ਦਰਸ਼ਨ ਜੋਗਾ
ਕਥਾ ਪ੍ਰਵਾਹ
‘‘ਇਹ ਬੁੜ੍ਹਾ ਨੀ ਟਿਕਦਾ ਜਿੰਨਾ ਚਿਰ ਘਰ ਦਾ ਕੋਈ ਜੀਅ ਫਾਹਾ ਨੀਂ ਲੈਂਦਾ।’’ ਛੋਟੀ ਬਹੂ ਦੇ ਕਹੇ ਜ਼ਹਿਰ ਵਰਗੇ ਬੋਲ ਕੰਨਾਂ ’ਚ ਗੂੰਜਦੇ ਹਾਲੇ ਵੀ ਦਿਮਾਗ਼ ਸੁੰਨ ਕਰੀ ਜਾਂਦੇ ਐ।
ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਮਨ ’ਚ ਆਉਂਦੈ, ਮੈਂ ਮਰਦਿਆਂ ਨੂੰ ਬਚਾਉਣ ਦੇ ਹੀਲੇ ਕਰੀ ਜਾਨਾਂ। ਬੀ ਜੇ ਵਸਦਿਆਂ ’ਚ ਰਹਿ ਜਾਈਏ। ਇਹ ਕੀ ਅੱਗ ਉਗਲਦੇ ਐ। ਥੋਡੇ ’ਚੋਂ ਕਿਸੇ ਦੇ ਮਨ ’ਚ ਹੈ ਚਿਣਗ ਮਾੜੀ ਮੋਟੀ ਕਿਸੇ ਦੀ ਜਾਨ ਬਚਾਉਣ ਦੀ। ਸਭ ਸੁਆਹ ਉਡਾਉਂਦੇ ਫਿਰਦੇ ਓਂ। ਬੇ-ਗੈਰਤ, ਮਤਲਬੀ, ਜਿਊਂਦੀਆਂ ਲਾਸ਼ਾਂ। ਆਪਣੇ ਆਪ ਨੂੰ ਚਤਰ ਸਮਝਦੇ ਨੇ। ਜਿਵੇਂ ਰੱਬ ਨਾਲ ਲਿਖਤ ਕਰਕੇ ਆਏ ਹੋਣ, ਬੀ ਇਨ੍ਹਾਂ ’ਤੇ ਤਾਂ ਕੋਈ ਮਾੜਾ ਵਖ਼ਤ ਆ ਈ ਨੀ ਸਕਦਾ। ਮਨ ’ਚ ਦਇਆ ਤਾਂ ਕੀ ਆਉਣੀ ਐ। ਉਲਟਾ ਹੋਰ ਪੱਥਰ ਚੱਕ-ਚੱਕ ਮਾਰਦੇ ਨੇ। ਫੇਰ ਜੇ ਇਨ੍ਹਾਂ ਨੂੰ ਥਾਂ ਸਿਰ ਨਾ ਕੀਤਾ ਤਾਂ ਜਿਊਣਾ ਦੁੱਭਰ ਹੋਜੂ।
‘‘ਕੀ ਬੁੜ-ਬੁੜ ਕਰੀਂ ਜਾਂਨੈ?’’
‘‘ਕੁਛ ਨੀਂ ਬਸ ਐਵੇਂ, ਮਾੜੀ ਔਲਾਦ ਦੀਆਂ ਗੱਲਾਂ ਈ ਮਨ ’ਚ ਆਈ ਜਾਂਦੀਐਂ। ਹੋਰ ਤਾਂ ਕੀ ਬੁੜ-ਬੁੜ ਕਰਨੀ ਐ। ਲੋਕ ਐਵੇਂ ਤਾਂ ਨੀ ਕਹਿੰਦੇ ਨਾ ਮਾੜਾ ਆਵੇ, ਨਾ ਮਾੜਾ ਜੰਮੇ ਘਰ ’ਚ।’’ ਗੁਰਦਿਆਲੋ ਦੀ ਗੱਲ ਸੁਣ ਕੇ ਅੱਭੜਵਾਹਿਆਂ ਵਾਂਗ ਉਸ ਦਾ ਜਵਾਬ ਦਿੰਨਾਂ।
‘‘ਐਵੇਂ ਸੋਚ-ਸੋਚ ਕੇ ਆਵਦਾ ਆਪ ਨਾ ਖਪਾਈ ਜਾ। ਸਾਰੀ ਉਮਰ ਇਨ੍ਹਾਂ ਨੂੰ ਪਾਲਿਆ ਸਾਂਭਿਐ। ਹੁਣ ਵੀ ਜੇ ਇਨ੍ਹਾਂ ਦੇ ਖ਼ਾਨੇ ’ਚ ਨੀਂ ਪੈਂਦੀ। ਤੁਰੇ ਫਿਰਨ। ਐਂ ਤਾਂ ਫਿਰ ਤੂੰ ਊਂਈ ਕਮਲਾ ਹੋਜੇਂਗਾ। ਲੰਘਾ ਲੈ ਚਾਰ ਦਿਨ ਤਕੜਾ ਹੋ ਕੇ। ਮਿੰਟ ’ਚ ਬਾਂਦਰ ਜਾ ਰੁੱਸ ਜਾਂਦੈਂ। ਕਿਹੜਾ ਨਾਨਕੀਂ ਆਇਐਂ ਬੀ ਫੇਰ ਆਜੇਂਗਾ। ਇਹ ਤਾਂ ਆਪਦੇ ਢਿੱਡਾਂ ਦੇ ਨੇ ਸਭ।’’
ਪਤਨੀ ਦੀਆਂ ਉਸ ਦੇ ਸੁਭਾਅ ਅਨੁਸਾਰ ਕੀਤੀਆਂ ਗੱਲਾਂ ਸੁਣ ਕੇ ਮਨ ਦੀ ਫਿਰਕੀ ਹੋਰ ਤੇਜ਼ੀ ਨਾਲ ਘੁੰਮਣ ਲੱਗਦੀ ਐ, ‘‘ਓਹੀ ਤਾਂ ਗੱਲ ਐ, ਕੁਦਰਤ ਦਾ ਕਿਸੇ ਨੂੰ ਪਤੈ ਕੀ ਭਾਣਾ ਵਰਤਾ ਦੇ। ਪਲਾਂ ’ਚ ਧਰਤੀ ਅਸਮਾਨ ਇਕ ਹੋ ਜਾਂਦੈ। ਸਭ ਚੁਸਤੀਆਂ ਚਲਾਕੀਆਂ ਘੁਲ ਜਾਂਦੀਆਂ ਨੇ ਅੱਖ ਦੇ ਫੋਰ ’ਚ। ਕੁਦਰਤ ਤਾਂ ਜੋ ਕਰੇ ਸੋ ਕਰੇ, ਇੱਥੇ ਬੰਦੇ ਈ ਧਰਤੀ ਅਸਮਾਨ ਇਕ ਕਰੀ ਜਾਂਦੇ ਐ। ਦੱਸੋ ਕਿਧਰ ਨੂੰ ਜਾਈਏ? ਹੱਦ ਕਰੀ ਜਾਂਦੇ ਐ। ਮੇਰੇ ਮਗਰ ਤਾਂ ਐਂ ਪਏ ਖੜ੍ਹੇ ਐ ਜਿਵੇਂ ਪਟਿਆਲੇ ਆਲੀ ਰਿਆਸਤ ਉਜਾੜਤੀ ਹੋਵੇ ਇਨ੍ਹਾਂ ਦੀ। ਉਹਦੀ ਕੋਈ ਗੱਲ ਈ ਨੀ ਕਰਦਾ ਜੀਹਦੀ ਉੱਜੜਗੀ। ਇੱਥੋਂ ਤਕ ਕਿੱਥੇ ਸੋਚਦੇ ਨੇ। ਜੇ ਸੋਚਦੇ ਤਾਂ ਦੁੱਖ ਈ ਕਾਹਦਾ ਸੀ। ਮੈਂ ਤਾਂ ਸੋਚ ਲਿਆ ਜਿਹੜਾ ਸੋਚਣਾ ਸੀ। ਨਾੜਾਂ ’ਚ ਪੁਰਖਿਆਂ ਦਾ ਖ਼ੂਨ ਚੱਲਦੈ। ਇਨ੍ਹਾਂ ਮਾਗੂੰ ਖੁਦਗਰਜੀ ਤੇ ਜ਼ਹਿਰ ਥੋੜੋ ਐ ਅੰਦਰ। ਜਦੋਂ ਤਕ ਸਰੀਰ ’ਚ ਜਾਨ ਏ ਸਹੀ ਗੱਲ ਨਾਲ ਖੜੂੰ। ਕਰੂੰ ਰੱਬ ਲੱਗਦੀ ਜਿਹੜੀ ਜੱਗ ਨੂੰ ਵੀ ਭਾਵੇ। ਇਹ ਤਾਂ ਨੀ ਵੇਖਦੇ, ਦੁਨੀਆਂ ਤਾਂ ਵੇਖਦੀ ਐ। ਨਾਲੇ ਮਗਰੋਂ ਵੀ ਵੇਖੂ। ਮੈਂ ਤਾਂ ਰੋਜ ਵੇਖਦਾ ਈ ਆਂ।’’
ਕਈ ਦਿਨ ਹੋਗੇ ਮੈਂ ਬਾਹਰੋਂ ਆ ਕੇ ਘਰੇ ਬੈਠਿਆ ਈ ਸੀ। ਟੇਕ ਵੀ ਕਿੱਥੇ ਆਉਂਦੀ ਐ, ਕਦੇ ਘਰੇ ਕਦੇ ਬਾਹਰ। ਸਾਹਮਣੇ ਗਲੀ ਵਾਲਾ ਗੇਟ ਖੜਕਿਆ, ਨਾਲ ਦੀ ਨਾਲ ਵਰਾਂਡੇ ਵਿਚ ਲੱਗੀ ਘੰਟੀ ਵੀ ਵੱਜਦੀ ਐ। ਵੇਖਦਾਂ ਤਿੰਨੇ ਜੁਆਕ ਸਕੂਲ ਦੀ ਵੈਨ ਵਿਚੋਂ ਉਤਰ ਕੇ ਅੰਦਰ ਵੱਲ ਨੂੰ ਆ ਰਹੇ ਨੇ। ਛੋਟੇ ਮੁੰਡੇ ਦੇ ਲਵੀ ਤੇ ਜੋਤ ਦੋਵੇਂ ਭੈਣ ਭਰਾ ਤੇ ਵੱਡੇ ਕੁਲਤਾਰ ਦਾ ਮੁੰਡਾ ਆਸਵੰਤ। ਤਿੰਨੇ ਸ਼ਹਿਰ ਦੇ ਮਾਡਲ ਹਾਈ ਸਕੂਲ ’ਚ ਪੜ੍ਹਦੇ ਨੇ। ਸਵੇਰੇ ਵੈਨ ਲੈ ਜਾਂਦੀ ਐ ਦੁਪਹਿਰੇ ਘਰੇ ਛੱਡ ਜਾਂਦੀ ਐ। ਲਵੀ ਤੇ ਜੋਤ ਅੱਗੇ-ਅੱਗੇ ਆਪਣੀਆਂ ਗੱਲਾਂ ’ਚ ਮਸਤ ਹੱਸਦੇ ਤੁਰੇ ਆਉਂਦੇ ਨੇ। ਆਸਵੰਤ ਹੌਲੀ-ਹੌਲੀ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰਿਆ ਆਉਂਦੈ।
‘‘ਆਗੇ ਪੁੱਤ ਸਕੂਲੋਂ!’’ ਕੋਲ ਪਹੁੰਚਿਆਂ ਤੋਂ ਆਪਮੁਹਾਰੇ ਹੀ ਮੇਰੇ ਮੂੰਹੋਂ ਨਿਕਲ ਆਉਂਦੈ। ਹਾਲਾਂਕਿ ਜੁਆਕ ਭਾਵੇਂ ਮੇਰੇ ਕੋਲ ਖੜ੍ਹੇ ਐ। ਫੇਰ ਵੀ ਉਨ੍ਹਾਂ ਨਾਲ ਜ਼ੁਬਾਨ ਸਾਂਝੀ ਕਰਨ ਵਜੋਂ ਪੁੱਛਦਾ ਹਾਂ।
‘‘ਹਾਂ ਬਾਪੂ ਜੀ’’ ਲਵੀ ਤੇ ਜੋਤ ਇਕੱਠੇ ਹੀ ਜਵਾਬ ਦਿੰਦੇ ਅੰਦਰ ਲੰਘ ਜਾਂਦੇ ਨੇ। ਆਸਵੰਤ ਕੁਝ ਨੀਂ ਬੋਲਦਾ।
ਮਨ ਅੰਦਰਲੀਆਂ ਤਾਰਾਂ ਤਾਂ ਪਹਿਲਾਂ ਈ ਵੱਜੀ ਜਾਂਦੀਆਂ ਸੀ। ਜਵਾਕਾਂ ਵੰਨੀ ਵੇਖ ਕੇ ਸਗੋਂ ਅੰਦਰਲਾ ਹੋਰ ਤੜਫਣ ਲੱਗ ਪਿਐ। ਆਸਵੰਤ ਦਾ ਉਦਾਸ ਚਿਹਰਾ ਮੈਨੂੰ ਅੰਦਰੋ-ਅੰਦਰ ਹੋਰ ਉਦਾਸ ਕਰਦੈ। ਇਹਦੀ ਮਾਂ ਮਰੀ ਨੂੰ ਪੰਜ ਸਾਲ ਹੋਗੇ। ਉਸ ਦੇ ਤੁਰ ਜਾਣ ਨੇ ਘਰ ਪਰਿਵਾਰ ਨੂੰ ਤਾਂ ਅੰਦਰ ਤਕ ਤੋੜਿਆ ਹੀ ਤੋੜਿਆ। ਇਹ ਬੱਚੇ ਦਾ ਜੋ ਹਾਲ ਹੋਇਆ ਪਿਐ। ਮੈਥੋਂ ਸਹਾਰਿਆ ਨੀਂ ਜਾਂਦਾ। ਕਿਵੇਂ ਪਲਾਂ ਵਿਚ ਸਰਬਜੀਤ ਸਾਡੇ ਹੱਥਾਂ ’ਚੋਂ ਕਿਰ ਗਈ। ਕੁਲਤਾਰ ਅੱਡ ਟੁੱਟ ਗਿਆ। ਸਾਰਿਆਂ ਨੇ ਸਲਾਹ ਕੀਤੀ ਕਿ ਜੋ ਨਹੀਂ ਹੋਣਾ ਸੀ ਉਹ ਹੋ ਗਿਆ, ਮੁੜ ਕੁਝ ਹੱਥ ਨਹੀਂ ਆਉਂਦਾ। ਇਹਦੀ ਜਿੰਦਗੀ ਅੱਗੇ ਤੋਰਨ ਲਈ ਇਹਨੂੰ ਦੁਬਾਰੇ ਪਰੁੰਨਿਆ। ਬਈ ਚਲੋ ਸਾਰੀ ਉਮਰ ਕੀਹਦੇ ਚੁੱਲ੍ਹੇ ’ਤੇ ਰੁਲਦਾ ਫਿਰੂ। ਨਾਲੇ ਆਹ ਜੁਆਕ ਪਲਜੂ। ਪਰ ਕੀ ਪਤਾ ਸੀ ਬਈ ਕਿਹੋ ਜੀ ਉੱਘੜੂ ਅੱਗੇ। ਜਿੱਦੇਂ ਦੀ ਆਈ ਆ ਫੁੱਟੀ ਅੱਖ ਨਹੀਂ ਦੇਖਣਾ ਚਾਹੁੰਦੀ ਜੁਆਕ ਨੂੰ।
ਜੁਆਕ ਤਾਂ ਜੁਆਕ ਐ। ਜਦੋਂ ਨਵੀਂ ਨਵੀਂ ਆਈ ਤਾਂ ਸਾਰੇ ਈ ਆਖਣ ਤੇਰੀ ਮੰਮੀ ਐ। ਇਹਦੇ ਭਰਾ ਅੱਡ ਮਾਮੇ ਬਣ-ਬਣ ਬੁੱਕਲ ’ਚ ਲੈ ਨੇੜੇ ਕਰ-ਕਰ ਕੇ ਦੱਸਣ, ‘‘ਤੇਰੀ ਮੰਮੀ ਐ ਆਸਵੰਤ।’’
ਮੰਮੀ ਦਾ ਪਿਆਰ ਲੱਭਦਾ ਆਸਵੰਤ ਇੱਕ ਰਾਤ ਟੈਲੀਵਿਜ਼ਨ ਵੇਖਦਾ-ਵੇਖਦਾ ਕਹੇ, ‘‘ਮੰਮੀ ਪਾਪਾ ਕੋਲ ਪੈਣੈ।’’
ਇਹਨੇ ਤਾਂ ਅਹੀ ਜੀ ਅੜੀ ਫੜੀ ਕਹਿੰਦੀ, ‘‘ਜੇ ਇਕ ਵਾਰੀ ਗਿੱਝ ਗਿਆ ਮੈਨੂੰ ਤਾਂ ਰੋਜ਼ ਠਿੱਠ ਕਰੂ।’’
ਅੱਧੀ ਰਾਤ ਕੁਲਤਾਰ ਉਂਗਲੀ ਫੜੀ ਮੇਰੇ ਮੰਜੇ ਕੋਲ ਲਈ ਖੜ੍ਹਾ, ‘‘ਬਾਪੂ ਜੀ ਇਹਨੂੰ ਆਪਣੇ ਕੋਲ ਪਾ ਲੋ।’’ ਮੈਂ ਸਮਝ ਗਿਆ। ਜੁਆਕ ਹੁਬਕੀਂ-ਹੁਬਕੀਂ ਰੋਵੇ।
ਮੈਂ ਮਸਾਂ ਵਿਰਿਆਕੇ ਆਵਦੇ ਕੋਲ ਸੁਵਾਇਆ। ਓਦੇਂ ਦਾ ਮੇਰੇ ਕੋਲ ਜਾਂ ਆਪਦੀ ਦਾਦੀ ਕੋਲ ਸੌਂਦੈ। ਰਾਤ ਤਾਂ ਕੀ ਇਹ ਤਾਂ ਦਿਨੇ ਵੀ ਚੱਜ ਨਾਲ ਕੋਲ ਨੀਂ ਬੁਲਾਉਂਦੀ ਮੁੰਡੇ ਨੂੰ। ਸਕੂਲ ਵਾਸਤੇ ਦਾਦੀ ਤਿਆਰ ਕਰੇ ਨਾ ਕਰੇ। ਰੋਟੀ ਪਕਾ ਕੇ ਡੱਬੇ ’ਚ ਪਾਉਣੀ ਤਾਂ ਦੂਰ ਦੀ ਗੱਲ ਐ। ਉਹਦਾ ਕੋਈ ਤਾਅਲੁਕ ਨਹੀਂ ਜੁਆਕ ਨਾਲ।
‘‘ਬਾਬਾ ਜੀ, ਤੁਸੀਂ ਕੈਰਮ ਬੋਰਡ ਖੇਡ ਸਕਦੇ ਓ?’’ ਆਸਵੰਤ ਦੀ ਅਵਾਜ਼ ਸੁਣ ਕੇ ਇਕਦਮ ਤ੍ਰਬਕ ਗਿਆ ਸਾਂ। ਉੁਹਨੇ ਅੰਦਰੋਂ ਆ ਕੇ ਮੈਨੂੰ ਪੁੱਛਿਆ ਸੀ।
‘‘ਕੀ ਕਿਹਾ ਬੇਟਾ!’’
‘‘ਕੈਰਮ ਬੋਰਡ।’’
‘‘ਨਾ ਪੁੱਤ, ਮੈਨੂੰ ਤਾਂ ਇਹ ਡੀਟੀਆਂ ਜਿਹੀਆਂ ਦੀ ਕੋਈ ਸਮਝ ਨੀਂ। ਤੂੰ ਲਵੀ ਹੋਰਿਆਂ ਨਾਲ ਖੇਡ ਲੈ।’’
‘‘ਬਾਪੂ ਜੀ, ਉਹ ਤਾਂ ਕਹਿੰਦੇ ਅਸੀਂ ਤਾਂ ਦੋਵੇਂ ਖੇਡਾਂਗੇ।’’ ਸੁਣਕੇ ਸਰੀਰ ਜਮਾਂ ਈ ਸੁੰਨ ਹੋ ਗਿਆ।
ਪਤਾ ਤਾਂ ਮੈਨੂੰ ਪਹਿਲਾਂ ਵੀ ਲੱਗਦਾ ਸੀ, ਪਰ ਅੰਦਰੇ-ਅੰਦਰ ਪੀ ਜਾਂਦਾ ਸੀ।
ਮਨ ’ਚ ਆਵੇ ਸਹੁਰਿਓ ਥੋਡੇ ਵੱਡਿਆਂ ਅੰਦਰੋਂ ਜਿਹੜੀ ਜ਼ਹਿਰ ਉਗਲਦੀ ਐ ਉਹ ਤਾਂ ਉਗਲਦੀ ਐ, ਹੁਣ ਜੁਆਕਾਂ ਨੂੰ ਵੀ ਦੇਤੀ ਜ਼ਹਿਰ ਦੀ ਗੁੜ੍ਹਤੀ।
‘‘ਓ ਲਵੀ…, ਓ ਲਵੀ ਪੁੱਤ।’’
ਮੇਰਾ ਬੋਲ ਸੁਣ ਕੇ ਵੀ ਕੋਈ ਨੀਂ ਆਇਆ ਸਗੋਂ ਖੇਡਦੇ ਜਵਾਕਾਂ ਦੀ ਅਵਾਜ਼ ਆਉਣੋਂ ਵੀ ਬੰਦ ਹੋ ਜਾਂਦੀ ਐ।
ਫੇਰ ਬੋਲ ਮਾਰਦਾਂ ਤਾਂ ਛੋਟੀ ਬਹੂ ਦੀ ਅਵਾਜ਼ ਆਈ, ‘‘ਬਾਪੂ ਜੀ, ਇਹਤਾਂ ਰੋਟੀ ਖਾ ਕੇ ਦੋਵੇਂ ਸੌ ਗਏ।’’
