ਕਿਸਾਨੀ ਸਰੋਕਾਰ ਅਚੇਤ-ਸੁਚੇਤ ਸਾਡੇ ਸਾਹਿਤ ਦਾ ਅਭਿੰਨ ਹਿੱਸਾ ਰਹੇ ਹਨ। ਮੌਜੂਦਾ ਕਿਸਾਨੀ ਅੰਦੋਲਨ ਨੇ ਪੰਜਾਬੀ ਕਵੀ ਦੀ ਚੇਤਨਾ ਨੂੰ ਭਰਵਾਂ ਹੁਲਾਰਾ ਦਿੱਤਾ ਹੈ। ਕਵੀ ਆਪਣੀ ਤਮਾਮ ਊਰਜਾ ਨਾਲ ਇਸ ਸੰਘਰਸ਼ ਦਾ ਕਾਵਿਕ ਪ੍ਰਤੀਕਰਮ ਸਿਰਜ ਰਹੇ ਹਨ। ਇਸ ਕਵਿਤਾ ਵਿਚ ਫੌਰੀ ਪ੍ਰਭਾਵ ਤਾਂ ਹਨ, ਨਾਲ ਹੀ ਸ਼ੋਸ਼ਣ ਦੀ ਰਵਾਇਤ ਨਾਲ ਪੰਜਾਬੀ ਹੋਂਦ ਤੇ ਹੋਣੀ ਦੀ ਟੱਕਰ ਵੀ ਪ੍ਰਗਟ ਹੁੰਦੀ ਹੈ। ਇਹ ਅੰਦੋਲਨ ਬਿਨਾਂ ਸ਼ੱਕ ਪੰਜਾਬੀ ਕਾਵਿ ਪ੍ਰਤੱਖਣ ਨੂੰ ਉਨ੍ਹਾਂ ਰਾਹ-ਰਸਤਿਆਂ ਵੱਲ ਮੋੜੇਗਾ ਜੋ ਸਿਮਰਤੀਆਂ ਵਿਚੋਂ ਵਿਸਰ ਰਹੇ ਸਨ।
– ਜਗਵਿੰਦਰ ਜੋਧਾ
* * * * * * * * * *
ਗ਼ਜ਼ਲ
ਸੁਲਗ਼ਦੇ ਹਰ ਖੇਤ ’ਚੋਂ ਤੂਫ਼ਾਨ ਚੜ੍ਹਿਆ ਆ ਰਿਹਾ ਹੈ
ਹਲ਼ ਦੇ ਫਾਲ਼ੇ ਨਾਲ ਹੁਣ ਇਤਿਹਾਸ ਲਿਖਿਆ ਜਾ ਰਿਹਾ ਹੈ
ਹੇਠਲੀ ਉੱਤੇ ਕਰੇ ਬਾਝੋਂ ਗਤੀ ਹੋਣੀ ਨਾ ਅਪਣੀ
ਹੇਠ ਜੁੜਿਆ ਬੈਲ ਉਤਲੇ ਨੂੰ ਇਹੋ ਸਮਝਾ ਰਿਹਾ ਹੈ
ਪਿੰਡ ਦੇ ਅਨਪੜ੍ਹ ਬਜ਼ੁਰਗਾਂ ਨੇ ਪੜ੍ਹੀ ਮਿੱਟੀ ਦੀ ਭਾਸ਼ਾ
ਕਰਤ-ਵਿੱਦਿਆ ਦਾ ਇਹ ਜਲਵਾ ਡਿਗਰੀਆਂ ’ਤੇ ਛਾ ਰਿਹਾ ਹੈ
ਮਾਰ ਕੇ ਸਿਰ ’ਤੇ ਮੜਾਸਾ ਭਰ ਕੇ ਅੱਖਾਂ ਵਿੱਚ ਖੁਮਾਰੀ
ਜੋ ਕਦੇ ਮੋਗੇ ਗਿਆ ਨਾ ਉਹ ਵੀ ਦਿੱਲੀ ਜਾ ਰਿਹਾ ਹੈ
ਚਾਲ ਮੁਰਲੀਧਰ ਦੀ ਕੌਰਵ ਪਾਂਡਵਾਂ ਨੂੰ ਸਮਝ ਆਈ
ਫੇਰ ਤੋਂ ਸਤਲੁਜ ਭਰਾ ਜਮਨਾ ਨੂੰ ਸੀਨੇ ਲਾ ਰਿਹਾ ਹੈ
* * * * * * * * * *
ਦਿੱਲੀ ਵਾਸਤੇ ਇੱਕ ਕਵਿਤਾ
ਦਿਲ ਵਰਗਾ ਤੇਰਾ ਨਾਂ ਨੀ ਦਿੱਲੀਏ
ਪਰ ਤੂੰ ਦਿਲ ਤੋਂ ਹੀਣੀ
ਤੇਰਾ ਆਪਣਾ ਤਾਂ ਲਹੂ ਚਿੱਟਾ
ਪਰ ਤੂੰ ਖ਼ੁਦ ਰੱਤ ਪੀਣੀ
ਚਾਹੇਂ ਲੋਕਾਂ ਦੇ ਸਿਰ ਨੀਵੇਂ
ਸਭ ਦੇ ਮੂੰਹ ’ਤੇ ਤਾਲੇ
ਕਿੰਜ ਜਰੇਂਗੀ ਸਾਹਵੇਂ ਖੜ੍ਹ ਕੇ
ਕਾਰਨ ਪੁੱਛਣ ਵਾਲੇ
ਪਰ ਕਿਸਾਨ ਨਾ ਡਰਦਾ ਦਿੱਲੀਏ
ਇਹ ਕਸ਼ਟਾਂ ਦਾ ਜਾਇਆ
ਹੱਦਾਂ ਦੀ ਰਾਖੀ ਕਰਦੇ ਜਿਸ
ਆਪਣਾ ਖ਼ੂਨ ਵਹਾਇਆ
ਭੱਠ ਲੋਆਂ ਤੇ ਕੱਕਰ ਜਿਸ ਨਿੱਤ
ਪਿੰਡਿਆਂ ਉੱਤੇ ਹੰਢਾਇਆ
ਸੱਪਾਂ ਦੀਆਂ ਸਿਰੀਆਂ ਮਿੱਧੀਆਂ
ਮਿੱਟੀਓਂ ਅੰਨ ਉਗਾਇਆ
ਇਸਦੇ ਮਹਿਲਾਂ ਵਿੱਚ ਬਿਠਾਇਆਂ
ਐਸਾ ਕਾਜ ਰਚਾਇਆ
ਸਾਰੇ ਦੇਸ਼ ਦਾ ਢਿੱਡ ਭਰੇ ਜੋ
ਹੁਣ ਸੜਕਾਂ ’ਤੇ ਆਇਆ
ਜਿਸ ਦੀ ਕਿਰਤ ਦੀ ਰੋਟੀ ਖਾਵੇਂ
ਉਸ ਨੂੰ ਰੋਜ਼ ਡਰਾਵੇਂ
ਸੋਨ ਆਂਡਿਆਂ ਵਾਲੀ ਮੁਰਗ਼ੀ
ਹੁਣ ਤੂੰ ਕੋਹਣਾ ਚਾਹਵੇਂ
ਪਰ ਇਤਿਹਾਸ ਜੇ ਵਾਚ ਲਵੇਂ ਤਾਂ
ਸੁਰਤਾਂ ਆਉਣ ਟਿਕਾਣੇ
ਧਰਤੀ ਦੇ ਪੁੱਤਰਾਂ ਦੇ ਸਾਹਵੇਂ
ਝੜੇ ਕਈ ਜਰਵਾਣੇ
ਲੋਕਾਂ ਦਾ ਹੱਕ ਖੋਹਣ ਵਾਲੇ ਨੂੰ
ਮਿਲੀ ਨਾ ਏਥੇ ਢੋਈ
ਧਰਤੀ ਅਤੇ ਕਿਸਾਨ ਦਾ ਰਿਸ਼ਤਾ
ਤੋੜ ਨਾ ਸਕਿਆ ਕੋਈ
ਸੰਪਰਕ: 98153-02081
* * * * * * * * * *
ਗੋਦੀ ਮੀਡੀਆ ਦੇ ਸਮਿਆਂ ਚ…
ਅਮਰੀਕਾ ਤੋਂ ਕੇ.ਟੀ. ਆਈ
ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਜਾਨਣ
ਵੀਡੀਓ ਬਣਾਉਂਦੀ
ਕਿਰਸਾਨੀ ਦੇ ਦੁੱਖ ਫਰੋਲਦੀ
ਬੇਚੈਨੀ ’ਚ
ਖਾ ਜਾਂਦੀ
ਬਲੈਕ ਚਾਕਲੇਟ ਦਾ ਸਾਰਾ ਡੱਬਾ
ਜੇਪੀ ਤੇ ਅੰਮ੍ਰਿਤਾ
ਨਿੱਘੇ ਹੱਥੀਂ
ਧਰ ਦਿੰਦੇ
ਸਥਾਪਤੀ ਦੀਆਂ ਤਲੀਆਂ
ਮੱਚਦੇ ਕੋਲਿਆਂ ਦੀ ਖ਼ਬਰ
ਸਟੇਜ ’ਤੇ ਭਾਸ਼ਣ ਦਿੰਦਿਆਂ
ਜੂੜਾ ਖੁੱਲ੍ਹ ਜਾਂਦਾ
ਵੰਦਨਾ ਸ਼ਿਵਾ ਦਾ
ਉਸਦੇ ਹੱਥ
ਚੁੱਪ-ਚਾਪ ਜਾਂਦੇ
ਵਾਲ ਸੰਭਾਲ਼ਦੇ
ਵਾਲਾਂ ਦੀ ਜੂੜਾ ਬਣਾ
ਪਿੰਨ ਦੁਬਾਰਾ ਕੱਸਕੇ ਲਾ ਦਿੰਦੇ
ਭਾਸ਼ਣ ਦੀ ਤਾਸੀਰ
ਵਿਗੜਨ ਨਾ ਦਿੰਦੇ
ਪਰਸੂਨ ਬਾਜਪਾਈ ਦੇ ਹੱਥ
