ਪਾਲ ਸਿੰਘ ਨੌਲੀ
ਜਲੰਧਰ, 2 ਮਈ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿਚ ਹਰਨਾਮ ਦਾਸ ਸਹਿਰਾਈ ਦੀ ਜਨਮ ਸ਼ਤਾਬਦੀ ਨਾਲ ਸਬੰਧਤ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਿੰ. ਜਸਪਾਲ ਸਿੰਘ ਰੰਧਾਵਾ ਨੇ ਕੀਤੀ, ਡਾ. ਸੁਖਬੀਰ ਕੌਰ ਮਾਹਲ ਅਤੇ ਹਰਨਾਮ ਦਾਸ ਸਹਿਰਾਈ ਦੇ ਪੁੱਤਰ ਕੁਲਦੀਪ ਰਾਏ ਨੇ ਕੀਤੀ। ਇਸ ਮੌਕੇ ਲੇਖਕ ਦੇਸ ਰਾਜ ਕਾਲੀ ਨੂੰ ਸਹਿਰਾਈ ਐਵਾਰਡ ਨਾਲ ਸਨਮਾਨਿਆ ਗਿਆ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਇਹ ਸ਼ਤਾਬਦੀ ਸਮਾਗਮ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੰਨ 2020 ’ਚ ਕਰਵਾਇਆ ਜਾਣਾ ਸੀ, ਜੋ ਕਰੋਨਾ ਮਹਮਾਰੀ ਕਾਰਨ ਮੁਲਤਵੀ ਹੁੰਦਾ ਗਿਆ। ਪ੍ਰਿੰ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਨ ਵਿੱਚ ਹਰਨਾਮ ਦਾਸ ਸਹਿਰਾਈ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਡਾ. ਸੁਖਬੀਰ ਕੌਰ ਨੇ ਕਿਹਾ ਕਿ ਸਵਾ ਸੌ ਤੋਂ ਵੀ ਵੱਧ ਪੁਸਤਕਾਂ ਦੇ ਲੇਖਕ ਹਰਨਾਮ ਦਾਸ ਸਹਿਰਾਈ ਨੂੰ ਸਾਹਿਤ ਵਿੱਚ ਉਹ ਢੁੱਕਵਾਂ ਸਥਾਨ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਨੇ 1957 ਵਿਚ ਆਪਣਾ ਪਹਿਲਾ ਇਤਿਹਾਸਕ ਨਾਵਲ ‘ਲੋਹਗੜ੍ਹ’ ਲਿਖਿਆ, ਜੋ ਆਪਣੀ ਮਕਬੂਲੀਅਤ ਕਰ ਕੇ ਹੀ ਹੋਰ ਜ਼ੁਬਾਨਾਂ ਵਿੱਚ ਵੀ ਪ੍ਰਕਾਸ਼ਿਤ ਹੋਇਆ। ਦੇਸ ਰਾਜ ਕਾਲੀ ਨੇ ਕਿਹਾ ਕਿ ਹਰਨਾਮ ਦਾਸ ਸਹਿਰਾਈ ਸਾਧਾਰਨ ਮਨੁੱਖ ਹੁੰਦਿਆਂ ਵੀ ਵਿਸ਼ੇਸ਼ ਸਨ। ਸਹਿਰਾਈ ਦੇ ਪੁੱਤਰ ਵੱਲੋਂ ਚਲਾਏ ਜਾ ਰਹੇ ਹਰਨਾਮ ਦਾਸ ਸਹਿਰਾਈ ਯਾਦਗਾਰੀ ਟਰੱਸਟ ਵੱਲੋਂ ਇਸ ਮੌਕੇ ਸਹਿਰਾਈ ਦੀ ਯਾਦ ਵਿੱਚ ਇਕ ਐਵਾਰਡ ਸਥਾਪਤ ਕੀਤਾ ਗਿਆ, ਜੋ ਹਰ ਸਾਲ ਕਿਸੇ ਨਾਵਲਕਾਰ ਨੂੰ ਦਿੱਤਾ ਜਾਵੇਗਾ। ਇਸ ਵਰ੍ਹੇ ਦਾ 5,100 ਰੁਪਏ ਦੀ ਰਾਸ਼ੀ ਵਾਲਾ ਇਹ ਐਵਾਰਡ ਪ੍ਰਸਿੱਧ ਕਥਾਕਾਰ ਦੇਸ ਰਾਜ ਕਾਲੀ ਨੂੰ ਦਿੱਤਾ ਗਿਆ। ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਜੁਗਿੰਦਰ ਸੰਧੂ ਦੀ ਪੁਸਤਕ ‘ਨਾਮੇ ਨਾਰਾਇਨ ਨਾਹੀਂ ਭੇਦੁ’ ਉੱਤੇ ਵਿਚਾਰ ਚਰਚਾ ਕਰਦਿਆਂ ਰਾਜੇਸ਼ ਆਨੰਦ ਨੇ ਪਰਚਾ ਪੜ੍ਹਿਆ। ਜੁਗਿੰਦਰ ਸੰਧੂ ਨੇ ਕਿਹਾ ਕਿ ਹੁਣ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਤਿਹਾਸਕ ਮਿਥਿਹਾਸਕ ਪਾਤਰਾਂ ਬਾਰੇ ਪੁਸਤਕ ਤਿਆਰ ਕਰ ਰਹੇ ਹਨ।