ਮਨ ’ਚ ਆਵੇ, ਐਵੇਂ ਤਾਂ ਨੀਂ ਕਹਿੰਦੇ ਸੁੱਤਿਆਂ ਨੂੰ ਜਗਾਇਆ ਜਾ ਸਕਦੈ, ਜਾਗਦਿਆਂ ਨੂੰ ਕੌਣ ਜਗਾਵੇ। ਇਨ੍ਹਾਂ ਗੱਲਾਂ ਦਾ ਭੰਨਿਆ ਤਾਂ ਅੱਜ ਦੁਖੀ ਹੋਇਆ ਪਿਆਂ। ਹਾਲੇ ਕਹਿੰਦੇ ਨੇ ਮੈਂ ਮਾੜਾਂ। ਲੋਕ ਤਾਂ ਯਤੀਮਖਾਨਿਆਂ ’ਚ ਜਾ-ਜਾ ਕੇ ਬੱਚਿਆਂ ਦੀ ਮਦਦ ਕਰਕੇ ਆਉਂਦੇ ਨੇ। ਤੁਸੀਂ ਤਾਂ ਇਹਨੂੰ ਘਰ ’ਚ ਈ ਯਤੀਮਾਂ ਤੋਂ ਵੱਧ ਬਣਾਤਾ। ਕੱਲੀ ਮਾਂ ਤੋਂ ਬਿਨਾਂ। ਧਿਰਗ ਐ ਥੋਡੇ ਇਹੋ ਜਿਆਂ ਦੇ।
‘‘ਬਾਪੂ ਜੀ…’’ ਉਸ ਦਾ ਬੋਲ ਸੁਣ ਕੇ ਸੋਚਾਂ ਦੇ ਖੂਹ ’ਚੋਂ ਬਾਹਰ ਨਿਕਲਦਾਂ।
‘‘ਹਾਂ ਪੁੱਤ।’’ ਉਸ ਦੇ ਹੱਥੋਂ ਕੈਰਮ ਬੋਰਡ ਫੜ, ਮੰਜੇ ’ਤੇ ਬਿਠਾ ਲੈਨਾਂ।
ਉਸ ਤੋਂ ਪੁੱਛ ਕੇ ਲਾਲ ਦਮਕੜ੍ਹੇ ਜੇ ’ਤੇ ਛੋਟੇ-ਛੋਟੇ ਠੋਲ੍ਹੇ ਜਿਹੇ ਮਾਰਨ ਲੱਗਦਾਂ। ਅਸਲ ’ਚ ਇਹ ਠੋਲ੍ਹੇ ਮਾਰ ਕੇ ਦਮਕੜੇ ਨਹੀਂ ਹਿਲਾਉਂਦਾ ਸਗੋਂ ਲੱਗਦੈ ਜ਼ਿੰਦਗੀ ਦੇ ਦਮਕੜਿਆਂ ਨੂੰ ਠੋਲੇ ਮਾਰ-ਮਾਰ ਅੱਗੇ ਨੂੰ ਰਿਸਕਾ ਰਿਹਾਂ ਤਾਂ ਕਿ ਗੱਲ ਕਿਸੇ ਤਣ ਪੱਤਣ ਲੱਗ ਜਾਵੇ।
ਆਸਵੰਤ ਮੇਰੇ ਪੁੱਠੇ ਸਿੱਧੇ ਨਿਸ਼ਾਨੇ ਵੇਖ ਕੇ ਹੱਸਦੈ। “ਬਾਪੂ ਜੀ, ਸਾਹਮਣੇ ਵਾਲੀਆਂ ਡੀਟੀਆਂ ਨੂੰ ਡੱਬੀ ’ਚ ਪਾਉਣੈ, ਨਿਸ਼ਾਨਾ ਸਿੱਧਾ ਲਾਓ।’’
‘‘‘ਮਖਿਆਂ ਵੇਖਦਾ ਜਾਹ, ਡੱਬੀ ’ਚ ਈ ਪਾਊਂ, ਪਿੱਛੇ ਨੀ ਮੁੜਨ ਦਿੰਦਾ।’’ ਉਹ ਮੇਰੀ ਗੱਲ ਸੁਣ ਕੇ ਫੇਰ ਉੱਚੀ ਉੱਚੀ ਹੱਸਦੈ। ਇਹੋ ਹਾਸਾ ਵੇਖਣ ਲਈ ਈ ਤਰਲੇ ਮਾਰਦਾਂ।
ਪੜ੍ਹਨ ਵੇਲੇ ਮੋਹਨ ਸਿੰਘ ਦੀ ‘ਮਾਂ ਵਰਗਾ ਘਣਛਾਵਾਂ ਬੂਟਾ’ ਕਵਿਤਾ ਦੀ ਯਾਦ ਆਉਦੀਂ ਐ… ਮਨ ਭਰਦੈ। ਐਵੇਂ ਥੋੜ੍ਹਾ ਲਿਖਦੇ ਨੇ ਕਵੀ। ਸੱਚ ਹੁੰਦੈ ਜ਼ਿੰਦਗੀ ਦਾ।
ਮਨ ’ਚ ਆਉਂਦੀ ਡੀਟੀਆਂ ਦੇ ਤਣ ਪੱਤਣ ਆਲੀ ਗੱਲ ਛੋਟੇ ਤੇ ਉਹਦੀ ਬਹੂ ਨਾਲ ਕੀਤੀ ਤਾਂ ਛੋਟਾ ਤਾਂ ਹਾਲੇ ਬੋਲਣ ਈ ਲੱਗਦਾ ਸੀ, ਉਸ ਤੋਂ ਪਹਿਲਾਂ ਚਾਰੇ ਲੱਤਾਂ ਚੱਕ ਕੇ ਬਹੂ ਹੋਰ ਈ ਅਰਲੀਆਂ ਚੜ੍ਹੇ, ‘‘ਫਿਰਦਾ ਰਹੇ, ਜਿਹਨੇ ਜੰਮਿਐ ਉਹੀ ਸਾਂਭੇ, ਅਸੀਂ ਦੱਸ ਕੀ ਠੇਕਾ ਲਿਐ ਬਾਪੂ ਜੀ।’’
ਬਾਪੂ ਜੀ ਕੀ ਬੋਲੇ, ਸੰਘ ’ਚ ਬੋਲ ਅੜੇ ਪਏ ਨੇ। ਅੰਦਰ ਤਾਂ ਬਥੇਰਾ ਖੌਰੂ ਪੈਂਦੈ। ਇਹ ਬੋਲ ਤਾਂ ਚੰਗੀ ਤਰ੍ਹਾਂ ਬਾਹਰ ਕੱਢੂੰ ਵੇਲੇ ਸਿਰ। ਕਿਹੜਾ ਇਕ ਦਿਨ ਦੀ ਗੱਲ ਐ। ਰੋਜ਼ ਰੋਜ਼ ਦਾ ਰੇੜਕਾ ਤਾਂ ਖਤਮ ਕਰਨਾ ਈ ਪੈਣੈ।
ਖੌਰੂ ਤਾਂ ਇਹ ਵੀ ਬਥੇਰਾ ਪਾਈ ਜਾਂਦੇ ਐ, ਕਈ ਦਿਨ ਹੋਗੇ ਛੋਟੀ ਲੱਗੀ ਪਈ, ਕੋਲ ਅੰਦਰੇ ਛੋਟਾ ਡੌਰੂ, ਮੇਰੇ ਆਏ ਦੀ ਇਨ੍ਹਾਂ ਨੂੰ ਬਿੜਕ ਨਾ ਪਈ। ਤੀਮੀਂ ਆਖੇ, ‘‘ਇਹਨੂੰ ਕੀ ਐ ਮਰਗੀ ਤਾਂ ਉਹ ਮਰਗੀ। ਇਹ ਤਾਂ ਹੋਰ ਲਿਆਇਆ। ਦੂਜਾ ਵਿਆਹ ਕਰਵਾ ਕੇ ਨਿੱਤ ਨਵਾਂ-ਨਵੇਲਾ ਬਣਿਆ ਸਵਾਦ ਲੈਂਦਾ ਫਿਰਦੈ। ਔਲਾਦ ਕੋਈ ਹੋਰ ਸਾਂਭੂ? ਪਹਿਲਾਂ ਸੋਚਣਾ ਸੀ। ਨਵੀਂ ਨਾਰ ਲਿਆਉਣ ਵੇਲੇ। ਅਸੀਂ ਆਪਦੇ ਸਾਂਭੀਏ ਕਿ ਇਹਦੇ ਨੂੰ। ਜਿਹੜੀ ਲਿਆਂਦੀ ਐ ਮਾਲਕਣ ਬਣਾ ਕੇ ਉਹਨੂੰ ਕਹੇ। ਉਹ ਤਾਂ ਸਾਰਾ ਦਿਨ ਨਾਹ-ਧੋ ਕੇ ਪਲੰਘ ’ਤੇ ਚੜ੍ਹੀ ਰਹਿੰਦੀ ਐ, ਪੈਰਾਂ ’ਤੇ ਪਾਣੀ ਨੀਂ ਪੈਣ ਦਿੰਦੀ। ਦੋਵੇਂ ਲੱਤਾਂ ਜੋੜ ਕੇ ਛੜਾਂ ਮਾਰਦੀ ਤੋਂ ਡਰ ਲੱਗਦੈ ਸਭ ਨੂੰ। ਨਹੀਂ ਸਾਂਭਦੀ ਤਾਂ ਆਪ ਸਾਂਭੇ। ਨਾਲੇ ਹੁਣ ਤਾਂ ਬੋਤੇ ਵਰਗਾ ਹੋਇਆ ਫਿਰਦੈ। ਬੁੜ੍ਹਾ ਗੱਲ-ਗੱਲ ’ਤੇ ਕਹੂ ਜਵਾਕ ਐ।’’ ਸੁਣ ਕੇ ਸੁੰਨ ਹੋ ਗਿਆ ਸਾਂ। ਬੋਲ ਕੁਛ ਨਾ ਸਕਿਆ। ਚੁੱਪ ਕਰਕੇ ਅੰਦਰ ਬੈਠਕ ’ਚ ਆ ਡਿੱਗਿਆ।
ਮਨ ’ਚ ਆਵੇ, ਓ ਮਾੜੀਆਂ ਨੀਤਾਂ ਵਾਲਿਓ ਸੋਥੋਂ ਕੀ ਇਹ ਦੋ-ਦੋ ਜੋੜ ਕੇ ਖਾਣ ਨੂੰ ਮੰਗਦੈ।
ਤੁਸੀਂ ਪਿਆਰ ਨਾਲ ਇਹਨੂੰ ਬੁਲਾ ਲੋ। ਕੀ ਘਟ ਜੂ ਥੋਡਾ? ਇਕ ਮਿੱਠੀ ਜੁਬਾਨ ਦੇ ਬੋਲਾਂ ਨਾਲ ਇਸ ਜਵਾਕ ਦੀ ਜ਼ਿੰਦਗੀ ਸੋਹਣੀ ਤੁਰਦੀ ਰਹੂ। ਪਰ ਨਾ … ਕਿੱਥੇ…। ਜ਼ਿੰਦਗੀ ਤੋਰਨ ਆਲੇ ਚਾਲੇ ਇਨ੍ਹਾਂ ਦੇ ਕਿੱਥੇ ਨੇੇ।
