ਵਿਸਾਖੀ
ਸ਼ੇਰ ਸਿੰਘ ਕੰਵਲ
ਅੱਜ ਬਈ ਵਿਸਾਖੀ ਐ! ਹਾਂ! ਅੱਜ ਜੀ ਵਿਸਾਖੀ ਐ!!
ਸੋਹਣੇ ਸੋਹਣੇ ਸੋਹਣ ਸਿੰਘਾ
ਸੋਹਣੇ ਸੋਹਣੇ ਮੁੱਖ ਵਿੱਚੋਂ
ਕਿੰਨੀ ਸੋਹਣੀ ਆਖੀ ਐ!!!
ਅੱਜ ਬਈ ਵਿਸਾਖੀ ਐ? ਹਾਂ! ਅੱਜ ਜੀ ਵਿਸਾਖੀ ਐ!!
ਚੋਬਰਾਂ ਨੇ ਲੀੜਾ-ਲੱਤਾ/ ਰੂਹ ਨਾ’ ਬਣਾਇਆ ਹੋਇਆ।
ਖਿੱਚੀਆਂ ਨੇ ਟੌਹਰਾਂ/ ਬੜੀ ਰੀਝ ਨਾਲ ਪਾਇਆ ਹੋਇਆ।
ਗਹਿਣੇ-ਗੱਟੇ ਸੋਹਣੀਆਂ ਨੇ/ ਅੰਗੋ-ਅੰਗ ਪਾਏ ਨੇ।
ਮਨ-ਮੋਹਣੇ ਮੋਹਣੀਆਂ ਨੇ/ ਫੰਧ ਕੀ ਬਣਾਏ ਨੇ।
ਮੇਲੇ ਦੀ ਤਿਆਰੀ ’ਚ/ ਸਰੂਰ ਜਿਹਾ ਛਾਇਆ ਏ।
ਨਵਾਂ ਸੂਟ ਤਾਏ ਨੇ/ ਸੁਆ ਕੇ ਤਾਜ਼ਾ ਪਾਇਆ ਏ।
ਬਾਬਾ ਜੀ ਨੇ ਭਾਵੇਂ ਹੁਣ/ ਮੇਲੇ ਨਹੀਓਂ ਜਾਵਣਾ।
ਏਨਾ ਗਿਆ-ਗੁਜ਼ਰਿਆ ਨਹੀਂ/ ਦਿਨ ਨਹੀਂ ਮਨਾਵਣਾ!
ਆਖਿਆ ਪੁੱਤਾਂ ਨੂੰ- ਸਾਊ!/ ਮੇਲੇ ਤੁਸੀਂ ਜਾ ਆਓ।
ਵੇਖ ਆਵੋ ਮੇਲਾ/ ਤੇ ਜੁਆਕਾਂ ਨੂੰ ਵਿਖਾ ਆਓ।
ਡੰਗਰਾਂ ਨੂੰ ਜਾਣੋਂ ਪਹਿਲਾਂ/ ਪੱਠਾ-ਦੱਥਾ ਪਾ ਜਾਇਓ।
ਬੰਨ੍ਹ ਕੇ ਤੇ ਨਿੰਮ ਥੱਲੇ/ ਪਾਣੀ ਵੀ ਵਖਾ ਜਾਇਓ।
ਵਹੁਟੀਆਂ ਨੂੰ ਕਿਹਾ-/ ਵੰਡ ਮੱਝਾਂ ਨੂੰ ਰਲਾ ਜਿਓ।
ਮੇਰੇ ਲਈ ਛੰਨਾ ਭਾਈ/ ਖੀਰ ਦਾ ਬਣਾ ਜਿਓ।
ਔਹਨੂੰ ਚੰਗੂ ਬੰਨ੍ਹ ਜਾਇਓ/ ਖੂੰਡਾ ਨਾ ਤੁੜਾਵੇ ਕਿਤੇ
ਬੂਰੀ ਨਾਲ ਬੈਠੀ ਜਿਹੜੀ/ ਭੈਂਗੀ ਜਿਹੀ ਲਾਖੀ ਐ।
ਮੈਂ ਤਾਂ ਏਹੀ ਆਖਣਾ ਸੀ/ ਮੇਲਾ-ਗੇਲਾ ਵੇਖ ਆਵੋ
ਰਤਨੇ ਨੇ ਦੱਸਿਆ ਸੀ
ਅੱਜ ਬਈ ਵਿਸਾਖੀ ਐ!!/ ਆਹੋ ਬਈ ਵਿਸਾਖੀ ਐ!!!
ਜਾਗਰ ਨੇ ਨਾਰਾ ਮੀਣਾ/ ਪੁੱਜ ਕੇ ਸ਼ਿੰਗਾਰੇ ਨੇ!
ਪਾਈਆਂ ਘੁੰਗਰਾਲਾਂ/ ਸਿੰਗ ਚੋਪੜੇ ਸ਼ਿੰਗਾਰੇ ਨੇ।
ਝੁੱਗੀਆਂ ਦੇ ਉੱਤੇ ਸ਼ੀਸ਼ੇ/ ਕਿੰਨੇ ਸੋਹਣੇ ਲੱਗਦੇ…।
ਲੋਗੜੀ ਦੇ ਫੁੱਲ ਕਿਵੇਂ/ ਝਾਲਰਾਂ ਨਾ’ ਸੱਜਦੇ।
ਗੱਡੀਆਂ ਦੀ ਦੌੜ ਹੋਣੀ/ ਮੇਲਾ ਮਸਾਂ ਆਇਆ ਏ।
ਜਾਗਰ ਦਾ ਚਿੱਤ/ ਬਿਨ-ਪੀਤੇ ਨਸ਼ਿਆਇਆ ਏ।
ਨਾਰੇ ਮੀਣੇ ਉੱਡਣਾ ਹੈ/ ਤੀਰ ਜਿਉਂ ਕਮਾਨ ਚੋਂ।
ਪਟਕਾ ਤੇ ਝੰਡੀ ਅੱਜ/ ਲੈਣੇ ਨੇ ਮੈਦਾਨ ’ਚੋਂ।
ਘਿਉ-ਨਾਲਾਂ ਦਿੱਤੀਆਂ/ ਤੇ ਚਾਰੀਆਂ ਨਿਹਾਰੀਆਂ।
ਨਾਰੇ ਮੀਣੇ ਦੇਣੀਆਂ ਨੇ/ ਸਿਰ ਆਈਆਂ ਵਾਰੀਆਂ।
ਜਾਗਰ ਨੂੰ ਏਹੇ ਪੁੱਤ /ਜਾਨ ਤੋਂ ਪਿਆਰੇ ਨੇ।
ਮੇਲੇ ਵਾਲੀ ਝੀਲ/ ਬਣ ਸ਼ੂਕਦੇ ਸ਼ਿਕਾਰੇ ਨੇ।
ਸ਼ੌਂਕੀਆਂ ਵੀ ਵੇਖ ਵੇਖ/ ਲੁੱਟਣੇ ਨਜ਼ਾਰੇ ਨੇ।
ਜਿੱਤਣਾ ਹੀ ਜਿੱਤਣਾ/ ਇਹ ਅੱਗੇ ਕਿਤੇ ਹਾਰੇ ਨੇ?
