ਪਰਮਜੀਤ ਢੀਂਗਰਾ
ਕਿਸੇ ਲੇਖਕ, ਕਲਾਕਾਰ, ਸ਼ਾਇਰ, ਇਨਕਲਾਬੀ ਦੀ ਜੀਵਨੀ ਲਿਖਣ ਦਾ ਮਤਲਬ ਹੁੰਦਾ ਹੈ ਕਿ ਉਸ ਦੀਆਂ ਮਾਰੀਆਂ ਮੱਲਾਂ ਬਾਰੇ ਦੂਸਰੇ ਲੋਕਾਂ ਨੂੰ ਦੱਸਣਾ। ਜਿਹੜੇ ਜਿਊੜੇ ਆਪਣੇ ਲਈ ਨਹੀਂ ਦੂਜਿਆਂ ਲਈ ਜਿਊਂਦੇ ਹਨ, ਉਨ੍ਹਾਂ ਦੀਆਂ ਜ਼ਿੰਦਗੀਆਂ ਹਮੇਸ਼ਾਂ ਚਾਣਨ ਮੁਨਾਰੇ ਵਰਗੀਆਂ ਹੁੰਦੀਆਂ ਹਨ। ਪੰਜਾਬੀ ਵਿਚ ਜੀਵਨੀਆਂ ਲਿਖਣ ਦੀ ਪਿਰਤ ਜਨਮ ਸਾਖੀਆਂ ਲਿਖਣ ਤੋਂ ਹੀ ਸ਼ੁਰੂ ਹੋਈ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਅਨੇਕਾਂ ਮਹਾਂਪੁਰਖਾਂ ਬਾਰੇ ਲਿਖੇ ਜੀਵਨ ਬਿਰਤਾਂਤ ਮਿਲਦੇ ਹਨ।
ਹੱਥਲੀ ਕਿਤਾਬ ‘ਪੀਲੂ ਪੁੱਛੇ ਸ਼ਾਇਰ ਨੂੰ’ (ਲੇਖਕ: ਜਗਵਿੰਦਰ ਜੋਧਾ; ਕੀਮਤ: 150 ਰੁਪਏ; ਪੀਪਲਜ਼ ਫੋਰਮ, ਬਰਗਾੜੀ) ਵਿਚ ਲੇਖਕ ਨੇ ਸ਼ਾਇਰਾਂ, ਇਨਕਲਾਬੀਆਂ, ਲੇਖਕਾਂ, ਚਿੰਤਕਾਂ ਦੇ ਜੀਵਨ ਬਿਰਤਾਂਤਾਂ ਦੇ ਨਾਲ ਨਾਲ ਉਨ੍ਹਾਂ ਦੀ ਫਿਲਾਸਫ਼ੀ, ਸ਼ਾਇਰੀ, ਚਿੰਤਨ ਤੇ ਜ਼ਿੰਦਗੀ ਬਾਰੇ ਨਜ਼ਰੀਏ ਨੂੰ ਵੀ ਪੇਸ਼ ਕੀਤਾ ਹੈ। ਇਨ੍ਹਾਂ ਵਿਚ ਕਾਰਲ ਮਾਰਕਸ, ਐਮ.ਐਨ.ਰਾਏ, ਐਗਨਸ ਸਮੈਡਲੀ, ਲਾਲਾ ਹਰਦਿਆਲ, ਵਿਨਾਇਕ ਦਮੋਦਰ ਸਾਵਰਕਰ, ਮਿਰਜ਼ਾ ਗਾਲਬਿ, ਚੀ ਗਵੇਰਾ, ਪਾਸ਼, ਮਾਰਖੇਜ਼ ਤੇ ਦੁਸ਼ਿਅੰਤ ਕੁਮਾਰ ਵਰਗੀਆਂ ਹਸਤੀਆਂ ਬਾਰੇ ਲੇਖ ਹਨ। ਇਨ੍ਹਾਂ ਵਿਚੋਂ ਬਹੁਤਿਆਂ ਬਾਰੇ ਭਾਵੇਂ ਪਹਿਲਾਂ ਵੀ ਪੰਜਾਬੀ ਵਿਚ ਲਿਖੇ ਲੇਖ ਮਿਲਦੇ ਹਨ, ਪਰ ਹਥਲਿਆਂ ਵਿਚ ਲੇਖਕ ਦੀ ਸ਼ੈਲੀ ਤੇ ਪੇਸ਼ਕਾਰੀ ਵੱਖਰੀ ਭਾਂਤ ਦੀ ਹੈ।