ਉਸ ਦੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ
ਆਪਸ ਵਿੱਚ
ਪੁਰ ਜੋਸ਼ ਮਿਲਦੇ
ਰਗੜਦੇ ਇੱਕ ਦੂਜੇ ਨੂੰ
ਤੇ ਉਹ ਸ਼ੁਰੂ ਕਰਦਾ
ਤਾਜ਼ਾ ਹਾਲਾਤ ’ਤੇ
ਤਿੱਖਾ ਤਬਸਰਾ
ਬਲਤੇਜ ਪੰਨੂ ਦੀਆਂ ਅੱਖਾਂ
ਦੇਖਦੀਆਂ ਮੋਟੇ ਚਸ਼ਮੇ ਦੇ ਆਰਪਾਰ
ਸਫ਼ਾਚੱਟ ਸਿਰ ਚਮਕਦਾ
ਸੱਜੇ ਹੱਥ ਦੀਆਂ ਉਂਗਲਾਂ
ਹਰਕਤ ’ਚ ਆਉਂਦੀਆਂ
ਤੇ ਉਧੜਨਾ ਸ਼ੁਰੂ ਹੁੰਦਾ
ਤੰਦ ਦਰ ਤੰਦ
ਰਾਜਨੀਤੀ ਦਾ ਮੁਖੌਟਾ
ਤੇ ਰਵੀਸ਼ ਸਦਾ
ਤਹੱਮਲੀ ਸ਼ਾਂਤੀ ਨਾਲ ਰੱਖਦਾ
ਸ਼ਬਦਾਂ ’ਚ ਲੋਕ ਮਨ ਦਾ
ਡਾਈਨਾਮਾਈਟ
ਤੇ ਉਡਾਉਂਦਾ ਪਰਖਚੇ
ਸਥਾਪਤੀ ਦੇ
ਜੇ ਇਹ
ਜਾਂ ਕੁਝ ਹੋਰ ਗਿਣੇ ਚੁਣੇ ਯੋਧੇ ਵੀ ਨਾ ਹੁੰਦੇ
ਤਾਂ ਪੱਤਰਕਾਰੀ
ਲੋਕ-ਤੰਤਰ ਦਾ ਥੰਮ੍ਹ
ਕਿਵੇਂ ਕਹਾਉਂਦੀ
ਗੋਦੀ ਮੀਡੀਆ ਦੇ ਸਮਿਆਂ ਚ…
ਸੰਪਰਕ: 98766-68999
* * * * * * * * * *
ਸਿੰਘੂ ਤੋਂ
ਸ਼ੰਭੂ ਬੈਠੀ ਮਾਂ
ਪੰਜਾਬ ਕੌਰ ਨੂੰ
ਸਿੰਘੂ ਡਟੇ ਪੁੱਤ
ਮਹਿਤਾਬ ਸਿੰਘ ਦਾ
ਇਕ ਖ਼ਤ ਆਇਐ…
ਲਿਖਿਆ ਸੂ:
ਸਿਰ ਫਿਰ ਗਿਐ
ਤੇ ਦਿਲ ਹਿੱਲਿਆ ਪਿਐ ਦਿੱਲੀ ਦਾ
ਦਹਿਲੀਜ਼ਾਂ ਦਹਿਲੀਆਂ
ਤੇ ਨੀਹਾਂ ਕੰਬਦੀਆਂ
ਮੈਂ ਆਪ ਦੇਖੀਆਂ…
ਲਹੂ ਰੱਤੇ ਤਖ਼ਤ ਨੂੰ
ਜਾਂਦੇ ਸਾਰੇ ਰਾਹ
ਹਰੇ ਘਾਹ ਹੋਏ ਪਏ…
ਖੇਤਾਂ ਦੇ ਪੁੱਤ
ਪਾਣੀਪਤ ਦਾ ਕਾਲਾ ਅੰਬ ਉਲੰਘ
ਨਾਂ ਸਿਰਨਾਵੇਂ ਥਾਂ ਪਹੁੰਚ’ਗੇ ਆ…
ਡੰਡੀ ਡੰਡੀ ’ਤੇ
ਹਰੀ ਝੰਡੀ ਝੁੱਲ ਰਹੀ ਆ
ਤੇ ਜਮਨਾ
ਪੁੱਠੇ ਵਹਿਣ ਵਗ ਤੁਰੀ ਆ…
ਮਾਝਾ ਮਾਲਵਾ ਦੁਆਬਾ ਤੇ ਪੁਆਧ
ਬਿਰਧ ਗੱਭਰੂ ਤੇ ਜੁਆਕ
ਸਭ ਮੜਾਸੇ ਕਰੀ ਬੈਠੇ ਆ
ਹਰਿਆਣੇ ਦੇ ਸਿਆਣੇ ਨਿਆਣੇ ਕੀ
ਅਗਧ ਮਗਧ ਦੇ ਭਗਤ ਵੀ
ਟਿਕਰੀ ਕੁੰਡਲੀ ਧੂਣੀਆਂ ਧੁਖਾਈ ਬੈਠੇ ਵਾ…
ਚੁੰਨੀਆਂ ਚਾਦਰਾਂ