ਸੇਰ ਲਹੂ ਵਧ ਜਾਣਾ/ ਗ਼ਜ਼ ਚੌੜੀ ਹਿੱਕ ਹੋਣੀ
ਜਾਗਰ ਦੇ ਬਾਰੇ ਜਿਹੜੀ/ ਗੱਲ ਲੋਕਾਂ ਭਾਖੀ ਐ?
ਚਾਅ ਕਿੰਨਾ ਮੇਲੇ ਵਾਲਾ/ ਪਿੰਡ ’ਚੋਂ ਮੁੰਢੀਰ ਭੱਜੀ
ਰਾਹ ’ਚ ਕਿਵੇਂ ਕੂਕੀ ਜਾਵੇ-
ਅੱਜ ਵਈ ਵਿਸਾਖੀ ਐ!!/ ਓ ਅੱਜ ਵਈ ਵਿਸਾਖੀ ਐ!!!
ਗੱਤਕੇ ਦੇ ਪੈਂਤਰੇ ਤੇ/ ਛਾਲਾਂ ਘੋਲ ਹੋਣੇ ਨੇ।
ਬੋਰੀ ਕੌਡੀ ਦੌੜਾਂ/ ਹੋਰ ਸੈਅ ਕਲੋਲ ਹੋਣੇ ਨੇ।
ਮੋਢੇ ਨਾਲ, ਮੋਢਾ ਮੇਲੇ/ ਸੱਜਣਾਂ ਨਾ’ ਵੱਜਣਾ।
ਵੇਖ ਵੇਖ ਸੱਜਣਾਂ ਨੂੰ/ ਅੱਖੀਆਂ ਨਾ ਰੱਜਣਾ।
ਭੀੜ ’ਚ ਅਹੁ ਹੱਥਾਂ ’ਚੋਂ/ ਰੁਮਾਲ ਵੱਟੇ ਗਏ ਨੇ।
ਕਦੋਂ ਦੇ ਸੀ ਬਚਦੇ ਜੋ/ ਮੇਲੇ ਪੱਟੇ ਗਏ ਨੇ।
ਚਾਹ ਕੇ ਕਿਸੇ ਤੱਤੀਆਂ/ ਜਲੇਬੀਆਂ ਕਢਾਈਆਂ ਨੇ।
ਪੂਰ ਹੀ ਪਕੌੜਿਆਂ ਦਾ/ ਮਾਂਜਤਾ ਦੋਂਹ ਬਾਈਆਂ ਨੇ।
ਉੱਡ ਪਏ ਚੰਡੋਲਾਂ ਉੱਤੇ/ ਚੁੰਨੀਆਂ ਗਰਾਰੇ ਨੇ।
ਆਸ਼ਕ ਵੀ ਹੇਠਾਂ ਖੜ੍ਹੇ/ ਕਰਦੇ ਇਸ਼ਾਰੇ ਨੇ।
ਮੇਲੇ ਉੱਤੇ ਸ਼ਰ੍ਹੇਆਮ/ ਦੇਸੀ ਦਾਰੂ ਬੁੱਕਦੀ।
ਪੁਲਸ ਤੋਂ ਬਿਫ਼ਰੀ/ ਜਵਾਨੀ ਕਿੱਥੇ ਝੁਕਦੀ।
ਫਿਰਦੀਆਂ ਟੋਲੀਆਂ ਨੇ/ ਬੱਕਰੇ ਬੁਲਾਉਂਦੀਆਂ।
ਨੈਣਾਂ ਵਾਲੇ ਹੱਥਾਂ ਵਾਲੇ/ ਪੇਚੇ ਕਿਵੇਂ ਪਾਉਂਦੀਆਂ।
ਅੰਞਾਣਿਆਂ ਵੀ ਡੰਝ ਲਾਹੀ/ ਜੇਬਾਂ ਜਦੋਂ ਹੋਈਆਂ ਖਾਲੀ
ਚਿੱਤ ਲਾਉਣ ਟਿੱਬੇ ਛੋਹੀ/ ਕੋਟਲਾ-ਛਪਾਕੀ ਐ!
ਮੁੜ ਆਇਆ ਬਚਪਨਾ/ ਜੁਆਨੀ ਹਾਏ ਚੇਤੇ ਆਈ
ਜਦੋਂ ਪਤਾ ਲੱਗਿਆ ਕਿ
ਅੱਜ ਜੀ ਵਿਸਾਖੀ ਐ!! / ਹਾਂ ਬਈ ਵਿਸਾਖੀ ਐ!!!
