ਰਵਿੰਦਰ ਰਵੀ
ਬਰਨਾਲਾ, 29 ਅਪਰੈਲ
ਇੱਥੇ ਅੱਜ ਸਵੇਰੇ ਡੇਰਾ ਪ੍ਰੇਮੀਆਂ ਨੂੰ ਸ਼ੇਰਪੁਰ ਤੋਂ ਸਿਰਸਾ ਲਿਜਾ ਰਹੀ ਪ੍ਰਾਈਵੇਟ ਬੱਸ, ਡਰਾਈਵਰ ਦੀ ਲਾਪ੍ਰਵਾਹੀ ਕਾਰਨ ਅਨਾਜ ਮੰਡੀ ’ਚ ਦਾਖਲ ਹੋਣ ਤੋਂ ਪਹਿਲਾਂ ਗੇਟ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 30 ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ। ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਬੱਸ ਡਰਾਈਵਰ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਐਸਡੀਐਮ ਨੂੰ ਲਿਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਪ੍ਰਾਈਵੇਟ ਬੱਸ ’ਚ ਡੇਰਾ ਸਿਰਸਾ ਦੇ ਸ਼ਰਧਾਲੂ ਸ਼ੇਰਪੁਰ ਤੋਂ ਸਿਰਸਾ ਜਾ ਰਹੇ ਸੀ। ਬੱਸ ਡਰਾਈਵਰ ਸਿੱਧੇ ਰਸਤੇ ਜਾਣ ਦੀ ਬਜਾਏ ਅਨਾਜ ਮੰਡੀ ਨੂੰ ਜਾਣ ਤੋਂ ਪਹਿਲਾਂ ਗੇਟ ਰਾਹੀਂ ਧੱਕੇ ਨਾਲ ਬੱਸ ਕੱਢਣ ਦੀ ਕੋਸ਼ਿਸ਼ ਕਰਨ ਲੱਗਿਆ। ਇਸ ਦੌਰਾਨ ਬੱਸ ਗੇਟ ਦੇ ਪਿੱਲਰਾਂ ਨਾਲ ਟਕਰਾ ਗਈ ਅਤੇ ਬੱਸ ’ਚ ਬੈਠੇ ਸ਼ਰਧਾਲੂਆਂ ਦੇ ਸੱਟਾਂ ਲੱਗੀਆਂ। ਇਸ ਦੌਰਾਨ 30 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਸਿਵਲ ਹਸਪਤਾਲ ਦੇ ਐਸਐਮਓ ਡਾ.ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਕਈ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ ਅਤੇ ਕੁੱਝ ਸਵਾਰੀਆਂ ਦੇ ਗੰਭੀਰ ਸੱਟਾਂ ਹੋਣ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੱਸ ਸਟੈਂਡ ਚੌਂਕੀ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਬੱਸ ਡਰਾਈਵਰ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਲਈ ਸਵਾਰੀਆਂ ਵੱਲੋਂ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਮਾਰਕੀਟ ਕਮੇਟੀ ਦੇ ਸਕੱਤਰ ਕੁਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮਾਰਕੀਟ ਕਮੇਟੀ ਬਰਨਾਲਾ ਦੇ ਇੰਚਾਰਜ ਐਸਡੀਐਮ ਬਰਨਾਲਾ ਨੂੰ ਘਟਨਾ ਦੀ ਲਿਖਤੀ ਜਾਣਕਾਰੀ ਦੇ ਦਿੱਤੀ ਗਈ ਹੈ।