ਪੱਤਰ ਪ੍ਰੇਰਕ
ਪੰਚਕੂਲਾ, 20 ਜਨਵਰੀ
ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੱਜ ਸੈਕਟਰ 3 ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਸਿਹਤ ਵਿਭਾਗ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ 198 ਐਂਬੂਲੈਂਸਾਂ ਅਤੇ 47 ਮੈਡੀਕਲ ਮੋਬਾਈਲ ਯੂਨਿਟਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ੍ਰੀ ਵਿਜ ਨੇ ਇਸ ਮੌਕੇ ਕਿਹਾ ਕਿ 188 ‘ਅਟਲ ਸੇਵਾ ਵਾਹਨਾਂ’ ਨੂੰ ਵੀ ਜਲਦੀ ਹੀ ਮਰੀਜ਼ਾਂ ਦੀ ਸੇਵਾ ਲਈ ਸਰਕਾਰੀ ਹਸਪਤਾਲਾਂ ਦੇ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਹਰਿਆਣਾ ਦੇ ਐਂਬੂਲੈਂਸ ਬੇੜੇ ਵਿੱਚ 198 ਐਂਬੂਲੈਂਸਾਂ ਆ ਜਾਣ ਨਾਲ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਨ੍ਹਾਂ ਦੀ ਗਿਣਤੀ 635 ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਭਾਵੇਂ ਤੀਜੀ ਲਹਿਰ ਹੋਵੇ ਅਤੇ ਭਾਵੇਂ ਓਮੀਕਰੋਨ ਦੀ ਲਹਿਰ, ਸਿਹਤ ਵਿਭਾਗ ਇਨ੍ਹਾਂ ’ਤੇ ਕਾਬੂ ਪਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਮੁਹਿੰਮ ਸਫ਼ਲਤਾਪੂਰਵਕ ਚੱਲ ਰਹੀ ਹੈ ਜਦਕਿ ਬੂਸਟਰ ਡੋਜ਼ ਲਗਾਉਣ ਦਾ ਕੰਮ ਵੀ ਜ਼ੋਰਾਂ ’ਤੇ ਹੈ।