ਪਾਲ ਸਿੰਘ ਨੌਲੀ
ਜਲੰਧਰ, 17 ਅਪਰੈਲ
ਬਹੁਜਨ ਸਮਾਜ ਪਾਰਟੀ ਦੇ 1984 ਵਿੱਚ ਹੋਏ ਗਠਨ ਮਗਰੋਂ ਹੀ 1985 ਵਿੱਚ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਉਮੀਦਵਾਰ ਖੜ੍ਹੇ ਕੀਤੇ ਸਨ। ਭਾਵੇਂ ਉਦੋਂ ਕੋਈ ਸਫਲ਼ਤਾ ਹਾਸਲ ਨਹੀਂ ਸੀ ਹੋਈ ਪਰ ਪਾਰਟੀ ਨੇ ਕਾਂਗਰਸ ਦੇ ਪੱਕੇ ਵੋਟ ਬੈਂਕ ਸਮਝੇ ਜਾਂਦੇ ਦਲਿਤ ਵਰਗ ਵਿੱਚ ਅਜਿਹਾ ਸਿਆਸੀ ਚੱਕ ਮਾਰਿਆ ਜਿਸ ਨੇ ਦੇਸ਼ ਦੀ ਸਿਆਸਤ ਨੂੰ ਸਦਾ ਲਈ ਬਦਲ ਕੇ ਰੱਖ ਦਿੱਤਾ ਸੀ। ਬਸਪਾ ਦੇ ਬਾਨੀ ਪ੍ਰਧਾਨ ਬਾਬੂ ਕਾਂਸ਼ੀ ਰਾਮ ਦੇ ਤਿੱਖੇ ਭਾਸ਼ਣਾਂ ਨੇ ਦਲਿਤ ਸਮਾਜ ਵਿੱਚ ਜਿਹੜੀ ਰਾਜਨੀਤਿਕ ਚੇਤਨਾ ਪੈਦਾ ਕੀਤੀ ਸੀ ਉਸ ਨੇ ਸਭ ਤੋਂ ਵੱਡਾ ਖੋਰਾ ਕਾਂਗਰਸ ਨੂੰ ਲਾਇਆ ਸੀ।
ਸਾਲ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਨੇ ਪੰਜਾਬ ਤੋਂ ਆਪਣਾ ਖਾਤਾ ਖੋਲ੍ਹ ਲਿਆ ਸੀ। ਉਸ ਵੇਲੇ ਫਿਲ਼ੋਰ ਲੋਕ ਸਭਾ ਹਲਕੇ ਤੋਂ ਬਸਪਾ ਦੇ ਉਮੀਦਵਾਰ ਹਰਭਜਨ ਲਾਖਾ ਚੋਣ ਜਿੱਤੇ ਸਨ। ਬਸਪਾ ਦੇ ਉਮੀਦਵਾਰ ਦੇਵੀ ਦਾਸ ਨਾਹਰ ਨੇ ਵੀ ਕਾਂਗਰਸ ਦੇ ਗੜ੍ਹ ਸਮਝੇ ਜਾਂਦੇ ਜਲੰਧਰ ਲੋਕ ਸਭਾ ਹਲਕੇ ਵਿੱਚ ਐਸੀ ਸੰਨ੍ਹ ਲਾਈ ਕਿ ਇੱਥੋਂ ਕਾਂਗਰਸ ਦੇ ਐੱਮਪੀ ਰਾਜਿੰਦਰ ਸਿੰਘ ਸਪੈਰੋ ਚੋਣ ਹਾਰ ਗਏ ਸਨ। ਬਸਪਾ ਉਮੀਦਵਾਰ ਦੇਵੀ ਦਾਸ ਨਾਹਰ ਵੱਲੋਂ 70 ਹਾਜ਼ਰ ਤੋਂ ਵੱਧ ਵੋਟਾਂ ਲੈਣ ਕਰਕੇ ਜਲੰਧਰ ਤੋਂ ਜਨਤਾ ਦਲ ਦੇ ਉਮੀਦਵਾਰ ਇੰਦਰ ਕੁਮਾਰ ਗੁਜਰਾਲ ਚੋਣ ਜਿੱਤ ਗਏ ਸਨ। ਸ਼੍ਰੋਮਣੀ ਅਕਾਲੀ ਦਲ ਨਾਲ 1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਹੋਏ ਸਮਝੌਤੇ ਕਾਰਨ ਬਸਪਾ ਦੇ ਬਾਨੀ ਪ੍ਰਧਾਨ ਬਾਬੂ ਕਾਂਸ਼ੀ ਰਾਮ ਹੁਸ਼ਿਆਂਰਪੁਰ ਤੋਂ ਹਰਭਜਨ ਲਾਖਾ ਫਿਲੌਰ ਤੋਂ ਤੇ ਮੋਹਣ ਸਿੰਘ ਫਲੀਆਂਵਾਲਾ ਫਿਰੋਜ਼ਪੁਰ ਤੋਂ ਜੇਤੂ ਰਹੇ ਸਨ। ਬਸਪਾ ਦਾ ਉਸ ਵੇਲੇ ਗੜ੍ਹ ਦੋਆਬੇ ਨੂੰ ਮੰਨਿਆ ਜਾਂਦਾ ਸੀ ਕਿਉਕਿ ਇਸ ਖਿਤੇ ਵਿੱਚ ਹੀ ਦਲਿਤਾਂ ਦੀ ਸਭ ਤੋਂ ਵੱਧ ਵਸੋਂ ਹੈ। ਇੱਥੇ ਦਾ ਦਲਿਤ ਭਾਈਚਾਰਾ ਸਿਆਸੀ ਤੌਰ ’ਤੇ ਚੇਤਨ ਵੀ ਮੰਨਿਆ ਜਾਂਦਾ ਹੈ। ਦੋਆਬੇ ਵਿੱਚ ਪਹਿਲਾਂ ਤਿੰਨ ਸੀਟਾਂ ਹੁੰਦੀਆਂ ਸਨ। ਇਨ੍ਹਾਂ ਵਿੱਚ ਜਲੰਧਰ, ਹੁਸ਼ਿਆਰਪੁਰ ਤੇ ਫਿਲੌਰ ਸ਼ਾਮਿਲ ਸਨ। ਇਨ੍ਹਾਂ ਵਿੱਚ ਫਿਲ਼ੌਰ ਰਾਖਵੀਂ ਸੀਟ ਸੀ। ਜਲੰਧਰ ਤੇ ਹੁਸ਼ਿਆਰਪੁਰ ਦੋਵੇਂ ਜਨਰਲ ਸਨ। ਸਾਲ 2009 ਵਿੱਚ ਹਲਕਿਆਂ ਦੇ ਪੁਨਰ ਗਠਨ ਵੇਲੇ ਦੋਆਬੇ ਦੇ ਹਿੱਸੇ ਦੋ ਸੀਟਾਂ ਹੀ ਰਹਿ ਗਈਆਂ ਤੇ ਦੋਵੇਂ ਰਾਖਵੀਆਂ ਹਨ। ਬਸਪਾ ਦੇ ਗੜ੍ਹ ਵਿੱਚ ਮਗਰੋਂ ਪਾਰਟੀ ਓਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਜਿੰਨਾ ਇਸ ਦੇ ਉਭਾਰ ਦੇ ਸਮੇਂ ਇਸ ਨੂੰ ਸਫ਼ਲਤਾਵਾਂ ਮਿਲਦੀਆਂ ਰਹੀਆਂ ਸਨ।