ਮਹਾਵੀਰ ਮਿੱਤਲ
ਜੀਂਦ, 23 ਨਵੰਬਰ
ਇੱਥੇ ਰੋਹਤਕ ਰੋਡ ’ਤੇ ਚੌੜੀ ਗਲੀ ਵਿੱਚ ਸਵੇਰੇ ਕਰੀਬ 11 ਵਜੇ ਕਈ ਜਣਿਆਂ ਨੇ ਠੇਕੇਦਾਰ ਤੇ ਉਸ ਦੇ ਭਤੀਜੇ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਠੇਕੇਦਾਰ ਦੀ ਮੌਤ ਹੋ ਗਈ ਤੇ ਉਸ ਦਾ ਭਤੀਜਾ ਗੰਭੀਰ ਰੂਪ ਨਾਲ ਫੱਟੜ ਹੋ ਗਿਆ। ਪੁਲੀਸ ਨੇ ਜਖ਼ਮੀਂ ਨੌਜਵਾਨ ਦੀ ਸ਼ਿਕਾਇਤ ’ਤੇ ਦਰਜਨ ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੌੜੀ ਗਲੀ ਵਾਸੀ 54 ਸਾਲਾ ਠੇਕੇਦਾਰ ਸ਼ਾਮ ਸੁੰਦਰ ਆਪਣੇ ਘਰ ਦੇ ਬਾਹਰ ਆਪਣੇ 32 ਸਾਲਾ ਭਤੀਜੇ ਹਨੀ ਨਾਲ ਖੜ੍ਹਾ ਸੀ। ਇਸ ਦੌਰਾਨ ਗਲੀ ਵਿਚ ਈ-ਰਿਕਸ਼ਾ ’ਤੇ ਤਿੰਨ ਨੌਜਵਾਨ ਆਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਠੇਕਦਾਰ ਸ਼ਾਮ ਸੁੰਦਰ ਤੇ ਉਸ ਦਾ ਭਤੀਜਾ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਸ਼ਾਮ ਸੁੰਦਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂਕਿ ਉਸ ਦਾ ਭਤੀਜਾ ਜ਼ੇਰੇ ਇਲਾਜ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ ਨਰਿੰਦਰ ਬਿਜਾਰਨੀਆ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਪੀੜਤ ਹਨੀ ਨੇ ਪੁਲੀਸ ਨੂੰ ਦੱਸਿਆ ਕਿ 17 ਅਪਰੈਲ 2016 ਨੂੰ ਉਸ ਦੇ ਪਿਤਾ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਉਸ ਦਾ ਤਾਇਆ ਸ਼ਾਮ ਸੁੰਦਰ ਮੁੱਖ ਗਵਾਹ ਸੀ ਤੇ ਹੁਣ 24 ਨਵੰਬਰ ਨੂੰ ਉਸ ਦੀ ਗਵਾਹੀ ਦੀ ਤਾਰੀਖ਼ ਲੱਗੀ ਸੀ। ਹਨੀ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਪ੍ਰਸ਼ੋਤਮ ਉੱਤੇ ਹਮਲਾ ਕਰਵਾਉਣ ਵਾਲੇ ਲੋਕਾਂ ਨੇ ਯੋਜਨਾਬੱਧ ਤਰੀਕੇ ਨਾਲ ਇਹ ਵਾਰਦਾਤ ਕਰਵਾਈ ਹੈ। ਪੁਲੀਸ ਨੇ ਪੋਖਰੀਖੇੜੀ ਵਾਸੀ ਜੁਗਤੀ ਰਾਮ, ਉਸ ਦੇ ਪੁੱਤਰ ਬਲਜੀਤ, ਰੋਸ਼ਨ, ਧਰਮਿੰਦਰ ਪਹਿਲਵਾਨ, ਵਿਜਿਅੰਤ, ਸੰਜੇ, ਗੌਰਵ, ਅਸ਼ੋਕ, ਸੰਦੀਪ, ਕੁਲਦੀਪ ਤੇ ਅਜੈ ਆਦਿ ਖ਼ਿਲਾਫ਼ ਕੇਸ ਦਰਜ ਕੀਤਾ ਹੈ।