ਪੱਤਰ ਪ੍ਰੇਰਕ
ਰਤੀਆ, 29 ਨਵੰਬਰ
ਸ਼ਹਿਰ ਅੰਦਰ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਬਣੇ ਵੇਅਰ ਹਾਊਸ ਦੇ ਗੁਦਾਮ ਹੁਣ ਸ਼ਹਿਰ ਵਾਸੀਆਂ ਲਈ ਪ੍ਰੇਸ਼ਾਨੀ ਖੜੀਆਂ ਕਰਨ ਲੱਗੇ ਹਨ। ਸ਼ਹਿਰ ਵਾਸੀ ਦਿਨੇਸ਼ ਕੁਮਾਰ, ਵੇਦ ਪ੍ਰਕਾਸ਼, ਸਤਪਾਲ, ਰਾਮ ਮਨੋਹਰ, ਸੁਰੇਸ਼ ਕੁਮਾਰ, ਹਰੀਸ਼ ਕੁਮਾਰ ਆਦਿ ਨੇ ਦੱਸਿਆ ਕਿ ਭਾਰਤੀ ਖਾਦ ਨਿਗਮ , ਹਰਿਆਣਾ ਵੇਅਰ ਹਾਊਸ, ਹੈਫੇਡ ਅਤੇ ਖੁਰਾਕ ਸਪਲਾਈ ਵਿਭਾਗ ਵੱਲੋਂ ਅਨਾਜ ਮੰਡੀ ਰੋਡ ਰਤੀਆ ’ਤੇ ਸੰਘਣੀ ਆਬਾਦੀ ਵਾਲੇ ਖੇਤਰ ’ਚ ਮਾਲ ਗੁਦਾਮ ਬਣਾਏ ਹੋਏ ਹਨ। ਜਦੋ ਸਪੈਸ਼ਲ ਗੱਡੀ ਲੱਗਦੀ ਹੈ ਤਾਂ ਉਸ ਸਮੇਂ ਸ਼ਹਿਰ ਅੰਦਰ ਲੰਮਾ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਅਨਾਜ ਮੰਡੀ, ਟਿੱਬਾ ਕਲੋਨੀ, ਅੱਗਰਵਾਲ ਕਲੋਨੀ ਅਤੇ ਮਾਡਲ ਟਾਊਨ ’ਚ ਆਉਣ ਜਾਣ ਸਮੇਂ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਉਠਾਉਣੀਆਂ ਪੈਂਦੀਆਂ ਹਨ। ਇਸ ਤੋਂ ਇਲਾਵਾ ਗੋਦਾਮਾਂ ’ਚ ਸੁਸਰੀ ਉੱਡ ਕੇ ਲੋਕਾਂ ਦੇ ਘਰਾਂ ’ਚ ਵੜ੍ਹ ਜਾਂਦੀ ਹੈ, ਜਿਸ ਕਾਰਨ ਲੋਕ ਬੇਹੱਦ ਦੁਖੀ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਮਾਲ ਗੁਦਾਮਾਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕੀਤਾ ਜਾਵੇ। ਇਨ੍ਹਾਂ ਗੋਦਾਮਾਂ ਦੇ ਸਥਾਨ ’ਤੇ ਸ਼ਾਪਿੰਗ ਮਾਲ ਬਣਾ ਕੇ ਸ਼ਹਿਰ ਦੀ ਸੁੰਦਰਤਾ ਨੂੰ ਵਧਾਇਆ ਜਾਵੇ।