ਪ੍ਰਭੂ ਦਿਆਲ
ਸਿਰਸਾ, 13 ਅਗਸਤ
ਭਾਰਤੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਦਾ ਅੱਜ ਆਪਣੇ ਜੱਦੀ ਪਿੰਡ ਜੋਧਕਾਂ ਪੁੱਜਣ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਮਾਜ ਸੇਵੀ ਸੰਸਥਾਵਾਂ ਤੇ ਰਾਜਸੀ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਘਰ ਪਹੁੰਚਣ ’ਤੇ ਜਿਥੇ ਪਰਿਵਾਰ ਨੇ ਸਵਿਤਾ ਪੂਨੀਆ ਨੂੰ ਜੀ ਆਇਆ ਆਖਿਆ ਉੱਥੇ ਹੀ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਸਵਿਤਾ ਪੂਨੀਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਉਸ ਦੀ ਖੇਡ ਦੀ ਸ਼ਲਾਘਾ ਕੀਤੀ।
ਇਸੇ ਦੌਰਾਨ ਜੇਜੇਪੀ ਆਗੂ ਦਿਗਿਵਿਜੈ ਚੌਟਾਲਾ ਨੇ ਵੀ ਸਵਿਤਾ ਪੂਨੀਆ ਦੇ ਘਰ ਪਹੁੰਚ ਕੇ ਉਸ ਨੂੰ ਸਨਮਾਨਿਤ ਕੀਤਾ ਤੇ ਅੱਗੇ ਹੋਰ ਚੰਗਾ ਪ੍ਰਦਰਸ਼ਨ ਕਰਨ ਲਈ ਹੱਲਾਸ਼ੇਰੀ ਦਿੱਤੀ। ਇਸ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਸਵਿਤਾ ਪੂਨੀਆ ਨੇ ਕਿਹਾ ਕਿ ਮੈਡਲ ਤੋਂ ਖੁੰਝਣ ਦਾ ਉਨ੍ਹਾਂ ਨੂੰ ਦੁੱਖ ਤਾਂ ਹੈ ਪਰ ਫਿਰ ਵੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਕੇ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕਰਕੇ ਇਤਿਹਾਸ ’ਚ ਨਾਂ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ’ਚ ਉਨ੍ਹਾਂ ਦਾ ਪੂਰਾ ਧਿਆਨ ਕਾਮਨਵੈਲਥ ਤੇ ਏਸ਼ਿਆਈ ਖੇਡਾਂ ’ਚ ਮੈਡਲ ਜਿੱਤਣ ’ਤੇ ਰਹੇਗਾ। ਇਸ ਮੌਕੇ ਸਵਿਤਾ ਪੂਨੀਆ ਦੇ ਮਾਪੇ ਤੇ ਹੋਰ ਰਿਸ਼ਤੇਦਾਰ ਮੌਜੂਦ ਸਨ।