ਕਾਰਲ ਮਾਰਕਸ ਅਜਿਹਾ ਚਿੰਤਕ ਹੈ ਜਿਸਦਾ ਦਰਸ਼ਨ ਤੇ ਸਿਧਾਂਤ ਹਰ ਦਿਨ ਦੇ ਬੀਤਣ ਨਾਲ ਸਾਰਥਕ ਹੁੰਦਾ ਜਾ ਰਿਹਾ ਹੈ। ਉਹਨੇ ਪਹਿਲੀ ਵਾਰ ਕਿਰਤ ਦੀ ਮਹਾਨਤਾ ਦ੍ਰਿੜ੍ਹ ਕਰਾਉਂਦਿਆਂ ਇਹਦੀ ਲੁੱਟ ਬਾਰੇ ਜਾਗਰੂਕ ਕੀਤਾ ਤੇ ਸਾਮਰਾਜੀ ਲੋਟੂ ਤਾਕਤਾਂ ਦੇ ਲੋਕ ਦੋਖੀ ਚਿਹਰੇ ਨੂੰ ਬੇਪਰਦ ਕੀਤਾ। ਇਸ ਬਾਰੇ ਜੋਧੇ ਦੇ ਲੇਖ ‘ਭਾਰਤ ਬਾਰੇ ਲੇਖਾਂ ਦਾ ਲੇਖਕ: ਕਾਰਲ ਮਾਰਕਸ’ ਵਿਚਲੀ ਵਿਲੱਖਣ ਸ਼ੈਲੀ ਦੇਖੀ ਜਾ ਸਕਦੀ ਹੈ:
‘ਜਦੋਂ ਲੰਡਨ ਵਿਚ ਦੁਨੀਆ ਦਾ ਇਕ ਮਹਾਨ ਦਾਰਸ਼ਨਿਕ ਅਤੇ ਚਿੰਤਕ ਇਤਿਹਾਸ ਵਿਚ ਹੁੰਦੀ ਕਿਰਤ ਦੀ ਲੁੱਟ ਤੋਂ ਸਾਰੇ ਸੰਸਾਰ ਦੇ ਕਿਰਤੀਆਂ ਦੀ ਬੰਦਖਲਾਸੀ ਦਾ ਮੰਤਰ ਤਲਾਸ਼ ਰਿਹਾ ਸੀ, ਭਾਰਤ ਓਸ ਵੇਲੇ ਬਸਤੀਵਾਦ ਵਿਰੁਧ ਆਪਣੀ ਜਦੋਜਹਿਦ ਕਰ ਰਿਹਾ ਸੀ। ਸੰਸਾਰ ਸਭਿਅਤਾ ਦੇ ਇਸ ਮੁੱਢਲੇ ਕੇਂਦਰ ’ਤੇ ਪੂੰਜੀਵਾਦੀ ਧਾਵੇ ਤੇ ਵਿਨਾਸ਼ ਦਾ ਇਹ ਮੰਜ਼ਰ ਮਾਰਕਸ ਦੀਆਂ ਅੱਖਾਂ ਤੋਂ ਓਹਲੇ ਕਿਵੇਂ ਰਹਿ ਸਕਦਾ ਸੀ।’
ਐਗਨਸ ਸਮੈਡਲੀ ਇਨਕਲਾਬੀ ਵਜੋਂ ਪ੍ਰਸਿੱਧ ਰਹੀ ਹੈ। ਓਹਨੇ ਜਿੱਥੇ ਖ਼ੁਦ ਜ਼ਿੰਦਗੀ ਵਿਚ ਸੰਘਰਸ਼ ਕੀਤਾ, ਓਥੇ ਇਨਕਲਾਬੀ ਤਾਕਤਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਲੜੀ। ਉਹਦੀ ਮੌਤ ਤੋਂ ਬਾਅਦ ਵੀ ਉਹਨੂੰ ਜਸੂਸ ਸਾਬਤ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ ਤਾਂ ਕਿ ਉਹਦਾ ਚਰਿੱਤਰ ਦਾਗਦਾਰ ਕੀਤਾ ਜਾ ਸਕੇ। ਆਪਣੀ ਜ਼ਿੰਦਗੀ ਦੇ ਸੰਘਰਸ਼ੀ ਦਿਨਾਂ ਬਾਰੇ ਉਹ ਖ਼ੁਦ ਲਿਖਦੀ ਹੈ:
