ਪੱਤਰ ਪ੍ਰੇਰਕ
ਰਤੀਆ, 4 ਜੂਨ
ਇਨੈਲੋ ਦੇ ਸੀਨੀਅਰ ਆਗੂ ਅਤੇ ਏਲਨਾਬਾਦ ਦੇ ਵਿਧਾਇਕ, ਖੇਡ ਰਤਨ ਅਭੈ ਸਿੰਘ ਚੌਟਾਲਾ ਰਤੀਆ ਵਿਚ ਵਰਕਰਾਂ ਦੀ ਇਕ ਅਹਿਮ ਮੀਟਿੰਗ ਲੈਣ ਰਤੀਆ ਪਹੁੰਚੇ, ਜਿੱਥੇ ਰਤੀਆ ਇਕਾਈ ਦੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਭਾਜਪਾ ਜਜਪਾ ਗਠਜੋੜ ਦੀ ਸਰਕਾਰ ਸੂਬੇ ਦੀ ਜਨਤਾ ਤੋਂ ਆਪਣਾ ਪੂਰਾ ਵਿਸ਼ਵਾਸ਼ ਗਵਾ ਚੁੱਕੀ ਹੈ। ਉਨ੍ਹਾਂ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਸੂਬੇ ਦੀ ਜਨਤਾ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਅਹੁਦਾ ਦਿੱਤਾ ਸੀ ਪਰ ਕਾਂਗਰਸੀ ਉਸ ਵਿੱਚ ਵੀ ਫੇਲ੍ਹ ਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੇ ਵਾਰਡ ਪੱਧਰ ਤੋਂ ਸ਼ਹਿਰ ਦੇ ਵਾਰਡ ਪੱਧਰ ਤੱਕ ਇੰਚਾਰਜ ਨਿਯੁਕਤ ਕਰਕੇ ਪਾਰਟੀ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਨ। ਇਸ ਤੋਂ ਬਾਅਦ ਰਤੀਆ ਪਹੁੰਚਣ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸ੍ਰੀ ਅਜੀਤਸਰ ਗੁਰਦੁਆਰਾ ਸਾਹਿਬ ਵਿਖੇ ਅਭੈ ਚੌਟਾਲਾ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ। ਇਸ ਮੌਕੇ ਉਮੇਦ ਸਿੰਘ ਲੌਹਾਨ, ਡਾ. ਸੀਤਾ ਰਾਮ, ਯੁੱਧਵੀਰ ਸਿੰਘ, ਬਲਵਿੰਦਰ ਸਿੰਘ ਕੈਰੋ, ਬਿੱਕਰ ਸਿੰਘ ਹੜੌਲੀ, ਹਰਬੰਸ ਖੰਨਾ, ਸੁਰੇਸ਼ ਗਰਗ ਆਦਿ ਹਾਜ਼ਰ ਸਨ।