ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਫਰਵਰੀ
ਦਿੱਲੀ ’ਚ ਚਾਹੇ ਚੱਕਾ ਜਾਮ ਨਹੀਂ ਕੀਤਾ ਗਿਆ ਪਰ ਐੱਨਸੀਆਰ ਦੇ ਕਈ ਇਲਾਕਿਆਂ ਵਿਚ ਕਿਸਾਨਾਂ ਦੇ ਦੇਸ਼ਵਿਆਪੀ ਚੱਕਾ ਜਾਮ ਦਾ ਅਸਰ ਦੇਖਣ ਨੂੰ ਮਿਲਿਆ। ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਮੰਗ ਕੀਤੀ। ਬਾਰ੍ਹਾ ਖਾਪ ਦੇ ਪ੍ਰਿੰਸੀਪਲ ਰਾਜਿੰਦਰ ਨੇ ਕਿਹਾ ਕਿ ਤਿੰਨੋਂ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਕਿਸਾਨ ਪਿਛਲੇ ਲੰਬੇ ਸਮੇਂ ਤੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਪਰ ਹੁਣ ਤੱਕ ਸਰਕਾਰ ਨੇ ਕਿਸਾਨਾਂ ਦੇ ਸ਼ਬਦਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ। ਇਸ ਦੇ ਨਾਲ ਹੀ, ਸ਼ਰਧਾਂਧਨ ਸੋਲੰਕੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਸ ਮੁਹਿੰਮ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ। ਕੇ.ਜੀ.ਪੀ-ਕੇ.ਐੱਮ.ਪੀ. ਸਮੇਤ ਸਾਰੇ ਮੁੱਖ ਮਾਰਗਾਂ ’ਤੇ ਬਹੁਤ ਘੱਟ ਆਵਾਜਾਈ ਸੀ। ਗੋਹਾਨਾ ਵਿਚ 6 ਜਗ੍ਹਾ ਜਾਮ, ਜੀ.ਟੀ. ਰੋਡ ’ਤੇ ਕੁੰਡਲੀ ਬਾਰਡਰ ’ਤੇ ਕਿਸਾਨਾਂ ਤੋਂ ਇਲਾਵਾ 4 ਜਗ੍ਹਾ ’ਤੇ ਜਾਮ ਲਗਾਇਆ ਗਿਆ ਸੀ। ਰਾਏ ਵਿਚ ਦੋ ਥਾਵਾਂ, ਕੇ.ਜੀ.ਪੀ.- ਕੇ.ਐਮ.ਪੀ. ਜ਼ੀਰੋ ਪੁਆਇੰਟ ’ਤੇ ਜਾਮ ਲਗਾਉਣ ਦੇ ਨਾਲ-ਨਾਲ ਕਿਸਾਨਾਂ ਨੇ ਮੁਰਥਲ ਨੇੜੇ ਝਿਲਮਿਲ ਢਾਬੇ ਦੇ ਸਾਹਮਣੇ ਵੀ ਨਾਕਾਬੰਦੀ ਕੀਤੀ। ਇਹ ਰਾਹਤ ਰਹੀ ਕਿ ਚੱਕਾ ਜਾਮ ਬਹੁਤ ਸ਼ਾਂਤ ਰਿਹਾ। ਹਰਿਆਣਾ ਦੇ ਲੋਕ ਜਾਮ ਦੌਰਾਨ 12 ਵਜੇ ਤੋਂ 3 ਵਜੇ ਤੱਕ ਕਿਸਾਨ ਸੜਕਾਂ ’ਤੇ ਰਹੇ ਅਤੇ ਇਸ ਤੋਂ ਬਾਅਦ ਉਹ ਕੁੰਡਲੀ ਦੇ ਮੁੱਖ ਧਰਨੇ ਵੱਲ ਚਲੇ ਗਏ। ਸਿਰਫ ਗੋਹਾਨਾ ਤੋਂ ਲੰਘਦੀਆਂ ਸੜਕਾਂ ਨੂੰ ਮਹਿਮਦਪੁਰ ਰੋਡ ਜਾਮ ਤੋਂ ਮੁਕਤ ਰੱਖਿਆ ਗਿਆ ਸੀ।
ਯਮੁਨਾਨਗਰ (ਦਵਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨਾਂ ਨੇ ਪੰਚਕੂਲਾ-ਸਹਾਰਨਪੁਰ ਹਾਈਵੇਅ ਤੋਂ ਇਲਾਵਾ ਗਧੌਲਾ ਅਤੇ ਮਿਲਕ ਟੌਲ ਪਲਾਜ਼ਾ ’ਤੇ ਜਾਮ ਲਗਾਇਆ। ਕਿਸਾਨਾਂ ਨੇ ਭੰਬੋਲੀ ਗੁਰਦੁਆਰਾ ਲਾਗੇ, ਦਾਮਲਾ ਸਟੇਟ ਹਾਈਵੇਅ ਪੁਲ ਦੇ ਥੱਲੇ, ਸੰਢੌਰਾ ਵਿੱਚ ਦੋਸੜਕਾ ਚੌਕ, ਬਿਲਾਸਪੁਰ ਵਿੱਚ ਸ਼ਿਵ ਚੌਕ, ਛਛਰੌਲੀ ਵਿੱਚ ਤਿਕੋਨੇ ਚੌਕ, ਪਿੰਡ ਪਾਬਨੀ ਕਲਾਂ, ਗੜ੍ਹ ਬੀਰਬਲ ਰੋਡ ਅਤੇ ਗੁਮਥਲਾ ਮਾਰਗ ਸਮੇਤ 7 ਸੜਕਾਂ ਜਾਮ ਕੀਤੀਆਂ। ਸੜਕਾਂ ਦੇ ਜਾਮ ਹੋਣ ਨਾਲ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਯਮੁਨਾਨਗਰ ਰੋਡਵੇਜ਼ ਦੀਆਂ ਬੱਸਾਂ ਵੀ ਤਿੰਨ ਘੰਟੇ ਬੰਦ ਰਹੀਆਂ। ਭਾਰੀ ਗਿਣਤੀ ਵਿੱਚ ਕਿਸਾਨ ਮਿੱਥੇ ਸਮੇਂ ਤੋਂ ਪਹਿਲਾਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਰਤੀਆ (ਪੱਤਰ ਪ੍ਰੇਰਕ): ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ਸ਼ੀਲ ਕਿਸਾਨਾਂ ਤੇ ਗਣਤੰਤਰ ਦਿਵਸ ਤੋਂ ਬਾਅਦ ਦਰਜ ਕੀਤੇ ਝੂਠੇ ਮੁਕੱਦਮੇ ਰੱਦ ਕਰਵਾਉਣ ਲਈ ਅੱਜ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ 12 ਵਜੇ ਤੋਂ 3 ਵਜੇ ਤੱਕ ਸੰਜੇ ਗਾਂਧੀ ਚੌਕ ਰਤੀਆ ਵਿੱਚ ਸੜਕ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਰੱਜ ਨਾਅਬੇਬਾਜ਼ੀ ਕੀਤੀ। ਇਸ ਮੌਕੇ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਸਿੱਧੂ, ਮਨਦੀਪ ਸਿੰਘ ਸਿੱਧੂ ,ਓਮ ਪ੍ਰਕਾਸ਼ ਹਸੰਗਾ, ਗੁਰਮੇਲ ਸਿੰਘ, ਜਰਨੈਲ ਸਿੰਘ, ਜਗਜੀਤ ਸਿੰਘ, ਅਜਮੇਰ ਸਿੰਘ, ਤੇਜਿੰਦਰ ਸਿੰਘ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਰੰਟ ਹਨ।
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਨਰਾਇਣਗੜ੍ਹ ਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਕੜਾਸਨ ਨੇੜੇ ਦੇਸ਼ਿਵਆਪੀ ਕਿਸਾਨ ਵੱਲੋਂ ਸੜਕ ਜਾਮ ਕਰਨ ਦੇ ਸੱਦੇ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸੜਕ ’ਤੇ ਪਹੁੰਚ ਕੇ ਜਾਮ ਲਗਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ।
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਕਿਸਾਨ, ਮਜ਼ਦੂਰ, ਵਪਾਰੀ ਤੇ ਦੁਕਾਨਦਾਰ ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਬਾਬੈਨ ਖੇਤਰ ਦੇ ਸੈਂਕੜੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਆਗੂ ਸੁਖਵਿੰਦਰ ਭੁੱਖੜੀ, ਲਾਲ ਸਿੰਘ ਤੇ ਅਸ਼ੋਕ ਹਮੀਦਪੁਰ ਦੀ ਅਗਵਾਈ ਵਿਚ ਜੀ ਟੀ ਰੋਡ ’ਤੇ ਪਿੰਡ ਰਤਨਗੜ੍ਹ ਤੇ ਪਿਪਲੀ ਰਵਾਨਾ ਹੋਏ।
ਟੋਹਾਣਾ-ਹਿਸਾਰ ਸੜਕ ’ਤੇ ਦਰਜਨ ਤੋਂ ਵੱਧ ਜਾਮ ਲੱਗੇ