‘ਅਸੀਂ ਸਭ ਉਨ੍ਹਾਂ ਦੇ ਨਾਲ ਗਏ। ਓਸੇ ਦਿਨ ਤੋਂ ਹੀ ਆਪਣੀ ਧਰਤੀ ਤੋਂ ਸਾਡੀਆਂ ਜੜ੍ਹਾਂ ਉਖੜਨ ਦਾ ਸਿਲਸਿਲਾ ਅਰੰਭ ਹੋ ਗਿਆ। ਸਾਡੀ ਖਾਨਾਬਦੋਸ਼ਾਂ ਵਾਲੀ ਜ਼ਿੰਦਗੀ ਸ਼ੁਰੂ ਹੋਈ। ਅਸੀਂ ਸਫਲਤਾ, ਖ਼ੁਸ਼ੀ ਅਤੇ ਪੈਸੇ ਲਈ ਮਾਰੇ ਮਾਰੇ ਫਿਰਨ ਲੱਗੇ। ਪਰ ਅਫ਼ਸੋਸ ਕਿ ਇਹ ਸਾਥੋਂ ਦੋ ਕਦਮ ਦੂਰ ਹੀ ਰਹਿ ਜਾਂਦੇ ਸਨ।
ਇਕ ਪੁਰਾਣੀ ਕਹਾਵਤ ਯਾਦ ਆ ਰਹੀ ਹੈ, ‘ਜਿਥੇ ਮੈਂ ਨਹੀਂ ਹਾਂ, ਖੁਸ਼ੀ ਓਥੇ ਹੈ’।’
ਇਸੇ ਤਰ੍ਹਾਂ ਦੀ ਕ੍ਰਾਂਤੀ ਦੀ ਇਕ ਹੋਰ ਬਲਦੀ ਮਸ਼ਾਲ ਲਾਲਾ ਹਰਦਿਆਲ ਹਨ। ਗ਼ਦਰ ਲਹਿਰ ਦੇ ਮੋਢੀਆਂ ਵਿਚੋਂ ਉਹ ਉੱਘੇ ਲੇਖਕ ਤੇ ਚਿੰਤਕ ਵਜੋਂ ਜਾਣੇ ਜਾਂਦੇ ਹਨ। ਉਹ ਗ਼ਦਰ ਪਾਰਟੀ ਦੇ ਪਹਿਲੇ ਜਨਰਲ ਸਕੱਤਰ ਤੇ ਗ਼ਦਰ ਅਖ਼ਬਾਰ ਦੇ ਬਾਨੀ ਸੰਪਾਦਕ ਸਨ। ਪਰ ਭਾਰਤ ਦੀ ਜੰਗੇ-ਅਜ਼ਾਦੀ ਦੇ ਇਤਿਹਾਸ ਵਿਚ ਉਨ੍ਹਾਂ ਨੂੰ ਬਣਦਾ ਸਤਿਕਾਰ ਤੇ ਸਥਾਨ ਨਹੀਂ ਦਿੱਤਾ ਗਿਆ। ਇਤਿਹਾਸਕਾਰਾਂ ਨੇ ਵੀ ਉਨ੍ਹਾਂ ਪ੍ਰਤੀ ਚੁੱਪ ਧਾਰੀ ਰੱਖੀ ਹੈ। ਇਸੇ ਚੁੱਪ ਵੱਲ ਇਸ਼ਾਰਾ ਕਰਦਾ ਲੇਖਕ ਹੱਥਲੀ ਕਿਤਾਬ ਵਿਚ ‘ਇਤਿਹਾਸ ਦਾ ਅਣਗੌਲਿਆ ਕਾਂਡ: ਲਾਲਾ ਹਰਦਿਆਲ’ ਸਿਰਲੇਖ ਵਾਲੇ ਲੇਖ ਵਿਚ ਲਿਖਦਾ ਹੈ:
‘ਲਾਲਾ ਹਰਦਿਆਲ ਮੂਲ ਰੂਪ ਵਿਚ ਇਨਕਲਾਬੀ ਸਿਧਾਂਤਕਾਰ ਸੀ ਪਰ ਇਹਦੇ ਨਾਲ ਹੀ ਉਹ ਅਜ਼ਾਦੀ ਦੀ ਲਾਲਸਾ ਨਾਲ ਭਰਿਆ ਸ਼ਾਨਦਾਰ ਮਨੁੱਖ ਵੀ ਸੀ। ਉਸ ਬਾਰੇ ਫਤਵਾਦਾਰੀ ਕਰਦਿਆਂ ਸਾਡੇ ਇਤਿਹਾਸਕਾਰਾਂ ਨੇ ਉਸ ਦੇ ਇਨਸਾਨੀ ਪੱਖ ਨੂੰ ਦਰਕਿਨਾਰ ਕੀਤਾ। ਉਹ ਅਜਿਹਾ ਸੁਪਨਸਾਜ਼ ਸੀ ਜਿਹੜਾ ਇਕ ਤੋਂ ਬਾਅਦ ਇਕ ਸੁਪਨਾ ਸਿਰਜਦਾ ਸੀ। ਸੁਪਨਿਆਂ ਦਾ ਟੁੱਟਣਾ ਉਸ ਨੂੰ ਅੰਦਰੋਂ ਤੋੜ ਦੇਂਦਾ ਸੀ। ਇਤਿਹਾਸ ਦੀ ਪ੍ਰਵਚਨਕਾਰੀ ਨੇ ਲਾਲਾ ਹਰਦਿਆਲ ਨਾਲ ਬਹੁਤ ਬੇਇਨਸਾਫ਼ੀਪੂਰਨ ਵਿਹਾਰ ਕੀਤਾ ਹੈ।’
