ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਮਾਰਚ
ਮਾਰਕੰਡਾ ਨੈਸ਼ਨਲ ਕਾਲਜ ਵਿਚ ਵੈਬਿਨਾਰ ਕਰਵਾਇਆ ਗਿਆ। ਇਸ ਦਾ ਵਿਸ਼ਾ ‘ਸਮਕਾਲੀਨ ਪੰਜਾਬੀ ਸਾਹਿਤ ਤੇ ਵਿਸ਼ਵੀਕਰਣ’ ਰਿਹਾ। ਇਸ ਦਾ ਆਰੰਭ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਰਾਸ਼ਟਰੀ ਗੋਸ਼ਠੀ ਦਾ ਮੁੱਖ ਉਦੇਸ਼ ਪੰਜਾਬੀ ਸਾਹਿਤ ਦਾ ਵਰਨਣ ਆਮ ਲੋਕਾਂ ਤਕ ਪਹੁੰਚਾਉਣਾ ਹੈ। ਵਿਚਾਰ ਚਰਚਾ ਵਿਚ 70 ਤੋਂ ਵੱਧ ਵੱਖ ਵੱਖ ਸਿੱਖਿਆ ਸੰਸਥਾਨਾਂ ਦੇ ਵਿਦਵਾਨਾਂ ਨੇ ਪੰਜਾਬੀ ਸਾਹਿਤ ਤੇ ਵਿਸ਼ਵੀਕਰਨ ਨਾਲ ਸਬੰਧਿਤ ਸੋਧ ਪੱਤਰ ਪੜ੍ਹੇ। ਪ੍ਰੋਗਰਾਮ ਦੇ ਵਾਲੰਟੀਅਰ ਡਾ. ਚੂਹੜ ਸਿੰਘ ਨੇ ਵੈਬਿਨਾਰ ਨਾਲ ਸਬੰਧਤ ਸੋਧ ਪੱਤਰਾਂ ਬਾਰੇ ਜਾਣਕਾਰੀ ਦਿੱਤੀ। ਪਹਿਲੇ ਸੈਸ਼ਨ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਧਮੀਜਾ ਡਿਪਟੀ ਚੇਅਰਮੈਨ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਪੰਜਾਬੀ ਭਾਸ਼ਾ ਦੇ ਉਥਾਨ ਤੇ ਵਿਕਾਸ ਬਾਰੇ ਦੱਸਿਆ। ਡਾ. ਜਸਪਾਲ ਕੌਰ ਕਾਂਗ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਪ੍ਰਯੋਗ ਨਾਲ ਆਪਣਾਪਨ ਮਹਿਸੂਸ ਹੁੰਦਾ ਹੈ। ਡਾ. ਰਾਜਿੰਦਰ ਸਿੰਘ ਭੱਟੀ ਨੇ ਕਿਹਾ ਕਿ ਪੂੰਜੀਵਾਦ ਦੀ ਦੌੜ ਵਿਚ ਮਾਨਵ ਸੁਆਰਥੀ ਹੋ ਗਿਆ ਹੈ। ਡਾ. ਸੇਵਾ ਸਿੰਘ ਬਾਜਵਾ ਨੇ ਕਿਹਾ ਕਿ ਇਸ ਵਿਸ਼ਵੀਕਰਣ ਦੇ ਦੌਰ ਵਿਚ ਪੱਤਰਕਾਰ ਦਾ ਟੀਚਾ ਸਮਾਜ ਦੇ ਮੁੱਦੇ ਤੇ ਸਮਾਜਿਕ ਘਟਨਾਵਾਂ ਨੂੰ ਉਜਾਗਰ ਕਰਨ ਹੋਣਾ ਚਾਹੀਦਾ ਹੈ ਨਾ ਕਿ ਪੈਸਾ ਕਮਾਉਣਾ। ਇਸ ਮੌਕੇ ਪ੍ਰੋ. ਮੰਜੂ ਗੁਪਤਾ, ਡਾ. ਸੰਜੇ ਕੁਮਾਰ, ਪ੍ਰੋ. ਸੁਰਿੰਦਰ ਕਾਜਲ, ਡਾ. ਦੇਵ ਰਾਜ, ਡਾ. ਜਵਾਹਰ ਲਾਲ ਡਾ. ਅਮਿਤ ਕੁਮਾਰ, ਡਾ. ਸੰਦੀਪ ਸ਼ਯੋਰਾਣ ਮੌਜੂਦ ਸਨ ।