ਬਲਵਿੰਦਰ ਬਾਲਮ
ਮੈਂ ਇਕ ਵਿਆਹ ’ਤੇ ਗਿਆ। ਸ਼ਗਨ ਦੀ ਰਸਮ ਅਦਾ ਕਰਨ ਤੋਂ ਬਾਅਦ ਉੱਥੇ ਭੋਜਨ ਹਾਲ ਵਿਚ ਭੋਜਨ ਸ਼ੁਰੂ ਕਰਨ ਲਈ ਪਲੇਟ ਚੁੱਕਣ ਲੱਗਾ ਤਾਂ ਇਕ ਨਿਰਬਲ, ਪਤਲੇ ਦੁਬਲੇ ਲੜਕੇ ਨੇ ਨਮਸਕਾਰ ਕਰਦਿਆਂ ਮੇਰੇ ਪੈਰੀਂ ਹੱਥ ਲਾਏ। ਮੈਂ ਉਸ ਨੂੰ ਅਸ਼ੀਰਵਾਦ ਤਾਂ ਦੇ ਦਿੱਤਾ, ਪਰ ਪਛਾਣ ਨਾ ਸਕਿਆ। ਸੋਚਿਆ ਕੋਈ ਜਾਣ-ਪਛਾਣ ਵਾਲਾ ਹੋਵੇਗਾ। ਮੇਰੀ ਸੋਚ ਦੀ ਪਕੜ ਵਿਚ ਉਹ ਆਇਆ ਨਹੀਂ। ਖ਼ੈਰ! ਮੈਂ ਭੋਜਨ ਵਾਸਤੇ ਪਲੇਟ ਚੁੱਕਣ ਲਈ ਅੱਗੇ ਵਧਿਆ ਤਾਂ ਉਸ ਲੜਕੇ ਨੇ ਬੜੇ ਇਤਮਿਨਾਨ, ਪਿਆਰ ਸਤਿਕਾਰ ਨਾਲ, ਥੋੜ੍ਹਾ ਮੁਸਕੁਰਾਂਦਿਆਂ ਅਪਣਤੱਵ ਭਰੇ ਭਾਵ ਨਾਲ ਇਕ ਪਲੇਟ ਚੁੱਕੀ, ਮੋਢੇ ’ਤੇ ਰੱਖੇ ਤੌਲੀਏ ਨਾਲ ਉਸ ਨੂੰ ਸਾਫ਼ ਕੀਤਾ, ਥੋੜ੍ਹਾ ਮੁਨਾਸਬਿ ਸਲਾਦ ਅਤੇ ਇਕ ਚਮਚਾ ਮੈਨੂੰ ਦਿੰਦਿਆਂ ਸਤਿਕਾਰ ਨਾਲ ਕਿਹਾ, ‘‘ਸਰ, ਐ ਲਓ।’’ ਅਤੇ ਜਲਦੀ-ਜਲਦੀ ਜਾਂਦਾ ਹੋਇਆ ਉਹ ਇਕ ਬੈਰੇ ਨੂੰ ਕਹਿ ਗਿਆ ਕਿ ਸਰ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਧਿਆਨ ਨਾਲ ਇੱਥੇ ਹੀ ਦੇ ਦੇਣਾ। ਭੀੜ ਕਾਫ਼ੀ ਸੀ। ਮੈਂ ਉਸ ਨੂੰ ਪਛਾਣ ਨਾ ਸਕਿਆ ਅਤੇ ਨਾ ਹੀ ਪੁੱਛ ਸਕਿਆ ਕਿ ‘ਬੇਟਾ, ਤੁਸੀਂ ਕੌਣ ਹੋ?’ ਮੈਂ ਭੋਜਨ ਤਾਂ ਕਰ ਲਿਆ, ਪਰ ਮੇਰਾ ਮਨ ਉਸ ਲੜਕੇ ਬਾਰੇ ਹੀ ਸੋਚ ਮਗਨ ਰਿਹਾ। ਆਖ਼ਰ ਵਿਚ ਮੈਂ ਉਸ ਬੈਰੇ ਕੋਲੋਂ ਹੀ ਪੁੱਛਿਆ, ‘‘ਬੇਟਾ, ਉਹ ਲੜਕਾ ਕਿੱਥੇ ਹੈ ਜੋ ਮੇਰੇ ਬਾਰੇ ਤੁਹਾਨੂੰ ਕਹਿ ਕੇ ਚਲਾ ਗਿਆ ਸੀ?’’ ਉਸ ਨੇ ਕਿਹਾ, ‘‘ਸਰ, ਉਹ ਉੱਥੇ ਨਾਨ ਬਣਾ ਰਿਹਾ ਏ।’’ ਮੈਂ ਉਸ ਕੋਲ ਗਿਆ। ਉਹ ਤਪਾਕ ਨਾਲ ਸਾਰਾ ਕੰਮ ਛੱਡ ਕੇ ਤੌਲੀਏ ਨਾਲ ਹੱਥ ਸਾਫ਼ ਕਰਦਾ ਹੋਇਆ ਮੇਰੇ ਕੋਲ ਆ ਗਿਆ। ਆਉਂਦੇ ਹੀ ਉਸ ਨੇ ਨਿਮਰਤਾ ਭਾਵ ਨਾਲ ਕਿਹਾ, ‘‘ਸਰ, ਤੁਸੀਂ ਮੈਨੂੰ ਪਛਾਣਿਆ ਨਹੀਂ।’’ ਮੈਂ ਮਸਤਕ ਵਿਚ ਅਤੀਤ ਦੇ ਦਰਪਣ ’ਚੋਂ ਝਾਕਦਿਆਂ ਅਸਫ਼ਲ ਕੋਸ਼ਿਸ਼ ਮਗਰੋਂ ਉਸ ਨੂੰ ਕਿਹਾ, ‘‘ਬੇਟੇ, ਨਹੀਂ। ਮੈਂ ਤੁਹਾਨੂੰ ਪਛਾਣਿਆ ਨਹੀਂ।’’ ਉਸ ਨੇ ਅੱਖਾਂ ਭਰਦਿਆਂ ਕਿਹਾ, ‘‘ਸਰ, ਮੈਂ ਦੀਪੂ ਹਾਂ। ਤੁਹਾਡੇ ਕੋਲੋਂ ਪੜ੍ਹਦਾ ਰਿਹਾ ਹਾਂ।’’ ਮੈਂ ਉਸ ਦਾ ਨਾਂਅ ਸੁਣਦੇ ਹੀ ਹੈਰਾਨ ਰਹਿ ਗਿਆ। ਮੇਰੇ ਮਸਤਕ ਵਿਚ ਉਹ ਦਿਨ ਚਲ-ਚਿੱਤਰ ਦੀ ਤਰ੍ਹਾਂ ਦੌੜਣ ਲੱਗੇ। ਮੈਂ ਹੈਰਾਨ ਹੋ ਕੇ ਕਿਹਾ, ‘‘ਬੇਟੇ, ਤੁਸੀਂ ਨਾਨ ਬਣਾ ਰਹੇ ਹੋ? ਤੁਸੀਂ ਤਾਂ ਏਨੇ ਹੋਣਹਾਰ, ਹੁਸ਼ਿਆਰ ਲੜਕੇ ਸੀ। ਹਰ ਇਮਤਿਹਾਨ ’ਚੋਂ ਤੁਸੀਂ ਅੱਵਲ ਆਇਆ ਕਰਦੇ ਸੀ। ਅੱਠਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਵਿਚ ਮੈਰਿਟ ਸੂਚੀ ਵਿਚ ਤੁਹਾਡਾ ਨਾਂ ਸੀ। ਤੁਸੀਂ ਇਹ ਕੀ ਹੁਲੀਆ ਬਣਾ ਰੱਖਿਆ ਏ। ਇਸ ਚਿਹਰੇ ’ਤੇ ਹੁਣੇ ਹੀ ਝੁਰੜੀਆਂ, ਉਪਰਾਮਤਾ, ਬੁਝੀਆਂ-ਬੁਝੀਆਂ ਬੋਝਲ ਅੱਖਾਂ, ਕੀ ਹੋ ਗਿਆ ਏ ਤੁਹਾਨੂੰ? ਤੁਸੀਂ ਅੱਗੇ ਪੜ੍ਹੇ ਨਹੀਂ? ਮੈਂ ਤਾਂ ਸੋਚਦਾ ਸਾਂ ਕਿ ਤੁਸੀਂ ਇਕ ਦਿਨ ਬਹੁਤ ਵੱਡੇ ਅਫ਼ਸਰ ਬਣੋਗੇ।’’ ਮੈਂ ਉਸ ਦੇ ਗੰਦੇ ਰੁੱਖੇ-ਸੁੱਕੇ ਵਾਲਾਂ ’ਤੇ ਹੱਥ ਫੇਰਦਿਆਂ ਕਿਹਾ, ‘‘ਤੁਸੀਂ ਅੱਗੇ ਕਿਉਂ ਨਹੀਂ ਪੜ੍ਹੇ?’’
ਉਸ ਨੇ ਮੇਰਾ ਹੱਥ ਫੜ ਲਿਆ, ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਕੂਲ ਵਿਚ ਫੜ ਲਿਆ ਕਰਦਾ ਸੀ, ਕਿਸੇ ਸਮੱਸਿਆ ਦੇ ਹੱਲ ਬਾਰੇ ਪੁੱਛਦੇ ਸਮੇਂ ਅਤੇ ਡੁਸਕਦਿਆਂ ਕਹਿਣ ਲੱਗਾ, ‘‘ਸਰ, ਕੀ ਦੱਸਾਂ? ਅੱਠਵੀਂ ਕਲਾਸ ਪਾਸ ਕਰਕੇ ਮੈਂ ਦੂਸਰੇ ਸਕੂਲ ਚਲਾ ਗਿਆ ਸੀ। ਦਸਵੀਂ ਕਲਾਸ ਕਰਨ ਬਾਅਦ ਮੈਂ ਗਿਆਰਵੀਂ ਕਲਾਸ ਵਿਚ ਇਕ ਹੋਰ ਸਕੂਲ ਦਾਖ਼ਲ ਹੋਇਆ, ਪਰ ਵਿਡੰਬਨਾ ਕਿ ਇਕ ਮਹੀਨੇ ਬਾਅਦ ਇਕ ਦਿਨ ਪਿਤਾ ਜੀ ਸ਼ਾਮ ਨੂੰ ਮਜ਼ਦੂਰੀ ਕਰਕੇ ਸਾਈਕਲ ’ਤੇ ਆ ਰਹੇ ਸੀ ਕਿ ਇਕ ਸ਼ਰਾਬੀ ਟਰੱਕ ਵਾਲੇ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਏ। ਟਰੱਕ ਦਾ ਪਤਾ ਹੀ ਨਹੀਂ ਚੱਲਿਆ। ਅਜੇ ਇਕ ਸਦਮਾ ਭੁੱਲਿਆ ਨਹੀਂ ਸੀ ਕਿ ਦੋ ਮਹੀਨਿਆਂ ਬਾਅਦ ਮਾਤਾ ਜੀ ਹਾਰਟ ਅਟੈਕ ਨਾਲ ਪੂਰੀ ਹੋ ਗਈ। ਇਸ ਨਾਲ ਘਰ ਵਿਚ ਇਕ ਛੋਟੀ ਭੈਣ ਅਤੇ ਇਕ ਛੋਟੇ ਭਰਾ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ’ਤੇ ਆ ਪਈ। ਸਰ, ਸਭ ਰਿਸ਼ਤੇਦਾਰਾਂ, ਸਕੇ-ਸਬੰਧੀਆਂ ਨੇ ਸਾਥ ਛੱਡ ਦਿੱਤਾ। ਇਸ ਮੁਸੀਬਤ ਵਿਚ ਕੋਈ ਆਪਣਾ ਨਾ ਬਣਿਆ। ਕਿਸੇ ਨੇ ਸਾਥ ਨਾ ਦਿੱਤਾ। ਅਸੀਂ ਤਿੰਨੋਂ ਭੈਣ ਭਰਾ, ਰਾਤ ਰਾਤ ਭਰ ਮਾਂ ਅਤੇ ਪਿਤਾ ਜੀ ਨੂੰ ਯਾਦ ਕਰ ਕਰ ਕੇ ਰੋਂਦੇ ਰਹਿੰਦੇ। ਘਰ ਵਿਚ ਸਾਡੇ ਹਿੱਸੇ ਦਾ ਸਿਰਫ਼ ਇਕ ਹੀ ਕਮਰਾ ਸੀ। ਕਿਉਂਕਿ ਦੋ ਚਾਚੇ ਸਨ ਉਹ ਵੀ ਮਿਹਨਤ ਮਜ਼ਦੂਰੀ ਦਿਹਾੜੀ-ਦੱਪਾ ਹੀ ਕਰਦੇ ਸਨ। ਰੋਟੀ ਚਲਾਉਣ ਲਈ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਸੀ। ਮਜਬੂਰਨ ਇਸ ਕੰਮ ਨਾਲ ਸੰਤੋਖ ਕਰਨਾ ਪਿਆ। ਇਹ ਹਲਵਾਈ ਸਾਡੇ ਪਿੰਡ ਦਾ ਹੈ। ਪੰਜਾਹ ਰੁਪਏ ਦਿਹਾੜੀ ਉੱਤੇ ਮੈਂ ਇਸ ਨਾਲ ਕੰਮ ਕਰਦਾ ਹਾਂ। ਜਦੋਂ ਕੋਈ ਕੰਮ ਹੁੰਦਾ ਹੈ, ਇਸ ਦੇ ਨਾਲ ਕੰਮ ਕਰਨ ਆ ਜਾਂਦਾ ਹਾਂ। ਲਗਭਗ ਦੋ ਸਾਲਾਂ ਤੋਂ ਇਹ ਕੰਮ ਕਰਦਾ ਆ ਰਿਹਾ ਹਾਂ।’’
ਮੈਂ ਦੀਪੂ ਨੂੰ ਪਿਆਰ ਨਾਲ ਗਲੇ ਲਗਾ ਲਿਆ ਅਤੇ ਆਪਣੇ ਦਿਲ ਹੀ ਦਿਲ ਵਿਚ ਸੰਕਲਪ ਲੈ ਲਿਆ ਕਿ ਉਸ ਨੂੰ ਪੜ੍ਹਾਵਾਂਗਾ। ਅਧਿਆਪਕ ਦਾ ਫ਼ਰਜ਼ ਹੁੰਦਾ ਹੈ ਕਿ ਉਹ ਹੋਣਹਾਰ ਵਿਦਿਆਰਥੀਆਂ ਦੀ ਮਦਦ ਕਰੇ। ਸਾਧਨ ਵਿਹੂਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਬਣ ਕੇ ਉਨ੍ਹਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਦੀ ਕੋਸ਼ਿਸ਼ ਕਰੇ।
‘‘ਦੀਪੂ ਬੇਟੇ, ਤੁਸੀਂ ਅੱਗੇ ਪੜ੍ਹ ਸਕਦੇ ਹੋ। ਮੈਂ ਚਾਹੁੰਦਾ ਹਾਂ ਤੁਸੀਂ ਇਸ ਕੰਮ ਦੇ ਨਾਲ-ਨਾਲ ਪ੍ਰਾਈਵੇਟ ਪੜ੍ਹੋ। ਮੈਂ ਤੁਹਾਡੀ ਮਦਦ ਕਰਾਂਗਾ। ਤੁਸੀਂ ਕਿਸੇ ਦਿਨ ਮੇਰੇ ਘਰ ਆਉਣਾ।’’ ਮੈਂ ਉਸ ਨੂੰ ਪਤਾ ਸਮਝਾ ਦਿੱਤਾ। ਉਹ ਮੇਰੀ ਗੱਲ ਮੰਨ ਗਿਆ। ਮੈਂ ਉਸ ਨੂੰ ਆਸ਼ੀਰਵਾਦ ਦੇ ਕੇ ਵਾਪਸ ਘਰ ਆ ਗਿਆ।
ਮੈਂ ਸ਼ਾਮ ਨੂੰ ਘਰ ਦੇ ਵਿਹੜੇ ਵਿਚ ਬੈਠਾ ਇਕ ਪੁਸਤਕ ਪੜ੍ਹ ਰਿਹਾ ਸਾਂ। ਬਾਹਰ ਬੈੱਲ ਹੋਈ। ਮੈਂ ਗੇਟ ਖੋਲ੍ਹਿਆ ਤਾਂ ਦੀਪੂ ਇਕ ਆਸ ਦੀ ਕਿਰਨ ਲਈ, ਜ਼ਿੰਦਗੀ ਦਾ ਸੰਕਲਪ ਲਈ। ਉਸ ਦੀਆਂ ਅੱਖਾਂ ਵਿਚ ਇਕ ਚਮਕ ਜਿਹੀ ਦਿਖਾਈ ਦਿੱਤੀ ਜੋ ਭਵਿੱਖ ਨੂੰ ਰੌਸ਼ਨ ਕਰਨਾ ਚਾਹੁੰਦੀ ਹੈ।
ਮੈਂ ਪਤਨੀ ਨੂੰ ਆਵਾਜ਼ ਦੇ ਕੇ ਚਾਹ ਬਣਵਾਈ। ਗੱਲਾਂਬਾਤਾਂ ਦੇ ਸਿਲਸਿਲੇ ਦੇ ਨਾਲ ਨਾਲ ਅਸੀਂ ਦੋਵਾਂ ਨੇ ਚਾਹ ਪੀਤੀ। ਉਸ ਨੂੰ ਮੈਂ ਕੁਝ ਮਹਾਨ ਵਿਅਕਤੀਆਂ ਦੀ ਜੀਵਨ ਸ਼ੈਲੀ ਬਾਰੇ ਦੱਸਿਆ। ਸ੍ਰੀ ਲਾਲ ਬਹਾਦਰ ਸ਼ਾਸਤਰੀ, ਸਿੱਖ ਗੁਰੂ ਸਾਹਿਬਾਨ, ਰੂਸੋ, ਦੀਦਰੋ ਆਦਿ ਦੀਆਂ ਜੀਵਨੀਆਂ, ਉਨ੍ਹਾਂ ਦੇ ਸੰਕਲਪ, ਉਨ੍ਹਾਂ ਦੀ ਸਮਾਜ ਨੂੰ ਦੇਣ ਆਦਿ ਬਾਰੇ ਦੱਸ ਕੇ ਮੈਂ ਉਸ ਦੇ ਦਿਲ ਵਿਚ ਭਵਿੱਖ ਨੂੰ ਰੌਸ਼ਨ ਬਣਾਉਣ ਦਾ ਬੀਜ, ਬੀਜ ਦਿੱਤਾ ਜਿਸ ਨੂੰ ਉਸ ਨੇ ਅੰਤਰਆਤਮਾ ਨਾਲ ਸਵੀਕਾਰ ਕਰ ਲਿਆ।
ਮੈਂ ਕੱਪੜੇ ਬਦਲੇ। ਦੀਪੂ ਅਤੇ ਮੈਂ ਬਾਜ਼ਾਰ ਗਏ। ਉੱਥੋਂ ਗਿਆਰਵੀਂ ਕਲਾਸ ਦੀਆਂ ਪੁਸਤਕਾਂ ਖ਼ਰੀਦੀਆਂ ਅਤੇ ਉਸ ਦਾ ਪ੍ਰਾਈਵੇਟ ਦਾਖ਼ਲਾ ਭਰ ਦਿੱਤਾ। ਪੁਸਤਕਾਂ ਦਿੰਦਿਆਂ ਉਸ ਨੂੰ ਮੈਂ ਫਿਰ ਸਮਝਾਇਆ। ‘‘ਜ਼ਿੰਦਗੀ ਦਾ ਅਰਥ ਕੀ ਹੈ? ਦੀਪੂ, ਜ਼ਿੰਦਗੀ ਵਿਚ ਹਮੇਸ਼ਾ ਇਨਸਾਨ ਨੂੰ ਆਸ਼ਾਵਾਦੀ ਹੋਣਾ ਚਾਹੀਦਾ ਹੈ। ਬੇਟਾ, ਨਿਰਾਸ਼ਾਵਾਦੀ ਲੋਕ ਤਰੱਕੀ ਨਹੀਂ ਕਰਦੇ। ਉਨ੍ਹਾਂ ਦੇ ਫੁੱਲਾਂ ਵਿਚ ਖੁਸ਼ਬੂ ਨਹੀਂ ਹੁੰਦੀ।’’ ਦੀਪੂ ਨੇ ਜਾਂਦੇ ਸਮੇਂ ਪ੍ਰਣ ਕੀਤਾ, ‘‘ਮੈਂ ਪੜ੍ਹਾਂਗਾ।’’ ਉਸ ਨੇ ਮੇਰੇ ਪੈਰੀਂ ਹੱਥ ਲਾਇਆ ਅਤੇ ਭਵਿੱਖ ਦੀ ਦਹਿਲੀਜ਼ ’ਤੇ ਖ਼ੂਬਸੂਰਤ ਪ੍ਰਾਪਤੀਆਂ ਦੇ ਬੰਦਨਵਾਰ ਸਜਾਉਣ ਲਈ ਚੱਲ ਪਿਆ ਮੰਜ਼ਿਲ ਵੱਲ।
ਦੀਪੂ ਹਲਵਾਈ ਦੇ ਕੰਮ ਦੇ ਨਾਲ-ਨਾਲ ਦਿਲ ਲਗਾ ਕੇ ਪੜ੍ਹਦਾ। ਹਲਵਾਈ ਦਾ ਕੰਮ ਰੋਜ਼ ਨਹੀਂ ਮਿਲਦਾ ਸੀ। ਕਿਸੇ ਸਮਾਗਮ ਜਾਂ ਵਿਆਹ ਸ਼ਾਦੀ ’ਤੇ ਹੀ ਕੰਮ ਮਿਲਦਾ ਸੀ ਉਸ ਨੂੰ। ਬਾਕੀ ਸਮਾਂ ਉਹ ਪੜ੍ਹਦਾ ਅਤੇ ਛੋਟੇ ਭੈਣ-ਭਰਾ ਨੂੰ ਵੀ ਨਾਲ-ਨਾਲ ਪੜ੍ਹਾਉਂਦਾ। ਜ਼ਰੂਰਤ ਪੈਣ ’ਤੇ ਕਦੇ-ਕਦੇ ਮੇਰੇ ਨਾਲ ਸਲਾਹ-ਮਸ਼ਵਰਾ ਕਰਨ ਲਈ ਆਉਂਦਾ-ਜਾਂਦਾ ਰਹਿੰਦਾ।
