ਪਾਲ ਸਿੰਘ ਨੌਲੀ
ਜਲੰਧਰ, 1 ਫਰਵਰੀ
ਜਲੰਧਰ ਛਾਉਣੀ ਹਲਕੇ ਦੇ ਪਿੰਡਾਂ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਪਦਮਸ੍ਰੀ ਪਰਗਟ ਸਿੰਘ ਦੇ ਮੁਕਾਬਲੇ ਜਿਹੜੇ ਵਿਰੋਧੀ ਉਮੀਦਵਾਰ ਚੋਣ ਲੜ ਰਹੇ ਹਨ ਉਨ੍ਹਾਂ ਦੇ ਸਿਆਸੀ ਕੱਦ ਕਾਫੀ ਬੌਣੇ ਹਨ। ਛਾਉਣੀ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਸਰਵੇ ਕਰ ਰਹੀਆਂ ਟੀਮਾਂ ਇਸ ਗੱਲ ’ਤੇ ਇਕ ਮੱਤ ਸਨ ਕਿ ਪਰਗਟ ਸਿੰਘ ਦੇ ਮੁਕਾਬਲੇ ਵਿਚ ਵਿਰੋਧੀ ਪਾਰਟੀਆਂ ਨੇ ਜਿਹੜੇ ਵੀ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ ਉਨ੍ਹਾਂ ਦਾ ਸਿਆਸੀ ਕੱਦ-ਬੁੱਤ ਏਨਾ ਉੱਚਾ ਨਹੀਂ ਕਿ ਉਹ ਸਾਬਕਾ ਓਲੰਪੀਅਨ ਪਰਗਟ ਸਿੰਘ ਦਾ ਮੁਕਾਬਲਾ ਕਰ ਸਕਣ। ਚੋਣ ਪ੍ਰਚਾਰ ਵਿਚ ਰੁੱਝੇ ਹੋਏ ਪਰਗਟ ਸਿੰਘ ਨੇ ਅੱਜ ਆਪਣੇ ਹਲਕੇ ’ਚ ਕੋਟ ਕਲਾਂ, ਕੁੱਕੜ ਪਿੰਡ, ਅਲੀ ਪੁਰ, ਕਾਸਿਮਪੁਰ, ਰਹਿਮਾਨਪੁਰ, ਭੋਡੇ ਸਪਰਾਏ, ਚੰਨਣ ਪੁਰ, ਭੂਰ ਮੰਡੀ, ਗੁਰਜੀਤ ਨਗਰ ਤੇ ਅਰਬਨ ਅਸਟੇਟ ਫੇਜ਼-2 ਸਮੇਤ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੀਟਿੰਗਾਂ ਕੀਤੀਆਂ। ਕੁੱਕੜ ਪਿੰਡ ਵਿਚ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਪਰਗਟ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਲਕੇ ਵਿਚ ਉਮੀਦਵਾਰ ਹੀ ਨਹੀਂ ਸੀ ਲੱਭ ਰਿਹਾ ਤੇ ਉਨ੍ਹਾਂ ਨੂੰ ਆਖਰਕਾਰ ਕਾਂਗਰਸ ਵਿੱਚੋਂ ਹੀ ਉਮੀਦਵਾਰ ਉਧਾਰਾ ਲੈਣਾ ਪਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਾਬਕਾ ਹਾਕੀ ਖਿਡਾਰੀ ਤੇ ਸਾਬਕਾ ਓਲੰਪੀਅਨ ਹੋਣ ਦੇ ਨਾਤੇ ਉਨ੍ਹਾਂ ਦਾ ਨਾਂ ਕਥਿਤ ਤੌਰ ’ਤੇ ਨਸ਼ਿਆਂ ਦੇ ਮਾਮਲੇ ਵਿਚ ਜੁੜਦਾ ਰਿਹਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਕਿਸਾਨਾਂ ਨਾਲ ਕੀਤਾ ਹੈ ਲੋਕ ਅਜਿਹੇ ਆਗੂਆਂ ਨੂੰ ਆਪਣੇ ਪਿੰਡਾਂ ਵਿਚ ਵੀ ਵੜਨ ਨਹੀਂ ਦੇ ਰਹੇ।