ਪੱਤਰ ਪੇ੍ਰਕ
ਕਾਲਾਂਵਾਲੀ, 9 ਮਈ
ਪਿੰਡ ਨੂਹੀਆਂਵਾਲੀ ਵਿੱਚ ਬੀਤੀ ਰਾਤ ਪਖਾਨੇ ਵਾਲੀ ਖੂਹੀ ’ਚ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਦੇਰ ਰਾਤ ਨੌਜਵਾਨ ਦੀ ਲਾਸ਼ ਨੂੰ ਖੂਹੀ ਵਿੱਚੋਂ ਬਾਹਰ ਕੱਢਿਆ ਗਿਆ। ਪੁਲੀਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਰਸਾ ਦੇ ਸਿਵਲ ਹਸਪਤਾਲ ਵਿੱਚ ਲਿਆਇਆ ਗਿਆ। ਪਿੰਡ ਨੂਹੀਆਂਵਾਲੀ ਵਾਸੀ 26 ਸਾਲਾ ਵਿਕਰਮ ਬੀਤੀ ਰਾਤ ਨੂੰ ਪਖਾਨੇ ਲਈ ਘਰ ’ਚ ਬਣੇ ਪਖਾਨੇ ’ਚ ਗਿਆ ਤਾਂ ਖੂਹੀ ਦਾ ਲੈਂਟਰ ਧਸ ਗਿਆ ਤੇ ਉਹ ਖੂਹੀ ਵਿੱਚ ਜਾ ਡਿੱਗਾ। ਜਦੋਂ ਪਰਿਵਾਰ ਵਾਲਿਆਂ ਨੇ ਧਮਾਕੇ ਦੀ ਆਵਾਜ਼ ਸੁਣੀ ਤਾਂ ਦੇਖਿਆ ਕਿ ਵਿਕਰਮ 30 ਫੁੱਟ ਡੂੰਘੀ ਖੂਹੀ ’ਚ ਡਿਗਿਆ ਪਿਆ ਸੀ। ਜਿਸ ਤੋਂ ਬਾਅਦ ਪਰਿਵਾਰ ਦੇ ਲੋਕਾਂ ਨੇ ਉਸਨੂੰ ਕੱਢਣ ਦੀ ਕੋਸ਼ਿਸ਼ ਕੀਤਾ ਪਰ ਉਹ ਸਫਲ ਨਾ ਹੋ ਸਕੇ। ਦੋ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਦੇਰ ਰਾਤ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਔਢਾਂ ਪੁਲੀਸ ਵੀ ਮੌਕੇ ਉੱਤੇ ਪਹੁੰਚ ਗਈ ਤੇ ਮਿ੍ਰਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਰਸਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਇਸ ਮਾਮਲੇ ਵਿੱਚ ਥਾਣਾ ਔਢਾਂ ਦੇ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਪੁਲੀਸ ਨੇ ਇਤਫਾਕੀਆ ਮੌਤ ਹੋਣ ਦੀ ਕਾਰਵਾਈ ਕੀਤੀ ਹੈ।
ਲੈਂਟਰ ਡਿੱਗਣ ਕਾਰਨ ਜ਼ਖ਼ਮੀ
ਭਗਤਾ ਭਾਈ (ਪੱਤਰ ਪ੍ਰੇਰਕ) ਇਥੇ ਕੋਠਾ ਗੁਰੂ ਰੋਡ ਉੱਪਰ ਬਣ ਰਹੇ ਗੁਰੂ ਨਾਨਕਪੁਰਾ ਨਿਆਸਰਿਆਂ ਦਾ ਘਰ ਦੇ ਮੁੱਖ ਗੇਟ ਦਾ ਢੂਲਾ ਖੋਲ੍ਹਣ ਸਮੇਂ ਲੈਂਟਰ ਡਿੱਗਣ ਕਾਰਨ ਇਕ ਵਿਅਕਤੀ ਗੰਭੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮਿਸਤਰੀ ਕੇਵਲ ਸਿੰਘ ਵਾਸੀ ਭਗਤਾ ਭਾਈ, ਜਦੋਂ ਇਸ ਸਥਾਨ ਦੇ ਮੁੱਖ ਗੇਟ ਦਾ ਢੂਲਾ ਖੋਲ੍ਹ ਰਿਹਾ ਸੀ ਤਾਂ ਗੇਟ ਦਾ ਲੈਂਟਰ ਡਿੱਗ ਗਿਆ, ਜਿਸ ਦੇ ਹੇਠਾਂ ਆ ਕੇ ਕੇਵਲ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸਨੂੰ ਐਂਬੂਲੈਂਸ ਰਾਹੀਂ ਪਹਿਲਾਂ ਸ਼ਿਵਲ ਹਸਪਤਾਲ ਭਗਤਾ ਭਾਈ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਲਈ ਰੈਫਰ ਕਰ ਦਿਤਾ।