ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਫਰਵਰੀ
ਪਿੰਡ ਚਕਚਾਨਪੁਰ ਦੇ ਕਿਸਾਨ ਛੱਪੜ ਦਾ ਪਾਣੀ ਓਵਰਫਲੋਅ ਹੋਣ ਕਾਰਨ ਕਾਫ਼ੀ ਪ੍ਰੇਸ਼ਾਨ ਹਨ ਤੇ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਕੇ ਉਨ੍ਹਾਂ ਦੀਆਂ ਫਸਲਾਂ ਨੂੰ ਬਚਾਇਆ ਜਾਵੇ। ਕਿਸਾਨਾਂ ਦਾ ਕਹਿਣਾ ਹੈ ਪਹਿਲਾਂ ਹੀ ਬੇਮੌਸਮੀ ਬਰਸਾਤ ਦੀ ਮਾਰ ਨਾਲ ਉਨ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਦੂਜੇ ਪਾਸੇ ਹੁਣ ਉਨ੍ਹਾਂ ਦੇ ਪਿੰਡ ਦਾ ਗੰਦਾ ਪਾਣੀ ਫਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਨਿਕਾਸ ਲਈ ਪੰਚਾਇਤ ਤੋਂ ਇਲਾਵਾ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕਈ ਵਾਰ ਉਹ ਗੁਹਾਰ ਲਾ ਚੁੱਕੇ ਹਨ ਪਰ ਸਮੱਸਿਆ ਦੇ ਹੱਲ ਲਈ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ। ਪਿੰਡ ਦੇ ਕਿਸਾਨ ਲਾਲ ਸਿੰਘ, ਸ਼ੇਰ ਸਿੰਘ, ਰੋਸ਼ਨ ਲਾਲ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਛੱਪੜ ਵਿਚ ਹੁੰਦੀ ਹੈ। ਛਪੜ ਦੇ ਫਾਲਤੂ ਪਾਣੀ ਦੀ ਖਪਤ ਛੱਪੜ ਤੇ ਲੱਗੇ ਵਾਟਰ ਰਿਚਾਰਜ ਸਿਸਟਮ ਤੋਂ ਹੋ ਰਹੀ ਸੀ। ਪਿਛਲੇ ਇਕ ਮਹੀਨੇ ਤੋਂ ਵਾਟਰ ਰਿਚਾਰਜ ਸਿਸਟਮ ਬੰਦ ਹੋ ਜਾਣ ਕਾਰਨ ਛਪੜ ਦੇ ਫਾਲਤੂ ਪਾਣੀ ਦੀ ਖਪਤ ਨਹੀਂ ਹੋ ਰਹੀ ਤੇ ਓਵਰਫਲੋਅ ਪਾਣੀ ਛੱਪੜ ਦੇ ਕੰਢੇ ਤੋੜ ਕੇ ਖੇਤਾਂ ਵਿਚ ਵੜ ਰਿਹਾ ਹੈ, ਜਿਸ ਨਾਲ ਕਰੀ 25 ਏਕੜ ਕਣਕ ਦੀ ਫਸਲ ਬਰਬਾਦ ਹੋ ਰਹੀ ਹੈ। ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਸਮੱਸਿਆ ਤੋਂ ਰਾਹਤ ਦਿਵਾਉਣ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਹੱਲ ਨਾ ਹੋਈ ਤਾਂ ਉਹ ਡੀਸੀ ਦਫਤਰ ਸਾਹਮਣੇ ਧਰਨਾ ਦੇਣ ਲਈ ਮਜਬੂਰ ਹੋਣਗੇ।