ਇਕ ਦਿਨ ਸਕੂਲ ਜਾਂਦੇ ਨੂੰ ਮੈਂ ਸੁਭਾਵਕ ਪੁੱਛ ਬੈਠਾ, ‘‘ਆਸਵੰਤ, ਰੋਟੀ ਵਾਲਾ ਡੱਬਾ ਪਾ ਲਿਆ ਬੈਗ ’ਚ?’’ ਤਾਂ ਅੰਦਰੋਂ ਕੜਕਦੀ ਅਵਾਜ਼ ਆਈ, ‘‘ਬਹੁਤਾ ਫਿਕਰ ਐ ਤਾਂ ਅੱਡ ਰਸੋਈਆ ਰੱਖ ਲੋ ਇਸ ਸਹਬਿਜ਼ਾਦੇ ਲਈ।’’ ਇਕ ਬੋਲਿਆ ਨੀਂ ਗਿਆ। ਮਨ ’ਚ ਆਵੇ ਮਾਂ ਮੁੱਕਗੀ ਤਾਂ ਅੱਡ ਰਸੋਈਆ ਰੱਖਣ ਨੂੰ ਪਰਖਦੀ ਐਂ। ਉਹਦੇ ਹੁੰਦੇ ਕਿੰਨਾ ਕੁ ਕਿਹਾ ਸੀ ਤੈਨੂੰ। ਆਪੇ ਸਜਾ ਸੰਵਾਰ ਕੇ ਤੋਰਦੀ ਸੀ। ਮੈਂ ਤਾਂ ਹੈਰਾਨ ਇਸ ਗੱਲ ’ਤੇ ਆਂ ਬੀ ਕਿਵੇਂ ਸੁੱਬੀ ਦੇ ਸੱਪ ਬਣੇ ਬੈਠੇ ਨੇ। ਜਵਾਕ ਨਾਲ ਬੋਲਣਾ ਈ ਪਾਪ ਸਮਝਦੇ ਐ। ਜਿਵੇਂ ਕਿਤੇ ਭਿੱਟੇ ਜਾਣਗੇੇ। ’ਕੱਲਾ ਆਪ ਬੋਲਣਾ ਈ ਨੀਂ, ਦੂਜੇ ਦੀ ਬੋਲ ਕੇ ਕਹੀ ਗੱਲ ਵੀ ਸੁਣਨ ਨੂੰ ਤਿਆਰ ਨੀਂ।
ਪਿਛਲੇ ਸਾਲ ਪੜ੍ਹਨ ਆਲੇ ਜਵਾਕਾਂ ਦੇ ਜਦੋਂ ਨਤੀਜੇ ਆਏ। ਨਵੀਆਂ ਜਮਾਤਾਂ ’ਚ ਦਾਖਲ ਹੋਣੇ ਸੀ।
ਅੱਜਕੱਲ੍ਹ ਦੇ ਸਕੂਲਾਂ ਦੀ ਜਿਹੜੀ ਪੜ੍ਹਾਈ ਐ ਉਹ ਤਾਂ ਕਿਸੇ ਜਵਾਕ ਦੇ ਤਣ ਪੱਤਣ ਲੱਗਣ ’ਤੇ ਈ ਪਤਾ ਲੱਗਦੈ।
ਕਿਤਾਬਾਂ ਤੇ ਫੀਸਾਂ ਮੂੰਹੇ ਲੋਕ ਖੁੰਘਲ ਕੀਤੇ ਪਏ ਐ। ਛੋਟਾ ਤੇ ਬਹੂ ਆਵਦੇ ਜੁਆਕਾਂ ਵਾਸਤੇ ਕਿਤਾਬਾਂ ਲੈਣ ਜਾਂਦੇ ਸੀ।
ਕੁਲਤਾਰ ਕਹਿੰਦਾ, ‘‘ਆਸਵੰਤ ਦੀਆਂ ਵੀ ਲੈ ਆਇਓ। ਜਿਹੜੇ ਪੈਸੇ ਲੱਗੇ ਮੈਂ ਦੇ ਦੂੰ।’’
ਜਦੋਂ ਘਰੇ ਮੁੜੇ ਤਾਂ ਕਹਿੰਦੇ, ਇਹਦੀ ਜਮਾਤ ਦੀਆਂ ਤਾਂ ਆਈਆਂ ਨੀ। ਮੈਨੂੰ ਪਤਾ ਸੀ ਇਨ੍ਹਾਂ ਦੀ ਕਰਤੂਤ ਦਾ। ਦੂਜੇ ਦਿਨ ਆਸਵੰਤ ਦੇ ਨਾਲ ਉਸ ਦੇ ਸਕੂਲ ਗਿਆ। ਉਨ੍ਹਾਂ ਨੇ ਪੈਸੇ ਫੜੇ, ਉਸੇ ਵਕਤ ਸਣੇ ਬੈਗ ਕਿਤਾਬਾਂ ਫੜਾਤੀਆਂ। ਨਾਲੇ ਆਖਣ, ‘‘ਜੇ ਕਿਸੇ ਨੂੰ ਹੋਰ ਵੀ ਲੋੜ ਐ ਤਾਂ ਭੇਜ ਦਿਓ।’’
ਮਨ ’ਚ ਆਖਾਂ ਭੇਜਿਆ ਤਾਂ ਪਹਿਲਾਂ ਈ ਸੀ ਮਾੜੀ ਔਲਾਦ ਨੂੰ। ਪਰ ਜਦੋਂ ਭਾਈ ਆਪਦੇ ਈ ਖੂਨ ਸਫੇਦ ਹੋ ਜਾਣ। ਫੇਰ ਇਉਂ ਈ ਹੁੰਦੈ। ਆਹ ਤਾਂ ਰੱਥ ਫੜ ਛੱਡੇ ਨੇ ਇਨ੍ਹਾਂ ਨੇ। ਦੱਸ ਕਿੱਧਰ ਨੂੰ ਜਾਈਏ।
ਕੁਲਤਾਰ ’ਚ ਜੇ ਮਾੜਾ ਮੋਟਾ ਕਣ-ਕੰਡਾ ਹੁੰਦਾ ਤਾਂ ਮੈਂ ਐਂ ਨਾ ਭੁਜਦਾ। ਸੋਚਣ ਵਾਲੀ ਗੱਲ ਐ ਬੀ, ਬੰਦੈਂ ਤੂੰ। ਬੰਦੇ ਨੂੰ ਬੰਦਿਆਂ ਆਲੀ ਗੱਲ ਤਾਂ ਦਿਖਾਉਣੀ ਚਾਹੀਦੀ ਐ, ਚਾਰਾ ਚਰ ਕੇ ਤਾਂ ਪਸ਼ੂ ਵੀ ਲਿਟ ਜਾਂਦੇ ਐ। ਪਸ਼ੂ ਤੇ ਬੰਦੇ ’ਚ ਕੋਈ ਫਰਕ ਵੀ ਦਿਸੇ। ਲੱਗੇ ਵੀ ਜਿਉਂਦੇ ਆਂ। ਨਾ ਜਮ੍ਹਾਂ ਈ ਨੀਂ। ਬੱਸ ਉਹੀ ਇਕੋ ਗੱਲ, ‘‘ਕਿਹੜਾ ਦੁਹਾਜੂ ਨਾਲ ਤੋਰਦੈ ਛੇਤੀ ਕਿਤੇ ਆਵਦੀ ਧੀ ਨੂੰ…। ਇਹਨੂੰ ਵਰਿਆ ਤਰਿਆ ਕੇ ਰੱਖਦਾਂ।’’
ਮਖਿਆਂ ਵਰਿਆਈ ਜਾਹ। ਆਹ ਬੱਚੇ ਦਾ ਪਾਪ ਥੋਨੂੰ ਸਾਰਿਆਂ ਨੂੰ ਮਾਰੂ। … ਘੱਗਰੀ ਦੇ ਯਾਰ ਬਣੇ ਬੈਠੇ ਐ। ਹਰੇਕ ਜੀਅ ਦੀ ਰਾਹ ਸਿਰ ਦੀ ਗੱਲ ਮੰਨੋ। ਇਹ ਤਾਂ ਨੀਂ ਵੀ ਦਿਨ ਨੂੰ ਰਾਤ ਕਹੀ ਜਾਓ, ਪਿਛਲੱਗ ਬਣ ਕੇ।
ਦੱਸੋ ਥੋਡੇ ਕੀ ਦੰਦੀਆਂ ਵੱਡਦੈ ਜਿਹੜੇ ਨਾਲ ਤੁਰੂ ਉਹੀ ਆਖੂ, ‘ਫਲਾਣੇ ਨਾਲ ਆਜੀਂ।’ ਜਦੋਂ ਘਰਦੇ ਈ ਫਿਟਕਾਰਦੇ ਐ ਤਾਂ ਬਾਹਰਲਿਆਂ ਨੂੰ ਕੀ ਦੋਸ਼ ਦੇਵਾਂ। ਕੁਦਰਤ ਦਾ ਫਲ ਐ। ਇਹ ਦਰੱਖਤਾਂ ਨੂੰ ਤਾਂ ਨੀਂ ਲੱਗਦੇ। ਚੰਗੀ ਤਰ੍ਹਾਂ ਪਾਲੋਂਗੇ ਤਾਂ ਸੁੱਖ ਦੇਣਗੇ। ਨਹੀਂ ਬਾਅਦ ’ਚ ਝਾਕੋਂਗੇ ਫੜੇ ਕਾਂ ਵਾਂਗੂੰ। ਹੱਥ ਕੁਝ ਆਉਣਾ ਨੀਂ। ਕਿਹੜਾ ਪਾਲਣ ਨਾਲੇ ਪੋਸ਼ਣ। ਪਿੱਛੇ ਜੇ ਦੋ ਕੁ ਮਹੀਨੇ ਹੋਏ ਆਸਵੰਤ ਦੇ ਸਕੂਲ ’ਚ ਫੰਕਸ਼ਨ ਸੀ। ਇਹਨੂੰ ਕਿਸੇ ਡਰਾਮੇ ’ਚ ਲਾਇਆ ਸੀ ਮੈਡਮਾਂ ਨੇ। ਮੈਂ ਵੀ ਖ਼ੁਸ਼ ਸੀ ਕਿ ਐਨੇ ਨਾਲ ਜਵਾਕ ਦਾ ਮਨ ਲੱਗਦੈ ਹੋਰ ਪਾਸੇ। ਖੁਸ਼ ਰਹੂ। ਆਥਣੇ ਘਰੇ ਬੈਠਾ ਮੈਂ ਉਡੀਕੀ ਜਾਂਦਾ ਸੀ। ਕਿਹੜੇ ਵੇਲੇ ਆਊ। ਮੇਰੀ ਸੁਰਤੀ ਵੈਨ ਬੰਨੀ ਸੀ ਕਦੋਂ ਆ ਕੇ ਖੜ੍ਹੇ ਮੈਂ ਵੇਖਾਂ, ਗੱਲਾਂ ਕਰਾਂ। ਪਰ ਜਦੋਂ ਘਰੇ ਆਇਆ ਇਹ ਤਾਂ ਗੁੰਮ-ਸੁੰਮ। ਮਖਿਆਂ, ‘‘ਕੀ ਗੱਲ ਹੋਗੀ ਢਿੱਲਾ ਜਾ ਲੱਗਦੈਂ।’’
ਕਹਿੰਦਾ, ‘‘ਮੈਂ ਨੀਂ ਸਕੂਲ ਜਾਂਦਾ। ਸਾਰੇ ਜਮਾਤ ਆਲੇ ਮੈਨੂੰ ਚਿੜਾਉਂਦੈ ਐ। ਸਭ ਦੇ ਮੰਮੀ ਪਾਪਾ ਫੰਕਸ਼ਨ ’ਚ ਆਏ ਸੀ। ਮੇਰੇ ਨਾ ਤਾਂ ਪਾਪਾ ਆਏ ਨਾ ਮੰਮੀ। ਮੇਰੇ ਨਾਲ ਦੇ ਉੱਚੀ-ਉੱਚੀ ਆਖਣ ਤੇਰਾ ਪਾਪਾ ਤਾਂ ਨਵੀਂ ਮੰਮੀ ਕੋਲ ਈ ਰਹਿੰਦੈ। ਸਕੂਲ ਆਉਣ ਦਾ ਟੈਮ ਕਿੱਥੇ। ਮੈਨੂੰ ਬਹੁਤ ਸੰਗ ਆਈ। ਗੁੱਸਾ ਵੀ ਆਵੇ।’’
‘‘ਕੋਈ ਗੱਲ ਨੀਂ ਮੈਂ ਕਹੂੰ ਤੇਰੇ ਪਾਪਾ ਨੂੰ। ਸਕੂਲ ਤਾਂ ਜਾਣਾ ਈ ਐ।’’
