ਪੱਤਰ ਪ੍ਰੇਰਕ
ਫਰੀਦਾਬਾਦ, 19 ਮਾਰਚ
ਗੁੜਗਾਓਂ ‘ਚ ਹੋਲੀ ਦੇ ਜਸ਼ਨ ਦੌਰਾਨ ਹੋਈ ਤਕਰਾਰ ਤੋਂ ਬਾਅਦ ਇਕ 45 ਸਾਲਾਂ ਦੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਸੈਕਟਰ-45 ਨੇੜੇ ਪਿੰਡ ਕਨਹਾਈ ਵਾਸੀ ਰਾਜਿੰਦਰ ਵਜੋਂ ਹੋਈ ਹੈ। ਉਹ ਉੱਥੇ ਸਫ਼ਾਈ ਦਾ ਕੰਮ ਕਰਦਾ ਸੀ। ਪੁਲੀਸ ਨੇ ਦੱਸਿਆ ਕਿ ਰਾਜਿੰਦਰ ਤੇ ਉਸ ਦੇ ਤਿੰਨ ਭਰਾ ਰਵਿੰਦਰ, ਅਮਨ ਤੇ ਸੋਨੂੰ ਕੁਝ ਰਿਸ਼ਤੇਦਾਰਾਂ ਨਾਲ ਕਨਹਾਈ ਵਿੱਚ ਹੋਲੀ ਮਨਾ ਰਹੇ ਸਨ। ਇਸ ਦੌਰਾਨ ਸੋਨੂੰ ਦਾ ਆਪਣੇ ਜੀਜੇ ਮਿਥੁਨ ਨਾਲ ਝਗੜਾ ਹੋ ਗਿਆ।
ਐੱਫਆਈਆਰ ‘ਚ ਪੀੜਤ ਦੇ ਭਰਾ ਅਮਨ ਨੇ ਕਿਹਾ ਕਿ ਰਾਜਿੰਦਰ ਮਾਮਲੇ ਨੂੰ ਸੁਲਝਾਉਣ ਲਈ ਮਿਥੁਨ ਨੂੰ ਮਿਲਣ ਗਿਆ ਸੀ। ਘਰ ਵਿਚ ਮਿਥੁਨ ਤੇ ਉਸ ਦੇ ਸਾਥੀਆਂ ਨੇ ਰਾਜਿੰਦਰ ‘ਤੇ ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕੀਤਾ। ਉਸ ਦੇ ਚਿਹਰੇ ਤੇ ਸਿਰ ‘ਤੇ ਸੱਟਾਂ ਲੱਗੀਆਂ ਹਨ। ਜਦੋਂ ਰਵਿੰਦਰ ਨੇ ਉਸ ਦਾ ਰੌਲਾ ਸੁਣ ਕੇ ਦਖ਼ਲ ਦਿੱਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਉਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਰਾਜਿੰਦਰ ਨੂੰ ਸੈਕਟਰ 10 ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਪੀੜਤਾ ਦੇ ਭਰਾ ਦੀ ਸ਼ਿਕਾਇਤ ਤੋਂ ਬਾਅਦ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਿਕ ਪੰਜ ਮੁਲਜ਼ਮਾਂ ਦੀ ਪਛਾਣ ਮਿਥੁਨ, ਰਵੀ, ਰਿੰਕੂ, ਵਿਵੇਕ ਅਤੇ ਆਸ਼ੂ ਵਜੋਂ ਹੋਈ ਹੈ। ਐਫਆਈਆਰ ਸ਼ੁੱਕਰਵਾਰ ਰਾਤ ਸੈਕਟਰ 40 ਪੁਲੀਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 147, 149 ਤੇ 302 ਤਹਿਤ ਦਰਜ ਕੀਤੀ ਗਈ ਸੀ। ਪੁਲੀਸ ਅਧਿਕਾਰੀਆਂ ਮੁਤਾਬਿਕ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ।