ਪੱਤਰ ਪ੍ਰੇਰਕ
ਟੋਹਾਣਾ, 18 ਮਾਰਚ
ਕੌਮੀ ਸੜਕ-9 ’ਤੇ ਕਸਬਾ ਬੜੋਪਲ ਨੇੜੇ ਤੇਜ਼ ਰਫ਼ਤਾਰ ਕਾਰ ਡੀਵਾਈਡਰ ਨਾਲ ਟਕਰਾ ਕੇ ਖੜ੍ਹੇ ਟਰੱਕ ਵਿੱਚ ਜਾ ਵੱਜੀ। ਕਾਰ ਸਵਾਰ 4 ਵਿਅਕਤੀ ਜਖ਼ਮੀ ਹੋ ਗਏ ਤੇ 5 ਮਹੀਨੇ ਦੇ ਰਿੱਦਤ ਦੀ ਮੌਤ ਹੋ ਗਈ। ਕਾਰ ਚਾਲਕ 32 ਸਾਲਾ ਅਮਿਤ ਨਿਵਾਸੀ ਦਿੱਲੀ ਨੇ ਦੱਸਿਆ ਕਿ ਉਨ੍ਹ੍ਵਾਂ ਦਾ ਪਰਿਵਾਰ ਹਨੂੰਮਾਨਗੜ੍ਹ ਵਿੱਚ ਵਿਆਹ ਸਮਾਗਾਮ ਤੋਂ ਬਾਅਦ ਵਾਪਸ ਦਿੱਲੀ ਜਾ ਰਿਹਾ ਸੀ ਕਿ ਝਪਕੀ ਆਉਣ ’ਤੇ ਹਾਦਸਾ ਵਾਪਰ ਗਿਆ। ਇਸ ਕਾਰਨ ਚਾਲਕ ਅਮਿਤ ਦੇ ਪਿਤਾ ਰਾਮਕੁਮਾਰ (60), ਮਾਤਾ ਬਿਮਲਾ ਦੇਵੀ (55), ਪਤਨੀ ਨੇਹਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਪੁਲੀਸ ਟੀਮ ਨੇ ਅਗਰੋਹਾ ਮੈਡੀਕਲ ਹਸਪਤਾਲ ਵਿੱਚ ਭਰਤੀ ਕਰਵਾਇਆ। ਹਾਦਸੇ ਦੌਰਾਨ ਬੱਚੇ ਰਿੱਦਤ ਨੂੰ ਮ੍ਰਿਤਕ ਐਲਾਨਿਆ ਗਿਆ। ਪੁਲੀਸ ਨੇ ਕਾਰ ਚਾਲਕ ਅਮਿਤ ਦੇ ਬਿਆਨ ਤੇ ਇਤਫਾਕੀਆ ਕਾਰਵਾਈ ਕੀਤੀ ਹੈ।
ਦੋ ਮੋਟਰਸਾਈਕਲਾਂ ਵਿੱਚ ਟੱਕਰ, ਇੱਕ ਹਲਾਕ
ਟੋਹਾਣਾ (ਪੱਤਰ ਪ੍ਰੇਰਕ):ਢਾਣੀ ਗੋਪਾਲ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋਣ ’ਤੇ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਪਿੰਡ ਚੁਘਅਲੀ ਦੇ ਵਿਨੋਦ ਅਤੇ ਚਮਨ ਲਾਲ ਦੇ ਮੋਟਰਸਾਈਕਲਾਂ ਵਿੱਚ ਟੱਕਰ ਹੋਣ ਮਗਰੋਂ ਵਿਨੋਦ ਕੁਮਾਰ ਦੀ ਮੌਤ ਹੋ ਗਈ ਤੇ ਚਮਨ ਲਾਲ ਤੇ ਦੂਜੇ ਮੋਟਰਸਾਈਕਲ ਸਵਾਰ ਨੂੰ ਜ਼ਖ਼ਮੀ ਹਾਲਤ ਵਿੱਚ ਭਰਤੀ ਕਰਵਾਇਆ ਗਿਆ ਹੈ।