ਲਾਤੀਨੀ ਅਮਰੀਕਾ ਦੇ ਪ੍ਰਸਿੱਧ ਇਨਕਲਾਬੀ ਚੀ ਗਵੇਰਾ ਦੀ ਮੋਟਰਸਾਈਕਲ ਯਾਤਰਾ ਬਾਰੇ ਇਕ ਬੜਾ ਦਿਲਚਸਪ ਲੇਖ ਇਸ ਕਿਤਾਬ ਵਿਚ ਸ਼ਾਮਿਲ ਹੈ। ਚੀ ਅਰਜਨਟੀਨਾ ਦਾ ਸਿਰਲੱਥ ਯੋਧਾ ਸੀ। ਉਹਦੀ ਮਾਂ ਸਪੇਨ ਦੇ ਸ਼ਾਹੀ ਖਾਨਦਾਨ ਨਾਲ ਸਬੰਧਤ ਸੀ ਤੇ ਬਾਪ ਵੀ ਇਕ ਪਤਵੰਤਾ ਸੱਜਣ ਸੀ। ਚੀ ਨੇ ਆਪਣੇ ਦੇਸ਼ ਲਈ ਜਿਵੇਂ ਇਨਕਲਾਬ ਦਾ ਝੰਡਾ ਬੁਲੰਦ ਕੀਤਾ, ਉਹਨੇ ਅਮਰੀਕੀ ਸਾਮਰਾਜ ਨੂੰ ਸੁੱਕਣੇ ਪਾਈ ਰੱਖਿਆ। ਅਮਰੀਕਾ ਕਿਸੇ ਵੀ ਤਰ੍ਹਾਂ ਉਹਦਾ ਖਾਤਮਾ ਕਰਨਾ ਚਾਹੁੰਦਾ ਸੀ ਤੇ ਅਖੀਰ ਉਹਨੇ ਉਹਦਾ ਖਾਤਮਾ ਕਰ ਕੇ ਹੀ ਦਮ ਲਿਆ। ਅੱਜ ਵੀ ਦੁਨੀਆ ਦੇ ਇਨਕਲਾਬੀ ਇਤਿਹਾਸ ਵਿਚ ਚੀ ਇਕ ਵੱਡਾ ਨਾਂ ਹੈ। ਉਹਦੀ ਮਹੱਤਤਾ ਉਜਾਗਰ ਕਰਦਿਆਂ ਲੇਖਕ ਲਿਖਦਾ ਹੈ:
‘ਚੀ ਗਵੇਰਾ ਆਪਣੀ ਮੌਤ ਦੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਦੁਨੀਆ ਭਰ ਦੇ ਇਨਕਲਾਬੀਆਂ ਲਈ ਜਗਦੀ ਮਸ਼ਾਲ ਹੈ। ਉਹਦਾ ਬਿੰਬ ਕਿਤਾਬਾਂ, ਟੀ-ਸ਼ਰਟਾਂ, ਫਿਲਮਾਂ, ਫੁੱਟਬਾਲ ਦੇ ਮੈਦਾਨਾਂ ਤੋਂ ਲੈ ਕੇ ਰਾਜਸੀ ਮੁਬਾਹਸਿਆਂ ਤੱਕ ਹਾਜ਼ਰ ਰਹਿੰਦਾ ਹੈ।’
ਜੀਵਨੀ ਮੂਲਕ ਲੇਖਾਂ ਦੀ ਇਹ ਕਿਤਾਬ ਉਤਸ਼ਾਹੀ ਤੇ ਪੜ੍ਹਣਯੋਗ ਹੈ। ਲੇਖਕ ਨੇ ਤੱਥਾਂ, ਹਵਾਲਿਆਂ ਤੇ ਪੁਖਤਾ ਸਰੋਤਾਂ ਤੋਂ ਜਾਣਕਾਰੀ ਇਕੱਤਰ ਕਰ ਕੇ ਇਨ੍ਹਾਂ ਦੀ ਸਿਰਜਣਾ ਕੀਤੀ ਹੈ। ਇਹ ਬੜੀ ਰੌਚਕ ਕਿਤਾਬ ਹੈ।
ਸੰਪਰਕ: 94173-58120