ਰਾਤ ਨੂੰ ਬਲਦੀ ਚਿਖ਼ਾ ਦੀ ਅੱਗ

ਰਾਤ ਨੂੰ ਬਲਦੀ ਚਿਖ਼ਾ ਦੀ ਅੱਗ

ਹਰਜਿੰਦਰ ਹਰਗੜ੍ਹੀਆ

ਦਹਾਕੇ ਪਹਿਲਾਂ ਮਾਂ ਆਖਦੀ ਹੁੰਦੀ ਸੀ

ਪੁੱਤ ਸਾਰੇ ਹੱਥਾਂ ਤੇ ਬੰਦਿਆਂ ’ਚ

ਚੁੱਲ੍ਹੇ ਤੇ ਸੀਨੇ ਗਰਮ ਰੱਖਣ ਜੋਗੀ ਅੱਗ ਨੀ ਹੁੰਦੀ

ਪਿਛਲੇ ਮਹੀਨੇ ਸ਼ਾਇਰ ਦੋਸਤ ਚਿੰਤਤ ਸਨ

ਦੂਰ ਦੇਸ਼ ਜੰਗਲ ਨੂੰ ਲੱਗੀ ਅੱਗ ਤੋਂ

ਅੱਖਾਂ ਭਰ ਰਹੇ ਸੀ ਪੰਛੀਆਂ ਦੀ ਮੌਤ ਉੱਪਰ

ਅੱਜ ਸੋਸ਼ਲ ਮੀਡੀਆ ’ਤੇ ਅੱਗ ਦੇ ਬੱਦਲ ਸਨ

ਦੇਸ਼ ਦੇ ਇੱਕ ਜੰਗਲ ’ਚ ਮਾਸੂਮ ਚਿੜੀ ਦੇ

ਰਾਤ ਨੂੰ ਜਲ਼ੀ ਚਿਖ਼ਾ ਤੋਂ ਉਠਦੇ ਧੂੰਏ ਦੇ

ਮੈਨੂੰ ਤਾਂ ਕੱਲ੍ਹ ਹੀ ਸ਼ੱਕ ਪੈਦਾ ਕਰ ਗਿਆ ਸੀ

ਸੇਵਾ ਮੁਕਤ ਚਿੱਤਰਕਾਰ ਅਧਿਆਪਕ

ਜੋ ਬੇਸ਼ਗਨਾ ਜਿਹਾ ਕੰਮ ਕਰਦਾ ਬਣਾ ਰਿਹਾ ਸੀ

ਅੱਗ ਤੇ ਪਾਣੀ ਪਾਉਂਦੇ ਬਿਨਾਂ ਸਿਰ ਵਾਲੇ

ਧੜਾਂ ਦਾ ਰੰਗੀਨ ਉਲਟਾ ਚਿੱਤਰ

ਗੁਆਂਢ ’ਚ ਰਹਿੰਦੀ ਦਾਦੀ ਅੰਮਾ

ਆਪਮੁਹਾਰੇ ਬੁੜਬੁੜਾ ਰਹੀ ਹੈ

ਜਦੋਂ ਲੋਕਾਂ ਤੇ ਰਿਸ਼ਤਿਆਂ ਅੰਦਰ ਦੀ ਅੱਗ

ਬੁਝ ਚੁੱਕੀ ਹੋਵੇ ਤਾਂ

ਰਾਤ ਨੂੰ ਬਲਦੀ ਚਿਖ਼ਾ ਦੀ ਅੱਗ ਵੀ

ਰੌਸ਼ਨੀ ਤੇ ਸੇਕ ਵਿਹੂਣੀ ਬਣ ਜਾਂਦੀ ਹੈ

ਸੰਪਰਕ: 81988-68001

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All