ਧੋਤੀਆਂ ਤੇ ਲੁੰਗੀਆਂ
ਸਭ ਕਮਰ ਕੱਸਿਆਂ ’ਚ
ਵਟੀਆਂ ਪਈਆਂ…
ਚਿਰਾਂ ਦੇ ਸ਼ਰੀਕ
ਪਲਾਂ ’ਚ ਕਰੀਬ ਹੋਏ
ਜੱਫੀਆਂ ਖੁੱਲ੍ਹ ਨਈਂ ਰਹੀਆਂ…
ਤੇ ਵਿਗੜੀਆਂ ਸਕੀਰੀਆਂ
ਇਕ ਦੂਏ ਨੂੰ
ਸ਼ੀਰਨੀਆਂ ਵੰਡਣ ਡਈਆਂ ਵਾ…
ਦੇਗਾਂ ਚੜ੍ਹ ਰਹੀਆਂ
ਲੋਹਾਂ ਤਪ ਰਹੀਆਂ
ਆਂਦਰਾਂ ਛਕ ਰਹੀਆਂ…
ਖਾਣ ਨਾ ਪੀਣ ਦੀ ਕੋਈ ਤੋਟ ਆ
ਚਾਰੇ ਪਾਸੇ ਸੱਚੇ ਸਤਿਗੁਰਾਂ ਦੀ ਓਟ ਵਾ…
ਇਕ ਹੱਦ ਹੋਰ ਟੱਪ ਗਈ
ਜੱਟਾਂ ਦੀ ਜੱਟ ਜੱਟ ਦੀ
ਰੱਟ ਵੀ ਠੱਪ ਗਈ…
ਜਾਤ ਪਾਤ ਰੰਗ ਨਸਲ
ਹਰ ਫ਼ਸਲ ਇੱਥੇ ਇਕ ਭਾਅ ਵਿਕ ਰਹੀ…
ਊਚ ਨੀਚ ਭੇਦ ਭਾਵ ਸਭ ਮਿਟੇ ਪਏ
ਨਾਨਕ ਵੇਲਿਆਂ ਦਾ ਗੀਤ
ਤੇ ਪਤਾਲੋਂ ਆਇਆ ਸੰਗੀਤ
ਇਕੋ ਵਾਜੇ ’ਚ ਵੱਜ ਰਹੇ…
ਦਿੱਲੀ ਦੀਆਂ ਜੂਹਾਂ ’ਚੋਂ
ਕੁਝ ਰੂਹਾਂ ਬੋਲਦੀਆਂ ਸੁਣ ਰਹੀਆਂ,
‘‘ਸਿੰਘੂ ਬੈਠੇ ਇਹ ਸਿੰਘ
ਉਨ੍ਹਾਂ ਦੀ ਈ ਵੰਸ਼ ਨੇ
ਜਿਨ੍ਹਾਂ ਇਸੇ ਮਹੀਨੇ
ਕੱਚੀ ਗੜ੍ਹੀ ’ਚੋਂ
ਕਦੇ ਲੱਖਾਂ ਦੀ ਵਾਹਰ ਨੂੰ
ਵੰਗਾਰਿਆ ਸੀ…
ਤੇ ਅੱਜ ਫਿਰ ਓਸੇ ਮਾਹ
ਰੜੇ ਮਦਾਨੋਂ ਹੰਕਾਰ ਨੂੰ ਵੰਗਾਰ ਰਹੇ…’’
ਮਾਂ,
ਤੱਤੀ ਤਵੀ ’ਤੇ ਬੈਠੇ
ਸਿਦਕ ਦਾ ਕਿੱਸਾ ਮੈਂ ਪੜ੍ਹਿਆ ਏ
ਚਾਂਦਨੀ ਚੌਂਕ ’ਚ ਵਰਤੇ
ਸਿਰੜ ਦਾ ਸਾਕਾ ਵੀ ਸੁਣਿਆ ਏ
ਪਰ ਜਬਰ ਮੂਹਰੇ ਸਬਰ ਖੜ੍ਹਾ
ਅੱਜ ਅੱਖੀਂ ਵੇਖ ਰਿਹਾਂ…
ਮਾਰਕੰਡਾ ਪਾਰ ਕਰਦਿਆਂ
ਕੁਝ ਵਿਛੜ ਗਿਆਂ ਦੇ
ਵਿਛੋੜੇ ਤਾਂ ਸਹਿਣੇ ਹੀ ਪਏ
ਪਰ ਇਹ ਵੀ ਜਾਣਦਾਂ
ਕਿ ਯੁੱਧ ’ਚ ਗਏ ਸਾਰੇ ਦੇ ਸਾਰੇ
ਘਰੀਂ ਸਹੀ ਸਲਾਮਤ ਕਦ ਮੁੜੇ ਨੇ…
ਮਾਂ,
ਚੰਨ, ਰਾਤ ਰਾਤ ਭਰ
ਇੱਥੇ ਫੋਟੋਆਂ ਖਿੱਚਦੈ
ਸੂਰਜ ਸਾਰਾ ਸਾਰਾ ਦਿਨ
ਚੁੱਲ੍ਹਿਆਂ ’ਚ ਅੱਗ ਝੋਕਦੈ…
ਮੈਂ ਆਥਣੇ ਜਦ ਰੋਟੀ ਖਾ
ਤਾਰਿਆਂ ਦੇ ਮਖਾਣੇ ਚੱਬਦਾਂ
ਪਤਾ ਨਹੀਂ ਲੱਗਦਾ
ਕਦ ਸੌਂ ਜਾਨਾਂ…
ਦਿਨ ਮਾਹ ਕੀ
ਤਿਮਾਹੀ ਛਿਮਾਹੀ ਵੀ ਕੀ
ਉਦੋਂ ਹੀ ਮੁੜਾਂ ਗੇ
ਜਦ ਨਖੱਤਿਆਂ ਨੇ
ਸਾਡੇ ਖੱਤਿਆਂ ਦੀ ਮਿੱਟੀ
ਸਾਂਵੀ ਦੀ ਸਾਂਵੀ ਮੋੜ ਦਿੱਤੀ…
ਤੇ ਮਾਂ ਤੂੰ ਫ਼ਿਕਰ ਨਾ ਕਰੀਂ
ਬਾਪੂ ਬਘੇਲ ਸਿਹੁੰ ਸਾਡੇ ਨਾਲ ਵਾ…
ਸੰਪਰਕ: 98155-14053
* * * * * * * * * *
ਕਿਸਾਨਾ ਤੇਰਾ ਸ਼ੁਕਰੀਆ
ਖੁੰਢੀਆਂ ਕਟਾਰਾਂ ਤਲਵਾਰ ਹੋ ਗਈਆਂ
ਠਰੀਆਂ ਕਲਮਾਂ ਅੰਗਿਆਰ ਹੋ ਗਈਆਂ
ਹੁੱਸੜੀਆਂ ਰੁੱਤਾਂ ਵੀ ਬਹਾਰ ਹੋ ਗਈਆਂ
ਘੱਗੀਆਂ ਆਵਾਜ਼ਾਂ ਲਲਕਾਰ ਹੋ ਗਈਆਂ
ਕਿਸਾਨਾ ਤੇਰਾ ਸ਼ੁਕਰੀਆ!
ਅੰਨਦਾਤਿਆ ਸ਼ੁਕਰੀਆ!!
ਹੋ ਕਿਰਤੀਆ ਸ਼ੁਕਰੀਆ!!!
ਕਬੀਲਦਾਰਾ ਸ਼ੁਕਰੀਆ!!!!
ਨੌਜਵਾਨਾਂ ਨਵੀਂ ਅੰਗੜਾਈ ਭਰੀ ਆ
ਪੌਣੀ ਨਾਲੋਂ ਜ਼ਿੰਦਗੀ ਸਵਾਈ ਕਰੀ ਆ
ਹੱਕਾਂ ਲਈ ਜਾਨ ਤਲੀ ਉੱਤੇ ਧਰੀ ਆ
ਬੜਾ ਚਿਰ ਦਿੱਲੀ ਦੀ ਗ਼ੁਲਾਮੀ ਜਰੀ ਆ
ਕਿਸਾਨਾ ਤੇਰਾ ਸ਼ੁਕਰੀਆ!
ਅੰਨਦਾਤਿਆ ਸ਼ੁਕਰੀਆ!!
ਹੋ ਕਿਰਤੀਆ ਸ਼ੁਕਰੀਆ !!!
ਕਬੀਲਦਾਰਾ ਸ਼ੁਕਰੀਆ!!!!
ਦਿੱਲੀ ਤਾੜਕਾ ਦੇ ਤਿੱਖੇ ਦੰਦ ਭੋਰ’ਤੇ
ਵੈਰੀ ਦੇ ਬਣਾਏ ਸਾਰੇ ਕਿਲ੍ਹੇ ਤੋੜ’ਤੇ
ਘਰੀਂ ਬੈਠੇ ਰੁੱਸਿਆਂ ਦੇ ਸਿਰ ਜੋੜ’ਤੇ
ਆ ਗੇ ਆਂ ਆਜ਼ਾਦੀ ਵਾਲੇ ਨਵੇਂ ਮੋੜ ’ਤੇ
ਕਿਸਾਨਾ ਤੇਰਾ ਸ਼ੁਕਰੀਆ!
ਅੰਨਦਾਤਿਆ ਸ਼ੁਕਰੀਆ!!
ਹੋ ਕਿਰਤੀਆ ਸ਼ੁਕਰੀਆ!!!
ਕਬੀਲਦਾਰਾ ਸ਼ੁਕਰੀਆ!!!!
ਖ਼ੁਦਕੁਸ਼ੀਆਂ ਦਾ ਠੱਪ ਦੌਰ ਮਿੱਤਰੋ
ਸੇਕਣਗੇ ‘ਰੱਸੇ’ ਹੁਣ ਮੌਰ ਮਿੱਤਰੋ
ਝੂਲਦੇ ਚੜ੍ਹਤ ਵਾਲੇ ਚੌਰ ਮਿੱਤਰੋ
ਕੱਠੇ ਹੋ ਗੇ ਸਿੰਘ ਅਤੇ ਕੌਰ ਮਿੱਤਰੋ
ਕਿਸਾਨਾ ਤੇਰਾ ਸ਼ੁਕਰੀਆ!
ਅੰਨਦਾਤਿਆ ਸ਼ੁਕਰੀਆ!!
ਹੋ ਕਿਰਤੀਆ ਸ਼ੁਕਰੀਆ!!!
ਕਬੀਲਦਾਰਾ ਸ਼ੁਕਰੀਆ!!!!
ਸੰਪਰਕ: 98761-55530
* * * * * * * * * *
ਗ਼ਜ਼ਲ
ਘਟਾਵਾਂ ਸਮਝਿਆ ਜਿਹਨਾਂ ਨੇ ਧੂੰਏ ਦੇ ਗੁਬਾਰਾਂ ਨੂੰ
ਉਹ ਔੜਾਂ ਸਹਿ ਰਹੇ ਹੁਣ ਤਰਸਦੇ ਫਿਰਦੇ ਬਹਾਰਾਂ ਨੂੰ
ਅਜੇ ਉਹ ਝੂਠ ਦੇ ਅੰਬਾਰ ਥੱਲੇ ਦਬ ਗਿਆ ਸ਼ਾਇਦ
ਕਿਸੇ ਦਿਨ ਸੱਚ ਲਾਵੇ ਵਾਂਗ ਚੀਰੇਗਾ ਦਰਾਰਾਂ ਨੂੰ
ਉਡੇਗੀ ਖ਼ਾਕ ਇੱਥੇ, ਸਭ ਪਰਿੰਦੇ ਉੱਡਦੇ ਜਾਂਦੇ ਨੇ
ਅਜੇ ਵੀ ਸਾਂਭ ਐ ਪੰਜਾਬ! ਤੂੰ ਅਪਣੇ ਉਡਾਰਾਂ ਨੂੰ
ਨਾ ਸੁੱਕੇ ਅੱਖੀਓਂ ਪਾਣੀ ਤੇ ਸੀਨੇ ਅੱਗ ਧੁਖਦੀ ਹੈ
ਹਵਾਏ ਹਾਲ ਹੀ ਪੁੱਛ ਲੈ ਕਦੇ ਜ਼ਖ਼ਮੀ ਚਿਨਾਰਾਂ ਨੂੰ
ਤੇਰੇ ਜਿੰਨੇ ਵੀ ਵਾਅਦੇ ਸੀ ਕੋਈ ਵੀ ਪੂਰ ਨਾ ਚੜ੍ਹਿਆ
ਹਾਂ ਮੈਂ ਵੀ ਜਾਣਦਾਂ ਤੇਰੀ ਮੁਹੱਬਤ ਦੇ ਮਿਆਰਾਂ ਨੂੰ
ਅਸਾਡਾ ਰਿਜ਼ਕ ਖੋਹ ਕੇ ਉਹ ਬੜੇ ਖੇਖਣ ਜਿਹੇ ਕਰਦੈ
ਕਦੇ ਮੋਰਾਂ ਨੂੰ ਚੋਗਾ ਤੇ ਕਦੇ ਘੁੱਗੀਆਂ-ਗੁਟਾਰਾਂ ਨੂੰ
ਉਹਨੇ ਪ੍ਰਪੰਚ ਰਚਿਆ ਵਤਨ ਦੀ ਅਜ਼ਮਤ-ਪ੍ਰਸਤੀ ਦਾ
ਅਤੇ ਫਿਰ ਸਰਪ੍ਰਸਤੀ ਦੇ ਦਿੱਤੀ ਸਾਰੇ ਗਦਾਰਾਂ ਨੂੰ
ਇਹ ਹੈ ਚੇਤਾਵਨੀ ਹੰਕਾਰ ਦਾ ਹੁਣ ਦੁਰਗ ਤੋੜਾਂਗੇ
ਧਰਾਸ਼ਾਈ ਕਰਾਂਗੇ ਜ਼ੁਲਮ ਤੇਰੇ ਦੇ ਮਿਨਾਰਾਂ ਨੂੰ
ਸੰਪਰਕ: 94630-16152
* * * * * * * * * *
ਆ ਦਿੱਲੀਏ ਕੁਝ ਗੱਲਾਂ ਕਰੀਏ
ਆ ਦਿੱਲੀਏ ਕੁਝ ਗੱਲਾਂ ਕਰੀਏ
ਬਹਿ ਕੇ ਸੜਕ ਕਿਨਾਰੇ
ਜਿੱਥੇ ਸਾਨੂੰ ਡੱਕਣ ਖਾਤਰ
ਪੱਥਰ ਭਾਰੇ ਭਾਰੇ।
ਸਾਡੇ ਤਪਦੇ ਸੀਨੇ ਤਾਈਂ
ਤੂੰ ਨਾ ਰਤਾ ਵੀ ਠਾਰੇਂ
ਭਾਵੇਂ ਦਿੱਲੀਏ ਸਾਡੇ ਵੱਲੀਂ
ਲੱਖ ਬੁਛਾੜਾਂ ਮਾਰੇਂ।
ਨੀ ਦਿੱਲੀਏ ਤੂੰ ਸਾਡੇ ਰਾਹੀਂ
ਲਾ ਕੰਡਿਆਲੀਆਂ ਤਾਰਾਂ
ਨੀ ਝੱਲੀਏ ਕਿੰਜ ਰੋਕ ਸਕੇਂਗੀ
ਉਡਦੀਆਂ ਹੋਈਆਂ ਡਾਰਾਂ
ਨੀ ਦਿੱਲੀਏ ਤੂੰ ਸਾਡੇ ਵੱਲੀਂ
