ਅੰਬਾਲਾ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਵਿਜੈ ਦਿਵਸ ਸਬੰਧੀ ਇੱਕ ਟਵੀਟ ਕਰਨ ’ਤੇ ਕਾਂਗਰਸ ਨੇ ਉਨ੍ਹਾਂ ਦੀ ਨਿਖੇਧੀ ਕੀਤੀ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਤ ਸਕੱਤਰ ਐਡਵੋਕੇਟ ਰੋਹਿਤ ਜੈਨ ਨੇ ਕਿਹਾ ਕਿ ਵਿੱਜਜ ਵਿਜੈ ਦਿਵਸ ਸਬੰਧੀ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਟਵੀਟ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਮਾਮਲੇ ਨਾਲ ਜੁੜੇ ਸਾਰੇ ਤੱਥ ਸਮਝਣੇ ਚਾਹੀਦੇ ਸਨ। ਜ਼ਿਕਰਯੋਗ ਹੈ ਕਿ ਵਿੱਜ ਨੇ ਅੱਜ ਵਿਜੈ ਦਿਵਸ ’ਤੇ ਟਵੀਟ ਕੀਤਾ, ‘‘1971 ਵਿੱਚ ਸੈਨਿਕਾਂ ਵੱਲੋਂ ਮੈਦਾਨ ਜਿੱਤੀ ਗਈ ਜੰਗ ਰਾਜ ਨੇਤਾਵਾਂ ਨੇ ਸ਼ਿਮਲਾ ਐਗਰੀਮੈਂਟ ਵਿੱਚ ਟੇਬਲ ’ਤੇ ਹਾਰੀ। 93 ਹਜ਼ਾਰ ਜੰਗੀ ਕੈਦੀ ਛੱਡਣ ਬਦਲੇ ਪੀਓਕੇ (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ) ਲਿਆ ਜਾ ਸਕਦਾ ਸੀ, ਪਰ ਨਹੀਂ ਲਿਆ ਗਿਆ। ਉਸ ਭੁੱਲ ਦਾ ਨਤੀਜਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ।’’ ਇਸ ਦੇ ਜਵਾਬ ’ਚ ਰੋਹਿਤ ਜੈਨ ਨੇ ਕਿਹਾ ਕਿ ਵਿੱਜ ਨੂੰ ਆਪਣੇ ਇਸ ਟਵੀਟ ਲਈ ਦੇਸ਼ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। -ਨਿੱਜੀ ਪੱਤਰ ਪ੍ਰੇਰਕ