ਪਾਲ ਸਿੰਘ ਨੌਲੀ
ਜਲੰਧਰ, 17 ਜਨਵਰੀ
ਇੱਥੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵੋਟਾਂ ਦੀ ਤਰੀਕ ਅੱਗੇ ਪਾਉਣ ਦੀ ਮੰਗ ਨੂੰ ਲੈ ਕੇ ਸੰਤ ਸਮਾਜ ਅਤੇ ਰਵਿਦਾਸੀਆ ਤੇ ਵਾਲਮੀਕਿ ਭਾਈਚਾਰਿਆਂ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਨੇ ਕੌਮੀ ਸ਼ਾਹਰਾਹ ’ਤੇ ਜਾਮ ਲਗਾ ਦਿੱਤਾ।
ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ ਨੇ ਦੱਸਿਆ ਕਿ ਗੁਰੂ ਰਵਿਦਾਸ ਦਾ ਜਨਮ ਦਿਹਾੜਾ 16 ਫਰਵਰੀ ਨੂੰ ਆ ਰਿਹਾ ਹੈ ਪਰ ਚੋਣ ਕਮਿਸ਼ਨ ਨੇ 14 ਫਰਵਰੀ ਨੂੰ ਵੋਟਾਂ ਦੀ ਤਰੀਕ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਾਦੀ ਦਾ ਵੱਡਾ ਹਿੱਸਾ ਦਲਿਤ ਸਮਾਜ ਇਸ ਮੌਕੇ 13 ਫਰਵਰੀ ਨੂੰ ਰੇਲਾਂ ਰਾਹੀਂ ਬਨਾਰਸ ਜਾ ਰਿਹਾ ਹੈ। ਇਸ ਲਈ ਵੋਟਾਂ ਦੀ ਤਰੀਕ 10 ਫਰਵਰੀ ਤੋਂ ਪਹਿਲਾਂ ਜਾਂ ਫਿਰ 20 ਫਰਵਰੀ ਤੋਂ ਬਾਅਦ ਦੀ ਐਲਾਨੀ ਜਾਵੇ। ਅੱਜ ਇੱਥੇ ਲਗਾਇਆ ਗਿਆ ਇਹ ਜਾਮ ਸ਼ਾਮ 4 ਵਜੇ ਤੱਕ ਰਹੇਗਾ। ਇਸ ਦੌਰਾਨ ਸ਼ਾਹਰਾਹ ’ਤੇ ਜਾਮ ਲੱਗਣ ਕਾਰਨ ਵਾਹਨ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕ ਖੱਜਲ ਖੁਆਰ ਹੁੰਦੇ ਦੇਖੇ ਗਏ।
ਫਿਲੌਰ (ਪੱਤਰ ਪ੍ਰੇਰਕ): ਇੱਥੇ ਅੱਜ ਗੁਰੂ ਰਵਿਦਾਸ ਨਾਮ ਲੇਵਾ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਪੈਣ ਵਾਲੀਆਂ ਵੋਟਾਂ ਦੀ ਤਰੀਕ ਅੱਗੇ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਨਾਂ ਇੱਕ ਮੰਗ ਪੱਤਰ ਸਥਾਨਕ ਅਧਿਕਾਰੀਆਂ ਨੂੰ ਸੌਂਪਿਆ। ਆਗੂਆਂ ਨੇ ਕਿਹਾ ਕਿ ਜੇਕਰ ਵੋਟਾਂ ਦੀ ਤਰੀਕ ਤੁਰੰਤ ਅੱਗੇ ਨਾ ਪਾਈ ਗਈ ਤਾਂ 18 ਜਨਵਰੀ ਤੋਂ ਧਰਨੇ ਲਗਾਏ ਜਾਣਗੇ।