ਪੱਤਰ ਪ੍ਰੇਰਕ
ਰਤੀਆ, 9 ਅਪਰੈਲ
ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪਹਿਲਾਂ ਕਈ ਦਿਨ ਰਤੀਆ ਸ਼ਹਿਰ ਵਿੱਚ ਅਣਪਛਾਤੇ ਚੋਰਾਂ ਨੇ ਕਈ ਦੁਕਾਨਾਂ ਦੇ ਤਾਲੇ ਤੋੜ ਕੇ ਹਜ਼ਾਰਾਂ ਦੀ ਨਗਦੀ ਚੋਰੀ ਕੀਤੀ ਸੀ, ਉੱਥੇ ਹੀ ਬੀਤੇ ਦਿਨ ਰਤਨਗੜ੍ਹ ਪਿੰਡ ਵਿੱਚ ਦਰਜਨਾਂ ਟਿਊਬਵੈੱਲਾਂ ਤੋਂ ਕੇਬਲ ਤਾਰ ਚੋਰੀ ਕੀਤੀ ਗਈ ਸੀ, ਉਥੇ ਹੀ ਅੱਜ ਅਲੀਕਾ ਵਿੱਚ ਚੋਰਾਂ ਨੇ ਪਿੰਡ ਦੇ 18 ਟਿਊਬਵੈੱਲਾਂ ਤੋਂ ਕੇਬਲ ਚੋਰੀ ਕਰ ਲਈ ਹੈ। ਕਿਸਾਨਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਖੇਤ ਵਿੱਚ ਜਾਣ ’ਤੇ ਚੱਲਿਆ। ਸੂਚਨਾ ਨਾਗਪੁਰ ਪੁਲੀਸ ਚੌਕੀ ਵਿੱਚ ਦਿੱਤੀ ਗਈ ਹੈ। ਸੂਚਨਾ ਮਿਲਣ ’ਤੇ ਪੁਲਸ ਟੀਮ ਮੌਕੇ ’ਤੇ ਪਹੁੰਚੀ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਅਣਪਛਾਤੇ ਚੋਰਾਂ ਨੇ ਪਿੰਡ ਦੇ ਸਾਬਕਾ ਸਰਪੰਚ ਸਾਹਿਬ ਰਾਮ ਦੇ ਖੇਤ ਵਿੱਚੋਂ ਤਿੰਨ ਟਿਊਬਵੈੱਲਾਂ, ਦੇਵੀ ਦੱਤ ਗੋਦਾਰਾ ਦੇ 5, ਸੰਤ ਲਾਲ ਮਹਿਤਾ ਦੇ 2, ਸੁਨੀਲ ਕੁਮਾਰ ਦੇ ਇਕ, ਕੇਬਲ ਕੰਬੋਜ ਦੇ 2 ਅਤੇ ਫਤਿਹਚੰਦ ਦੇ 2, ਸੰਤ ਲਾਲ 2 ਅਤੇ ਮਨੀਸ਼ ਮਹਿਤਾ ਦੇ ਇਕ ਟਿਊਬਵੈੱਲ ਤੋਂ ਕੇਬਲ ਚੋਰੀ ਕਰ ਕੇ ਲੈ ਗਏ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੁਲੀਸ ਚੋਰਾਂ ਦਾ ਪਤਾ ਲਗਾ ਕਿ ਚੋਰੀ ਕੀਤੀਆਂ ਕੇਬਲਾਂ ਬਰਾਮਦ ਕਰੇ।
ਸਾਹਿਬ ਰਾਮ, ਦੇਵੀਦੱਤ, ਕੇਵਲ, ਫਤਿਹਚੰਦ, ਸੁਨੀਲ, ਕਾਲਾ ਸਿੰਘ, ਭੋਲਾ ਸਿੰਘ, ਸੰਤ ਲਾਲ ਅਤੇ ਮੁਨੀਸ਼ ਕੁਮਾਰ ਨੇ ਕਿਹਾ ਕਿ ਚੋਰ ਹਰ ਟਿਊਬਵੈੱਲ ਤੋਂ ਕਰੀਬ 100-100 ਫੁੱਟ ਕੇਬਲ ਚੋਰੀ ਕਰ ਕੇ ਲੈ ਗਏ। ਦੱਸਣਯੋਗ ਹੈ ਕਿ ਪਿੰਡ ਰਤਨਗੜ੍ਹ ਵਿੱਚ ਬੀਤੇ ਦਿਨੀਂ ਇਸੇ ਤਰ੍ਹਾਂ ਦੀ ਘਟਨਾ ਵਿੱਚ ਅਣਪਛਾਤੇ ਚੋਰ ਖੇਤਾਂ ਵਿੱਚੋਂ ਦੋ ਦਰਜਨ ਦੇ ਕਰੀਬ ਕਿਸਾਨਾਂ ਦੀ ਕੇਬਲ ਤਾਰ ਚੋਰੀ ਕਰ ਕੇ ਲੈ ਗਏ ਸਨ ਅਤੇ ਉਸ ਤੋਂ ਪਹਿਲਾਂ ਰਤੀਆ ਸ਼ਹਿਰ ਵਿੱਚ ਵੀ ਕਈ ਦੁਕਾਨਾਂ ਵਿੱਚ ਚੋਰੀ ਦੀਆਂ ਕਾਫ਼ੀ ਘਟਨਾਵਾਂ ਵਾਪਰ ਚੁੱਕੀਆਂ ਹਨ।