ਸਿੱਟ ਗੈਸਾਂ ਦੇ ਗੋਲੇ
ਪਰ ਤੇਰੇ ਸਿਰ ਚੜ੍ਹ ਜਾਵਾਂਗੇ
ਬਣ ਕੇ ਤੇਜ਼ ਵਰੋਲੇ
ਨੀ ਦਿੱਲੀਏ ਅਸੀਂ ਮੁੱਢ ਕਦੀਮੋਂ
ਲੜਦੇ ਆਏ ਜੰਗਾਂ
ਸਾਡੇ ਮੂਹਰੇ ਕਿਵੇਂ ਅੜਦੀਆਂ
ਰੇਤ ਤੇਰੀ ਦੀਆਂ ਕੰਧਾਂ
ਨੀ ਦਿੱਲੀਏ ਤੂੰ ਸਾਡੇ ਵੱਲੀਂ
ਖ਼ੂਬ ਵਰਾਈਆਂ ਡਾਂਗਾਂ
ਲਾਲ ਕਿਲੇ ਤੋਂ ਸੁਣ ਰਹੀਆਂ ਨੇ
ਤੇਰੀਆਂ ਕਾਹਨੂੰ ਚਾਂਗਾਂ
ਨੀ ਦਿੱਲੀਏ ਹਿਟਲਰ ਦੀਏ ਜਾਈਏ
ਰੱਖ ਲੈ ਹੋਸ਼ ਟਿਕਾਣੇ
ਦਹੀਂ ਭੁਲੇਖੇ ਪੈ ਗਏ ਤੈਨੂੰ
ਫੁੱਟ ਕਪਾਹ ਦੇ ਖਾਣੇ
ਨੀ ਦਿੱਲੀਏ ਤੁਗਲਕ ਦੀਏ ਭੈਣੇ
ਨਾ ਕਰ ਜੋਰ ਧਿੰਗਾਣੇ
ਜਿਹੜੇ ਕੰਡੇ ਬੀਜ ਰਹੀਂ ਏਂ
ਤੈਥੋਂ ਚੁਗੇ ਨੀ ਜਾਣੇ
ਨੀ ਦਿੱਲੀਏ ਤੂੰ ਕੋਹਜੀ ਕਮਲੀ
ਕੋਹਜੀਆਂ ਤੇਰੀਆਂ ਗੱਲਾਂ
ਕਿੰਜ ਹੱਥਾਂ ਨਾਲ ਰੋਕ ਲਵੇਂਗੀ
ਸਾਗਰ ਵਾਲੀਆਂ ਛੱਲਾਂ
ਤੂੰ ਸੱਤਾ ਦੇ ਨਸ਼ੇ ’ਚ ਦਿੱਲੀਏ
ਹੋਈ ਫਿਰਦੀ ਝੱਲੀ
ਪਰ ਨਾ ਤੈਥੋਂ ਲੋਕਾਂ ਵਾਲੀ
ਨੇਰ੍ਹੀ ਜਾਣੀ ਠੱਲੀ
ਨੀ ਦਿੱਲੀਏ ਬਣ ਬੀਬੀ ਰਾਣੀ
ਸੁਣ ਲੋਕਾਂ ਦੀਆਂ ਕੂਕਾਂ
ਇੰਜ ਰੋਕਿਆਂ ਹੜ੍ਹ ਰੁਕਦੇ ਕਿੱਥੇ
ਭਾਵੇਂ ਮੂਹਰੇ ਹੋਣ ਬੰਦੂਕਾਂ
ਨੀ ਦਿੱਲੀਏ ਜੇ ਚੰਗੀ ਹੋਵੇਂ
ਕੁਝ ਇਤਿਹਾਸ ਨੂੰ ਜਾਣੇਂ
ਸਦਾ ਸਦਾ ਨਾ ਬੈਠੇ ਰਹਿੰਦੇ
ਹਾਕਮ ਰਾਜੇ ਰਾਣੇ
ਨੀ ਦਿੱਲੀਏ ਚਾਅ ਕਿਸ ਨੂੰ ਹੁੰਦਾ
ਸਿਆਲੀਂ ਰਾਤੇ ਠਰਨਾ
ਪਰ ਹੱਥੋਂ ਕੋਈ ਰੋਟੀ ਖੋਹਵੇ
ਪੈਂਦਾ ਲੜਨਾ ਮਰਨਾ
ਨੀ ਦਿੱਲੀਏ ਸੁਣ ਕੰਨ ਖੋਲ੍ਹ ਕੇ
ਸੌ ਦੀ ਇਕ ਸੁਣਾਈਏ
ਜਿਹੜਾ ਸਾਡੀ ਅਣਖ ਵੰਗਾਰੇ
ਉਸਦੇ ਕਿੰਗਰੇ ਢਾਈਏ
ਸੰਪਰਕ: 98726-40994
* * * * * * * * * *
ਗ਼ਜ਼ਲ
ਹੋਈ ਮਿੱਟੀ ਦੀ ਜੋ ਦੁਰਗਤ ਜ਼ਮੀਨਾਂ ਜਾਗ ਪਈਆਂ ਨੇ।
ਲਈ ਕਿਰਤਾਂ ਨੇ ਅੰਗੜਾਈ ਜ਼ਮੀਰਾਂ ਜਾਗ ਪਈਆਂ ਨੇ।
