ਟੋਹਾਣਾ: ਕਰੋਨਾ ਦਾ ਕਹਿਰ ਵਧਣ ’ਤੇ ਹਰਿਆਣਾ ਸਰਕਾਰ ਨੇ ਜ਼ਿਲ੍ਹਾ ਫਤਿਹਾਬਾਦ ਨੂੰ ਹਫ਼ਤਾਵਾਰੀ ਲੌਕਡਾਊਨ ਦੇ ਘੇਰੇ ਵਿੱਚ ਸ਼ਾਮਲ ਕੀਤਾ ਹੈ। ਇਸ ਨੂੰ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਹਦਾਇਤਾਂ ਦੀ ਪਾਲਣਾ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਲੌਕਡਾਊਨ ਰਹੇਗਾ। ਇਸ ਦੌਰਾਨ ਕੇਵਲ ਜ਼ਰੂਰੀ ਸੇਵਾਵਾਂ ਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਹੀ ਰਾਹਤ ਦਿੱਤੀ ਗਈ ਹੈ। ਸੂਬੇ ਵਿੱਚ ਪਹਿਲਾਂ ਹੀ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲ, ਕਾਲਜ ਅਤੇ ਸਰਕਾਰੀ ਟ੍ਰੇਨਿੰਗ ਅਦਾਰੇ 31 ਮਈ ਤਕ ਬੰਦ ਰਹਿਣਗੇ। ਜ਼ਰੂਰੀ ਸੇਵਾਵਾਂ ਵਾਲੇ ਵਾਹਨ ਸੜਕਾਂ ’ਤੇ ਚੱਲ ਸਕਣਗੇ। ਸਰਕਾਰੀ ਆਦੇਸ਼ ਦੇ ਬਾਵਜੂਦ ਆਮ ਲੋਕਾਂ ਨੂੰ ਕੋਵਿਡ-19 ਵਿਰੁੱਧ ਲੜੀ ਜਾ ਰਹੀ ਜੰਗ ਵਿੱਚ ਹਰ ਨਾਗਰਿਕ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਗਈ।