ਪਾਲ ਸਿੰਘ ਨੌਲੀ
ਜਲੰਧਰ, 26 ਫਰਵਰੀ
ਗੁਰੂ ਰਵਿਦਾਸ ਦੇ 644ਵੇਂ ਪ੍ਰਕਾਸ਼ ਪੁਰਬ ਦੇ ਸਬੰਧੀ ਅੱਜ ਦੋਆਬੇ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਸਜਾਈਆਂ ਗਈਆਂ ਸ਼ੋਭਾ ਯਾਤਰਾਵਾਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸੇ ਦੌਰਾਨ ਦਲਿਤ ਸਮਾਜ ਦੇ ਸਾਧੂ-ਸੰਤਾਂ ਨੇ ਦਿੱਲੀ ’ਚ ਚੱਲ ਰਹੇ ਕਿਸਾਨ ਮੋਰਚਿਆਂ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਕਿਸਾਨ ਜਥੇਬੰਦੀਆਂ, ਦਲਿਤ ਸਮਾਜ ਵੱਲੋਂ ਮਿਲ ਰਹੇ ਇਸ ਹੁੰਗਾਰੇ ਨੂੰ ਕਿਸਾਨ ਮੋਰਚੇ ਦੀ ਤਕੜੀ ਹਮਾਇਤ ਵਜੋਂ ਦੇਖਣ ਲੱਗ ਪਈਆਂ ਹਨ।
ਜਲੰਧਰ ਸ਼ਹਿਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਸ਼ਾਮਲ ਹੋਏ ਟਰੈਕਟਰ ਟਰਾਲੀਆਂ ’ਤੇ ਕਿਸਾਨੀ ਝੰਡੇ ਲੱਗੇ ਹੋਏ ਸਨ। ਇਹ ਸ਼ੋਭਾ ਯਾਤਰਾ ਬੂਟਾਂ ਮੰਡੀ ਸਥਿਤ ਰਵਿਦਾਸ ਧਾਮ ਤੋਂ ਸ਼ੁਰੂ ਹੋਈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਦਿੱਲੀ ਦੀਆਂ ਹੱਦਾਂ ’ਤੇ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੋਆਬਾ, ਕੰਢੀ ਕਿਸਾਨ ਸੰਘਰਸ਼ ਕਮੇਟੀ ਅਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਸ਼ੋਭਾ ਯਾਤਰਾ ’ਚ ਸ਼ਮੂਲੀਅਤ ਕਰਨ ਦੇ ਨਾਲ-ਨਾਲ ਸੰਗਤ ਲਈ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ।
ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਸਰਪ੍ਰਸਤ ਅਵਤਾਰ ਸਿੰਘ ਭੀਖੋਵਾਲ, ਚੇਅਰਮੈਨ ਭੁਪਿੰਦਰ ਸਿੰਘ ਘੁੰਮਣ, ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ, ਮੈਨੇਜਰ ਮੂਲਾ ਸਿੰਘ, ਗੁਰਬਖਸ਼ ਸਿੰਘ ਜੰਡੋਰ, ਬਲਜੀਤ ਸਿੰਘ ਭੀਖੋਵਾਲ ਤੇ ਹੋਰ ਕਿਸਾਨ ਆਗੂਆਂ ਨੇ ਪਿੰਡ ਓਡਰਾ ’ਚ ਕੱਢੀ ਸ਼ੋਭਾ ਯਾਤਰਾ ’ਚ ਹਿੱਸਾ ਲਿਆ। ਇਸ ਮੌਕੇ ਸ਼ੋਭਾ ਯਾਤਰਾ ’ਚ ਸ਼ਾਮਲ ਸੰਤ ਜਸਪਾਲ ਸਿੰਘ ਨੇ ਕਿਸਾਨ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ।ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਜਗਦੀਸ਼ ਲਾਲ ਬੱਧਣ ਨੇ ਜਿਥੇ ਕਿਸਾਨ ਆਗੂਆਂ ਨੂੰ ਸਨਮਾਨਿਆ, ਉਥੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਵੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਫਗਵਾੜਾ ਨੇੜੇ ਨੈਸ਼ਨਲ ਹਾਈਵੇਅ ’ਤੇ ਚੱਕ ਹਕੀਮ ਵਿੱਚ ਬਣੇ ਗੁਰੂ ਰਵਿਦਾਸ ਮੰਦਰ ਤੋਂ ਸ਼ੁਰੂ ਸ਼ੋਭਾ ਯਾਤਰਾ ਵਿੱਚ ਕਿਸਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਦੇ ਆਗੂਆਂ ਸੰਤ ਮਹਿੰਦਰ ਪਾਲ ਪੰਡਵਾਂ, ਸੰਤ ਦੇਸ ਰਾਜ ਗੋਬਿੰਦਪੁਰਾ ਤੇ ਸੰਤ ਪੁਰਸ਼ੋਤਮ ਦਾਸ ਚੱਕ ਹਕੀਮ ਸਮੇਤ ਹੋਰ ਸਾਧੂ ਸਮਾਜ ਨੇ ਵੀ ਦਿੱਲੀ ’ਚ ਚੱਲ ਰਹੇ ਕਿਸਾਨੀ ਮੋਰਚਿਆਂ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।