ਸਮੇਂ ਦਾ ਘੋੜਾ ਦੌੜਦਾ ਗਿਆ। ਸਮੇਂ ਦਾ ਸੂਰਜ ਉਸ ਦਾ ਹੈ ਜੋ ਉਸ ਨੂੰ ਅਪਣਾ ਲਏ। ਸਮੇਂ ਦੇ ਨਾਲ ਜੋ ਚੱਲਦੇ ਹਨ ਉਹ ਹੀ ਸਮੇਂ ਦੇ ਦੇਵਤਾ ਅਖਵਾਉਂਦੇ ਹਨ। ਸੂਰਜ ਦੀ ਤਰ੍ਹਾਂ ਜੋ ਚੱਲਦੇ ਹਨ ਉਹ ਹੀ ਮਹਾਨਤਾ ਦੇ ਪਰਵ ਬਣਦੇ ਹਨ।
ਦੀਪੂ ਨੇ ਗਿਆਰਵੀਂ ਅਤੇ ਬਾਰਵੀਂ ਪਹਿਲੀ ਸ਼੍ਰੇਣੀ ਵਿਚ ਪਾਸ ਕਰ ਲਈ ਸੀ। ਅਗਲੇ ਮਹੀਨੇ ਮੈਂ ਇਕ ਅਖ਼ਬਾਰ ਵਿਚ ਜੇ.ਬੀ.ਟੀ. ਅਧਿਆਪਕਾਂ ਦੇ ਦੋ ਸਾਲਾ ਕੋਰਸ ਦਾ ਇਸ਼ਤਿਹਾਰ ਪੜ੍ਹਿਆ। ਉਸ ਦਾ ਫਾਰਮ ਭਰਵਾ ਦਿੱਤਾ। ਉਸ ਨੂੰ ਮੈਰਿਟ ਵਿਚ ਦਾਖ਼ਲਾ ਮਿਲ ਗਿਆ। ਹਲਵਾਈ ਦੇ ਕੰਮ ਦੇ ਨਾਲ-ਨਾਲ ਉਹ ਹੁਣ ਸਵੇਰੇ-ਸਵੇਰੇ ਅਖ਼ਬਾਰਾਂ ਵੰਡਣ ਦਾ ਕੰਮ ਵੀ ਕਰਨ ਲੱਗਾ ਸੀ। ਸਮਾਂ ਕਿੰਝ ਬੀਤਿਆ ਪਤਾ ਹੀ ਨਾ ਚੱਲਿਆ। ਇਸੇ ਸਮੇਂ ਦੌਰਾਨ ਮੇਰਾ ਤਬਾਦਲਾ ਕਿਸੇ ਦੂਸਰੇ ਸ਼ਹਿਰ ਹੋ ਗਿਆ। ਦੀਪੂ ਨੂੰ ਮੈਂ ਦੱਸਿਆ ਸੀ, ‘‘ਮੇਰੀ ਤਰੱਕੀ ਹੋ ਕੇ ਬਦਲੀ ਹੋ ਗਈ ਹੈ। ਦੂਸਰੀ ਗੱਲ ਇਹ ਹੈ ਕਿ ਦੀਪੂ, ਮੈਂ ਆਪਣੇ ਹੀ ਘਰ ਚਲਿਆ ਗਿਆ ਹਾਂ। ਕਿਸੇ ਵੀ ਚੀਜ਼ ਦੀ ਜ਼ਰੂਰਤ ਪਵੇ ਤਾਂ ਮੈਨੂੰ ਯਾਦ ਕਰ ਲੈਣਾ ਜਾਂ ਮੇਰੇ ਕੋਲ ਆ ਜਾਣਾ। ਦੇਖੋ ਬੇਟਾ, ਜ਼ਿੰਦਗੀ ਕੋਈ ਏਨੀ ਲੰਬੀ ਨਹੀਂ ਹੈ, ਚੁਟਕੀ ਨਾਲ ਬੀਤ ਜਾਵੇ। ਮੈਂ ਹੁਣ ਕਿੰਨੇ ਸਾਲਾਂ ਦਾ ਹੋ ਗਿਆ ਹਾਂ। ਚੱਲ, ਤੂੰ ਹੀ ਆਪਣੀ ਉਮਰ ਨੂੰ ਲੈ-ਲੈ, ਕੀ ਏਦਾਂ ਨਹੀਂ ਲੱਗਦਾ ਕਿ ਏਨੇ ਸਾਲ ਚੁਟਕੀ ਵਿਚ ਹੀ ਬੀਤ ਗਏ ਹਨ। ਬਸ, ਸਮੇਂ ਨੂੰ ਬੰਨ੍ਹ ਲਵੋ ਮਿਹਨਤ ਦੇ ਪੱਲੇ ਨਾਲ। ਫਿਰ ਇਹ ਧਰਤੀ, ਇਹ ਆਸਮਾਨ ਤੁਹਾਡਾ ਹੈ।’’ ਉਸ ਨੂੰ ਸਮਝਾਉਂਦਿਆਂ ਮੈਂ ਘਰ ਦਾ ਪਤਾ ਦੇ ਦਿੱਤਾ।