ਜਦੋਂ ਮੈਂ ਰਾਤ ਨੂੰ ਇਸ਼ਾਰੇ ਜੇ ਨਾਲ ਕੁਲਤਾਰ ਨੂੰ ਕਿਹਾ, ‘‘ਕਦੇ-ਕਦੇ ਅਹੇ ਜੇ ਵੇਲੇ ਜਾ ਆਇਆ ਕਰ ਜੁਆਕ ਦੇ ਸਕੂਲ ’ਚ।’’
ਉਲਟਾ ਈ ਜਵਾਬ ਦੇਈ ਜਾਵੇ ਅਕੇ, ‘‘ਤੂੰ ਕਿੰਨੇ ਕੁ ਵਾਰੀ ਮੇਰੇ ਸਕੂਲ ’ਚ ਜਾਂਦਾ ਸੀ।’’
ਮਖਿਆਂ, ‘‘ਉਦੋਂ ਹੋਰ ਸਮਾਂ ਸੀ। ਉਦੋਂ ਕਿਹੜੀਆਂ ਬੱਘੀਆਂ ’ਚ ਬੂਟ ਵਰਦੀਆਂ ਕਸਕੇ ਸਕੂਲ ਜਾਂਦੇ ਸੀ ਪਿੰਡਾਂ ਦੇ ਜਵਾਕ। ਤੂੰ ਤਾਂ ਆਪਣੇ ਦੇਸੀ ਸਕੂਲ ’ਚ ਪੜ੍ਹ ਕੇ ਨੌਕਰੀ ਲੱਗ ਗਿਆ, ਭਲੇ ਵੇਲਿਆਂ ’ਚ।’’
ਅੰਦਰ ਬੈਠੀ ਇਹਦੀ ਰਾਣੀ ਅੱਡ ਬੁੜ੍ਹਕੀ ਜਾਵੇ, ‘‘ਬਾਪੂ ਜੀ, ਸਾਰਾ ਦਿਨ ਇਹਦੇ ਨਾਲ ਈ ਚਿੰਬੜੇ ਤੁਰੇ ਫਿਰਦੇ ਰਹੀਏ। ਹੋਰ ਕੋਈ ਕੰਮ ਨਹੀਂ ਇਨ੍ਹਾਂ ਨੂੰ? ਸਾਰਿਆਂ ਦੇ ਈ ਜੁਆਕ ਪੜ੍ਹਦੇ ਐ।’’
‘‘ਭਾਈ ਆਹੀ ਤਾਂ ਗੱਲ ਐ, ਸਾਰਿਆਂ ਦੇ ਮਾਪੇ ਈ ਜਾਂਦੇ ਨੇ। ਬਾਕੀ ਤੁਸੀਂ ਜਿਮੇਂ ਠੀਕ ਸਮਝਦੇ ਓਂ ਥੋਨੂੰ ਪਤਾ ਹੋਊ।’’ ਇਹ ਚਿੰਬੜਨ ਆਲੀ ਗੱਲ ਸੁਣ ਕੇ ਪਰਸੋਂ ਆਲੀ ਗੱਲ ਮਨ ’ਚ ਫੇਰ ਆਉਂਦੀ ਆ।
ਮੈਂ ਬੈਠਾ ਤਾਂ ਛੋਟੇ ਦਾ ਲਵੀ ਤੇ ਜੋਤ ਆ ਕੇ ਕਹਿੰਦੇ, ‘‘ਬਾਪੂ ਜੀ, ਅਸੀਂ ਮੰਡੀ ਜਾ ਕੇ ਆਉਂਨੇ ਆਂ।’’
ਮਖਿਆਂ, ‘‘ਤੇਰਾ ਬਾਪ ਵੀ ਨਾਲ ਐ।’’ ‘‘ਹਾਂ, ਮੇਰੀ ਮੰਮੀ ਵੀ ਨਾਲ ਐ।’’
ਮਖਿਆਂ, ‘‘ਜਾਓ।’’
ਸਾਹਮਣੇ ਵੇਖਦਾਂ ਛੋਟਾ ਵਿਹੜੇ ’ਚੋਂ ਲੰਘ ਕੇ ਗੇਟ ਕੋਲ ਵੱਡੇ ਬਰਾਂਡੇ ’ਚ ਢਕੀ ਖੜ੍ਹੀ ਕਾਰ ਦਾ ਛਾੜ ਉਤਾਰ ਕੇ ਅੰਦਰ ਬੈਠ ਗਿਆ, ਉਸ ਦੀ ਘਰ ਵਾਲੀ ਬਰੋਬਰ ਮੂਹਰਲੀ ਸੀਟ ’ਤੇ ਅੜ ਕੇ ਬੈਠੀ ਲਵੀ ਤੇ ਜੋਤ ਨੂੰ ਜਲਦੀ ਆਉਣ ਦੇ ਇਸ਼ਾਰੇ ਕਰੀ ਜਾਂਦੀ ਹੈ। ਮੇਰੇ ਵੇਖਦੇ-ਵੇਖਦੇ ਕਾਰ ਹੌਲੀ-ਹੌਲੀ ਦਰਵਾਜਿਉਂ ਬਾਹਰ ਹੋ ਗਈ। ਮੈਂ ਸੋਚਾਂ ਜੇ ਆਸਵੰਤ ਨੂੰ ਲੈ ਜਾਂਦੇ ਤਾਂ ਕੀ ਕਾਰ ਥੱਕਦੀ ਸੀ। ਇਹਨੂੰ ਵੀ ਛੁੱਟੀਆਂ ਨੇ ਤੁਰ ਫਿਰ ਆਉਂਦਾ। ਉਹ ਵਿਚਾਰਾ ਕਦੇ ਅੰਦਰ ਕਦੇ ਬਾਹਰ ਗੇੜੇ ਜੇ ਖਾਂਦਾ ਤੁਰਿਆ ਫਿਰਦਾ ਰਿਹਾ। ਆਥਣੇ ਆਏ ਸਿੱਧੇ ਆਵਦੇ ਆਲੀ ਕੋਠੀ ਦੇ ਅੰਦਰ ਚਲੇ ਗਏੇ। ਗਲੀ ਵਾਲਾ ਵੱਡਾ ਗੇਟ ਮੂਹਰੋਂ ਇੱਕੋ ਐ। ਵਿਹੜੇ ’ਚੋਂ ਦੀ ਲੰਘ ਕੇ ਅੰਦਰ ਆ ਕੇ ਇੱਕੋ ਜਿਹੀਆਂ ਦੋ ਕੋਠੀਆਂ ਮੈਂ ਪਹਿਲਾਂ ਹੀ ਬਣਾਤੀਆਂ ਸੀ। ਰੱਬ ਦਾ ਦਿੱਤਾ ਸਭ ਕੁਛ ਐ ਬੀ ਟਿਕੇ ਰਹਿਣ। ਪਰ ਫੇਰ ਵੀ ਕਿੱਥੇ ਟਿਕਦੇ ਨੇ। ਹਰੇਕ ਚੀਜ਼ ਦੀ ਭੁੱਖ ਦਿਨੋਂ-ਦਿਨ ਵਧਦੀ ਤੁਰੀ ਜਾਂਦੀ ਐ। ਮੈਂ ਫਿਰ ਵੀ ਸੋਚਦਾ ਨੀਂ ਸੀ ਬੀ ਚੱਲੋ ਜਿਵੇਂ ਚੱਲਦੈ ਚੱਲੀ ਜਾਵੇ। ਪਰ ਹੁਣ ਚੱਲਣ ਆਲੀ ਗੱਲ ਰਹੀ ਨੀਂ।
ਕੱਲ ਆਲੀ ਗੱਲ ਨੇ ਤਾਂ ਜਮ੍ਹਾਂ ਈ ਅੰਦਰ ਹਿਲਾ ਕੇ ਰੱਖਤਾ। ਜਦੋਂ ਦੁਪਹਿਰੇ ਮੈਂ ਘਰੇ ਆਇਆ ਆਸਵੰਤ ਕੱਲਾ ਬੈਠਾ ਕਮਰੇ ’ਚ ਟੈਲੀਵੀਜਨ ਵੇਖੀ ਜਾਂਦਾ ਸੀ। ਕੁਛ ਡਿੱਗਣ ਦਾ ਖੜਕਾ ਸੁਣ ਕੇ ਮੈਂ ਭੱਜ ਕੇ ਕਮਰੇ ਅੰਦਰ ਗਿਆ। ਆਸਵੰਤ ਫਰਸ਼ ’ਤੇ ਚੌਫਾਲ ਪਿਆ ਸੀ। ਰਿਮੋਟ ਉਸ ਦੇ ਹੱਥਾਂ ’ਚ ਡਿੱਗਿਆ ਕੋਲ ਪਿਆ ਸੀ। ਅੱਖਾਂ ਪਥਰਾਅ ਗਈਆਂ ਸੀ। ਮੈਂ ਘੋਥਲ-ਘੋਥਲ ਬਥੇਰਾ ਜ਼ੋਰ ਲਾਇਆ। ਬੋਲ ਈ ਨੀਂ ਰਿਹਾ ਸੀ। ਮੈਨੂੰ ਹੱਥਾਂ ਪੈਰਾਂ ਦੀ ਪੈ ਗਈ। ਫਟਾ-ਫਟ ਗੁਆਂਢੀਆਂ ਦੇ ਲਵਲੀ ਨੂੰ ਬੋਲ ਮਾਰਿਆ। ਉਸੇ ਵਕਤ ਉਹਨੇ ਕਾਰ ਕੱਢੀ। ਪਾ ਕੇ ਡਾਕਟਰ ਦੇ ਲੈਗੇ। ਦੋ ਤਿੰਨ ਟੀਕੇ ਫਟਾਫਟ ਲਾ ਕੇ ਨਬਜ਼ ਵੇਖ ਕੇ ਕਹਿੰਦਾ, ‘‘ਠੀਕ ਐ, ਘਬਰਾਉਣ ਦੀ ਲੋੜ ਨੀਂ। ਐਵੇਂ ਕਿਸੇ ਗੱਲ ਦੇ ਬੋਝ ਨਾਲ ਦੌਰਾ ਪਿਐ।’’ ਆਥਣ ਤਾਈਂ ਉਹਨੇ ਕੋਲ ਰੱਖਿਆ। ’ਨੇਰੇ ਜੇ ਹੋਏ ਡਾਕਟਰ ਕਹਿੰਦਾ, ‘‘ਕਿੱਥੇ ਰਾਤ ਨੂੰ ਬੇ-’ਰਾਮ ਹੋਵੋਂਗੇ। ਸਵੇਰੇ ਆ ਕੇ ਚੈੱਕ ਕਰਵਾ ਜਾਇਓ। ਰਾਤ ਦੀ ਦਵਾਈ ਨਾਲ ਦੇ ਦਿੰਨਾਂ।’’
‘‘ਜਿਵੇਂ ਤੁਹਾਡੀ ਰਾਇ ਐ ਜੀ, ਮਾਰਤਾ ਜੁਆਕ ਜੰਮਣ ਆਲਿਆਂ ਨੇ। ਪਿਉ ਤੇ ਚਾਚਾ ਚਾਚੀ ਈ ਇਹਦੇ ਵਾਸਤੇ ਤਾਂ ਦੈਂਤ ਬਣੇ ਫਿਰਦੈ ਐ, ਜਿਹੜੀ ਦੂਜੇ ਵਿਆਹ ਦੀ ਲਿਆਂਦੀ ਐ ਖੱਟ ਖੱਟ ਕੇ ਉਹ ਤਾਂ ਜੁਆਕ ਨੂੰ ਘਰੇ ਦੇਖਣਾ ਈ ਨੀਂ ਲੋਚਦੀ। ਬੋਝ ਨਾ ਪਵੇ ਤਾਂ ਹੋਰ ਕੀ ਹੋਊ, ਡਾਕਟਰ ਸਾਹਿਬ!’’