ਟੋਹਾਣਾ (ਗੁਰਦੀਪ ਸਿੰਘ ਭੱਟੀ): ਖੇਤੀ ਕਾਨੂੰਨਾਂ ਵਿਰੁੱਧ ਘੋਲ ਕਰ ਰਹੇ ਸੰਯੁਕਤ ਮੋਰਚੇ ਦੇ ਸੱਦੇ ’ਤੇ ਜ਼ਿਲ੍ਹਾ ਫਤਿਹਾਬਾਦ ਵਿੱਚ ਤਿੰਨ ਘੰਟੇ ਚੱਕਾ ਜਾਮ ਨੂੰ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਨੇ ਧਰਨੇ ਮਾਰ ਕੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ ਵਿਖ਼ਾਵਾ ਕੀਤਾ। ਧਰਨੀਆਂ ਵਿੱਚ ਬੈਠੀਆਂ ਔਰਤਾਂ ਤੇ ਨੌਜਵਾਨਾਂ ਵੱਲੋਂ ਭਰਵੀਂ ਹਾਜ਼ਰੀ ਲੁਆਈ ਗਈ। ਸਭ ਤੋਂ ਜ਼ਿਆਦਾ ਇਕੱਠ ਫਤਿਹਾਬਾਦ ਤੇ ਹਿਸਾਰ ਚੰਡੀਗੜ੍ਹ ਰੋੜ ਦੇ ਸੁਰੇਵਾਲਾ ਚੌਕ ਵਿੱਚ ਹੋਇਆ। ਟੋਹਾਣਾ-ਹਿਸਾਰ ਸੜਕ ’ਤੇ ਦਰਜਨ ਤੋਂ ਵੱਧ ਜਾਮ ਲਗੇ। ਟੋਹਾਣਾ ਦੇ ਟਾਊਨ ਪਾਰਕ ਤੇ ਨਹਿਰ ਪੁਲ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਜੁਗਿੰਦਰ ਸਿੰਘ, ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ, ਸਾਬਕਾ ਖੇਤੀਬਾੜੀ ਮੰਤਰੀ ਪਰਮਵੀਰ ਸਿੰਘ, ਸ਼ਹੀਦ ਭਾਗਤ ਸਿੰਘ ਕਿਸਾਨ ਸਭਾ ਦੇ ਮੈਂਬਰ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦਿਆਲ ਸਿੰਘ, ਅਨਾਜ ਮੰਡੀ ਟੋਹਾਣਾ ਦੇ ਪ੍ਰਧਾਨ ਮਾਸਟਰ ਰਘੂਵੀਰ ਸਿੰਘ, ਸਕੱਤਰ ਰਾਜਿੰਦਰ ਸਮੈਣ, ਰਮੇਸ਼ ਡਾਂਗਰਾ, ਕਾਉਂਸਲਰ ਰਾਮਕੁਮਾਰ ਸੈਨੀ, ਈਸਵਰ ਸਿੰਘ ਕਤਿਆਲ, ਰਣਜੀਤ ਸਿੰਘ ਦਿੱਲੋਂ ਆਦਿ ਧਰਨਿਆਂ ’ਚ ਪੁੱਜੇ ਤੇ ਸੰਬੋਧਨ ਕੀਤਾ। ਐਂਬੂਲੈਂਸ ਗੱਡੀਆਂ ਤੇ ਸਕੂਲੀ ਵਾਹਨਾਂ ਨੂੰ ਧਰਨਿਆਂ ਤੋਂ ਰਸਤੇ ਦਿੱਤੇ ਗਏ।
ਪ੍ਰਦਰਸ਼ਨ ਦੌਰਾਨ ਕੀਤੀਆਂ ਗ੍ਰਿਫ਼ਤਾਰੀਆਂ ਦੀ ਨਿਖੇਧੀ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਵੱਲੋਂ ਆਈਟੀਓ ਦੇ ਸ਼ਹੀਦੀ ਪਾਰਕ ਨੇੜੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇਕੱਠੇ ਹੋਏ ਕਾਰਕੁਨਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਟਰੇਡ ਯੂਨੀਅਨਾਂ ਤੇ ਆਮ ਨਾਗਰਿਕਾਂ ਵੱਲੋਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਪੁਲੀਸ ਵੱਲੋਂ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਦੀ ਸਖ਼ਤ ਨਿੰਦਾ ਕੀਤੀ ਗਈ। ਕੇਵਾਈਐੱਸ ਮੁਤਾਬਕ ਪੁਲੀਸ ਵੱਲੋਂ ਅਜਿਹਾ ਜ਼ਬਰ ਤੇ ਗ੍ਰਿਫਤਾਰੀ ਕੀਤੀ ਗਈ ਜੋ ਪੁਲੀਸ ਪ੍ਰਸ਼ਾਸਨ ਤੇ ਭਾਜਪਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਸਪਸ਼ਟ ਤੌਰ ’ਤੇ ਦਰਸਾਉਂਦੀ ਹੈ।