ਜਿਸ ਦਿਨ ਮੈਂ ਜਾਣਾ ਸੀ ਦੀਪੂ ਸਾਨੂੰ ਬੱਸ ਸਟੈਂਡ ’ਤੇ ਛੱਡਣ ਆਇਆ। ਪੈਰੀਂ ਹੱਥ ਲਾ ਕੇ ਗਲੇ ਮਿਲਿਆ। ਅੱਖਾਂ ਵਿਚ ਹੰਝੂ ਭਰ ਲਏ। ‘‘ਸਰ’’ ਕਹਿ ਕੇ ਉਸ ਨੇ ਅੱਗੇ ਦੇ ਸ਼ਬਦ ਰੋਕ ਲਏ ਜਿਨ੍ਹਾਂ ਨੂੰ ਮੈਂ ਸਮਝ ਗਿਆ ਸੀ। ਮੈਂ ਉਸ ਨੂੰ ਤਰੱਕੀ ਕਰਨ ਦਾ ਆਸ਼ੀਰਵਾਦ ਦਿੱਤਾ ਅਤੇ ਕਿਹਾ, ‘‘ਦੀਪੂ, ਪੜ੍ਹਾਈ ਨਾ ਛੱਡਣਾ। ਤੁਸੀਂ ਇਕ ਦਿਨ ਮਹਾਨ ਵਿਅਕਤੀ ਬਣ ਸਕਦੇ ਹੋ। ਦੇਖੋ ਬੇਟਾ, ਮਸਤਕ ਇਕ ਐਸੀ ਧਰਤੀ ਹੈ ਜਿਸ ਵਿਚ ਨਿਹਚਾਪੂਰਵਕ ਮਿਹਨਤ ਨਾਲ ਕੋਈ ਵੀ ਫ਼ਸਲ ਉਗਾਈ ਜਾ ਸਕਦੀ ਹੈ।’’
ਮੈਂ ਆਪਣੇ ਸ਼ਹਿਰ ਆ ਗਿਆ। ਦੀਪੂ ਦੇ ਪਿੰਡ ਤੋਂ ਮੇਰਾ ਸ਼ਹਿਰ ਕੋਈ 150 ਕਿਲੋਮੀਟਰ ਦੂਰ ਸੀ।
ਮੈਂ ਹੁਣ ਸੇਵਾਮੁਕਤ ਹੋ ਗਿਆ ਸਾਂ। ਦੀਪੂ ਦਾ ਖ਼ਿਆਲ ਵੀ ਮਨ ’ਚੋਂ ਓਝਲ ਹੋ ਗਿਆ ਸੀ। ਘਰੇਲੂ ਜ਼ਿੰਮੇਵਾਰੀਆਂ, ਰਿਸ਼ਤੇ-ਨਾਤਿਆਂ, ਸਮਾਜ ਵਿਚ ਰਹਿ ਕੇ ਇਨਸਾਨ ਕੀ-ਕੀ ਭੁੱਲ ਜਾਂਦਾ ਹੈ, ਕੁਝ ਪਤਾ ਨਹੀਂ ਚੱਲਦਾ। ਵੈਸੇ ਵੀ ਵਧਦੀ ਉਮਰ ਦੇ ਤਕਾਜ਼ੇ ਵਿਚ ਯਾਦਦਾਸ਼ਤ ਘੱਟ ਹੋ ਜਾਂਦੀ ਹੈ। ਨਜ਼ਰ ਘਟ ਜਾਂਦੀ ਹੈ। ਅੱਖਾਂ ਦਾ ਫੈਲਾਅ ਕੰਨਾਂ ਨੂੰ ਛੂਹਣ ਲੱਗਦਾ ਹੈ। ਸਰੀਰ ਵਿਚ ਪਹਿਲਾਂ ਵਾਲੀ ਸ਼ਕਤੀ ਨਹੀਂ ਰਹਿੰਦੀ। ਮੇਰੇ ਸਾਰੇ ਵਾਲ ਸਫ਼ੇਦ ਹੋ ਚੁੱਕੇ ਸਨ। ਚਿਹਰੇ ’ਤੇ ਝੁਰੜੀਆਂ ਦਾ ਰਾਜ ਸੀ। ਦੰਦ ਵੀ ਕੁਝ ਹੀ ਬਾਕੀ ਬਚੇ ਸਨ। ਸੇਵਾਮੁਕਤ ਹੋਇਆਂ ਕੋਈ ਦਸ ਸਾਲ ਹੋ ਗਏ ਸਨ।
ਇਕ ਦਿਨ ਮੈਂ ਪੈਨਸ਼ਨ ਲੈਣ ਲਈ ਬੈਂਕ ਵਿਚ ਗਿਆ। ਕੁਝ ਲੇਟ ਹੋ ਗਿਆ ਸਾਂ। ਬੈਂਕ ਵਿਚ ਪਹੁੰਚਿਆ ਤਾਂ ਇਕ ਕਲਰਕ ਨੇ ਕਿਹਾ, ‘‘ਤੁਸੀਂ ਲੇਟ ਹੋ ਚੁੱਕੇ ਹੋ, ਕ੍ਰਿਪਾ ਕਰਕੇ ਕੱਲ੍ਹ ਪੈਨਸ਼ਨ ਲੈ ਲੈਣਾ। ਅੱਜ ਨਵੇਂ ਸਾਹਿਬ ਆਏ ਹਨ, ਉਨ੍ਹਾਂ ਦੀ ਪਹਿਲੀ ਆਮਦ ਵਿਚ ਪਾਰਟੀ ਹੋਣ ਵਾਲੀ ਹੈ।’’
ਮੈਂ ਬੈਂਕ ਦੇ ਗੇਟ ’ਚੋਂ ਬਾਹਰ ਹੋਣ ਹੀ ਵਾਲਾ ਸੀ ਕਿ ਪਿੱਛੋਂ ਕਿਸੇ ਨੇ ਝੁਕ ਕੇ ਮੇਰੇ ਪੈਰੀਂ ਹੱਥ ਲਾ ਕੇ ਮੈਨੂੰ ਜੱਫੀ ਵਿਚ ਲੈ ਲਿਆ। ਇਕ ਅਪਟੂਡੇਟ ਆਕਰਸ਼ਕ ਵਿਅਕਤੀਤਵ ਨੇ ਜੱਫੀ ਢਿੱਲੀ ਕਰਦਿਆਂ ਕਿਹਾ, ‘‘ਸਰ, ਆਓ।’’ ਮੈਂ ਨਜ਼ਰ ਦੀ ਐਨਕ ’ਚੋਂ ਝਾਕਦਿਆਂ ਗੌਰ
ਨਾਲ ਵੇਖਿਆ, ਥੋੜ੍ਹੀ ਦੇਰ ਪਛਾਣਨ ਵਿਚ ਲੱਗੀ, ‘‘ਦੀਪੂ, ਤੂੰ…!’’