ਵਿੱਝੜ ਗਿਆ ਮੇਲਾ/ ਲੋਕੀ ਘਰਾਂ ਨੂੰ ਨੇ ਆਂਵਦੇ।
ਥੱਕੇ ਥੱਕੇ ਪੈਰਾਂ ਸੰਗ/ ਵਾਟ ਨੇ ਮੁਕਾਂਵਦੇ।
ਖ਼ੁਸ਼ੀ ਖ਼ੁਸ਼ੀ ਰਾਹ ’ਚ/ ਖੁੱਲ੍ਹੇ ਬੋਤਲਾਂ ਦੇ ਡੱਟ ਨੇ।
ਜੱਟ ਬਣੇ ਦੋ/ ਇੱਕ ਦੂਜੇ ਤੋਂ ਨਾ ਘੱਟ ਨੇ।
ਵਿੰਹਦਿਆਂ ਹੀ ਵਿੰਹਦਿਆਂ/ ਕੀ ਵਾਰਦਾਤ ਹੋਈ ਏ।
ਚੀਕਾਂ ਲਲਕਾਰਿਆਂ ਨੇ/ ਚੱਕੀ ਕੋਈ ਝੋਈ ਏ।
ਡਾਂਗ ਤੇ ਗੰਡਾਸੀ ਸੰਦੀ/ ਖੁੱਲ੍ਹੀ ਖੇਡ ਚੱਲੀ ਏ।
ਕਣਕਾਂ ਨੇ ਦਹਿਲੀਆਂ/ ਤੇੇ ਦੜੀ ਹਰ ਬੱਲੀ ਏ।
ਲਹੂ ਦੀਆਂ ਰੇਤਾ ਵਿਚ/ ਵਗੀਆਂ ਤਤ੍ਵੀਰੀਆਂ।
ਚੱਟੀਆਂ ਸ਼ਰਾਬ ਸਭ/ ਸ਼ੀਰੀਆਂ ਸਕੀਰੀਆਂ।
ਰੋਂਵਦੇ ਸੁਹਾਗ ਭੈਣਾਂ/ ਰੋਂਦੇ ਪਏ ਵੀਰ ਨੇ।
ਮਾਪੇ ਅਤੇ ਬੱਚੇ/ਮੂਲ ਧਰਦੇ ਨਾ ਧੀਰ ਨੇ।
ਸਰ੍ਹਵਾਂ ਤੇ ਛਾ ਗਏ / ਹਨੇਰੇ ਲੱਖ ਸੋਗ ਦੇ।
ਥੰਮ੍ਹਦੇ ਨਾ ਨੀਰ ਵੇਖੋ/ ਕਿੱਲੇ ਬੱਧੀ ਜੋਗ ਦੇ।
ਗੱਲ ਵਧਗੀ ਬਤੈਤ/ ਪਰ੍ਹੇ ਲੱਗੀ ਜਾਂ ਪਚੈਤ
ਫੇਰ ਬੁੱਧ ਸਿਹੁੰ ਨਿਹੰਗ ਨੇ/ ਸੁਣਾਈ ਆਣ ਸਾਖੀ ਐ!
ਅਸੀਂ ਖਾਲਸਾ ਜੀ! ਰੋਕੇ/ ਅਸੀਂ ਕਿੰਨੀ ਵਾਰੀ ਟੋਕੇ
ਤੁਸੀਂ ਮੋੜੇ ਕਦੇ ਮੁੜੇ?/ ਥੋਡੀ ਆਹਾ ਈ ਵਿਸਾਖੀ ਐ?
ਹਲਾ ਬਈ! ਵਿਸਾਖੀ ਐ?
ਭੁੱਲੇ ਹੋਏ ਖਾਲਸਾ ਜੀ/ ਪਿੱਛਾ ਈ ਭੁਲਾਇਆ ਹੈ।
ਅਸਲੀ ਤਿਹਾਰ ਦਾ ਤਾਂ/ ਚੇਤਾ ਹੀ ਨਾ ਆਇਆ ਹੈ।
ਯਾਦ ਥੋਨੂੰ? ਪਿਤਾ ਜਦੋਂ/ ਸੱਦੇ ਭਿਜਵਾਏ ਸੀ।
ਪ੍ਰੇਮ ਨਾਲ ਪਿਆਰੇ/ ਦੂਰ ਦੂਰ ਤੋਂ ਬੁਲਾਏ ਸੀ।
ਕੱਢ ਕਿਰਪਾਨ ਫੇਰ/ ਇਵੇਂ ਸੀ ਵੰਗਾਰਿਆ-
‘ਆਵੋ ਜੀਹਨੇ ਸੀਸ ਦੇਣਾ/ ਰੋਹ ਨਾਲ ਪੁਕਾਰਿਆ।
ਨਾਈ ਛੀਂਬਾ ਝਿਉਰ/ ਫੇਰ ਜੋ ਵੀ ਸਾਹਵੇਂ ਆ ਗਿਆ।
ਖੱਤਰੀ ਜਾਂ ਜੱਟ/ ਸੀਸ ਦੇ ਕੇ ਸਿੱਖੀ ਪਾ ਗਿਆ।
ਅੰਮ੍ਰਿਤ ਇਕੋ ਬਾਟੇ ਵਿਚੋਂ/ ਸਭ ਨੂੰ ਛਕਾਇਆ ਸੀ।
ਗੁਰੂ ਕੀਤਾ ਪੰਥ ਨੂੰ/ ਤੇ ਚੇਲਾ ਅਖਵਾਇਆ ਸੀ।
ਸੰਦੇਸ਼ ਓਸ ਪਿਤਾ ਦਾ/ ਤੂੰ ਭੁੱਲ ਗਿਐਂ ਖਾਲਸਾ।
ਤਦੇ ਹੀ ਤਾਂ ਇੱਦਾਂ ਤੂੰ/ ਰੁਲ ਰਿਹੈਂ ਖਾਲਸਾ।
ਕੌਮ ਨੂੰ ਹੈ ਲੱਗ ਗਈ/ ਚੌਧਰ-ਸਿਉਂਕ ਉਏ।
ਸ਼ਾਨ ਰਹਿਜੇ ਪੰਥ ਦੀ/ ਕੋਈ ਸੋਚ ਲੈ ਵਿਉਂਤ ਉਏ।
ਭੁੱਲ ਪ੍ਰੇਮ ਦੀ ਨਾ ਤਾਨ/ ਨਾ ਓਏ ਛੱਡ ਕਿਰਪਾਨ
ਕਰ ਜ਼ੁਲਮ ਦਾ ਜੁ ਨਾਸ/ ਮਜ਼ਲੂਮ ਵਾਲੀ ਰਾਖੀ ਐ।
ਆਹਾ ਸੀ ਸੁਨੇਹਾ ਦੇਣਾ/ ਗੁੱਝਾ ਪ੍ਰਤੱਖ ਜਾਣ
ਰੰਗਲਾ ਤਿਉਹਾਰ ਕਿੰਨਾ/ ਨੂਰੀ ਅਤੇ ਖ਼ਾਕੀ ਐ!!
ਅੱਜ ਓਹ ਵਿਸਾਖੀ ਐ!!! / ਹਾਂ ਅੱਜ ਜੀ ਵਿਸਾਖੀ ਐ!
