ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 23 ਨਵੰਬਰ
ਇੱਥੇ ਛਾਉਣੀ ਵਿੱਚ ਦੁਪਹਿਰ 1 ਵਜੇ ਇੱਕ ਬਦਮਾਸ਼ ਚਾਕੂ ਵਿਖਾ ਕੇ ਏਟੀਐੱਮ ਵਿੱਚੋਂ ਪੈਸੇ ਕਢਵਾ ਕੇ ਨਿਕਲੇ ਇੱਕ ਨੌਜਵਾਨ ਕੋਲੋਂ ਰਕਮ ਖੋਹ ਕੇ ਦੌੜ ਗਏ। ਦਿਆਲ ਬਾਂਗ ਵਾਸੀ ਰਜਤ ਨੇ ਦੱਸਿਆ ਕਿ ਉਹ ਬੰਗਲੁਰੂ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ। ਅੱਜ ਦੁਪਹਿਰ 1 ਵਜੇ ਉਸ ਨੇ ਦਿਆਲ ਬਾਂਗ ਸਥਿਤ ਐੱਸਬੀਆਈ ਦੇ ਏਟੀਐੱਮ ਵਿੱਚੋਂ 6 ਹਜ਼ਾਰ ਰੁਪਏ ਕਢਵਾਏ ਸਨ। ਜਿਉਂ ਹੀ ਉਹ ਏਟੀਐੱਮ ਤੋਂ ਮੁੜਨ ਲੱਗਾ ਤਾਂ ਇੱਕ ਨਕਾਬਪੋਸ਼ ਬਦਮਾਸ਼ ਚਾਕੂ ਦਿਖਾ ਕੇ ਉਸ ਤੋਂ ਪੈਸੇ ਖੋਹ ਕੇ ਐਕਟਿਵਾ ’ਤੇ ਆਪਣੇ ਸਾਥੀ ਨਾਲ ਫ਼ਰਾਰ ਹੋ ਗਿਆ। ਮਹੇਸ਼ ਨਗਰ ਪੁਲੀਸ ਨੇ ਦੁਕਾਨਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ। ਪੁਲੀਸ ਨੇ ਰਜਤ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।