ਪਾਲ ਸਿੰਘ ਨੌਲੀ
ਜਲੰਧਰ, 22 ਮਈ
ਇਥੋਂ ਦੇ ਹਾਈਵੇ ‘ਤੇ ਰਾਮਾਮੰਡੀ ਦੇ ਫਲਾਈਓਵਰ ਤੋਂ ਤੇਜ਼ ਰਫ਼ਤਾਰ ਕਾਰ ਪੁਲ ਦੀ ਰੇਲਿੰਗ ਤੋੜਦੀ ਹੋਈ ਹੇਠਾਂ ਸਰਵਿਸ ਲੇਨ ‘ਚ ਜਾ ਡਿੱਗੀ। ਇਸ ਹਾਦਸੇ ‘ਚ ਕਾਰ ‘ਚ ਸਵਾਰ 5 ਵਿਅਕਤੀ ਜ਼ਖਮੀ ਹੋ ਗਏ। ਇੱਕ ਦੀ ਹਾਲਤ ਨਾਜ਼ੁਕ ਹੈ। ਕਾਰ ਪੀਬੀ08-ਈਸੀ1174 ਇੰਨੀ ਰਫਤਾਰ ‘ਤੇ ਸੀ ਕਿ ਉਹ ਪੁਲ ਦੇ ਸਾਈਡਾਂ ‘ਤੇ ਲਗਾਈ ਮਜ਼ਬੂਤ ਰੇਲਿੰਗ ਨੂੰ ਤੋੜ ਗਈ। ਕਾਰ ਦੇ ਏਅਰਬੈਗ ਵੀ ਖੁੱਲ੍ਹੇ ਹੋਏ ਸਨ। ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਕਾਰ ਨੂੰ ਸਾਈਡ ‘ਤੇ ਕਰਾਇਆ। ਪੁਲੀਸ ਦਾ ਕਹਿਣਾ ਹੈ ਕਿ ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ ਹੈ। ਹਾਈਵੇਅ ‘ਤੇ ਤੇਜ਼ ਰਫਤਾਰ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਰੇਲਿੰਗ ਤੋੜਦੀ ਹੋਈ ਹੇਠਾਂ ਡਿੱਗ ਗਈ।