ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਨਵੰਬਰ
ਅੰਤਰਾਸ਼ਟਰੀ ਗੀਤਾ ਮਹਾਉਤਸਵ-2021 ਤੇ ਗੀਤਾ ਮੈਰਾਥਨ ਵਿੱਚ ਨੌਜਵਾਨਾਂ ਦਾ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਗੀਤਾ ਮੈਰਾਥਨ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਕਰੀਬ 500 ਲੜਕੇ ਤੇ ਲੜਕੀਆਂ ਨੇ ਆਪਣਾ ਪੰਜੀਕਰਨ ਕਰਾਇਆ। ਮੈਰਾਥਨ ਦੀ ਸ਼ੁਰੂਆਤ ਸੂਬੇ ਦੇ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਸੰਦੀਪ ਸਿੰਘ ਤੇ ਵਿਧਾਇਕ ਸੁਭਾਸ਼ ਸੁਧਾ ਨੇ ਹਰੀ ਝੰਡੀ ਦੇ ਕੇ ਕਰਵਾਈ। ਜ਼ਿਲ੍ਹਾ ਖੇਡ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਅਨਿਤਾ ਭਾਟੀਆ ਨੇ ਦੱਸਿਆ ਕਿ ਪੁਰਸ਼ਾਂ ਦੀ 10 ਕਿਲੋਮੀਟਰ ਦੀ ਦੌੜ ਵਿੱਚ ਬੁਲੰਦ ਸ਼ਹਿਰ ਯੂਪੀ ਦੇ ਲੋਕੇਂਦਰ ਚੌਧਰੀ ਨੇ ਪਹਿਲਾ, ਮੋਰਹੇੜਾ ਐੱਮਪੀ ਦੇ ਕੁਲਦੀਪ ਸਿੰਘ ਨੇ ਦੂਜਾ, ਸਹਾਰਨਪੁਰ ਯੂਪੀ ਦੇ ਪ੍ਰਿੰਸ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਜਿਨ੍ਹਾਂ ਨੂੰ ਤਰਤੀਬ ਵਾਰ 31,21 ਤੇ 11 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜ ਕਿਲੋਮੀਟਰ ਦੀ ਮਹਿਲਾ ਮੈਰਾਥਨ ਵਿੱਚ ਭਿਵਾਨੀ ਦੀ ਸੋਨਿਕਾ ਨੇ ਪਹਿਲਾ, ਹਿਸਾਰ ਦੀ ਵਰਸ਼ਾ ਨੇ ਦੂਜਾ ਤੇ ਸੋਨੀਪਤ ਦੀ ਕਿਰਨ ਨੇ ਤੀਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ ਵੀ 31, 21 ਤੇ 11 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੁਰਸ਼ ਵਰਗ ਵਿੱਚ ਅਲਮੋਰਾ ਉਤਰਾਖੰਡ ਤੋਂ ਅਮਿਤ, ਕਰਨਾਲ ਤੋਂ ਅਸ਼ੋਕ ਕੁਮਾਰ, ਪਾਨੀਪਤ ਤੋਂ ਵਿਪਨ, ਅੰਬਾਲਾ ਤੋਂ ਅਮਰਪ੍ਰੀਤ ਕੁਰੂਕਸ਼ੇਤਰ ਤੋਂ ਰਵੀ ਕੁਮਾਰ, ਅੰਬਾਲਾ ਤੋਂ ਸੰਤੋਸ਼ ਕੁਮਾਰ, ਯਮੁਨਾਨਗਰ ਤੋਂ ਮੋਹਿਤ ਤੇ ਮਹਿਲਾ ਵਰਗ ਤੋਂ ਕਰਨਾਲ ਦੀ ਸੰਜੂ, ਉਤਰ ਪ੍ਰਦੇਸ਼ ਦੀ ਅਰਪਿਤਾ, ਸੋਨੀਪਤ ਦੀ ਅਨੀਤਾ,ਭਿਵਾਨੀ ਦੀ ਭਾਦੋ, ਰੋਹਤਕ ਦੇ ਸਨੇਹਾ, ਅੰਬਾਲਾ ਦੀ ਰਿੰਪੀ ਤੇ ਉਤਰ ਪ੍ਰਦੇਸ਼ ਦੀ ਬਬੀਤਾ ਕੁਮਾਰੀ ਨੂੰ ਸਾਤਵਨਾ ਇਨਾਮ ਦੇ ਰੂਪ ਵਿੱਚ 21, 21 ਸੌ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਮੰਤਰੀ ਨੇ ਮੈਰਾਥਨ ਵਿੱਚ ਨੌਜਵਾਨਾਂ ਦੇ ਜੋਸ਼ ਤੇ ਉਤਸ਼ਾਹ ਨੂੰ ਦੇਖਦਿਆਂ ਕਿਹਾ ਕਿ ਸਾਰੇ ਯੁਵਾ ਖਿਡਾਰੀਆਂ ਨੂੰ ਮਿਹਨਤ ਤੇ ਲਗਨ ਨਾਲ ਆਪਣੀ-ਆਪਣੀ ਖੇਡ ਦੇ ਖੇਤਰ ਵਿੱਚ ਕੰਮ ਕਰਨ ਦੀ ਲੋੜ ਹੈ। ਜਦ ਹਰ ਨੌਜਵਾਨ ਪੂਰੇ ਉਤਸ਼ਾਹ ਨਾਲ ਖੇਡੇਗਾ ਤਾਂ ਨਿਸ਼ਚਤ ਹੀ ਦੇਸ਼ ਖੇਡਾਂ ਦੇ ਨਾਲ-ਨਾਲ ਹਰ ਖੇਤਰ ਵਿੱਚ ਬੁਲੰਦੀਆਂ ਛੂਹੇਗਾ। ਇਸ ਮੌਕੇ ਕੇ ਡੀਬੀ ਮੈਂਬਰ ਸੌਰਭ ਚੌਧਰੀ, ਵਿਜੈ ਨਰੂਲਾ, ਸ਼ਮਸ਼ੇਰ ਸਿੰਘ, ਮਨੋਜ ਕੁਮਾਰ, ਸਾਬਕਾ ਚੀਫ ਕੋਚ ਗੁਰਵਿੰਦਰ ਸਿੰਘ , ਸਤਪਾਲ ਸਿੰਘ, ਜਿਤੇਂਦਰ ਸਿੰਘ , ਪੰਕਜ ਪਰਾਸ਼ਰ , ਸੋਹਨ ਲਾਲ ਆਦਿ ਮੌਜੂਦ ਸਨ। ਮੰਚ ਸੰਚਾਲਨ ਡੀਆਈਪੀਆਰਓ ਡਾ ਨਰੇਂਦਰ ਸਿੰਘ ਨੇ ਕੀਤਾ।