ਸਿਰਸਾ: ਰਾਸ਼ਟਰਮੰਡਲ ਖੇਡਾਂ ’ਚ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਪੂਨੀਆ ਕਾਂਸੀ ਤਗ਼ਮਾ ਜਿੱਤਣ ਮਗਰੋਂ ਲੰਘੀ ਦੇਰ ਸ਼ਾਮ ਆਪਣੇ ਜੱਦੀ ਪਿੰਡ ਜੋਧਕਾਂ ਪੁੱਜ ਗਈ। ਉਸ ਦੇ ਪਰਿਵਾਰ ਤੇ ਸਮਾਜ ਸੇਵੀ ਸੰਸਥਾਵਾਂ ਨੇ ਖਿਡਾਰਨ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਵਿਤਾ ਨੇ ਸਰਕਾਰ ਦੀ ਖੇਡ ਨੀਤੀ ਦੀ ਸ਼ਲਾਘਾ ਕਰਦਿਆਂ ਓਲਪਿੰਕ ’ਚ ਤਗ਼ਮਾ ਜਿੱਤਣ ਦੀ ਆਸ ਪ੍ਰਗਟਾਈ। ਉਸ ਨੇ ਕਿਹਾ ਕਿ 16 ਸਾਲਾਂ ਬਾਅਦ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਨੂੰ ਤਗ਼ਮਾ ਮਿਲਿਆ ਹੈ। ਉਸ ਨੇ ਕਿਹਾ ਕਿ ਸਾਰੀਆਂ ਹੀ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਤੇ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਹੁਣ ਉਨ੍ਹਾਂ ਦੀ ਨਜ਼ਰ ਏਸ਼ੀਅਨ ਖੇਡਾਂ ’ਤੇ ਹੈ ਤੇ ਏਸ਼ੀਅਨ ਖੇਡਾਂ ’ਚ ਬਿਹਤਰੀਨ ਪ੍ਰਦਰਸ਼ਨ ਕਰਨ ਨਾਲ ਮਹਿਲਾ ਹਾਕੀ ਟੀਮ ਸਿੱਧੇ ਓਲੰਪਿਕ ਲਈ ਕੁਆਲੀਫਾਈ ਹੋ ਜਾਵੇਗੀ। -ਨਿੱਜੀ ਪੱਤਰ ਪ੍ਰੇਰਕ