ਪ੍ਰਭੂ ਦਿਆਲ
ਸਿਰਸਾ, 1 ਮਈ
ਇੱਥੋਂ ਦੇ ਰਾਣੀਆਂ ਰੋਡ ’ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬਾਬਾ ਰਾਮਪਾਲ ਦੇ ਕੁਝ ਸ਼ਰਧਾਲੂਆਂ ਵੱਲੋਂ ਕਿਤਾਬਾਂ ਤੇ ਪੈਂਫਲਿਟ ਵੰਡੇ ਜਾ ਰਹੇ ਸਨ। ਹੰਗਾਮਾ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਵੰਡੇ ਜਾ ਰਹੇ ਪੈਫਲਿਟਾਂ ’ਚ ਉਨ੍ਹਾਂ ਦੇ ਦੇਵਤਿਆਂ ਬਾਰੇ ਇਤਰਾਜ਼ਯੋਗ ਸਮੱਗਰੀ ਛਪੀ ਹੈ। ਹੰਗਾਮੇ ਦੌਰਾਨ ਜੈ ਸ੍ਰੀ ਰਾਮ ਦੇ ਵੀ ਨਾਅਰੇ ਲਾਏ ਗਏ ਅਤੇ ਪੁਲੀਸ ਨੇ ਸਮਾਂ ਰਹਿੰਦਿਆਂ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਰਾਮਪਾਲ ਦੇ ਸ਼ਰਧਾਲੂਆਂ ਵੱਲੋਂ ਅੱਜ ਰਾਣੀਆਂ ਰੋਡ ’ਤੇ ਜਦੋਂ ਕਿਤਾਬਾਂ ਤੇ ਇਸ਼ਤਿਹਾਰ ਵੰਡੇ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਇਸ ’ਤੇ ਇਤਰਾਜ਼ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਬਾਬਾ ਰਾਮਪਾਲ ਦੇ ਹਮਾਇਤੀਆਂ ਵੱਲੋਂ ਵੰਡੀ ਜਾ ਰਹੀ ਸਮਗੱਰੀ ’ਚ ਮਾਤਾ ਸ਼ੇਰਾਂ ਵਾਲੀ, ਬ੍ਰਹਮਾ, ਵਿਸ਼ਣੂ ਮਹੇਸ਼ ਬਾਰੇ ਇਤਰਾਜ਼ਯੋਗ ਛਪਿਆ ਹੋਇਆ ਹੈ। ਇਸ ਦੌਰਾਨ ਕਿਤਾਬਾਂ ਤੇ ਪਰਚੇ ਵੰਡ ਰਹੇ ਬਾਬਾ ਰਾਮਦੇਵ ਦੇ ਸ਼ਰਧਾਲੂਆਂ ਨੂੰ ਲੋਕਾਂ ਨੇ ਫੜ ਲਿਆ ਤੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਬਾਬਾ ਰਾਮਦੇਵ ਦੇ ਸ਼ਰਧਾਲੂਆਂ ਤੋਂ ਵੀ ਜੈ ਸ੍ਰੀ ਰਾਮ ਬੁਲਵਾਇਆ। ਇਸ ਮਗਰੋਂ ਕਿਸੇ ਨੇ 112 ’ਤੇ ਪੁਲੀਸ ਨੂੰ ਇਤਲਾਹ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਤੇ ਬਾਬਾ ਰਾਮਦੇਵ ਦੇ ਹਮਾਇਤੀਆਂ ਨੂੰ ਸਬਜ਼ੀ ਮੰਡੀ ਲਿਜਾਇਆ ਗਿਆ। ਇਸ ਮਗਰੋਂ ਹੰਗਾਮਾ ਕਰਨ ਵਾਲੇ ਸ਼ਾਂਤ ਹੋਏ। ਇਸ ਮੌਕੇ ਦੀਪਕ ਫੁਟੇਲਾ ਨੇ ਦੱਸਿਆ ਕਿ ਸ਼ਹਿਰ ਵਿੱਚ ਸੌ ਦੇ ਕਰੀਬ ਲੋਕ ਗਲੀਆਂ ਮੁਹੱਲਿਆਂ ਵਿੱਚ ਬਾਬਾ ਰਾਮਪਾਲ ਦੀਆਂ ਕਿਤਾਬਾਂ ਦੇ ਪਰਚੇ ਵੰਡ ਰਹੇ ਹਨ, ਜਿਨ੍ਹਾਂ ’ਤੇ ਮਾਤਾ ਸ਼ੇਰਾਂ ਵਾਲੀ ਦੇ ਪਤੀ ਦਾ ਨਾਂ ਪੁੱਛਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਰਕਲ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੀ ਸਮਗੱਰੀ ’ਤੇ ਤੁਰੰਤ ਰੋਕ ਲਾਈ ਜਾਵੇ। ਬਾਬਾ ਰਾਮਦੇਵ ਦੇ ਸ਼ਰਧਾਲੂਆਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ।