ਸੰਜੀਵ ਸੇਤੀਆ
ਮੈਂ ਤੇ ‘ਮੈਂ’ ਹੀ ਸੀ
ਤੁਸੀਂ ਵੀ ‘ਮੈਂ’ ਸੀ
137 ਕਰੋੜ ‘ਮੈਂ’
‘ਮੈਂ’ ਹਰ ਜਗ੍ਹਾ ’ਤੇ ਸੀ
‘ਮੈਂ’ ਏਅਰਪੋਰਟ ’ਤੇ ਸੀ
ਬਾਹਰੋਂ ਆਇਆ ਨੂੰ
ਬੋਲ ਬੋਲ ਕੇ ਸਮਝਾਇਆ ਸੀ
ਆਈਸੋਲੇਟਡ ਰਹਿਣ ਦੀ ਬੇਨਤੀ ਦਾ ਨਾਰਾ ਲਾਇਆ ਸੀ
ਪਰ ‘ਮੈਂ’ ਵੀ ਤੇ ਹਵਾਈ ਅੱਡੇ ’ਤੇ ਹੀ ਡੇਰਾ ਲਾਇਆ ਸੀ
ਸੱਠਾਂ ਦਾ ਇਕੋ ਐਡਰੈੱਸ ਕੰਪਿਊਟਰ ’ਤੇ ਚੜ੍ਹਾਇਆ ਸੀ
ਹਦਾਇਤ ਵਾਲ਼ਾ ਕਾਗ਼ਜ਼ ਦੇਣ ਦੀ ਰਸਮ ਨੂੰ ਗੇੜਾ ਦਿਵਾਇਆ ਸੀ
‘ਮੈਂ’ ਬਾਹਰੋਂ ਆਇਆ ਸੀ
ਘਰਦਿਆਂ ਨੂੰ ਸਮਝਾਇਆ ਸੀ
ਜੁੱਲੀ ਬਿਸਤਰਾ ਵੱਖਰਾ ਕਰਵਾਇਆ ਸੀ
ਟੱਬਰ ਤੇ ਸਮਾਜ ਨੂੰ ਬਚਾਇਆ ਸੀ
ਪਰ ‘ਮੈਂ’ ਵੀ ਤਾਂ ਬਾਹਰੋਂ ਆਇਆ ਸੀ
ਨਾਤੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਮਿਲਣ ਲਈ ਘਰ ਬੁਲਾਇਆ ਸੀ
ਜੱਫੀਆਂ ਪਾ ਪਾ ਉਦਰੇਵਾਂ ਲਾਹਿਆ ਸੀ
‘ਮੈਂ’ ਘਰੋਂ ਬਾਹਰ ਨਾ ਆਇਆ ਸੀ
ਜਿੱਦਾਂ ਸਰਕਾਰ ਨੇ ਕਿਹਾ
ਓਦਾਂ ਵਕਤ ਲੰਘਾਇਆ ਸੀ
ਸਰਕਾਰ ’ਤੇ ਪੂਰਾ ਭਰੋਸਾ ਜਤਾਇਆ ਸੀ
ਪਰ ‘ਮੈਂ’ ਤਾਂ ‘ਮੈਂ’ ਹੀ ਸੀ
ਪੂਰਾ ਰੌਲਾ ਪਾਇਆ ਸੀ
ਸੜਕਾਂ ’ਤੇ ਬਿਨਾਂ ਜ਼ਰੂਰਤ ਕਾਰ ਮੋਟਰਸਾਈਕਲ ਭਜਾਇਆ ਸੀ
ਆਪਣੀ ਮਾਯੂਸੀ ਨੂੰ ਸੋਸ਼ਲ ਮੀਡੀਆ ’ਤੇ ਦਿਖਾਇਆ ਸੀ
‘ਮੈਂ’ ਸੜਕਾਂ ’ਤੇ ਭੁੱਖਾ ਤਿਰਹਾਇਆ ਸੀ
ਮੋਢੇ ’ਤੇ ਪੁਲੀਸ ਲਿਖਵਾਇਆ ਸੀ
ਹਰ ਲੋੜਵੰਦ ਦੇ ਕੰਮ ਆਇਆ ਸੀ
ਆਪਣੀ ਡਿਊਟੀ ਨੂੰ ਸੂਝਬੂਝ ਨਾਲ ਨਿਭਾਇਆ ਸੀ