* * *
ਜੱਲ੍ਹਿਆਂਵਾਲੇ ਬਾਗ਼
ਅਮਰਜੀਤ ਸਿੰਘ ਅਮਨੀਤ
ਜੱਲ੍ਹਿਆਂਵਾਲੇ ਬਾਗ਼ ਦੀ ਹੋਂਦ
ਮਹਿਜ਼ ਇੱਟਾਂ ’ਤੇ ਗੋਲ਼ੀਆਂ ਦੇ ਨਿਸ਼ਾਨਾਂ ਕਰਕੇ ਨਹੀਂ ਹੁੰਦੀ
ਤੇ ਨਾ ਹੀ ਖ਼ੂਨੀ ਖੂਹ ਕਰਕੇ ਹੁੰਦੀ ਹੈ
ਜੱਲ੍ਹਿਆਂਵਾਲੇ ਬਾਗ਼ ਕੌਮਾਂ ਦੀਆਂ ਰੂਹਾਂ ’ਚ
ਉੱਕਰੇ ਹੁੰਦੇ ਨੇ
ਕੌਮਾਂ ਦੀ ਰੂਹ ਦੇ ਜ਼ਖ਼ਮ ਹੁੰਦੇ ਨੇ
ਤੇ ਇਹ ਵੀ ਨਹੀਂ ਕਿ ਇਹ
ਸਿਰਫ਼ ਅੰਮ੍ਰਿਤਸਰ ਵਿੱਚ ਹੀ ਹੁੰਦੇ ਨੇ
ਜੱਲ੍ਹਿਆਂਵਾਲ਼ੇ ਬਾਗ ਦਾ ਸਾਕਾ ਤਾਂ
ਹੱਕ ਮੰਗਦੇ ਲੋਕਾਂ ਦੇ ਪਿੱਛੇ ਪਿੱਛੇ ਤੁਰਦਾ ਰਹਿੰਦਾ ਹੈ
ਕਦੇ ਇਸ ਸ਼ਹਿਰ ਕਦੇ ਉਸ ਸ਼ਹਿਰ
ਕਦੇ ਇਸ ਦੇਸ਼ ਕਦੇ ਉਸ ਦੇਸ਼
ਤੁਸੀਂ ਜਦੋਂ ਵੀ, ਜਿੱਥੇ ਵੀ ਹੱਕ ਮੰਗੋਗੇ
ਅਨਿਆਂ ਨਾਲ ਲੜਦੇ ਨਿਆਂ ਮੰਗੋਗੇ
ਉਹੋ ਜਿਹੀ ਪੁਲੀਸ ਆ ਜਾਵੇਗੀ
ਉਹੋ ਜਿਹੇ ਡੰਡੇ ਆ ਜਾਣਗੇ
ਉਹੀ ਕਾਨੂੰਨ
ਉਹੀ ਹਥਿਆਰ ਆ ਜਾਣਗੇ
ਉਹੀ ਆਰਡਰ
ਉਹੀ ਡਾਇਰ
ਤੇ ਫਿਰ ਉਸੇ ਤਰ੍ਹਾਂ ਦੀਆਂ ਸੱਟਾਂ
ਉਸੇ ਤਰ੍ਹਾਂ ਦੇ ਜ਼ਖ਼ਮ
ਜ਼ਖ਼ਮਾਂ ’ਚੋਂ ਨਿਕਲਦਾ ਲਹੂ
ਤੇ ਫਿਰ ਸਾਹਮਣੇ ਉਹੋ ਜਿਹਾ ਹੀ
ਇੱਕ ਹੋਰ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ
ਤੇ ਜਨਰਲ ਡਾਇਰ ਵਿਦੇਸ਼ੀ ਧਰਤੀਆਂ ਦੇ ਹੀ ਨਹੀਂ ਹੁੰਦੇ
ਉਹ ਹਰ ਥਾਂ ਨੇ
ਸਾਡੇ ਵਿੱਚ ਵੀ ਡੂੰਘੇ ਕਿਤੇ ਛੁਪੇ ਹੋਏ ਨੇ
ਤੇ ਉਹ ਵੀ ਸਾਡੇ ਹੀ ਬੱਚੇ ਹੁੰਦੇ ਨੇ
ਜੋ ਜੱਲ੍ਹਿਆਂਵਾਲੇ ਬਾਗ਼ ’ਚ ਹਥਿਆਰ ਚਲਾਉਂਦੇ ਨੇ
ਸਾਡਾ ਲਹੂ ਵਹਾਉਂਦੇ ਨੇ
ਉਨ੍ਹਾਂ ਨੂੰ ਬੇਰੁਜ਼ਗਾਰੀ ਦੀ ਮਾਰ, ਮਾਰ ਕੇ
ਕੰਗਾਲੀ ਭਰੇ ਭਵਿੱਖ ਤੋਂ ਡਰਾ ਕੇ
ਫਿਰ ਤਨਖ਼ਾਹਾਂ ਦੇ ਕੇ ਆਪਣੀ ਧਿਰ ਬਣਾਉਂਦੇ
ਉਹ ਤਨਖ਼ਾਹਾਂ ਦੀ ਖੁਆਈ ਹੋਈ ਸਹੁੰ ਵੇਖਦੇ
ਫਿਰ ਅਸੀਂ ਉਨ੍ਹਾਂ ਦੇ ਹਮਸਾਏ ਦੂਜੇ ਪਾਸੇ ਖੜ੍ਹੇ
ਦੂਜੀ ਧਿਰ ’ਚ ਵਟ ਜਾਂਦੇ
ਅਸੀਂ ਦੋ ਹੀ ਧਿਰਾਂ ਹਾਂ ਧੁਰ ਤੋਂ
ਤੇ ਆਪਣਾ ਆਪਣਾ ਵਿਹਾਰ ਜਿਊਂ ਰਹੀਆਂ
ਅਸੀਂ ਜੱਲ੍ਹਿਆਂਵਾਲੇ ਬਾਗ਼ ’ਚ ਇਕੱਠੇ ਹੁੰਦੇ ਹਾਂ
ਤੇ ਉਹ ਜੱਲ੍ਹਿਆਂਵਾਲੇ ਬਾਗ਼ ਨੂੰ
ਸਾਕੇ ’ਚ ਬਦਲਦੇ ਤੇ ਹਮੇਸ਼ਾਂ ਬਦਲਦੇ ਰਹਿਣਗੇ
