ਪੱਤਰ ਪ੍ਰੇਰਕ
ਯਮੁਨਾਨਗਰ, 6 ਸਤੰਬਰ
ਨਗਰ ਨਿਗਮ ਦੇ ਵਾਰਡ ਨੰਬਰ-21 ਦੇ ਕਾਂਸਾਪੁਰ ਸਥਿਤ ਭਗਵਾਨ ਪਰਸ਼ੂਰਾਮ ਕਮਿਊਨਿਟੀ ਕੇਂਦਰ ਵਿੱਚ ਭਗਵਾਨ ਪਰਸ਼ੂਰਾਮ ਕਲਿਆਣ ਕਮੇਟੀ ਵੱਲੋਂ ਦੰਗਲ ਕਰਵਾਇਆ ਗਿਆ। ਇਸ ਵਿੱਚ ਨਗਰ ਨਿਗਮ ਦੇ ਮੇਅਰ ਮਦਨ ਚੌਹਾਨ ਅਤੇ ਸਮਾਜ ਸੇਵੀ ਇੰਦਰਜੀਤ ਸਿੰਘ ਮੁੱਖ ਮਹਿਮਾਨ, ਕਾਂਗਰਸੀ ਨੇਤਾ ਮਾਂਗੇਰਾਮ ਮਾਰੂਪੁਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਜਦੋਂਕਿ ਕੌਂਸਲਰ ਅਭਿਸ਼ੇਕ ਮੋਦਗਿੱਲ ਨੇ ਪ੍ਰਧਾਨਗੀ ਕੀਤੀ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿੱਚ ਹਰਿਆਣਾ, ਪੰਜਾਬ, ਯੂਪੀ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਚੰਡੀਗੜ੍ਹ ਦੇ ਭਲਵਾਨਾਂ ਨੇ ਆਪਣਾ ਦਮ ਖਮ ਵਿਖਾਇਆ। ਕਮੇਟੀ ਦੇ ਪ੍ਰਧਾਨ ਵਿਨੋਦ ਸ਼ਰਮਾ ਨੇ ਦੱਸਿਆ ਕਿ ਦੰਗਲ ਵਿੱਚ ਜਗਾਧਰੀ ਦੇ ਵਿੱਕੀ ਭਲਵਾਨ ਅਤੇ ਚੰਡੀਗੜ੍ਹ ਦੇ ਰੁਦਰ ਭਲਵਾਨ ਦੀ ਕੁਸ਼ਤੀ ਖਿੱਚ ਦਾ ਕੇਂਦਰ ਰਹੀ, ਜਿਸ ਵਿੱਚ ਵਿੱਕੀ ਭਲਵਾਨ ਜੇਤੂ ਰਿਹਾ ਤੇ ਉਸ ਨੂੰ 31 ਹਜ਼ਾਰ ਰੁਪਏ ਦੇ ਕੇ ਸਨਮਾਨਤ ਕੀਤਾ ਗਿਆ। ਭਗਵਾਨ ਪਰਸ਼ੂਰਾਮ ਅਖਾੜੇ ਦੇ ਪਹਿਲਵਾਨ ਰਾਹੁਲ ਨੇ ਪਾਣੀਪਤ ਦੇ ਬਿੱਲੀ ਪਹਿਲਵਾਨ ਨੂੰ ਹਰਾ ਕੇ 21 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਇਸ ਤੋਂ ਇਲਾਵਾ ਸਾਰੇ ਪਹਿਲਵਾਨਾਂ ਨੂੰ ਮੇਅਰ ਮਦਨ ਚੌਹਾਨ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੁੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਬਾਲਾ ਜੀ ਅਖਾੜਾ ਦੇ ਮੁੱਖ ਕੋਚ ਰਾਕੇਸ਼ ਕੰਬੋਜ, ਕੌਂਸਲਰ ਸੰਜੀਵ ਕੁਮਾਰ, ਜੌਨੀ ਪਹਿਲਵਾਨ, ਰਵੀ ਰਾਣਾ ਪਹਿਲਵਾਨ, ਸ਼ਕਤੀ ਅਰੋੜਾ, ਵਿਨੋਦ ਸ਼ਰਮਾ, ਸੁਸ਼ੀਲ ਕੰਬੋਜ, ਬਾਬੂ, ਬ੍ਰਿਜਪਾਲ ਸ਼ਰਮਾ ਤੇ ਰਾਕੇਸ਼ ਤਿਆਗੀ ਮੌਜੂਦ ਸਨ।