ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 8 ਜੂਨ
ਸ਼ਾਹਜ਼ਾਦਪੁਰ-ਸਾਹਾ ਸੜਕ ’ਤੇ ਵਾਪਰੇ ਹਾਦਸੇ ਵਿੱਚ ਬੀਬੀਪੁਰ ਵਾਸੀ ਤੇਜਪਾਲ ਸਿੰਘ (53) ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਭਤੀਜਾ ਪ੍ਰਿਥੀ ਸਿੰਘ (35) ਜ਼ਖ਼ਮੀ ਹੋ ਗਿਆ। ਸ਼ਾਹਜ਼ਾਦਪੁਰ ਥਾਣੇ ਵਿੱਚ ਦਰਜ ਕਰਾਈ ਸ਼ਿਕਾਇਤ ਵਿੱਚ ਪ੍ਰਿਥੀ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਉਹ ਤੇ ਉਸ ਦਾ ਚਾਚਾ ਸ਼ਾਹਜ਼ਾਦਪੁਰ ਤੋਂ ਘਰ ਦਾ ਸਾਮਾਨ ਲੈ ਕੇ ਪਿੰਡ ਵਾਪਸ ਜਾ ਰਹੇ ਸਨ। ਜਦੋਂ ਉਹ ਨਰਾਇਣਗੜ੍ਹ ਮੋੜ ਵਾਲੇ ਟੀ-ਪੁਆਇੰਟ ਤੋਂ ਅੱਗੇ ਸਾਹਾ ਰੋਡ ’ਤੇ ਪਹੁੰਚੇ ਤਾਂ ਪਿੱਛੋਂ ਆ ਰਹੇ ਟਰੱਕ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਹ ਕੱਚੇ ਥਾਂ ਡਿੱਗ ਪਿਆ ਅਤੇ ਉਸ ਦੇ ਹਲਕੀਆਂ ਰਗੜਾਂ ਲੱਗੀਆਂ ਜਦੋਂ ਕਿ ਉਸ ਦਾ ਚਾਚਾ ਮੋਟਰਸਾਈਕਲ ਸਮੇਤ ਟਰੱਕ ਥੱਲੇ ਆ ਗਿਆ। ਚਾਲਕ ਮੌਕੇ ’ਤੇ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਚਾਚੇ ਨੂੰ ਸਿਵਲ ਹਸਪਤਾਲ ਸ਼ਾਹਜ਼ਾਦਪੁਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਤੇਜਪਾਲ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਾਹਜ਼ਾਦਪੁਰ ਪੁਲੀਸ ਨੇ ਕੇਸ ਦਰਜ ਕਰ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ ’ਚ ਇੱਕ ਜ਼ਖ਼ਮੀ
ਚੰਡੀਗੜ੍ਹ: ਸੈਕਟਰ 56 ਵਿੱਚ ਸਥਿਤ ਕਮਿਊਨਿਟੀ ਸੈਂਟਰ ਦੇ ਨਜ਼ਦੀਕ ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ਵੱਜਣ ਕਰਕੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਸੈਕਟਰ 16 ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਭੋਲਾ ਸਾਹ ਵਾਸੀ ਸੈਕਟਰ 56 ਵਜੋਂ ਹੋਈ ਹੈ। ਥਾਣਾ ਸੈਕਟਰ 39 ਦੀ ਪੁਲੀਸ ਨੇ ਕੈਂਟਰ ਚਾਲਕ ਦੀਪਕ ਵਾਸੀ ਸੈਕਟਰ 56 ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਸੈਕਟਰ 56 ਦੇ ਕਮਿਊਨਿਟੀ ਸੈਂਟਰ ਦੇ ਨਜ਼ਦੀਕ ਖੜ੍ਹਾ ਸੀ ਤਾਂ ਕੈਂਟਰ ਨੇ ਟੱਕਰ ਮਾਰ ਦਿੱਤੀ ਹੈ। ਇਸ ਦੌਰਾਨ ਉਸ ਦੇ ਕਾਫ਼ੀ ਸੱਟਾਂ ਵੱਜੀਆਂ। -ਟਨਸ