ਬਦਲਦੇ ਸਮਿਆਂ ਵਿੱਚ
ਕੁਝ ਲੋਕ ਬਦਲਦੇ ਰਹਿੰਦੇ ਨੇ
ਕਦੇ ਇਸ ਧਿਰ ਵਿੱਚ ਖੜ੍ਹੇ ਹੁੰਦੇ
ਕਦੇ ਉਸ ਧਿਰ ਵਿੱਚ ਸ਼ੁਮਾਰ ਹੋਏ ਹੁੰਦੇ
ਪਰ ਜੱਲ੍ਹਿਆਂਵਾਲਾ ਬਾਗ਼ ਤਾਂ ਅਟੱਲ ਹੈ
ਸਾਰੇ ਸਮਿਆਂ ’ਚ ਜੱਲ੍ਹਿਆਂਵਾਲਾ ਬਾਗ਼
ਸਾਡੇ ਨਾਲ ਨਾਲ ਹੁੰਦਾ
ਨਾਲ ਹੀ ਹੁੰਦੇ ਜਨਰਲ ਡਾਇਰ
ਤੇ ਜੱਲ੍ਹਿਆਂਵਾਲੇ ਬਾਗ਼ ਦੀ
ਰੱਤ-ਸਿੰਜੀ ਜ਼ਰਖੇਜ਼ ਧਰਤ ’ਚ ਉੱਗਣ ਵਾਲੇ
ਬਹੁਤ ਸਾਰੇ ਊਧਮ ਸਿੰਘ ਵੀ ਨਾਲ ਹੀ ਹੁੰਦੇ
ਜਾਬਰ ਧਿਰਾਂ ਸਦਾ ਨਾ ਰਹਿ ਸਕਦੀਆਂ
ਕਿਉਂ ਜੋ ਜੱਲ੍ਹਿਆਂਵਾਲੇ ਬਾਗ਼ ਵਿੱਚ
ਇਕੱਠੀਆਂ ਹੋਣ ਵਾਲੀਆਂ ਸਾਡੀਆਂ ਧਿਰਾਂ ਕੋਲ਼
ਹਮੇਸ਼ਾ ਜੂਝ ਮਰਨ ਦਾ ਜਜ਼ਬਾ ਹੁੰਦਾ
ਯੋਧੇ ਹੁੰਦੇ, ਸੀਸ ਤਲ਼ੀਏ ਧਰੇ ਹੁੰਦੇ
ਵੱਡਾ ਕਿਰਦਾਰ ਹੁੰਦਾ
ਪਹਿਲੇ ਯੋਧਿਆਂ ਦਾ ਇਤਿਹਾਸ ਸਾਨੂੰ ਕੰਠ ਹੋਣ ਲੱਗਦਾ
ਅਸੀਂ ਸੱਚੇ ਸੁੱਚੇ ਫ਼ਰਜ਼ਾਂ ਦੇ ਸਨਮੁਖ ਹੁੰਦੇ
ਇਨ੍ਹਾਂ ਨੂੰ ਪਾਕ ਪਵਿੱਤਰ ਬਣਾਉਂਦੇ
ਤੇ ਇਹੀ ਜੀਵਣਾ ਸਾਡੀ ਹੋਂਦ ਬਚਾਈ ਰੱਖਦਾ
ਇੱਕ ਸੰਘਰਸ਼, ਲਹੂ ਦਾ ਦਰਿਆ ਹੋ ਵਹਿੰਦਾ ਰਹਿੰਦਾ
ਤੇ ਫੇਰ ਇੱਕ ਦਿਨ ਜਿੱਤ ਹੁੰਦੀ
ਅਸੀਂ ਸ਼ਾਂਤੀ ਨਾਲ ਭਰੇ ਸਵਰਾਜ ਦਾ ਭਰਮ ਪਾਲ਼ਦੇ
ਲੰਘਦਾ ਜਾਂਦਾ ਸਮਾਂ ਫਿਰ ਲੰਘਦਾ
ਯੋਧੇ ਅਵੇਸਲੇ ਹੁੰਦੇ
ਕਿਰਦਾਰਕੁਸ਼ੀ ਹੁੰਦੀ
ਪਦਾਰਥਾਂ ’ਚ ਲਿਪਤ ਹੁੰਦੇ
ਦੂਜੀ ਧਿਰ ਨਾਲ ਜਾ ਬਹਿੰਦੇ
ਦੁੂਜੀ ਧਿਰ ਜਿਹਾ ਹੀ ਹੋਣ ਲੱਗਦੇ
ਤੇ ਵੇਖਦੇ ਵੇਖਦੇ ਅਸੀਂ ਫਿਰ ਪੀੜਤ ਧਿਰ ਹੋ ਜਾਂਦੇ
ਇਸੇ ਤਰ੍ਹਾਂ ਇਹ ਦੁਹਰਾਓ ਹੁੰਦਾ ਆਇਆ ਹੈ
ਤੇ ਅਸੀਂ ਫਿਰ ਅਵੇਸਲੇ ਹੋਏ ਸਾਂ ਕਿਤੇ
ਸਵਾਰਥੀ ਹੋ ਗਏ ਸਾਂ
ਤਾਹੀਂ ਫਿਰ ਜੱਲ੍ਹਿਆਂਵਾਲੇ ਬਾਗ਼ਾਂ ’ਚ ਘਿਰੇ ਹਾਂ
ਪਰ ਹੁਣ ਮੁੜ ਸਾਡੇ ਸਿਰ ਤਲ਼ੀਆਂ ਵੱਲ ਤੁਰ ਪਏ ਨੇ
ਸਾਨੂੰ ਸਾਡੇ ਮਰਜੀਵੜਿਆਂ ਦਾ
ਇਤਿਹਾਸ ਯਾਦ ਆਉਣ ਲੱਗਿਆ ਹੈ
ਸਾਡਾ ਕਿਰਦਾਰ ਸੁਰਜੀਤ ਹੋ ਰਿਹਾ ਹੈ
ਨਿਰਸੰਦੇਹ ਅਸੀਂ ਫਿਰ ਜਿੱਤ ਦੇ ਨੇੜੇ ਹਾਂ
ਅਸੀਂ ਫਿਰ ਜਿੱਤਣ ਵਾਲੇ ਹਾਂ
ਅਸੀਂ ਇਸ ਸਾਕੇ ਤੋਂ ਬਾਅਦ ਸਦਾ ਜਿੱਤਣਾ ਹੀ ਹੁੰਦਾ ਹੈ।