‘‘ਚਲੋ ਕੋਈ ਗੱਲ ਨੀਂ, ਇਹਨੂੰ ਸੰਭਾਲੋ।’’ ਕਹਿ ਡਾਕਟਰ ਚੁੱਪ ਕਰ ਗਿਆ। ਲਵਲੀ ਆਲੀ ਕਾਰ ’ਚ ਅਸੀਂ ਘਰੇ ਆਗੇ। ਇਨ੍ਹਾਂ ਕਸਾਈਆਂ ’ਚੋਂ ਕੋਈ ਪਤਾ ਲੈਣ ਨੀਂ ਬਹੁੜਿਆ। ਘਰੇ ਪਹੁੰਚੇ ਸਭ ਆਪੋ-ਆਪਣੇ ਕਮਰਿਆਂ ’ਚ ਮੌਜ ਨਾਲ ਬੈਠੇ। ਜਵਾਕ ਟੈਲੀਵੀਜਨ ਵੇਖੀ ਜਾਣ। ਅਵਾਜ਼ ਪੂਰੀ ਉੱਚੀ। ਕਿਸੇ ਨੂੰ ਕੋਈ ਫ਼ਿਕਰ ਨੀਂ। ਜਿਵੇਂ ਘਰੇ ਕੁਝ ਹੋਇਆ ਈ ਨਾ ਹੋਵੇ। ਬੁਲਾਏ ਮੈਂ ਵੀ ਨੀ। ਆਸਵੰਤ ਨੂੰ ਮੈਂ ਆਪਦੇ ਕੋਲ ਪਾ ਲਿਆ। ਇਹਦੀ ਦਾਦੀ ਨੇ ਖਿਚੜੀ ਦੇਤੀ। ਦਵਾਈ ਲੈ ਕੇ ਪੈ ਗਿਆ। ਚੁੱਪ-ਚਾਪ ਪਏ ਨੂੰ ਵੇਖ-ਵੇਖ ਮਨ ’ਚ ਆਵੇ ਐਹੀ ਜੀ ਕੀ ਗੱਲ ਦਾ ਬੋਝ ਪਿਐ। ਮੈਂ ਪੁੱਛਿਆ, ‘‘ਪੁੱਤ ਕੀ ਗੱਲ ਹੋਗੀ ਸੀ। ਤੈਨੂੰ ਪਤਾ ਨੀਂ ਲੱਗਿਆ?’’
‘‘ਨਾ ਬਾਪੂ ਜੀ।’’ ਕਹਿ ਕੇ ਫਿਰ ਚੁੱਪ ਕਰਕੇ ਪੈ ਗਿਆ।
ਪਰ ਮਨ ’ਚ ਵਾਰ-ਵਾਰ ਆਈ ਜਾਵੇ, ਹੈ ਤਾਂ ਜ਼ਰੂਰ ਕੋਈ ਗੱਲ। ਕਦੇ ਸੋਚਾਂ ਇਨ੍ਹਾਂ ਕਪੂਤਾਂ ਨੇ ਈ ਕੋਈ ਕਰਤੂਤ ਨਾ ਕੀਤੀ ਹੋਵੇ। ਹੋਇਆ ਜਵਾਕ ਨਾਲ ਧੱਕੈ ਕੋਈ। ਐਨਾ ਡਰ ਤੇ ਸਹਿਮ ਤਾਂ ਨਹੀਂ ਏਸ ਉਮਰ ’ਚ ਕੀ ਆਖੇ।
ਤੜਕੇ ਉੱਠਦਾ ਈ ਕੁਲਤਾਰ ਮੇਰੇ ਕੋਲ ਆ ਖੜ੍ਹਿਆ। ਮਖਿਆਂ, ‘‘ਹੁਣ ਆਇਐਂ। ਰਾਤ ਦਾ ਕਿੱਥੇ ਸੀ?’’ ਅੱਖਾਂ ਲਾਲ ਭੂਤਰਿਆ ਖੜ੍ਹਾ। ਜਵਾਕ ਦੀ ਕੋਈ ਗੱਲ ਈ ਨੀਂ। ਮੈਨੂੰ ਜਿਹੜਾ ਜਵਾਬ ਦਿੱਤਾ, ਮੈਂ ਤਾਂ ਸੁਣ ਕੇ ਸੁੰਨ ਹੋ ਗਿਆ। ਕਹਿੰਦਾ, ‘‘ਤੈਨੂੰ ਪਤੈ ਬੁੱਕਲ ਦਾ ਸੱਪ ਜੰਮ ਪਿਆ ਜਿਹਨੂੰ ਦਵਾਈਆਂ ਦਵਾਉਂਦਾ ਫਿਰਦੈਂ। ਇਹਨੂੰ ਤਾਂ ਜ਼ਹਿਰ ਦੇਣ ਆਲੀ ਐ।’’
ਮਖਿਆਂ, ‘‘ਸੁਰਤ ਕਰ ਓਏ, ਤੂੰ ਗੱਲ ਦੱਸ ਕੀ ਚਹੁੰਨੈ।’’
‘‘ਚਹੁਨਾਂ ਕੀ ਆਂ ਲੈ ਸੁਣ ਲੈ, ਕੱਲ੍ਹ ਸਵੇਰੇ ਮੇਰੇ ਜਾਣ ਮਗਰੋਂ ਪ੍ਰੀਤ ਨਾਹ ਕੇ ਹਟੀ, ਕਮਰੇ ’ਚ ਕੱਪੜੇ ਬਦਲਦੀ ਦੇ ਮਗਰ ਜਾ ਖੜ੍ਹਿਆ। ਫੇਰ ਉਹਨੇ ਕੀਤੀ ਧਰਨ ਟਿਕਾਣੇ। ਮਗਰੋਂ ਬੌਂਦਲਿਆਂ ਜਾ ਫਿਰਦਾ, ਆਖੇ, ‘ਐਥੇ ਮੇਰੀ ਕਿਤਾਬ ਪਈ ਸੀ। ਉਹ ਚੱਕਣ ਆਇਆ ਸੀ।’ ਵੇਖ ਲੈ ਜਿਹੜੀਆਂ ਕਿਤਾਬਾਂ ਇਹ ਪੜ੍ਹਦੈ। ਮੇਰੇ ਮੱਥੇ ਨਾ ਲਾਈਂ ਮੈਥੋਂ ਮਰਜੂ।’’ ਮਖਿਆਂ, ‘‘ਸੰਗ ਮੰਨ ਓਏ। ਤੀਵੀਂ ਮਗਰ ਲੱਗ ਕੇ ਅਹੀ ਜੀ ਕਰਤੂਤ ਈ ਕਰੇਂਗਾ।’’
‘‘ਇਹ ਤਾਂ ਭਲਮਾਣਸੀ ਕਰਦੈ! ਮੈਨੂੰ ਕਰਤੂਤ ਕਰਦਾ ਦੱਸਦੈਂ। ਮੈਂ ਤਾਂ ਪਹਿਲਾਂ ਵੀ ਕਿੰਨੇ ਵਾਰੀ ਵੇਖਦਾ ਸੀ ਸਾਲਾ ਹੋਰ ਈ ਵਾਲ ਜੇ ਬਣਾ-ਬਣਾ ਆਉਂਦਾ ਸੀ ਲੰਡੇ ਜੇ। ਇਕ ਦਿਨ ਕਹੇ ਮੈਂ ਦਿੱਲੀ ਜਾਊਂ ਜਮਾਤ ਦੇ ਮੁੰਡਿਆਂ ਨਾਲ। ਉਦੋਂ ਘੂਰਿਆ। ਫੇਰ ਟਿਕਿਆ ਸੀ।’’
‘‘ਆਹੋ ਤੂੰ ਤਾਂ ਕਦੇ ਘਰੋਂ ਬਾਹਰ ਈ ਨੀਂ ਗਿਆ ਸੀ। ਇਹਦੀ ਮਾਂ ਮਰਗੀ ਸਾਰੇ ਐਬ-ਵੈਲ ਇਸ ਜੁਆਕ ’ਚ ਆਗੇ। ਦਸਵੀਂ ’ਚ ਪੜ੍ਹਦੈ। ਨਾਲੇ ਮਾਂ ਐ ਇਹਦੀ। ਕੋਈ ਹੋਰ ਹੋਵੇ ਮੰਨ ਲੀਏ। ਜਿਹੜੀਆਂ ਗੱਲਾਂ ਨੇ, ਉਨ੍ਹਾਂ ਬੰਨੀਉਂ ਤਾਂ ਤੂੰ ਕਬੂਤਰ ਮਾਗੂੰ ਅੱਖਾਂ ਮੀਚੀ ਤੁਰਿਆ ਫਿਰਦੈਂ। ਕਦੇ ਪਿਆਰ ਦੇ ਦੋ ਲਫਜ ਬੋਲੇ ਨੇ ਇਸਨੂੰ? ਬਿਠਾਇਐ ਆਵਦੇ ਕੋਲੇ? ਜਦੋਂ ਵੀ ਮੂਹਰੇ ਆਉਂਦੈ ਵੱਢ ਖਾਣਿਆਂ ਵਾਂਗੂੰ ਪੈਨੈਂ। ਦੱਸ ਇਹਨੇ ਕੀ ਕਸੂਰ ਕਰਤਾ? ਇਹਨੂੰ ਸੰਭਾਲ ਤੇਰੇ ਬਰੋਬਰ ਦੀ ਬਾਂਹ ਬਣੂੰ। ਜੇ ਸ਼ਰੀਕ ਬਨਾਉਣੈ ਤਾਂ ਤੇਰੀ ਮਰਜੀ। ਨਾਲੇ ਫੇਰ ਰੋਇਆ ਕਰੇਗਾਂ ਅੱਖਾਂ ’ਚ ਘਸੁੰਨ ਦੇ ਕੇ। ਸਾਰਾ ਦਿਨ ਤੀਵੀਂ ਦਾ ਹੋਇਆ ਰਹਿੰਨੈ।’’ ਉਹ ਇਕੋ ਲੱਤ ’ਤੇ ਜਾਵੇ। ਗੱਲ ਈ ਨਾ ਸੁਣੇ। ਮਖਿਆਂ, ‘‘ਜਾਹ ਤੁਰਿਆ ਫਿਰ। ਇਹ ਵੀ ਸਾਡੀ ਅੰਸ਼ ਐ। ਤੂੰ ਤੇ ਤੇਰੀ ਜ਼ਨਾਨੀ ਤਾਂ ਹੋਰ ਜੰਮ ਲੋਂਗੇ। ਇਹਦਾ ਕੌਣ ਐ?’’
