ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਸਤੰਬਰ
ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਦੇ 11ਵੀਂ ਜਮਾਤ ਦੇ ਵਿਦਿਆਰਥੀ ਅਭਿਜੈ ਸਿੰਘ ਖਹਿਰਾ ਵੱਲੋਂ ਕੌਮਾਂਤਰੀ ਪੱਧਰ ਦੇ ਹੋਏ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਣ ’ਤੇ ਕੇਂਦਰੀ ਧਰਤੀ ਵਿਗਿਆਨ ਮੰਤਰਾਲੇ ਨੇ ਉਸ ਨੂੰ ਸਨਮਾਨਿਤ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਕੂਲ ਦੀ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਨੇ ਦੱਸਿਆ ਕਿ ਅਭਿਜੈ ਸਿੰਘ ਖਹਿਰਾ ਨੇ ਪੰਜਾਬ ਤੋਂ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਉਹ ਪੰਜਾਬ ਦਾ ਇਕਲੌਤਾ ਵਿਦਿਆਰਥੀ ਹੈ ਜਿਸ ਨੇ ਇਕ ਗੋਲਡ ਅਤੇ ਇਕ ਸਿਲਵਰ ਮੈਡਲ ਲਿਆ ਕੇ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਨੈਸ਼ਨਲ ਟੀਮ ਫੀਲਡ ਇਨਵੈਸਟੀਗੇਸ਼ਨ ਦੇ ਤਹਿਤ ਅਭਿਜੈ ਨੇ ਉੱਤਰ ਪੱਛਮੀ ਅਤੇ ਪੂਰਬੀ ਭਾਰਤ ਤੋਂ ਮਿੱਟੀ ਦੀਆਂ ਭੌਤਿਕ-ਰਸਾਇਣਕ ਤਬਦੀਲੀਆਂ ਬਾਰੇ ਪ੍ਰਾਜੈਕਟ ਤਿਆਰ ਕੀਤਾ ਸੀ। ਇੰਟਰਨੈਸ਼ਨਲ ਅਰਥ ਸਾਇੰਸ ਓਲੰਪੀਆਡ 2022 ਇਸ ਸਾਲ ਇਟਲੀ ਦੇ ਆਸਟਾ ਵੈਲੀ ਤੋਂ 25 ਤੋਂ 31 ਅਗਸਤ ਤੱਕ ਵਰਚੁਅਲ ਮੋਡ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ 38 ਦੇਸ਼ਾਂ ਨੇ ਭਾਗ ਲਿਆ ਸੀ। ਅਭਿਜੈ ਸਿੰਘ ਖਹਿਰਾ ਅਤੇ ਉਨ੍ਹਾਂ ਦੀ ਟੀਮ ਨੂੰ ਬੀਤੇ ਦਿਨੀਂ ਧਰਤੀ ਵਿਗਿਆਨ ਮੰਤਰਾਲੇ, ਨਵੀਂ ਦਿੱਲੀ ਸਨਮਾਨਿਤ ਕਰਨ ਲਈ ਸੱਦਾ ਦਿੱਤਾ ਸੀ।