ਸੰਪਰਕ: 88722-66066
* * *
ਲੋਕ ਯੁੱਧਾਂ ਦੇ ਆਸ਼ਕ
ਗਗਨਦੀਪ ਸਿੰਘ ਬੁਗਰਾ
ਗੁਰਾਂ ਕੱਢ ਕੇ ਤੇਗ ਮਿਆਨ ਵਿੱਚੋਂ
ਕਿਹਾ ਸੰਗਤਾਂ ਤਾਈਂ ਵੰਗਾਰ ਕੇ ਜੀ,
ਜੀਹਦੇ ਧੜ ਤੇ ਸਿਰ ਨਹੀਂ ਸੀਸ ਉੱਗਾ
ਉੱਠੋ ਆਪਣਾ ਆਪ ਸ਼ਿੰਗਾਰ ਕੇ ਜੀ।
ਜੀਹਨੂੰ ਸਿੱਖੀ ਦਾ ਇਸ਼ਕ ਜਨੂੰਨ ਹੋਵੇ
ਬਾਕੀ ਸਭ ਕੁਝ ਓਸ ਤੋਂ ਬਾਅਦ ਹੋਵੇ,
ਐਸਾ ਖਾਲਸਾ ਸਾਜਣਾ ਜੱਗ ਉੱਤੇ
ਉਹ ਬੰਦਾ ਨਹੀਂ ਬੱਸ ਫੌਲਾਦ ਹੋਵੇ।
ਇਕੋ ਬਾਟੇ ’ਚੋਂ ਖੰਡੇ ਦੀ ਪਹੁਲ ਦੇ ਕੇ
ਊਚ ਨੀਚ ਦੇ ਭੇਦ ਮਿਟਾ ਦੇਣੇ,
ਕੰਮੀ ਕਿਰਤੀਆਂ ਤਖ਼ਤ ਨੂੰ ਹੱਥ ਪਾਉਣਾ
ਬਾਜ਼ ਚਿੜੀਆਂ ਦੇ ਕੋਲੋਂ ਕਟਾ ਦੇਣੇ।
ਕੱਚੀ ਗੜੀ ਤੇ ਕੰਧ ਸਰਹੰਦ ਵਾਲੀ
ਲਿਖਣੇ ਹਰਫ਼ ਖਿਦਰਾਣੇ ਦੀ ਢਾਬ ਉੱਤੇ,
ਲੁੱਟੇ ਜਾਣਾ ਤਕਦੀਰਾਂ ਜੋ ਸਮਝ ਬੈਠੇ
ਜਗਾ ਦੇਣੇ ਨੇ ਸਦੀਆਂ ਤੋਂ ਪਏ ਸੁੱਤੇ।
ਜਾਗ ਲਾ ਕੇ ਲੋਕਾਂ ਨੂੰ ਏਕਤਾ ਦਾ
ਸੁੱਟ ਲੈਣੀਆਂ ਜੋਕਾਂ ਨੇ ਮੂੰਹ ਪਰਨੇ,
ਇਨਕਲਾਬ ਹੀ ਧਰਮ ਹੋਊ ਖਾਲਸੇ ਦਾ
ਲੋਕ ਯੁੱਧਾਂ ਦੇ ਆਸ਼ਕ ਤਿਆਰ ਕਰਨੇ।
ਸੰਪਰਕ: 98149-19299
* * *
ਵਿਸਾਖੀ
ਭੁਪਿੰਦਰ ਸਿੰਘ ਪੰਛੀ
ਵੱਢ ਲਈਆਂ ਕਣਕਾਂ ਤੇ ਹੋ ਗਏ ਬੋਹਲ਼ ਜੀ
ਕਿਰਤੀਆਂ ਨੇ ਵਜਾਏ ਰਲ਼ ਮਿਲ਼ ਢੋਲ ਜੀ
ਚੜ੍ਹ ਗਈ ਜਵਾਨੀ ਕਣਕ ਦੀਏ ਬੱਲੀਏ
ਆਜਾ ਨੀਂ ਛਿੰਦੀਏ ਵਿਸਾਖੀ ਚੱਲੀਏ
ਗਈਆਂ ਪੱਕ ਫ਼ਸਲਾਂ ਤੇ ਘਰ ਆਈਆਂ ਨੇ
ਸਾਰਿਆਂ ਨੇ ਰਲ਼ ਮਿਲ਼ ਦਿੱਤੀਆਂ ਵਧਾਈਆਂ ਨੇ
ਭੰਗੜੇ ਦੀ ਚਾਲ ਦੇਸ਼ ਪ੍ਰਦੇਸ਼ ਘੱਲੀਏ
ਆਜਾ ਨੀਂ ਛਿੰਦੀਏ…
ਸਿਰ ਸੂਹੀ ਫੁਲਕਾਰੀ ਲੈ ਲਈ ਸੋਹਣੀ ਨੇ
ਸਲਵਾਰ ਪਟਿਆਲਾ ਸੰਵਾ ਲਈ ਸੋਹਣੀ ਨੇ
ਚੱਲ ਜਾ ਕੇ ਗਿੱਧਿਆਂ ਦਾ ਪਿੜ ਮੱਲੀਏ
ਆਜਾ ਨੀਂ ਛਿੰਦੀਏ…
ਵਿਹੜਿਆਂ ਦੇ ਵਿੱਚ ਛਾਈ ਰਹੇ ਖੁਸ਼ਹਾਲੀ ਜੀ
ਵਿਹੜਿਆਂ ਤੇ ਚਿਹਰਿਆਂ ’ਤੇ ਆਈ ਲਾਲੀ ਜੀ
ਗਿੱਧੇ ਅਤੇ ਭੰਗੜੇ ’ਚ ਆਜਾ ਰਲੀਏ
ਚੱਲ ਨੀਂ ਛਿੰਦੀਏ…
ਪੰਜਾਬੀਓ ਨੱਚਦੇ ਤੇ ਹੱਸਦੇ ਰਹੋ
ਕੁੱਲ ਦੁਨੀਆਂ ’ਤੇ ਪੰਛੀ ਵੱਸਦੇ ਰਹੋ
ਆ ਜਾ ਤੂੰ ਵੀ ਨੱਚ ਮੇਰੇ ਨਾਲ ਬੱਲੀਏ
ਚੱਲ ਨੀਂ ਛਿੰਦੀਏ…
ਸੰਪਰਕ: 98559-91055
