ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਪਿੰਡਾਂ ਬਾਰੇ ਪੁਸਤਕਾਂ ਲਿਖਣ ਦਾ ਰੁਝਾਨ ਵਧ ਰਿਹਾ ਹੈ। ਨਾਮਵਰ ਅਖ਼ਬਾਰਾਂ ਵਿਚ ਪਿੰਡਾਂ ਬਾਰੇ ਚਰਚਿਤ ਕਾਲਮ ਸ਼ੁਰੂ ਕੀਤੇ ਗਏ। ਪਿੰਡਾਂ ਵਿਚ ਚੇਤਨਤਾ ਫੈਲੀ ਤੇ ਕੁਝ ਮੌਲਿਕ ਲੇਖਕਾਂ ਵਿਚ ਆਪਣੇ ਪਿੰਡਾਂ ਦੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦੀ ਚੇਟਕ ਪੈਦਾ ਹੋਈ। ਇਹ ਸਿਹਤਮੰਦ ਰੁਝਾਨ ਹੈ।
ਚਰਚਾ ਅਧੀਨ ਪੁਸਤਕ ‘ਮਾਲਵੇ ਦੇ ਸਭਿਆਚਾਰ ਦੀ ਖੁਸ਼ਬੋਈ ਮੇਰਾ ਪਿੰਡ’ (ਲੇਖਕ: ਸੁਰਿੰਦਰ ਸ਼ਰਮਾ ਨਾਗਰਾ; ਕੀਮਤ: 250 ਰੁਪਏ; ਗੋਰਕੀ ਪ੍ਰਕਾਸ਼ਨ, ਲੁਧਿਆਣਾ) ਇਸੇ ਤਰ੍ਹਾਂ ਦੀ ਵਧੀਆ ਕਿਤਾਬ ਹੈ ਜਿਸ ਵਿਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਨਾਗਰਾ ਦੀ ਪੂਰਨ ਜਾਣਕਾਰੀ ਹੈ। ਇਹ ਪਿੰਡ ਭਵਾਨੀਗੜ੍ਹ ਸੁਨਾਮ ਸੜਕ ’ਤੇ ਸਥਿਤ ਹੈ। 700 ਸਾਲ ਪੁਰਾਣਾ ਪਿੰਡ ਹੈ ਜੋ ਭਵਾਨੀਗੜ੍ਹ ਤੋਂ ਦਸ ਮੀਲ ਦੀ ਦੂਰੀ ’ਤੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਿੰਡ ਜਲੰਧਰ ਦੇ ਸੂਬੇਦਾਰ ਦੇ ਭਰਾ ਨਾਗਰ ਖਾਂ ਨੇ ਵਸਾਇਆ ਸੀ। ਇਸ ਪਿੰਡ ਦਾ ਪਹਿਲਾ ਨਾਂ ਬਲੋਆਲਾ ਹੁੰਦਾ ਸੀ। ਨਾਗਰ ਖਾਂ ਨੇ ਉਜਾੜ ਕੇ ਆਪਣੇ ਨਾਮ ’ਤੇ ਪਿੰਡ ਵਸਾਇਆ। ਪ੍ਰਸਿੱਧ ਆਲੋਚਕ ਡਾ. ਧਰਮ ਚੰਦ ਵਾਤਿਸ਼ ਨੇ ਪੁਸਤਕ ਅੰਦਰਲੇ ਸਭਿਆਚਾਰਕ ਤੱਤਾਂ ਦੀ ਨਿਸ਼ਾਨਦੇਹੀ ਕੀਤੀ ਹੈ। ਪੁਸਤਕ ਦੀ ਸ਼ੈਲੀ ਉੱਤਮ-ਪੁਰਖੀ ਹੈ। ਪੁਸਤਕ ਦੀ ਭਾਸ਼ਾ ਸਰਲ ਹੈ ਤੇ ਕਈ ਮਲਵਈ ਸ਼ਬਦ ਵਰਤੇ ਹਨ। ਵਾਰਤਕ ਕਲਾਤਮਕ ਹੈ। ਵਾਰਤਕਕਾਰ ਨੇ ਕਈ ਥਾਵਾਂ ’ਤੇ ਬਿਆਨ ਕਰਨ ਦੇ ਨਾਲ ਵਿਖਾਉਣ ਦੀ ਸ਼ੈਲੀ ਵਰਤੀ ਹੈ। ਪਿੰਡ ਦੇ ਕਈ ਨਾਮਵਰ ਚਿਹਰਿਆਂ ਦੀ ਪਛਾਣ ਸਾਹਿਤਕ ਰੰਗ ਵਾਲੀ ਹੈ। ਕਈ ਇਤਿਹਾਸਕ ਹਵਾਲੇ ਮਿਲਦੇ ਹਨ। ਪਿੰਡ ਦਾ ਅਤੀਤ ਤੇ ਵਰਤਮਾਨ ਇਕੋ ਵੇਲੇ ਨਾਲੋ ਨਾਲ ਚੱਲਦਾ ਹੈ। ਪਾਠਕ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਪਿੰਡ ਨਾਗਰਾ ਬਾਰੇ ਪੜ੍ਹ ਰਿਹਾ ਹੈ ਕਿ ਪੂਰੇ ਮਾਲਵੇ ਦੀ ਝਲਕ ਵੇਖਦਾ ਘੁੱਗ ਵਸਦੇ ਪੰਜਾਬ ਦੇ ਸਭਿਆਚਾਰ ਦਾ ਆਨੰਦ ਲੈ ਰਿਹਾ ਹੈ। ਪੁਸਤਕ ਦੀ ਇਹੋ ਵਿਲੱਖਣਤਾ ਹੈ ਕਿ ਇਕ ਪਿੰਡ ਵਿਚੋਂ ਪੂਰਾ ਮਾਲਵਾ ਵਿਖਾਈ ਦਿੰਦਾ ਹੈ ਕਿਉਂਕਿ ਇਹ ਪਿੰਡ ਸਦੀਆਂ ਪੁਰਾਣਾ ਹੈ। ਲੇਖਕ ਨੇ ਖੋਜਮਈ ਸ਼ੈਲੀ ਵਿਚ ਪਿੰਡ ਦੇ ਬਜ਼ੁਰਗਾਂ ਤੋਂ ਪਿੰਡ ਦੇ ਕਈ ਪੱਖਾਂ ਦੀ ਜਾਣਕਾਰੀ ਹਾਸਲ ਕੀਤੀ ਹੈ। ਪੁਸਤਕ ਲੇਖਕ ਖ਼ੁਦ ਬੈਂਕ ਦੀ ਨੌਕਰੀ ਤੋਂ ਸੇਵਾਮੁਕਤ ਹੋ ਕੇ ਸਾਹਿਤ ਸਭਾ ਧੂਰੀ ਨਾਲ ਜੁੜ ਕੇ ਪੰਜਾਬੀ ਸਾਹਿਤ ਨਾਲ ਜੁੜਿਆ। ਉਸ ਨੇ ਪਿੰਡ ਦੇ ਡਾ. ਸੁਖਦੇਵ ਸਿੰਘ ਰਾਣਾ, ਸਮਾਜ ਸੇਵਕਾ ਬੀਬੀ ਸਰਬਜੀਤ ਕੌਰ ਤੇ ਸ. ਆਤਮਾ ਸਿੰਘ (ਡੇਰੇ ਦੇ ਪ੍ਰਮੁੱਖ ਸੇਵਾਦਾਰ) ਤੋਂ ਨਿੱਜੀ ਤੌਰ ’ਤੇ ਪਿੰਡ ਬਾਰੇ ਵਡਮੁੱਲੀ ਜਾਣਕਾਰੀ ਲਈ ਅਤੇ ਇਸ ਦੇ ਆਧਾਰ ’ਤੇ ਇਹ ਪੁਸਤਕ ਲਿਖੀ ਹੈ।
ਤਤਕਰੇ ਵਿਚ ਕੁਲ 47 ਸਿਰਲੇਖ ਹਨ ਜਿਨ੍ਹਾਂ ਵਿਚੋਂ 43 ਸਿਰਲੇਖ ਪਿੰਡ ਬਾਰੇ ਹਨ। ਵਿਸ਼ੇਸ਼ ਤੌਰ ’ਤੇ ਪਿੰਡ ਦੀ ਪੁਰਾਤਨਤਾ, ਨਕਸ਼ਾਂ, ਕੱਚੇ ਪੱਕੇ ਘਰ, ਇਤਿਹਾਸ, ਪਿੰਡ ਦੇ ਦਰਵਾਜ਼ੇ, ਪੱਤੀਆਂ, ਪਿੰਡ ਦੇ ਕਾਰੀਗਰ, ਧਾਰਮਿਕ ਸਥਾਨ, ਪੇਂਡੂ ਮੇਲੇ, ਖੇਡਾਂ, ਪਿੰਡ ਦੀ ਸੱਥ, ਸਵੈ ਰੁਜ਼ਗਾਰ, ਵਿਆਹ ਸਮੇਂ ਦੇ ਰਿਵਾਜ, ਪਿੰਡ ਦੀ ਆਰਥਿਕਤਾ, ਪਿੰਡ ਦੇ ਬਾਜ਼ੀਗਰ, ਵਿਆਹ ਦੇ ਗੀਤ: ਸੁਹਾਗ ਸਿੱਠਣੀਆਂ, ਪਿੰਡ ਦੇ ਮੰਗਤੇ, ਪਿੰਡ ਦੀ ਕਿਸਾਨੀ, ਪਿੰਡ ਦਾ ਵੈਦ ਹਿਰਦੇ ਰਾਮ, ਖੁੰਢ ਚਰਚਾ, ਪਿੰਡ ਵਿਚ ਘੁੰਡ, ਘੱਗਰੇ ਫੁਲਕਾਰੀ, ਪਿੰਡ ਦੇ ਕਵੀਸ਼ਰ ਤੇ ਹੋਰ ਵੀ ਬਹੁਤ ਕੁਝ ਪੁਸਤਕ ਵਿਚ ਹੈ। ਇਨ੍ਹਾਂ ਵਿਸ਼ੇਸ਼ਤਾਵਾਂ ਕਰਕੇ ਪ੍ਰੋਫ਼ੈਸਰ ਡੀ.ਡੀ. ਭੱਟੀ (ਨਿਰਦੇਸ਼ਕ ਵੈਦਿਕ ਸ਼ੋਧਸ਼ਾਲਾ) ਨੇ ਇਸ ਪੁਸਤਕ ਦੀ ਤੁਲਨਾ ਗਿਆਨੀ ਗੁਰਦਿੱਤ ਸਿੰਘ ਦੀ ਪ੍ਰਸਿੱਧ ਪੁਸਤਕ ‘ਮੇਰਾ ਪਿੰਡ’ ਨਾਲ ਕੀਤੀ ਹੈ। ਪੁਸਤਕ ਪਿੰਡਾਂ ਦੇ ਇਤਿਹਾਸ ਵਿਚ ਅਹਿਮ ਦਸਤਾਵੇਜ਼ ਹੈ।
ਸੰਪਰਕ: 098148-56160