੂੰ ਪੁੱਠਾ (ਪਿਛਲੀ ਜਿਲਦ ਅੱਗੇ) ਕੀਤਾ। ਪਿਛਲੀ ਜਿਲਦ ਖੋਲ੍ਹ ਕੇ ਪਹਿਲੇ ਖਾਲੀ ਸਫ਼ੇ ਉੱਪਰ ਮੈਂ ਆਪਣਾ ਨਾਮ ਲਿਖਿਆ। ਮੈਂ ਸੋਚਿਆ ਕਿ ਮੈਂ ਇਸੇ ਤਰ੍ਹਾਂ ਮੰਮੀ ਨੂੰ ਦਿਖਾ ਦੇਵਾਂਗਾ ਕਿ ਦੇਖੋ ਨਵੀਂ ਕਾਪੀ ਲੈ ਲਈ ਅਤੇ ਮੰਮੀ ਪਿੱਛੋਂ ਹੀ ਖੋਲ੍ਹ ਕੇ ਦੇਖ ਲੈਣਗੇ।

ਸਿੱਧਾ ਘਰ ਜਾ ਕੇ ਮੈਂ ਉਹ ਕਾਪੀ ਪੁੱਠੀ ਕਰਕੇ ਮੰਮੀ ਨੂੰ ਦਿਖਾਉਂਦਿਆਂ ਕਿਹਾ, ‘‘ਮੰਮੀ, ਮੈਂ ਕਾਪੀ ਲੈ ਲਈ।’’ ਮੰਮੀ ਨੇ ਕਾਪੀ ਫੜੀ ਅਤੇ ਪਿਛਲੀ ਜਿਲਦ ਖੋਲ੍ਹ ਕੇ ਦੇਖੀ ਅਤੇ ਕਿਹਾ, ‘‘ਅੱਛਾ! ਮੇਰੇ ਪੁੱਤ ਨੇ ਨਵੀਂ ਕਾਪੀ ਲੈ ਲਈ।’’ ਮੇਰੇ ‘‘ਹਾਂ ਮੰਮੀ’’ ਕਹਿਣ ਦੀ ਦੇਰ ਸੀ ਕਿ ਇੱਕ ਜ਼ੋਰ ਦੀ ਚਪੇੜ ਮੇਰੀ ਗੱਲ੍ਹ ’ਤੇ ਪਈ ਅਤੇ ਮੈਂ ਉੱਥੇ ਹੀ ਰੋਣ ਲੱਗ ਪਿਆ। ਇਸ ਤੋਂ ਪਹਿਲਾਂ ਕਿ ਮੰਮੀ ਕੁਝ ਪੁੱਛਦੇ ਜਾਂ ਕਹਿੰਦੇ, ਮੈਂ ਰੋਂਦਿਆਂ ਕਿਹਾ, ‘‘ਮੈਂ ਦੋ ਰੁਪਏ ਦਾ ਕਰੀਮ ਵਾਲੇ ਬਿਸਕੁਟਾਂ ਦਾ ਪੈਕਟ ਲੈ ਕੇ ਖਾ ਲਿਆ ਸੀ।’’ ਇਹ ਸੁਣਦੇ ਹੀ ਮੰਮੀ ਨੂੰ ਪਤਾ ਨਹੀਂ ਕੀ ਹੋਇਆ, ਉਨ੍ਹਾਂ ਨੇ ਮੈਨੂੰ ਗੋਦੀ ਚੁੱਕਿਆ ਅਤੇ ਪਲੋਸਦੇ ਹੋਏ ਚੁੱਪ ਕਰਾਉਂਦਿਆਂ ਕਿਹਾ, ‘‘ਪੁੱਤ, ਠੀਕ ਹੈ ਬਿਸਕੁਟ ਖਾ ਲਿਆ ਸੀ, ਪਰ ਝੂਠ ਨਹੀਂ ਬੋਲੀਦਾ। ਹਮੇਸ਼ਾ ਸੱਚ ਹੀ ਬੋਲੀਦਾ।’’ ਮੈਨੂੰ ਰੋਂਦੇ ਹੋਏ ਨੂੰ ਮੰਮੀ ਇਉਂ ਸਮਝਾਉਣ ਲੱਗੇ। ਫਿਰ ਉਹ ਇੱਕ ਝੂਠ ਉੱਤੇ ਆਧਾਰਿਤ ਇੱਕ ਰਾਜੇ ਦੀ ਕਹਾਣੀ ਸੁਣਾਉਣ ਲੱਗੇ।

ਰੋਂਦੇ ਹੋਏ ਨੂੰ ਕਿਹੜੇ ਵੇਲੇ ਉਨ੍ਹਾਂ ਦੀ ਗੋਦੀ ’ਚ ਮੈਨੂੰ ਡੂੰਘੀ ਨੀਂਦ ਆ ਗਈ, ਮੈਨੂੰ ਪਤਾ ਹੀ ਨਹੀਂ ਲੱਗਾ।
ਸੰਪਰਕ: 82838-23283

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All