‘‘ਹਾਂ, ਸਰ।’’ ਉਹ ਮੈਨੂੰ ਮੈਨੇਜਰ ਵਾਲੇ ਕਮਰੇ ਵਿਚ ਲੈ ਗਿਆ। ਮੈਂ ਚੱਲਦੇ-ਚੱਲਦੇ ਕਿਹਾ, ‘‘ਤੁਸੀਂ ਇੱਥੇ ਕਿੱਦਾਂ ਆਏ ਹੋ?’’
‘‘ਸਰ, ਤੁਸੀਂ ਬੈਠੋ ਤਾਂ ਸਹੀ।’’ ਉਸ ਨੇ ਮੈਨੂੰ ਜ਼ਬਰਦਸਤੀ ਮੈਨੇਜਰ ਵਾਲੀ ਕੁਰਸੀ ’ਤੇ ਬਿਠਾ ਦਿੱਤਾ। ਮੈਂ ਬਹੁਤ ਇਨਕਾਰ ਕੀਤਾ, ‘‘ਤੁਸੀਂ ਕੀ ਕਰ ਰਹੇ ਹੋ?’’ ਪਰ ਮੇਰੀ ਉਹ ਗੱਲ ਮੰਨਣ ਵਾਲਾ ਕਿੱਥੇ ਸੀ। ‘‘ਬਈ, ਇਹ ਸਭ ਕੀ ਕਰ ਰਹੇ ਹੋ?’’
ਉਸ ਨੇ ਬੈੱਲ ਦਿੱਤੀ। ਇਕ ਚਪੜਾਸੀ ਆਇਆ ਅਤੇ ਉਸ ਦਾ ਇਸ਼ਾਰਾ ਸਮਝ ਕੇ ਦੋ ਗਲਾਸ ਠੰਢੇ ਲੈ ਆਇਆ।
‘‘ਸਰ, ਮੈਂ ਤੁਹਾਡੇ ਸ਼ਹਿਰ ਵਿਚ, ਇਸ ਬੈਂਕ ਵਿਚ ਮੈਨੇਜਰ ਬਣ ਕੇ ਆਇਆ ਹਾਂ।’’ ਇਹ ਸੁਣਦੇ ਹੀ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੇਰੀ ਖ਼ੁਸ਼ੀ ਦਾ ਪੰਛੀ ਆਸਮਾਨ ਨੂੰ ਛੂਹਣ ਲੱਗਾ। ਮੈਂ ਸਭ ਭੁੱਲ ਗਿਆ ਕਿ ਮੈਂ ਕਿੱਥੇ ਆਇਆ ਸਾਂ।
‘‘ਸਰ, ਅੱਜ ਪਾਰਟੀ ਵਿਚ ਤੁਸੀਂ ਵੀ ਮੇਰੇ ਨਾਲ ਸ਼ਾਮਿਲ ਹੋਵੋਗੇ।’’ ਪਾਰਟੀ ਦਾ ਪ੍ਰਬੰਧ ਹੋ ਚੁੱਕਿਆ ਸੀ। ਦੀਪੂ ਨੇ ਸਤਿਕਾਰ ਨਾਲ ਮੇਰੀ ਬਾਂਹ ਫੜ ਕੇ ਮੈਨੂੰ ਪਾਰਟੀ ਵਿਚ ਮਹਿਮਾਨ ਵਾਲੀ ਉਸ ਕੁਰਸੀ ’ਤੇ ਬਿਠਾ ਦਿੱਤਾ ਜਿੱਥੇ ਉਸ ਨੇ ਖ਼ੁਦ ਬੈਠਣਾ ਸੀ। ਪਾਰਟੀ ਤੋਂ ਪਹਿਲਾਂ ਦੀਪੂ ਨੇ ਮੇਰੀ ਸੰਖੇਪ ਜਾਣ-ਪਛਾਣ ਕਰਵਾਈ। ਸਭਨਾਂ ਨੂੰ ਬਹੁਤ ਖ਼ੁਸ਼ੀ ਹੋਈ। ਬੈਂਕ ਕਰਮੀਆਂ ਵਿਚ ਮੇਰੀ ਇੱਜ਼ਤ, ਮਾਣ-ਸਨਮਾਨ ਬਹੁਤ ਵਧ ਗਿਆ।
ਪਾਰਟੀ ਖ਼ਤਮ ਹੋਣ ਤੋਂ ਬਾਅਦ ਦੀਪੂ ਅਤੇ ਮੈਂ ਉਸ ਦੀ ਗੱਡੀ ਵਿਚ ਬੈਠ ਕੇ ਘਰ ਆ ਗਏ। ਰਸਤੇ ਵਿਚ ਦੀਪੂ ਨੇ ਮਠਿਆਈ ਦਾ ਡੱਬਾ ਲੈ ਲਿਆ। ਘਰ ਪਹੁੰਚ ਕੇ ਮੈਂ ਸਾਰੇ ਪਰਿਵਾਰ ਨਾਲ ਉਸ ਦੀ ਮੁਲਾਕਾਤ ਕਰਵਾਈ।