* * *
ਵਿਸਾਖੀਏ
ਬੂਟਾ ਗੁਲਾਮੀ ਵਾਲਾ
ਆ ਜਾਂਦੀ ਗਰਮੀ ਤੇ ਮੁੱਕਦਾ ਸਿਆਲ ਏ
ਖੇਤਾਂ ਵਿੱਚ ਕਣਕਾਂ ਦਾ ਰੰਗ ਹੁੰਦਾ ਤਬਦੀਲ ਏ
ਖ਼ੁਸ਼ੀਆਂ ਦੇ ਨਾਲ ਫੇਰਾ, ਪਾਈ ਨੀਂ ਵਿਸਾਖੀਏ
ਸਾਡੇ ਘਰ ਦਾਣੇ ਵੀ ਲਿਆਈਂ ਨੀਂ ਵਿਸਾਖੀ ਏ
ਸਾਡੇ ਘਰ ਆਟੇ ਵਾਲੇ, ਪੀਪੇ ਹੋਏ ਖਾਲੀ ਨੀਂ
ਕਦੇ ਵੀ ਨਾ ਹੋਈ, ਸਾਡੀ ਜ਼ਿੰਦਗੀ ਸੁਖਾਲੀ ਨੀਂ
ਦੀਵਾ ਆ ਕੇ ਖ਼ੁਸ਼ੀ ਦਾ, ਜਗ੍ਹਾਈਂ ਨੀਂ ਵਿਸਾਖੀਏ
ਸਾਡੇ ਘਰ ਦਾਣੇ ਵੀ ਲਿਆਈਂ ਨੀਂ ਵਿਸਾਖੀਏ
ਅਸੀਂ ਵੀ ਤਾਂ ਅੱਖਾਂ ਵਿਚ, ਸੁਪਨੇ ਨੇ ਬੁਣਨੇ
ਝੜ ਝੜ ਡਿੱਗੇ ਜਿਹੜੇ, ਸਿੱਟੇ ਅਸੀਂ ਚੁਣਨੇ
ਸਭ ਦੇ ਭੜੋਲੇ, ਤੂੰ ਭਰਾਈਂ ਨੀਂ ਵਿਸਾਖੀਏ
ਸਾਡੇ ਘਰ ਦਾਣੇ ਵੀ ਲਿਆਈਂ ਨੀਂ ਵਿਸਾਖੀਏ
ਵਿਸਾਖ ਦੇ ਮਹੀਨੇ ’ਚ, ਹਨੇਰੀ ਜਾਵੇ ਝੁੱਲ ਨਾ
ਸਾਨੂੰ ਕਿਤੇ ਪੈ ਜਾਵੇ, ਆਟਾ ਲੈਣਾ ਮੁੱਲ ਨਾ
ਐਸੀ ਤੂੰ ਹਨੇਰੀ, ਨਾ ਝੁਲਾਈਂ ਨੀਂ ਵਿਸਾਖੀਏ
ਸਾਡੇ ਘਰ ਦਾਣੇ ਵੀ ਲਿਆਈਂ ਨੀਂ ਵਿਸਾਖੀਏ
ਗੁਲਾਮੀ ਵਾਲਾ ਆਖੇ, ਭਰੀਂ ਸਭ ਦੇ ਭੜੋਲੇ ਤੂੰ
ਰੋਟੀ ਨਾ ਗ਼ਰੀਬ ਕੋਲੋਂ, ਕਰੀਂ ਕਿਤੇ ਓਹਲੇ ਤੂੰ
ਹਰ ਘਰ ਰਿਜ਼ਕ, ਪਹੁੰਚਾਈਂ ਨੀਂ ਵਿਸਾਖੀਏ
ਸਾਡੇ ਘਰ ਦਾਣੇ ਤੂੰ ਲਿਆਈਂ ਨੀਂ ਵਿਸਾਖੀਏ
ਸੰਪਰਕ: 94171-97395
* * *
ਕਣਕੇ ਨੀਂ…
ਅਮਨ ਦਾਤੇਵਾਸੀਆ
ਸੋਨਾ ਕੀ ਦੱਸ ਰੀਸ ਕਰੂ ਤੇਰੀ ਕਣਕੇ ਨੀਂ
ਭੁੱਖ ਮਿਟਾਉਣ ਨੂੰ ਆਈ ਰਹਬਿਰ ਬਣ ਕੇ ਨੀਂ।
ਭੱਠ ਪਵੇ ਉਹ ਸੋਨਾ ਜਿਹੜਾ ਕੰਨਾਂ ਨੂੰ ਖਾਵੇ,
ਤੇਰੀ ਜੋਬਨ-ਰੁੱਤੀ ਝਾਂਜਰ ਕੰਨ ਵਿੱਚ ਛਣਕੇ ਨੀਂ।
ਮੁਕਲਾਵੇ ਵਾਂਗੂੰ ਚਾਅ ਚੜ੍ਹਿਆ ਹੁਣ ਸਾਨੂੰ ਏ,
ਬਿਖਰ ਜਾਈਂ ਨਾ ਗਾਨੀ ਦੇ ਬਣ ਮਣਕੇ ਨੀਂ।
ਖੜ੍ਹੀ ਖੜੋਤੀ ਕਿੰਨਾ ਜਚਦੀ ਕਿਆ ਕਹਿਣੇ,
ਮਤੇ ਤੂੰ ਲਿਫ਼ ਨਾ ਜਾਵੀਂ, ਮੱਥਾ ਠਣਕੇ ਨੀਂ।
ਨਿੱਕੇ ਨਿਆਣੇ ਤਰਸ ਗਏ ਤੈਨੂੰ ਦੇਖਣ ਨੂੰ,
ਘਰ ਵਿੱਚ ਬੁੱਢੀ ਮਾਈ ਆਈਂ ਬਣ ਕੇ ਨੀਂ।
ਤੇਰੀ ਆਮਦ ਦੂਰ ਕਰੂ ਦੁੱਖ ਸਾਰਿਆਂ ਦੇ,
ਤਾਂਹੀ ‘ਅਮਨ’ ਖਲੋਤਾ ਹੈ ਹਿੱਕ ਤਣ ਕੇ ਨੀਂ।
ਸੰਪਰਕ: 94636-09540
* * *
ਵਿਸਾਖੀ ਆਈ