ਪਰ ‘ਮੈਂ’ ਤਾਂ ‘ਮੈਂ’ ਹੀ ਸੀ
ਆਪਣੀ ਖਿੱਝ ਨੂੰ ਲਾਹਿਆ ਸੀ
ਪਲੱਸਤਰ ਕਰਵਾਉਣ ਜਾਂਦੇ ਦੇ ਕੰਨ ’ਤੇ ਥੱਪੜ ਲਾਇਆ ਸੀ
‘ਮੈਂ’ ਚਿੱਟਾ ਕੋਟ ਪਾਇਆ ਸੀ
ਸਮਾਜ ਦੀ ਸੇਵਾ ਕਰਨ ਵੇਲੇ ‘ਮੈਂ’ ਭੋਰਾ ਵੀ ਨਹੀਂ ਘਬਰਾਇਆ ਸੀ
ਸੇਫਟੀ ਕਿਟ ਦੀ ਕਮੀ ਨੂੰ ਜੁਗਾੜ ਨਾਲ਼ ਸੁਲਝਾਇਆ ਸੀ
ਪਰ ‘ਮੈਂ’ ਤਾਂ ‘ਮੈਂ’ ਹੀ ਸੀ
ਸੁਰੱਖਿਆ ਨਾ ਹੋਣ ਦਾ ਪੂਰਾ ਰੌਲਾ ਪਾਇਆ ਸੀ
ਮੁਫ਼ਤ ਵਿਚ ਆਉਂਦਾ ਮਾਸਕ ਵੇਚਣ ਲਾਇਆ ਸੀ
‘ਮੈਂ’ ਗੁਰੂਆਂ ਦੀ ਧਰਤੀ ਦਾ ਜਾਇਆ ਸੀ
ਲੋੜਵੰਦਾਂ ਲਈ ਰਾਸ਼ਨ ਵਰਤਾਇਆ ਸੀ
ਵਲੰਟੀਅਰ ਲਈ ਨਾਮ ਲਿਖਵਾਇਆ ਸੀ
ਪਰ ‘ਮੈਂ’ ਤਾਂ ‘ਮੈਂ’ ਹੀ ਸੀ
ਦੁੱਗਣਾ-ਤਿੱਗਣਾ ਭਾਅ ਲਗਾਇਆ ਸੀ
ਮਸਾਂ ਤਾਂ ਮਾਲ ਬਣਾਉਣ ਦਾ ਮੌਕਾ ਆਇਆ ਸੀ
‘ਮੈਂ’ ਪ੍ਰਸ਼ਾਸਨ ਦਾ ਹਮਸਾਇਆ ਸੀ
ਦਿਨ ਰਾਤ ਵੇਰਕਾ ਦੀ ਫੈਕਟਰੀ ਨੂੰ ਚਲਾਇਆ ਸੀ
ਹੋਕੇ ਮਾਰ ਮਾਰ ਦੁੱਧ ਬੱਚਿਆਂ ਤਕ ਪਹੁੰਚਾਇਆ ਸੀ
ਪਰ ‘ਮੈਂ’ ਤਾਂ ‘ਮੈਂ’ ਹੀ ਸੀ
ਸਿਰਫ਼ ਆਪਣੀ ਡਿਊਟੀ ਨੂੰ ਨਿਭਾਇਆ ਸੀ
ਸਬਜ਼ੀ ਰੇਹੜੀ ’ਤੇ ਲੱਗੀ ਭੀੜ ਨੂੰ ਨਹੀਂ ਹਟਾਇਆ ਸੀ
ਰੇਹੜੀ ’ਤੇ ਸਾਬਣ ਪਾਣੀ ਰੱਖਣ ਲਈ ਜ਼ੋਰ ਨਹੀਂ ਪਾਇਆ ਸੀ
‘ਮੈਂ’ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਬਣ ਕੇ ਦਿਖਾਇਆ ਸੀ
ਸਮਾਜਿਕ ਦੂਰੀ ਦਾ ਨਿਯਮ ਅਪਣਾਇਆ ਸੀ
ਭੁੱਖਾ ਨਹੀਂ ਮਰਦਾ
ਪ੍ਰਸ਼ਾਸਨ ’ਤੇ ਭਰੋਸਾ ਜਤਾਇਆ ਸੀ
ਹਫ਼ਤਾ ਨਿਕਲ ਜਾਊ
