ਨਿਜੀ ਪੱਤਰ ਪ੍ਰੇਰਕ
ਅੰਬਾਲਾ, 5 ਅਕਤੂਬਰ
ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਦਿੱਲੀ ਏਮਸ ਵਿੱਚੋਂ ਸਿਹਤਯਾਬ ਹੋ ਕੇ ਬੀਤੀ ਰਾਤ ਇੱਥੇ ਸਥਿਤ ਆਪਣੀ ਰਿਹਾਇਸ਼ ’ਤੇ ਪਹੁੰਚ ਗਏ ਹਨ, ਜਿੱਥੇ ਪਰਿਵਾਰਕ ਮੈਂਬਰਾਂ ਤੇ ਪਾਰਟੀ ਕਾਰਕੁਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਅਤੇ ਡਾਕਟਰਾਂ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਇਕ ਤਸਵੀਰ ਸਾਂਝੀ ਕੀਤੀ। ਸਾਹ ਲੈਣ ਵਿਚ ਤਕਲੀਫ਼ ਕਾਰਨ ਉਨ੍ਹਾਂ ਨੂੰ 27 ਸਤੰਬਰ ਨੂੰ ਏਮਸ ਵਿਚ ਦਾਖ਼ਲ ਕਰਵਾਇਆ ਗਿਆ ਸੀ। ਛੁੱਟੀ ਮਿਲਣ ਤੋਂ ਤੁਰੰਤ ਮਗਰੋਂ 11 ਕਿਲੋਮੀਟਰ ਲੰਮੇ ਪੰਜੋਖਰਾ-ਘੱਗਰ ਡਰੇਨੇਜ ਬਾਰੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅੱਜ ਸਮੀਖਿਆ ਮੀਟਿੰਗ ਕੀਤੀ।