ਗੁਰਮੀਤ ਸਿੰਘ*
ਪਿੰਡਾਂ ਵਿਚ ਛੱਪੜਾਂ ਅਤੇ ਬਰਸਾਤੀ ਖੜ੍ਹੇ ਪਾਣੀ ਵਿਚ ਲੰਮਾ ਪੂੰਝਾ ਘਰੇਲੂ ਕੁੱਕੜੀ ਤੋਂ ਛੋਟਾ ਪੰਛੀ ਪੀਹੂ ਆਮ ਵੇਖਣ ਵਿਚ ਆਉਂਦਾ ਹੈ। ਇਸ ਨੂੰ ਅੰਗਰੇਜ਼ੀ ਵਿਚ ‘ਫੈਜ਼ੰਟ ਟੇਲਡ ਜੈਕਾਨਾ’ (Pheasant tailed Jacana) ਤੇ ਹਿੰਦੀ ਵਿਚ ਪੀਹੋ ਕਹਿੰਦੇ ਹਨ। ਇਸ ਪੰਛੀ ਦੀਆਂ ਲੰਮੀਆਂ ਲੰਮੀਆਂ ਮੱਕੜੀ ਵਰਗੀਆਂ ਨਹੁੰਦਰਾਂ ਇਸ ਪਰਿਵਾਰ ਦੇ ਸਾਰੇ ਪੰਛੀਆਂ ਦੀ ਪਛਾਣ ਹਨ ਜੋ ਇਨ੍ਹਾਂ ਨੂੰ ਬਨਸਪਤੀ ਨਾਲ ਭਰੇ ਤਲਾਬਾਂ, ਝੀਲਾਂ ਅਤੇ ਛੱਪੜਾਂ ਵਿਚ ਰਹਿਣ ਦੇ ਯੋਗ ਬਣਾਉਂਦੀਆਂ ਹਨ। ਇਨ੍ਹਾਂ ਦੀਆਂ ਖਿੱਲਰੀਆਂ ਹੋਈਆਂ ਨਹੁੰਦਰਾਂ ਇਨ੍ਹਾਂ ਦੇ ਸਰੀਰ ਦੇ ਭਾਰ ਨੂੰ ਵੰਡਦੀਆਂ ਹਨ। ਇਹ ਕੀੜੇ ਮਕੌੜੇ ਖਾਣ ਲਈ ਡੂੰਘੇ ਪਾਣੀ ਵਿਚ ਤੈਰ ਸਕਦੇ ਹਨ ਅਤੇ ਚਲ-ਫਿਰ ਵੀ ਸਕਦੇ ਹਨ। ਮੌਨਸੂਨ ਦੇ ਮੌਸਮ ਵਿਚ ਦੋਵੇਂ ਨਰ ਮਾਦਾ ਪੰਛੀਆਂ ਦੇ ਖੰਭਾਂ ਦਾ ਰੰਗ ਇਕੋ ਜਿਹਾ ਹੁੰਦਾ ਹੈ ਜੋ ਕਿ ਦਿਲ ਨੂੰ ਲੁਭਾਉਣ ਵਾਲਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਦੇ ਸਿਰ ਅਤੇ ਗਰਦਨ ਦਾ ਅਗਲਾ ਹਿੱਸਾ, ਮੋਢਿਆਂ ਦੇ ਸਾਰੇ ਖੰਭ ਚਿੱਟੇ ਹੁੰਦੇ ਹਨ, ਛਾਤੀ ਅਤੇ ਢਿੱਡ ਦਾ ਰੰਗ ਗੂੜ੍ਹਾ ਭੂਰਾ ਹੁੰਦਾ ਹੈ। ਇਨ੍ਹਾਂ ਦੀ ਪੂਛ ਦੇ ਖੰਭ ਕਾਲੇ ਰੰਗ ਦੇ ਲੰਮੇ ਤੇ ਥੱਲੇ ਨੂੰ ਲਮਕਦੇ ਹੁੰਦੇ ਹਨ। ਪ੍ਰਜਣਨ ਕਾਲ ਵਿਚ ਨਰ ਦੀ ਲੰਬਾਈ 44-47 ਸੈਂਟੀਮੀਟਰ ਅਤੇ ਮਾਦਾ ਦੀ 50-54 ਸੈਂਟੀਮੀਟਰ ਹੁੰਦੀ ਹੈ। ਇਸ ਤਰ੍ਹਾਂ ਮਾਦਾ ਨਰ ਨਾਲੋਂ ਆਕਾਰ ਵਿਚ ਥੋੜ੍ਹੀ ਵੱਡੀ ਹੁੰਦੀ ਹੈ।
ਪੀਹੂ ਮੁੱਖ ਤੌਰ ’ਤੇ ਕੀੜੇ-ਮਕੌੜਿਆਂ ਅਤੇ ਪਾਣੀ ਦੀ ਸਤਹਿ ਤੋਂ ਜੜਾਂ ਅਤੇ ਪਾਣੀ ’ਤੇ ਤੈਰਦੀ ਬਨਸਪਤੀ ਦੀਆਂ ਪੱਤੀਆਂ ਉੱਤੇ ਚੱਲਦੇ ਫਿਰਦੇ ਕਮਲ ਅਤੇ ਲਿੱਲੀ ਦੇ ਬੀਜਾਂ ਨੂੰ ਵੀ ਖਾਂਦੇ ਹਨ। ਇਨ੍ਹਾਂ ਦੀ ਅੱਖ ਦੀ ਪੁਤਲੀ ਦਾ ਰੰਗ ਗਹਿਰਾ ਭੂਰਾ ਹੁੰਦਾ ਹੈ, ਪਰ ਸਰਦੀਆਂ ਵਿਚ ਇਹ ਪੀਲਾ ਹੋ ਜਾਂਦਾ ਹੈ। ਇਸ ਦੀ ਚੁੰਝ ਪਤਲੀ ਥੱਲੇ ਨੂੰ ਮੁੜੀ ਹੋਈ ਹੁੰਦੀ ਹੈ। ਸਰਦੀਆਂ ਵਿਚ ਇਸ ਦੇ ਪੂੰਝੇ ਦੇ ਖੰਭ ਉਤਰ ਕੇ ਇਹ ਪੂੰਝਾ ਰਹਿਤ ਹੋ ਜਾਂਦੇ ਹਨ। ਪ੍ਰਜਣਨ ਕਾਲ ਵਿਚ ਦੋਵਾਂ ਦੀ ਚੁੰਝ ਅੱਗੇ ਤੋਂ ਥੋੜ੍ਹੀ ਮੁੜੀ ਹੋਈ ਨੀਲੇ-ਸਲੇਟੀ ਰੰਗ ਦੀ ਅਤੇ ਚੁੰਝ ਦੇ ਸਿਰੇ ਤੋਂ ਪੀਲਾ ਰੰਗ ਦਿਖਾਈ ਦਿੰਦਾ ਹੈ। ਗ਼ੈਰ-ਪ੍ਰਜਣਨ ਕਾਲ ਵਿਚ ਇਨ੍ਹਾਂ ਦੀ ਚੁੰਝ ਭੂਰੇ ਰੰਗ ਦੀ ਅੱਧ ਵਿਚਕਾਰੋਂ ਪੀਲੇ ਰੰਗ ਦੀ ਦਿਖਾਈ ਦਿੰਦੀ ਹੈ। ਪੀਹੂ ਵੱਡੇ ਤਾਜ਼ੇ ਪਾਣੀ ਦੀਆਂ ਨਮ ਧਰਤੀਆਂ (ਵੈਟਲੈਂਡ), ਝੀਲਾਂ ਅਤੇ ਤਲਾਬਾਂ ਵਿਚ ਉੱਭਰੀ ਹੋਈ ਥਾਂ ਅਤੇ ਤੈਰਦੀ ਬਨਸਪਤੀ ਖ਼ਾਸ ਤੌਰ ’ਤੇ ਕਮਲ, ਲਿੱਲੀ ਅਤੇ ਹੋਰ ਜਲ-ਬੂਟੀਆਂ ਵਾਲੀਆਂ ਥਾਵਾਂ ਨੂੰ ਆਪਣੇ ਪ੍ਰਜਣਨ ਲਈ ਚੁਣਦੇ ਹਨ। ਪੀਹੂ ਭਾਰਤ, ਦੱਖਣ-ਪੂਰਬੀ ਏਸ਼ੀਆ ਅਤੇ ਇੰਡੋਨੇਸ਼ੀਆ ਵਿਚ ਪ੍ਰਜਣਨ ਕਰਦਾ ਹੈ। ਮਾਦਾ ਪੀਹੂ ਇਕ ਤੋਂ ਵਧ ਨਰ ਪੀਹੂਆਂ ਨਾਲ ਸਬੰਧ ਰੱਖਦੀ ਹੈ। ਇਨ੍ਹਾਂ ਦਾ ਆਲ੍ਹਣਾ ਪਾਣੀ ’ਤੇ ਤਰਦੇ ਨਿੱਕ ਸੁਕ ਜਾਂ ਇਸ ਵਿਚ ਉੱਗੇ ਬੂਟਿਆਂ ਦੇ ਪੱਤਿਆਂ ’ਤੇ ਘਾਹ, ਡੀਲੇ ਆਦਿ ਦੀਆਂ ਜੜਾਂ ਦਾ ਗੱਦਾ ਜਿਹਾ ਬਣਾਇਆ ਹੁੰਦਾ ਹੈ। ਮਾਦਾ ਆਲ੍ਹਣਾ ਬਣਾਉਣ ਵੇਲੇ ਨਰ ਦੀ ਮਦਦ ਕਰਦੀ ਹੈ। ਆਂਡੇ ਦੇਣ ਤਕ ਨਰ ਨਾਲ ਮਿਲ ਕੇ ਕਾਂ ਜੋ ਇਸ ਦੇ ਆਂਡੇ ਖਾਣ ਦੀ ਕੋਸ਼ਿਸ ਕਰਦੇ ਹਨ, ਨੂੰ ਭਜਾਉਣ ਵਿਚ ਮਦਦ ਕਰਦੀ ਹੈ। ਮਾਦਾ ਪੀਹੂ ਚਾਰ ਆਂਡੇ ਦਿੰਦੀ ਹੈ। ਆਂਡੇ ਤਾਂਬੇ ਰੰਗੇ ਅਤੇ ਬੜੇ ਸੋਹਣੇ ਹੁੰਦੇ ਹਨ। ਇਨ੍ਹਾਂ ਉੱਤੇ ਬੇਤਰਤੀਬੀ ਨਾਲ ਉੱਕਰੇ ਕਾਲੇ ਜਿਹੇ ਦਾਗ਼ ਹੁੰਦੇ ਹਨ। ਇਸ ਤਰ੍ਹਾਂ ਮਾਦਾ ਪੀਹੂ ਆਪਣੇ ਨਰ ਪੀਹੂ ਨੂੰ 50 ਤੋਂ 60 ਦਿਨਾਂ ਲਈ ਚੂਜ਼ਿਆਂ ਦੇ ਪਾਲਣ ਦੇ ਕਾਰਜ ਵਿਚ ਬੰਨ੍ਹ ਕੇ ਆਪ ਖਿਸਕ ਜਾਂਦੀ ਹੈ।
ਪੀਹੂ ਝੀਲਾਂ, ਛੱਪੜਾਂ ਅਤੇ ਬਰਸਾਤੀ ਖੜ੍ਹੇ ਪਾਣੀ ਵਿਚੋਂ ਕੀੜੇ ਮਕੌੜੇ ਖਾ ਕੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਦਾ ਹੈ। ਜੰਗਲੀ ਜੀਵ (ਸੁਰੱਖਿਆ) ਐਕਟ, 1972 ਪੀਹੂ ਵਰਗੇ ਜੀਵਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ,ਪੰਜਾਬ।
ਸੰਪਰਕ: 98884-56910