ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਨਵੰਬਰ
ਸੱਤਾਧਾਰੀ ਧਿਰ ਕਾਂਗਰਸ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਿਚ ਸੂਬੇ ਦੀ ਸੱਤਾ ਹਥਿਆਉਣ ਲਈ ਦੌੜ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਨੂੰ ਕਾਂਗਰਸ ਪਾਰਟੀ ਆਮ ਆਦਮੀ ਦੇ ਚਿਹਰੇ ਵਜੋਂ ਬਾਖੂਬੀ ਵਰਤ ਰਹੀ ਹੈ। ਕਾਂਗਰਸ ਵੱਲੋਂ ਵੱਡੇ ਪੱਧਰ ’ਤੇ ਮੁੱਖ ਮੰਤਰੀ ਚੰਨੀ ਦੇ ਥਾਂ-ਥਾਂ ’ਤੇ ਹੋਰਡਿੰਗ ਲਾਏ ਗਏ ਹਨ, ਜਿਨ੍ਹਾਂ ਉੱਪਰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਰਿਆਇਤਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਬੋਰਡ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਹੋਰਡਿੰਗ ਬੋਰਡ ’ਤੇ ਛੋਟੀ ਇਬਾਰਤ ਹੋਣ ਕਾਰਨ ਛੇਤੀ ਪੜ੍ਹ ਹੁੰਦੇ ਹਨ। ਕਾਂਗਰਸ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਮ ਆਦਮੀ ਵਜੋਂ ਪੇਸ਼ ਕਰਨ ਦੇ ਅਪਣਾਏ ਪੈਂਤੜੇ ਨੂੰ ਖੁੰਢਾ ਕਰਨ ਲਈ ਆਮ ਆਦਮੀ ਪਾਰਟੀ ਵੀ ਮੁਕਾਬਲੇ ਵਿਚ ਆ ਗਈ ਹੈ। ‘ਆਪ’ ਨੇ ਉਨ੍ਹਾਂ ਪ੍ਰਮੁੱਖ ਥਾਵਾਂ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗਾਰੰਟੀ ਦੇਣ ਵਾਲੇ ਬੋਰਡ ਲਾ ਦਿੱਤੇ ਹਨ ਜਿਥੇ-ਜਿਥੇ ਚਰਨਜੀਤ ਸਿੰਘ ਚੰਨੀ ਦੇ ਬੋਰਡ ਲੱਗੇ ਹੋਏ ਹਨ। ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਉੱਤੇ ਇਹ ਬੋਰਡ ਆਮ ਦੇਖਣ ਨੂੰ ਮਿਲ ਰਹੇ ਹਨ ਤੇ ਲੋਕ ਹੁਣ ਦੋਵੇਂ ਪਾਰਟੀਆਂ ਦੇ ਨਾਅਰਿਆਂ ਨੂੰ ਪੜ੍ਹ ਕੇ ਆਨੰਦ ਲੈ ਰਹੇ ਹਨ। ਸ਼ਹਿਰ ਦੇ ਭੀੜ ਭੜੱਕੇ ਵਾਲੇ ਇਲਾਕੇ ਵਿਚ ਆਉਂਦੇ ਰੇਲਵੇ ਸਟੇਸ਼ਨ ’ਤੇ ਜਿਥੇ-ਜਿਥੇ ਚਰਨਜੀਤ ਸਿੰਘ ਚੰਨੀ ਦੇ ਬੋਰਡ ਲੱਗੇ ਹਨ ਉਥੇ ਨਾਲ ਹੀ ਅਰਵਿੰਦ ਕੇਜਰੀਵਾਲ ਦੇ ਬੋਰਡ ਵੀ ਲੱਗੇ ਹੋਏ ਹਨ। ਇਸੇ ਤਰ੍ਹਾਂ ਸ਼ਹਿਰ ਦੇ ਮਸੰਦ ਚੌਕ ਵਿਚ ਵੀ ਦੋਹਾਂ ਧਿਰਾਂ ਦੇ ਹੋਰਡਿੰਗ ਲੱਗੇ ਹੋਏ ਹਨ। ਇਹ ਚੌਕ ਵੀ ਰੁਝੇਵਿਆਂ ਵਾਲਾ ਚੌਕ ਹੈ ਜਿੱਥੋਂ ਰੋਜ਼ਾਨਾ ਹਜ਼ਾਰਾਂ ਲੋਕ ਲੰਘਦੇ ਹਨ। ਇਸ ਚੌਕ ਦੇ ਨੇੜੇ ਮਾਡਲ ਟਾਊਨ ਦਾ ਸਿੰਘ ਸਭਾ ਗੁਰਦੁਆਰਾ ਹੋਣ ਕਾਰਨ ਉਥੇ ਐਤਵਾਰ ਤੇ ਹੋਰ ਦਿਨ-ਤਿਓਹਾਰਾਂ ਵੇਲੇ ਭੀੜ ਲੱਗੀ ਰਹਿੰਦੀ ਹੈ। ਇਥੇ ਲੱਗੇ ਬੋਰਡ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਕੁਝ ਲੋਕਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਚਰਨਜੀਤ ਸਿੰਘ ਚੰਨੀ ਦੇ ਉਸ ਅਕਸ ਨੂੰ ਚਿੱਬ ਪਾਉਣਾ ਚਾਹੁੰਦੀ ਹੈ ਜਿੰਨੀ ਤੇਜ਼ੀ ਨਾਲ ਉਹ ਆਮ ਲੋਕਾਂ ਦਾ ਆਗੂ ਬਣਦਾ ਜਾ ਰਿਹਾ ਹੈ।
ਭੀੜ ਵਾਲੀਆਂ ਥਾਵਾਂ ’ਤੇ ਲਗ ਰਹੇ ਨੇ ਹੋਰਡਿੰਗ
ਸ਼ਹਿਰ ਦੇ ਭੀੜ ਭੜੱਕੇ ਵਾਲੇ ਹਲਕੇ ਵਿੱਚ ਦੋਵਾਂ ਪਾਰਟੀਆਂ ਦੇ ਵਰਕ ਅਜਿਹੇ ਹੋਰਡਿੰਗ ਲਾ ਰਹੇ ਹਨ ਤਾ ਜੋਂ ਇਨ੍ਹਾਂ ਨੂੰ ਵਧੇਰੇ ਲੋਕ ਦੇਖ ਸਕਣ।