ਬਰਜਿੰਦਰ ਕੌਰ ਬਿਸਰਾਓ
ਉਮੰਗਾਂ ਦਾ ਤਿਉਹਾਰ ਹੈ ਵਿਸਾਖੀ ਆਈ
ਖੇੜੇ ਖ਼ੁਸ਼ੀਆਂ ਨੂੰ ਨਾਲ ਹੈ ਉਹ ਲੈ ਕੇ ਆਈ
ਖੇਤਾਂ ਵਿੱਚ ਕਣਕ ਹੋਈ ਹੁਣ ਸੋਨੇ ਰੰਗੀ
ਜੱਟ ਆਖਣ ਹੁਣ ਨਾ ਕੋਈ ਰੱਖੀਏ ਤੰਗੀ
ਜੱਟੀ ਪਾਵੇ ਬੋਲੀਆਂ ਤੇ ਨਾਲੇ ਜਾਵੇ ਸੰਗੀ
ਬੱਚੇ ਬੁੱਢੇ ਨੱਚਣ ਪਾ ਪਾ ਕੇ ਹੱਥਾਂ ਦੀ ਕੰਘੀ
ਮਿਹਨਤਾਂ ਦੇ ਹੁਣ ਇਹ ਹੈ ਰੰਗ ਲਿਆਈ
ਸਭ ਦਿਲਾਂ ਦੇ ਵਿੱਚ ਜਾਵੇ ਉਮੰਗ ਜਗਾਈ
ਉਮੰਗਾਂ ਦਾ ਤਿਉਹਾਰ ਹੈ ਵਿਸਾਖੀ ਆਈ
ਖੇੜੇ ਖ਼ੁਸ਼ੀਆਂ ਨੂੰ ਨਾਲ ਹੈ ਉਹ ਲੈ ਕੇ ਆਈ
ਸੰਨ ਸੋਲਾਂ ਸੌ ਨੜਿਨਵੇਂ ਵੀ ਕਰ ਲਵੋ ਯਾਦ
ਜਦ ਬਿਗਲ ਵੱਜਿਆ ਸੀ ਅਨਹਦੀ ਨਾਦ
ਪਾਹੁਲ ਖੰਡੇ ਵਾਲਾ ਜਦ ਸੀ ਬਾਟਾ ਬਣਿਆ
ਜ਼ੁਲਮ ਰੋਕਣ ਲਈ ਹੀ ਸਿੰਘ ਸੀ ਤਣਿਆ
ਪੰਜ ਸਾਜ ਕੇ ਫਿਰ ਪੰਥ ਖਾਲਸਾ ਸਜਿਆ
ਸਵਾ ਲੱਖ ਦੇ ਸਾਹਮਣੇ ਇੱਕ ਸੀ ਗੱਜਿਆ
ਮਰਦੀ ਰੂਹ ਵਿੱਚ ਜਾਏ ਉਤਸ਼ਾਹ ਜਗਾਈ
ਉਮੰਗਾਂ ਦਾ ਤਿਉਹਾਰ ਹੈ ਵਿਸਾਖੀ ਆਈ
ਖੇੜੇ ਖ਼ੁਸ਼ੀਆਂ ਨੂੰ ਨਾਲ ਹੈ ਉਹ ਲੈ ਕੇ ਆਈ
ਭੁੱਲਣਾ ਨਹੀਂ ਇਤਿਹਾਸ ਉੱਨੀ ਸੌ ਉੱਨੀ
ਡਾਇਰ ਨੇ ਕਿਸ ਤਰ੍ਹਾਂ ਭੋਲੀ ਜਨਤਾ ਭੁੰਨੀ
ਵਿਸਾਖੀ ਨਾਲ ਸੀ ਜੋੜ ਗਿਆ ਖ਼ੂਨੀ ਸਾਕਾ
ਜੱਲ੍ਹਿਆਂਵਾਲੇ ਦੀ ਯਾਦ ਕਰੇ ਫਿੱਕਾ ਹਾਸਾ
ਸ਼ਹੀਦਾਂ ਦੀ ਯਾਦ ਵਿੱਚ ਵੀ ਸਿਰ ਨਿਵਾਉਣਾ
ਬੱਚਿਆਂ ਨੂੰ ਵੀ ਪਾਠ ਇਹ ਦਿਲੋਂ ਪੜ੍ਹਾਉਣਾ
ਦਿਲਾਂ ਵਿੱਚ ਦੇਸ ਪ੍ਰੇਮ ਦੀ ਚਿਣਗ ਜਗਾਈ
ਉਮੰਗਾਂ ਦਾ ਤਿਉਹਾਰ ਹੈ ਵਿਸਾਖੀ ਆਈ
ਖੇੜੇ ਖ਼ੁਸ਼ੀਆਂ ਨੂੰ ਨਾਲ ਹੈ ਉਹ ਲੈ ਕੇ ਆਈ
ਨੱਚੋ ਖੇਡੋ ਹੱਸਦੇ ਹੱਸਦੇ ਮੇਲਿਆਂ ਨੂੰ ਜਾਣਾ
ਰਾਜ਼ੀ ਖ਼ੁਸ਼ੀ ਇਹ ਦਿਨ ਖ਼ੁਸ਼ੀ ਦਾ ਮਨਾਉਣਾ
ਇਤਿਹਾਸ ਨਵੀਂ ਪੀੜ੍ਹੀ ਨੂੰ ਜ਼ਰੂਰ ਸੁਣਾਉਣਾ
ਇੱਕ ਵਿਸਾਖ ਦੇਸੀ ਨਵਾਂ ਸਾਲ ਹੈ ਪੜ੍ਹਾਉਣਾ
ਤੇਰ੍ਹਾਂ ਤਰੀਕ, ਮਹੀਨਾ ਅਪਰੈਲ ਹੈ ਸਮਝਾਉਣਾ
ਮੇਲਿਓਂ ਲੱਡੂ ਜਲੇਬੀਆਂ ਵੀ ਨਾਲ ਲਿਆਈਂ
ਪਾ ਥਾਲ਼ੀ ਬਹਿ ਟੱਬਰ ਨਾਲ ਜਾਇਓ ਖਾਈ
ਉਮੰਗਾਂ ਦਾ ਤਿਉਹਾਰ ਹੈ ਵਿਸਾਖੀ ਆਈ
ਖੇੜੇ ਖ਼ੁਸ਼ੀਆਂ ਨੂੰ ਨਾਲ ਹੈ ਉਹ ਲੈ ਕੇ ਆਈ
ਸੰਪਰਕ: 99889-01324