ਇਹ ਜੋ ਕਾਲੀਨ ਮਖ਼ਮਲ ਦੇ, ਨਿਹੱਕੇ ਰੇਸ਼ਮੀ ਲੀੜੇ,
ਇਹਨਾਂ ਦੀ ਖਹਿ ’ਚ ਆਖ਼ਰ ਸਖ਼ਤ ਲੀਰਾਂ ਜਾਗ ਪਈਆਂ ਨੇ।
ਜਿਵੇਂ ਕੋਈ ਦਿਸ਼ਾ ਮਿਲ ਜਾਂਦੀ ਭਟਕੇ ਹੋਏ ਪੈਰਾਂ ਨੂੰ,
ਕੁਝ ਏਦਾਂ ਖੇਤ ਬੰਨਿਆਂ ’ਚੋਂ ਵਹੀਰਾਂ ਜਾਗ ਪਈਆਂ ਨੇ।
ਕੋਈ ਬੁੱਲ੍ਹਾ ਹਵਾ ਦਾ ਐਸਾ ਆਇਆ ਹੈ ਕਿ ਨੀਂਦਰ ’ਚੋਂ,
ਨਵੇਂ ਵਕਤਾਂ ਦੇ ਦੁੱਲ੍ਹੇ ਤੇ ਇਹ ਹੀਰਾਂ ਜਾਗ ਪਈਆਂ ਨੇ।
ਬੜਾ ਰੁਲ਼ੀਆਂ ਨੇ ਥਾਂ-ਥਾਂ, ਦਰ-ਬਦਰ ਪੱਗਾਂ ਅਤੇ ਚੁੰਨੀਆਂ,
ਲਹੂ ਵਿਚ ਫੇਰ ਤੋਂ ਤੱਤੀਆਂ ਤਸੀਰਾਂ ਜਾਗ ਪਈਆਂ ਨੇ।
ਸੰਪਰਕ: 98559-70962
* * * * * * * * * *
ਗ਼ਜ਼ਲ
ਕਿਤੇ ਜੇ ਰੀਣ ਭਰ ਚਾਨਣ ਹੈ ਬੁਝ ਕੇ ਰਾਤ ਹੋ ਜਾਏ
ਉਹ ਚਾਹੁੰਦਾ ਹੈ ਕਿ ਸਾਰਾ ਮੁਲਕ ਹੀ ਗੁਜਰਾਤ ਹੋ ਜਾਏ
ਸਿਰਾਂ ਦੀ ਭੀੜ ’ਚੋਂ ਇਕ-ਅੱਧ ਹੁੰਗਾਰਾ ਮਿਲਣ ਦੀ ਢਿੱਲ ਹੈ
ਖਲਾਅ ਦੀ ਚੀਰਵੀਂ ਚੁੱਪ ਧੜਕਣਾਂ ਦੀ ਬਾਤ ਹੋ ਜਾਏ
ਤੂੰ ਕੁਝ ਤਾਂ ਬੋਲ ਮੇਰੇ ਹਮ-ਸੁਖ਼ਨ ਏਦਾਂ ਵੀ ਹੋ ਸਕਦੈ
ਕਿ ਤੇਰੀ ਚੁੱਪ ਦਾ ਇਹ ਖੋਲ ਹੀ ਇਸਪਾਤ ਹੋ ਜਾਏ
ਅਸਾਡੇ ਦੌਰ ਦੇ ਆਪੇ ਬਣੇ ਭਗਵਾਨ ਚਾਹੁੰਦੇ ਨੇ
ਜਿਉਣਾ, ਜਾਗਣਾ, ਜਗਣਾ ਉਨ੍ਹਾਂ ਦੀ ਦਾਤ ਹੋ ਜਾਏ
ਹਨੇਰੀ ਰਾਤ ਨੂੰ ਮੇਰੇ ਬਲਣ ’ਤੇ ਵੀ ਸ਼ਿਕਾਇਤ ਹੈ
ਉਦ੍ਹਾ ਡਰ ਹੈ ਕਿਤੇ ਇਸ ਲੋਅ ’ਚੋਂ ਨਾ ਪ੍ਰਭਾਤ ਹੋ ਜਾਏ
ਤੂੰ ਕੈਸਾ ਮੇਘਲਾ ਹੈਂ ਜਦ ਕਿਸੇ ਜੰਗਲ ਤੋਂ ਵੀ ਗੁਜ਼ਰੇਂ
ਹਰੇ ਬਿਰਖਾਂ ’ਤੇ ਤਾਜ਼ੇ ਖੂਨ ਦੀ ਬਰਸਾਤ ਹੋ ਜਾਏ
ਅਜੇ ਤੂੰ ਹੋਂਦ ਦੇ ਜਸ਼ਨਾਂ ਨੂੰ ਰੱਜ ਕੇ ਮਾਣ ਜਗਵਿੰਦਰ
ਖ਼ੁਦਾ ਜਾਣੇ ਕਦੋਂ ਤੇਰਾ ਵੀ ਨਾਂ ਅਗਿਆਤ ਹੋ ਜਾਏ
ਸੰਪਰਕ: 94654-64502
ਸੰਕਲਨ ਸਹਿਯੋਗ: ਵਾਹਿਦ