ਮੈਂ ਦੀਪੂ ਤੋਂ ਉਤਸੁਕਤਾ ਅਤੇ ਜਗਿਆਸਾ ਨਾਲ ਪੁੱਛਿਆ, ‘‘ਦੀਪੂ, ਤੁਸੀਂ ਜੇ.ਬੀ.ਟੀ. ਕਰਨ ਤੋਂ ਬਾਅਦ ਕੀ ਕੀਤਾ? ਕਿਸ ਤਰ੍ਹਾਂ ਦਿਨ ਕੱਟੇ? ਪਰਿਵਾਰ ਦਾ ਕੀ ਹਾਲ ਏ।’’
ਉਸ ਨੇ ਦੱਸਿਆ, ‘‘ਸਰ, ਤੁਸੀਂ ਮੈਨੂੰ ਹਿੰਮਤ ਅਤੇ ਹੌਸਲੇ ਦਾ ਬਲ ਦੇ ਕੇ ਚਲੇ ਆਏ। ਬੁਝੇ ਦੀਪਕ ਨੂੰ ਤੇਲ ਅਤੇ ਬੱਤੀ ਦੇ ਕੇ। ਜਿਸ ਦੀ ਰੌਸ਼ਨੀ ਹੁਣ ਤੁਸੀਂ ਦੇਖ ਰਹੇ ਹੋ, ਸਰ। ਮੈਂ ਦਿਨ ਰਾਤ ਮਿਹਨਤ ਕੀਤੀ। ਇਕ ਪਿੰਡ ਵਿਚ ਅਧਿਆਪਕ ਲੱਗ ਗਿਆ। ਨਾਲ-ਨਾਲ ਪੜ੍ਹਦਾ ਵੀ ਰਿਹਾ। ਭੈਣ ਦੀ ਸ਼ਾਦੀ ਕੀਤੀ। ਭਰਾ ਪੜ੍ਹ ਰਿਹਾ ਏ। ਅਧਿਆਪਕ ਰਹਿੰਦੇ ਹੋਏ ਬੀ.ਏ. ਕੀਤੀ। ਬੀ.ਏ. ਦੀ ਪ੍ਰੀਖਿਆ ਪਹਿਲੇ ਦਰਜ਼ੇ ਵਿਚ ਪਾਸ ਕੀਤੀ। ਅਖ਼ਬਾਰ ਵਿਚ ਪ੍ਰੋਬੇਸ਼ਨਰੀ ਅਫ਼ਸਰ ਦਾ ਇਸ਼ਤਿਹਾਰ ਨਿਕਲਿਆ ਉਸ ਟੈਸਟ ’ਚੋਂ ਮੈਂ ਮੈਰਿਟ ’ਚ ਰਿਹਾ। ਪ੍ਰੋਬੇਸ਼ਨਰੀ ਅਫ਼ਸਰ ਬਣਨ ਤੋਂ ਬਾਅਦ ਹੁਣ ਇੱਥੇ ਤੁਹਾਡੇ ਸਾਹਮਣੇ ਹਾਂ।’’
ਉਸ ਦੀਆਂ ਅੱਖਾਂ ਦੀ ਜਯੋਤੀ ਨਾਲ ਮੇਰੀਆਂ ਅੱਖਾਂ ਦੀ ਜਯੋਤੀ ਮਿਲ ਕੇ ਅਲੌਕਿਤ ਹੋ ਉਠੀਆਂ। ਉਸ ਨੇ ਕਿਹਾ, ‘‘ਸਰ, ਮੈਂ ਤੁਹਾਨੂੰ ਬਹੁਤ ਯਾਦ ਕਰਦਾ ਰਿਹਾ। ਪਰ ਕੀ ਦੱਸਾਂ ਸਰ, ਘਰ ਦੀਆਂ ਜ਼ਿੰਮੇਵਾਰੀਆਂ ਨੇ ਸਿਰ ਉਠਾਉਣ ਨਹੀਂ ਦਿੱਤਾ। ਤੁਹਾਡੇ ਦੁਆਰਾ ਬੀਜਿਆ ਪੌਦਾ ਪ੍ਰਫੁਲਿਤ, ਫ਼ਲਦਾਰ ਹੋ ਕੇ ਹੁਣ ਆਪਣੀ ਮਹਿਕ ਫੈਲਾ ਰਿਹਾ ਹੈ। ਜਿਸ ਦਾ ਸਿਹਰਾ ਸਿਰਫ਼ ਅਤੇ ਸਿਰਫ਼ ਤੁਹਾਡੇ ਆਸ਼ੀਰਵਾਦ ਨੂੰ ਹੀ ਹੈ।’’ ਇੰਝ ਕਹਿੰਦਿਆਂ ਉਸ ਨੇ ਆਪਣਾ ਸਿਰ ਮੇਰੀ ਗੋਦੀ ਵਿਚ ਟਿਕਾ ਕੇ ਮੋਹ ਭਰੀ ਦ੍ਰਿਸ਼ਟੀ ਮੇਰੇ ਮੁਖ ’ਤੇ ਟਿਕਾ ਦਿੱਤੀ। ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਜਿਸ ਤਰ੍ਹਾਂ ਦੁਨੀਆਂ ਦਾ ਸਰਵੋਤਮ ਸਨਮਾਨ ਅੱਜ ਮੈਨੂੰ ਮਿਲਿਆ ਹੈ ਸਿਰਫ਼ ਮੈਨੂੰ।
ਸੰਪਰਕ: 98156-25409