ਪੱਤਰ ਪ੍ਰੇਰਕ
ਟੋਹਾਣਾ, 28 ਅਕਤੂਬਰ
ਭੂਨਾ ਹਲਕੇ ਵਿੱਚ ਕਈ ਅਪਰਾਧਾਂ ’ਚ ਸ਼ਾਮਲ ਪਿੰਡ ਜਾਂਡਲੀ ਦੇ ਵਿਕਰਮ ਭਾਂਬੂ ਤੋਂ ਰਿਮਾਂਡ ਦੌਰਾਨ ਕੀਤੀ ਗਈ ਪੁੱਛ-ਗਿੱਛ ਤਹਿਤ ਪੁਲੀਸ ਨੇ ਮੁਲਜ਼ਮ ਦੇ ਖੇਤਾਂ ਵਿੱਚੋਂ ਚਾਰ ਪਿਸਤੌਲਾਂ, ਤਿੰਨ ਮੈਗਜ਼ੀਨ ਤੇ ਛੇ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੁਲੀਸ ਨੇ ਭਾਂਬੂ ਦੀ ਨਿਸ਼ਾਨਦੇਹੀ ਉਤੇ ਅਸਲਾ ਤਸਕਰ ਜਗਤ ਸਿੰਘ ਉਰਫ਼ ਸਰਦਾਰਾ ਨੂੰ ਮੱਧ ਪ੍ਰਦੇਸ਼ ਦੇ ਪਿੰਡ ਸਿੰਧਾਨਾ ਜ਼ਿਲ੍ਹਾ ਘਾਟ ਤੋਂ ਗ੍ਰਿਫਤਾਰ ਕਰ ਲਿਆ ਹੈ। ਐੱਸ.ਪੀ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਵਿਕਰਮ ਭਾਂਬੂ ਅਤੇ ਅਸਲਾ ਤਸਕਰ ਜਗਤ ਸਿੰਘ ਉਰਫ਼ ਸਰਦਾਰਾ ਨੂੰ ਅੱਜ ਹਿਸਾਰ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਭਾਂਭੂ ਗਰੋਹ ਇਥੇ ਵੱਡੀ ਕਾਰਵਾਈ ਦੀ ਫਿਰਾਕ ਵਿੱਚ ਸੀ ਤੇ ਉਸ ਨੂੰ ਇਸ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।