ਕਹਿੰਦਾ, ‘‘ਮੈਨੂੰ ਨੀ ਪਤਾ ਮੇਰੇ ਘਰੇ ਮੈਨੂੰ ਨਾ ਦਿਸੇ। ਮੈਂ ਤੈਨੂੰ ਕਹਿਤਾ ਮੈਂ ਤਾਂ ਬੇਦਾਵੇ ਲਿਖਾਊਂ ਇਹਨੂੰ।’’
ਮਖਿਆਂ, ‘‘ਮੈਂ ਘਰੇ ਵੀ ਰੱਖੂੰ ਤੇ ਤੇਰੇ ਬੇਦਾਵੇ ਦਾ ਹੱਲ ਵੀ ਕਰੂੰ, ਤੂੰ ਚੱਲ ਜਿੱਥੋਂ ਤੱਕ ਚੱਲਦੈਂ। ਚੱਲਾਂਗੇ ਕੱਲ੍ਹ ਨੂੰ ਕਚਹਿਰੀ ’ਚ। ਨਾਲੇ ਪਤਾ ਲੱਗੂ ਤੇਰੇ ਵੱਡੇ ਨਾਢੂ ਖਾਂ ਦਾ।’’ ਸੁਣ ਕੇ ਸੱਪ ਵਾਂਗੂੰ ਫੁੰਕਾਰੇਂ ਮਾਰਦਾ ਬਾਹਰ ਨੂੰ ਨਿਕਲ ਗਿਆ। ਮਖਿਆਂ, ‘‘ਕੋਈ ਨੀ ਆ ਜੂ ਵੇਲਾ ਫੇਰ ਕਰਦੇ ਆਂ ਗੱਲ।’’ ਇੰਨੇ ਨੂੰ ਛੋਟਾ ਤੇ ਛੋਟੀ ਵੀ ਬਿੜਕਾਂ ਲੈਂਦੇ ਆਗੇ। ਮਖਿਆਂ, ‘‘ਤੁਰਦੇ ਬਣੋ। ਰਾਤ ਤਾਂ ਥੋਨੂੰ ਸਾਰਿਆਂ ਨੂੰ ਸੱਪ ਸੁੰਘ ਗਿਆ ਸੀ। ਜੇੇ ਜਵਾਕ ਦੀ ਜਾਹ-ਜਾਂਦੀ ਹੋ ਜਾਂਦੀ। ਤੁਸੀਂ ਤਾਂ ਤਾੜੀਆਂ ਮਾਰਨ ਨੂੰ ਤਿਆਰ ਬੈਠੇ ਸੀ। ਹੁਣ ਪੁੱਛਦੇ ਓਂ ਕਿਵੇਂ ਐ।’’
ਮੇਰੀ ਗੱਲ ਸੁਣ ਕੇ ਟੀਰਾ ਜਾ ਝਾਕੇ। ਤੀਵੀਂ ਨੂੰ ਲੈ ਕੇ ਬਾਹਰ ਨੂੰ ਤੁਰ ਗਿਆ। ਬਾਹਰ ਨਿਕਲਦੀ ਤੀਵੀਂ ਆਖੇੇ, ‘‘ਸਾਡਾ ਦੱਸ ਕੀ ਕਸੂਰ ਐ। ਇਹ ਜਾਨਣ ਪਿਉਂ ਪੁੱਤ ਦੋਵੇਂ।’’ ਮਨ ’ਚ ਆਵੇ, ‘‘ਜਿਹੜੀਆਂ ਸ਼ੁਰਲੀਆਂ ਛੱਡਦੀ ਫਿਰਦੀ ਐਂ। ਸਭ ਮੇਰੇ ਨਹੁੰਆਂ ’ਚ ਐ, ਤੂੰ ਤੁਰਦੀ ਬਣ। ਜਦ ਮੈਂ ਆਪਣੇ ਪੱਤੇ ਖੋਲ੍ਹੇ, ਫੇਰ ਭੱਜੀ ਫਿਰੇਂਗੀ। ਆਊ ਦਿਮਾਗ ਟਿਕਾਣੇ। ਹਾਲੇ ਤਾਂ ਸਾਉਣ ਦੇ ਅੰਨ੍ਹੇ ਵਾਂਗੂੰ ਹਰਾ ਹਰਾ ਈ ਵਿਖਾਈ ਦਿੰਦੈ। ਐਸੀ ਬਾਜ਼ੀ ਲਾਊਂ, ਵੇਖੋਂਗੇ।’’
ਮੈਂ ਕੋਈ ਤਾਸ਼ ਆਲੀ ਸੀਪ ਦੀ ਬਾਜ਼ੀ ਨੀਂ ਲਾਉਂਦਾ। ਸਿਰ ਧੜ ਦੀ ਲਾਊਂ। ਅੰਦਰ ਖੌਲਦੇ ਖ਼ੂਨ ਨਾਲ ਮੇਰੇ ਬੁੱਲ੍ਹ ਫਰਕਦੇ ਵੇਖ ਕੇ ਗੁਰਦਿਆਲੋ ਵੀ ਉੱਠ ਖੜ੍ਹੀ ਐ।
“ਤੂੰ ਨਬਿੇੜਦੀਂ ਰੋਜ਼-ਰੋਜ਼ ਦੀ ਟੈਂਅ-ਟੈਂਅ। ਇਨ੍ਹਾਂ ਦੁਸ਼ਟਾਂ ਦਾ ਕੀ ਪਤੈ ਹਾਲੇ ਹੋਰ ਕੀ ਕਰਨਗੇ। ਮੈਂ ਜਾਨੀਂ ਆਂ ਸਾਹਮਣੇ ਹਵੇਲੀ ’ਚ ਗੰਦ ਵੱਜਿਆ ਪਿਐ ਕੰਮ ਆਲੀ ਤੋਂ ਝਾੜ ਪੂੰਝ ਕਰਵਾਉਂਨੀ ਆਂ ਜਾ ਕੇ। ਕੱਲ੍ਹ ਆਸਵੰਤ ਵੀ ਉੱਥੇ ਈ ਟੁੱਟੇ ਜੇ ਮੰਜੇ ’ਤੇ ਪਿਆ ਰਿਹਾ ਸੀ ਬਿਮਾਰ ਹੋਣ ਤੋਂ ਪਹਿਲਾਂ। ਜਵਾਕ ’ਚ ਉਤਸ਼ਾਹ ਈ ਨੀਂ ਰਿਹਾ। ਆਹ ਦੋ ਤਿੰਨ ਮਹੀਨਿਆਂ ’ਚ ਤਾਂ ਜਮਾਂ ਈ ਰੁਲ ਗਿਆ। ਨਾ ਖਾਣ ਦਾ ਨਾ ਪਹਿਨਣ ਦਾ, ਪਹਿਲਾਂ ਹਰ ਰੋਜ਼ ਬੂਟ ਪਾਲਸ਼ ਕਰਕੇ ਸਕੂਲ ਜਾਂਦਾ। ਹੁਣ ਮੈਂ ਵੇਖਦੀ ਆਂ ਐਡਾ-ਐਡਾ ਮਿੱਟ ਚੜ੍ਹਿਆ ਹੁੰਦੈ ਪੈਰਾਂ ’ਤੇ।’’
ਉਸ ਦੀਆਂ ਗੱਲਾਂ ਸੁਣ ਕੇ ਮਨ ਹੋਰ ਔਖਾ ਹੁੰਦੈ। ‘‘ਕੀ ਦਾ ਕੀ ਬਣੀ ਜਾਂਦੈ। ਸਿਰਫ਼ ਇਕ ਮਿੱਠੇ ਬੋਲਾਂ ਤੋਂ ਬਿਨਾਂ। ਆਹ ਜਿਹੜੇ ਨਵੇਂ ਪੱਥਰ ਬਗਾਹਉਣ ਲੱਗ ਪਏ, ਇਹ ਤਾਂ ਕਦੇ ਮਨ ’ਚ ਵੀ ਨੀਂ ਆਈ ਸੀ। ਸਹੁਰਿਆ ਤੇਰੀ ਉਲਾਦ ਐ। ਨਾਲੇ ਜੇ ਤੁਰ ਗਿਆ ਕਿਸੇ ਪਾਸੇ ਨੂੰ ਜਰ ਲੇਂਗਾ? ਮੈਨੂੰ ਪਤਾ ਵੀ ਐ ਤੇਰੀ ਦਲੇਰੀ ਦਾ। ਪਰ ਜਿਹੜੀ ਅੰਦਰੋਂ ਪੇਚ ਕਸਦੀ ਐ ਉਸ ਦੀ ਗੱਲ ਸਿਰੇ ਰੱਖਦੈ। ਮੈਂ ਵੀ ਨੀਂ ਪਿੱਛੇ ਹੱਟਦਾ। ਇਸ ਘਰ ’ਚੋਂ ਤਾਂ ਕੁੱਤੇ ਰੱਜ-ਰੱਜ ਜਾਂਦੈ ਐ। ਆਵਦੇ ਜਵਾਕ ਨਾਲ ਇਹ ਕੀ ਕਰੀ ਜਾਂਦੈ। ਵੇਖਣ ਸੁਣਨ ਵਾਲਾ ਵੀ ਤਰਾਹ-ਤਰਾਹ ਕਰਦੈ ਪਰ ਇਨ੍ਹਾਂ ਨੂੰ ਕੋਈ ਸ਼ਰਮ ਨੀਂ।’’
‘‘ਉੱਠ ਕੇ ਆਵਦਾ ਕਿਸੇ ਹੋਰ ਕੰਮ-ਕਾਰ ਨੂੰ ਹੱਥ ਪਾ। ਇਨ੍ਹਾਂ ਨੇ ਤੇਰੇ ਕੀ ਪੱਲੇ ਪਾਉਣੈ। ਕਿੰਨੇ ਵਰ੍ਹਿਆਂ ਦਾ ਕਲਪੀ ਜਾਨੈ, ਪਿਐ ਕੋਈ ਫਰਕ? ਓ ਜਿਮੇਂ ਕਹਿੰਦੇ ਹੁੰਦੇ ਨੇ, ਪੱਥਰ ’ਤੇ ਬੂੰਦ ਪਈ ਨਾ ਪਈ। ਇਹ ਤਾਂ ਪੱਥਰ ਨੇ। ਇਨ੍ਹਾਂ ਨੂੰ ਕੋਈ ਹਮਦਰਦੀ ਨੀਂ।’’
ਮਖਿਆਂ, ‘‘ਨਾ ਹੋਵੇ। ਕੱਲ੍ਹ ਨੂੰ ਆਵਦੇ ਹਿੱਸੇ ਦੀ ਇਹਦੇ ਜਵਾਕ ਦੇ ਨਾਂਅ ਕਰਾਦੂੰ। ਤੁਰੇ ਫਿਰਨ ਜਿਮੇਂ ਫਿਰਦੇ ਐ।’’ ਕਰੀ ਜਾਵੇ ਬੇਦਖਲ ਇਹ। ਇਹਦੇ ਬੇਦਖ਼ਲ ਨਾਲ ਤਾਂ ਨੀਂ ਸਾਰੀ ਦੁਨੀਆਂ ਬਦਲ ਜੂ। ਜੇ ਇਹ ਅੜੀ ਕਰਦੈ, ਆਉਂਦੀਆਂ ਮੈਨੂੰ ਵੀ ਨੇ। ਚੱਲੋਂ ਕਿੱਥੋੋਂ ਤੱਕ ਚੱਲਦੇ ਓਂ।’’ ਆਵਦੀਆਂ ਕਹਿ ਕੇ ਮੇਰੀਆਂ ਸੁਣ ਕੇ ਉਹ ਹਵੇਲੀ ਵੰਨੀ ਤੁਰਗੀ।
‘‘ਆਇਓ ਭੱਜ ਕੇ।’’
ਮਖਿਆਂ, ‘‘ਕੀ ਗੱਲ ਹੋਗੀ?’’
‘‘ਆਸਵੰਤ ਨੂੰ ਤਾਂ ਫੇਰ ਪਤਾ ਨੀਂ ਕੀ ਹੋ ਗਿਆ ਕੱਲ੍ਹ ਵਾਂਗੂੰ।’’ ਉਹਦੀ ਦਾਦੀ ਦੀ ਅਵਾਜ਼ ਐ। ਮੈਂ ਭੱਜ ਕੇ ਹਵੇਲੀ ਵੰਨੀ ਜਾਂਨਾਂ। ਵੇਖਦਾਂ, ਉਸੇ ਤਰ੍ਹਾਂ ਅੱਜ ਫੇਰ ਅੱਖਾਂ ਖੜ੍ਹੀਆਂ ਨੇ। ਮੂੰਹ ਰੇਤੇ ’ਚ ਲਬਿੜਿਆ ਪਿਐ। ਬਥੇਰੇ ਧੱਫੇ ਮਾਰ ਮਾਰ ਹਿਲਾਉਣਾਂ। ਸੁੰਨ ਪਿਐ। ਮੇਰਾ ਸਾਰਾ ਸਰੀਰ ਮੁੜ੍ਹਕੋ-ਮੁੜ੍ਹਕੀ ਹੋ ਗਿਆ। ਹੱਥ ਕੰਬਣ ਲੱਗਦੇ ਆ। ਮਖਿਆਂ, ‘‘ਜਦੋਂ ਇਹ ਮੁੱਕ ਗਿਆ ਫੇਰ ਆਏਂਗਾ।’’
ਕੁਲਤਾਰ ਮੇਰੀ ਗੁੱਸੇ ਭਰੀ ਭੁੱਬ ਵਰਗੀ ਅਵਾਜ਼ ਸੁਣ ਕੇ ਬਾਹਰ ਆ ਜਾਂਦੈ। ਅਸੀਂ ਫਟਾਫਟ ਡਾਕਟਰ ਕੋਲ ਲੈ ਜਾਂਦੇ ਆਂ। ਹਸਪਤਾਲ ਦੇ ਬੈੱਡ ’ਤੇ ਪਿਆ ਆਸਵੰਤ ਬੋਲ ਨੀਂ ਰਿਹਾ। ਡਾਕਟਰ ਚੈੱਕ ਕਰਕੇ ਦੱਸਦੈ, ‘‘ਬਲੱਡ ਪਰੈਸ਼ਰ ਬਹੁਤ ਵਧਿਆ ਪਿਐ।’’ ਗੁਲੂਕੋਜ਼ ਦੀ ਬੋਤਲ ਉਸਦੀ ਬਾਂਹ ਵਿਚ ਨਰਸ ਨੇ ਲਾਤੀ ਐ। ਮਨ ਤੜਫ਼ ਰਿਹੈ। ਡਾਢੇ ਅੱਗੇ ਬਸ ਇਹੋ ਅਰਦਾਸ ਐ ਕਿ ਆਸਵੰਤ ਬੋਲ ਪੇ। ਸਰੀਰ ਦੀ ਕੋਈ ਹਰਕਤ ਦਿਸੇ। ਕੁਲਤਾਰ ’ਤੇ ਅੱਡ ਗੁੱਸਾ ਆਉਂਦੈ। ਅੰਦਰ ਇਹਦੇ ਕੋਲ ਵੀ ਨੀਂ ਖੜ੍ਹਾ। ਬਾਹਰ ਜਾ ਖੜ੍ਹਿਐ। ਮੇਰੇ ਕਹਿਣ ’ਤੇ ਬੈੱਡ ਕੋਲ ਪੈਰ ਜੇ ਮਲਦਾ ਆ ਤਾਂ ਜਾਂਦੈ, ਪਰ ਐਵੇਂ ਬੰਨ੍ਹਿਆ ਰੁੱਧਿਆ।
ਸੋਚਦਾਂ ਇੰਨਾ ਸੋਹਣਾ ਸੁਨੱਖਾ ਮੁੰਡਾ। ਲੰਮੇ-ਲੰਮੇ ਗੋਰੇ ਹੱਥ, ਪਤਲੀਆਂ ਪਤਲੀਆਂ ਉਂਗਲਾਂ, ਲਾਲ ਰੰਗ। ਇਨ੍ਹਾਂ ਦੀਆਂ ਆਪਹੁਦਰੀਆਂ ਗੱਲਾਂ ਨੇ ਖਾ ਲਿਐ। ਆਸਵੰਤ ਦਾ ਬਚਪਨ ਯਾਦ ਆਉਂਦੈ, ਕਿਵੇਂ ਭੱਜ-ਭੱਜ ਸਾਰਿਆਂ ਦੀ ਹਿੱਕ ਨਾਲ ਲੱਗ-ਲੱਗ ਮੋਹ ਲੈਂਦਾ ਸੀ। ਆਹ ਕੁਲਤਾਰ ਗੇਟ ਤੋਂ ਈ ਹਾਕਾਂ ਮਾਰਨ ਲੱਗ ਜਾਂਦਾ। ਅੱਜ ਜਿਹੜਾ ਕਹਿੰਦਾ, ਮੈਨੂੰ ਦਿਸੇ ਨਾ। ਕੁਦਰਤ ਵੀ ਕੀ ਰੰਗ ਦਿਖਾ ਦਿੰਦੀ ਐ। ਮਨ ਪਲ-ਪਲ ਭਰਦੈ। ਫੇਰ ਵੀ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾਂ। ਡਾਕਟਰ ਉਸ ਦੇ ਬੈੱਡ ’ਤੇ ਜਾ ਕੇ ਚੈੱਕ ਕਰ ਰਿਹੈ। ਘੰਟੇ ਮਗਰੋਂ ਆਸਵੰਤ ਨੇ ਅੱਖ ਪੱਟੀ ਐ। ਹਰਕਤ ’ਚ ਆਇਆ ਸਰੀਰ ਵੀ ਦਿਸਦੈ। ਮਨ ਨੂੰ ਕੁਛ ਧਰਵਾਸ ਆਉਂਦੈ। ਡਾਕਟਰ ਦੇ ਮੂੰਹ ਵੰਨੀ ਵੇਖਦਾਂ ਕਿ ਕੁਛ ਬੋਲੇ।
‘‘ਠੀਕ ਹੋ ਰਿਹੈ। ਘਬਰਾਓ ਨਾ।’’ ਡਾਕਟਰ ਏਨਾ ਕਹਿ ਕੇ ਚਲਾ ਗਿਆ। ਇਹਦੇ ਨਾਲ ਮਨ ਹੋਰ ਟਿਕਦੈ, ਪਰ ਅੰਦਰ ਦੀ ਤੁੰਮਣੀ ਉਸੇ ਤਰ੍ਹਾਂ ਲੱਗੀ ਹੋਈ ਐ।
ਨਰਸ ਨੇ ਟੀਕਾ ਲਗਾਉਂਦਿਆਂ ਆਸਵੰਤ ਨੂੰ ਪੁੱਛਿਆ, ‘‘ਕਿਵੇਂ ਠੀਕ ਐਂ?’’
ਥਥਲਾਈ ਜੁਬਾਨ ’ਚ ਕਹਿੰਦਾ, ‘‘ਹਾਂ।’’ ਇੰਨੇ ਨਾਲ ਅੰਦਰਲੀ ਫੜਕ-ਫੜਕ ਟਿਕਦੀ ਐ। ਪਰ੍ਹੇ ਹੋ ਸਟੂਲ ’ਤੇ ਬਹਿ ਜਾਨਾਂ। ਪਰ ਮਨ ਔਖ ਦੀਆਂ ਘਾਟੀਆਂ ਚੜ੍ਹਦਾ ਉਤਰਦਾ ਫਿਰਦੈ। ਸੋਚਦਾਂ ਜੇ ਕੋਈ ਸਿਰਾ ਲੱਭ ਜੇ ਇਸ ਗੁੰਝਲ ਦਾ। ਕਦੇ ਬਣਾ ਲੈਨਾਂ ਕਦੇ ਢਾਹ ਲੈਨਾਂ। ਇੰਨਾ ਸ਼ੁਕਰ ਐ ਆਸਵੰਤ ਹੋਸ਼ ’ਚ ਆ ਗਿਐ। ਗੱਲਾਂ ਕਰਦੈ। ਕੱਲ੍ਹ ਦੀ ਕੱਲ੍ਹ ਨਾਲ ਵੇਖੂੰ, ਕੀ ਬਣਦੈ।
‘‘ਥੋਨੂੰ ਡਾਕਟਰ ਸਾਹਬ ਨੇ ਅੰਦਰ ਬੁਲਾਇਐ।’’
ਵੇਖਦਾਂ ਨਰਸ ਖੜ੍ਹੀ ਐ। ਇਸ਼ਾਰਾ ਕਰਕੇ ਕੁਲਤਾਰ ਨੂੰ ਵੀ ਅੰਦਰ ਲੈ ਜਾਨਾਂ।
ਅੰਦਰ ਵੜਦਿਆਂ ਈ ਡਾਕਟਰ ਦੀ ਸਹਿਜ ਭਾਅ ਕਹੀ ਗੱਲ ਕੰਨਾਂ ਤੋਂ ਦਿਮਾਗ ਵੱਲ ਜਾਣੀ ਸ਼ੁਰੂ ਹੋ ਜਾਂਦੀ ਐ।
‘‘ਵੇਖੋ ਥੋਡੇ ਘਰ ਦੀ ਕਹਾਣੀ ਵੀ ਮੈਂ ਸੁਣ ਲਈ ਐ। ਜਿੱਥੋਂ ਤੱਕ ਦੌਰੇ ਜਾਂ ਬਿਮਾਰੀ ਦੀ ਗੱਲ ਐ। ਸਾਰੇ ਚਿੰਨ੍ਹਾਂ ਤੇ ਦੌਰਿਆਂ ’ਚੋਂ ਮੈਂ ਨੋਟ ਕੀਤੈ, ਬੱਚਾ ਨਸ਼ੇ ਦੀ ਗਰਿਫ਼ਤ ’ਚ ਐ। ਆਹ ਪੱਤਾ ਵੀ ਨਰਸ ਨੇ ਮੈਨੂੰ ਵਿਖਾਇਐ, ਲੜਕੇ ਦੀ ਪੈਂਟ ’ਚੋਂ ਮਿਲਿਐ। ਹੁਣ ਅਗਲੀ ਗੱਲ ਠੀਕ ਹੋਣ ਦੀ ਐ। ਘਰੋਂ ਕੱਢਣ, ਬੇਦਖ਼ਲ ਕਰਨ, ਜ਼ਮੀਨ ਨਾਂਅ ਕਰਵਾਉਣਾ ਇਹਦਾ ਕੋਈ ਇਲਾਜ ਨੀਂ। ਬੱਚਾ ਘਰ ਪਰਿਵਾਰ ਨਾਲੋਂ ਟੁੱਟਿਆ ਹੋਇਐ। ਘਰ ਦਾ ਸੁਖਾਂਵਾ ਮਾਹੌਲ ਤੇ ਇਹਨੂੰ ਦਿੱਤਾ ਪਿਆਰ-ਮੁਹੱਬਤ ਦਵਾਈਆਂ ਤੇ ਟੀਕਿਆਂ ਨਾਲੋਂ ਵੱਧ ਕੰਮ ਕਰਨਗੇ। ਹਾਲੇ ਸ਼ੁਰੂਆਤ ਐ, ਸੰਭਲ ਸਕਦੈ, ਬਾਕੀ ਦਵਾਈ ਦਿੰਦੇ ਰਿਹੋ। ਲੈ ਜੋ। ਧਿਆਨ ਰੱਖਿਓ ’ਕੱਲਾ ਨਾ ਛੱਡਿਓ।’’ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਿਰ ਚਕਰਾ ਗਿਐ। ਸਾਰਾ ਸਰੀਰ ਕੰਬਣ ਲੱਗ ਪਿਐ। ਇਨ੍ਹਾਂ ਅਣਹੋਈਆਂ ਗੱਲਾਂ ਤੋਂ ਡਰਦਾ ਈ ਰੋਜ਼ ਕਲਪਦਾ ਸੀ।
‘‘ਹੋਰ ਇਹਨੇ ਕੀ ਰੰਗ ਲਾਉਣੇ ਸੀ।’’ ਭੂਸਰ ਕੇ ਕੁਲਤਾਰ ਬੋਲਦੈ। ‘‘ਇਹ ਥੋਡੇ ਈ ਕਾਰਨਾਮੇ ਰੰਗ ਲਿਆਏ ਨੇ।’’ ਮੇਰਾ ਵੀ ਅੰਦਰ ਉਬਲਦੈ।
ਆਪਣੇ ਆਪ ਨੂੰ ਸੰਭਾਲ ਕੇ ਕਹਿਨਾਂ, ‘‘ਡਾਕਟਰ ਸਾਹਬ, ਜਿਮੇਂ ਤੁਸੀਂ ਸਮਝਾਇਐ ਉਵੇਂ ਈ ਕਰੂੰ। ਬੱਚੇ ਤੋਂ ਵੱਧ ਮੈਨੂੰ ਕੁਛ ਨੀਂ ਜਹਾਨ ’ਤੇ। ਇਹਦੀ ਜਿੰਦ-ਗਾਨੀ ਬਚਾਓ ਹਰ ਹੀਲੇ।’’
ਦਵਾਈਆਂ ਕਿਮੇ ਦੇਣੀਐਂ ਸਮਝ ਕੇ, ਆਸਵੰਤ ਦੇ ਬੈੱਡ ਕੋਲ ਆ ਉਸ ਨੂੰ ਬੁੱਕਲ ’ਚ ਲੈ ਲਿਐ। ਸਹਾਰਾ ਦੇ ਕੇ ਉਸ ਨੂੰ ਉਠਾਉਣ ਲਈ ਉਗਾਸਣ ਲੱਗਦਾਂ।
ਪਿਉ ਭੈੜੇ ਮੂੰਹ ਆਲਾ ਪਰ੍ਹੇ ਕੱਛਾਂ ’ਚ ਹੱਥ ਦੇਈ ਖੜ੍ਹੈ, ਇਹਨੂੰ ਬੈੱਡ ਤੋਂ ਉਠਾਉਣ ਲਈ ਹਾਲੇ ਵੀ ਤਿਆਰ ਨੀਂ।
ਸੰਪਰਕ: 98720-01856