ਕਹਿ ਕੇ ਕਿਸੇ ਹੋਰ ਲੋੜਵੰਦ ਨੂੰ ਰਾਸ਼ਨ ਭਿਜਵਾਇਆ ਸੀ
ਪਰ ‘ਮੈਂ’ ਤਾਂ ‘ਮੈਂ’ ਹੀ ਸੀ
ਭੀੜ ਦਾ ਹਿੱਸਾ ਬਣ ਕੇ ਦਿਖਾਇਆ ਸੀ
ਮੁਫ਼ਤ ਮਿਲੇ ਰਾਸ਼ਨ ਦਾ ਭੰਡਾਰ ਬਣਾਇਆ ਸੀ
‘ਮੈਂ’ ਧਰਤੀ ’ਤੇ ਇਨਸਾਨ ਦੇ ਜਾਮੇ ਵਿੱਚ ਆਇਆ ਸੀ
ਮਜਬੂਰੀਆਂ ਮੈਨੂੰ ਮਸ਼ੀਨ ਬਣਾਇਆ ਸੀ
ਫਿਰ ਤੋਂ ਇਨਸਾਨ ਬਣਨ ਲਈ ਜ਼ੋਰ ਲਾਇਆ ਸੀ
ਪਰਿਵਾਰ ਨਾਲ ਵਕਤ ਬਿਤਾਇਆ ਸੀ
ਪਰ ‘ਮੈਂ’ ਤਾਂ ‘ਮੈਂ’ ਹੀ ਸੀ
ਘਰ ਦੇ ਕੰਮਾਂ ਵਿੱਚ ਨਾ ਹੱਥ ਵੰਡਾਇਆ ਸੀ
ਵਿਹਲੇ ਬੈਠ ਤੇ ਪੈ ਕੇ ਵਕਤ ਲੰਘਾਇਆ ਸੀ
ਗੁਰਬਾਣੀ ਨੂੰ ਨਹੀਂ ਧਿਆਇਆ ਸੀ
ਗੁਰਾਂ ਦੇ ਚਰਨੀਂ ਚਿੱਤ ਨਹੀਂ ਲਗਾਇਆ ਸੀ
‘ਮੈਂ’ ਤਾਂ ‘ਮੈਂ’ ਹੀ ਸੀ
ਤੁਸੀਂ ਵਿਚਾਰੋ
ਤੁਸੀਂ ਕਿਹੜੇ ‘ਮੈਂ’ ਸੀ?
ਸੰਪਰਕ: 79867-93800
* * *
ਗ਼ੁਲਾਮੀ ਦਾ ਇਹਿਸਾਸ
ਵਿਨੋਦ ਗਰਗ
ਵੋਟਾਂ ਵੇਲੇ ਬਰਸਾਤੀ ਡੱਡੂ ਆਉਂਦੇ
ਪਾ ਕੇ ਵੰਨ ਸੁਵੰਨੇ ਲਬਿਾਸ,
ਵੱਡੇ ਵੱਡੇ ਵਾਅਦੇ ਕਰਕੇ
ਜਨਤਾ ਦਾ ਜਿੱਤ ਲੈਂਦੇ ਵਿਸ਼ਵਾਸ
ਗੁੰਮਰਾਹ ਕਰਦੇ ਲੋਕਾਂ ਨੂੰ ਲੀਡਰ
ਦੱਸ ਕੇ ਇੱਕ ਦੂਜੇ ਦਾ ਇਤਿਹਾਸ
ਤਾਰ ਦਿੰਦੇ ਲੀਡਰ ਦੀ ਕਿਸ਼ਤੀ
ਜੋ ਚਮਚੇ ਹੁੰਦੇ ਨੇ ਜੋ ਖ਼ਾਸ
ਜਿੱਤਕੇ ਲੀਡਰ ਬਣਾਉਂਦੇ ਦੂਰੀ
ਜਨਤਾ ਹੋ ਜਾਵੇ ਨਿਰਾਸ
ਵਿੱਚ ਬਾਜ਼ਾਰਾਂ ਲੱਗਦੇ ਧਰਨੇ,
ਪਰ ਹੁੰਦਾ ਨਹੀਂ ਅਸਲੀ ਵਿਕਾਸ
ਭਾਰਤ ਦੀ ਆਜ਼ਾਦੀ ਵੀ ਕਰਵਾਏ
ਹੁਣ ਤਾਂ ਗ਼ੁਲਾਮੀ ਦਾ ਅਹਿਸਾਸ…।
ਸੰਪਰਕ: 98763-71788